Share on Facebook

Main News Page

ਗੁਰੂ ਸਾਹਿਬ ਨੇ ਸਿੱਖਾਂ ਨੂੰ ਕੇਵਲ ਇੱਕ ਪ੍ਰਮਾਤਮਾ ਦੇ ਲੜ ਲਾਇਆ ਹੈ: ਸ੍ਰ. ਸੋਹਨ ਸਿੰਘ ਦਿਓ, ਪ੍ਰਧਾਨ ਖਾਲਸਾ ਦਿਵਾਨ ਸੁਸਾਇਟੀ, ਵੈਨਕੁਵਰ

ਪਿਛਲੇ ਐਤਵਾਰ ਨੂੰ ਵੈਨਕੁਵਰ ਵਿਖੇ ਖਾਲਸਾ ਦਿਵਾਨ ਸੁਸਾਇਟੀ ਦੀ ਨਵੀਂ ਚੁਣੀ ਗਈ ਪ੍ਰਬੰਧਕੀ ਕਮੇਟੀ ਵਲੋਂ ਪ੍ਰਮਾਤਮਾ ਦੇ ਸ਼ੁਕਰਾਨੇ ਲਈ ਕਰਵਾਏ ਗਏ ਅਖੰਡ ਪਾਠ ਦੇ ਭੋਗ ਪਾਏ ਗਏ। ਚੋਣਾਂ 'ਚ ਖੜੇ ਤਿੰਨਾਂ ਹੀ ਧੜਿਆਂ ਦੇ ਪ੍ਰਤੀਨਿਧੀ ਗੁਰਦੁਆਰੇ, ਸੰਗਤਾਂ ਦਾ ਧੰਨਵਾਦ ਕਰਨ ਲਈ ਪਹੁੰਚੇ।

ਸਭਤੋਂ ਪਹਿਲਾਂ ਯੁਨਾਈਟਿਡ ਸਿੱਖ ਯੂਥ ਦੇ ਭਾਈ ਜੋਗਾ ਸਿੰਘ ਸੰਘਾ ਨੇ ਸੰਗਤਾਂ ਦਾ ਧੰਨਵਾਦ ਕੀਤਾ। ੳਨ੍ਹਾਂ ਕਿਹਾ ਕਿ ਉਹ ਆਸ ਰੱਖਦੇ ਹਨ ਕਿ ਆਉਣ ਵਾਲੇ ਪ੍ਰਬੰਧਕ, ਸੰਗਤਾਂ ਨੂੰ ਸਿੱਖੀ ਨਾਲ ਜੋੜਨਗੇ। ਉਨ੍ਹਾਂ ਕਿਹਾ ਕਿ ਪ੍ਰਬੰਧਕਾਂ ਨੂੰ ਬੱਚਿਆਂ ਤੋਂ ਲੈ ਕੇ ਪਰਿਵਾਰ ਦੇ ਸਭ ਜੀਆਂ ਨੂੰ ਗੁਰਬਾਣੀ ਨਾਲ ਜੁੜਨ ਦੀ ਪ੍ਰੇਰਣਾ ਦੇਣੀ ਚਾਹੀਦੀ ਹੈ।

<<-- ਭਾਈ ਕੁਲਦੀਪ ਸਿੰਘ ਹੋਰਾਂ ਨੇ ਕਿਹਾ ਕਿ ਸੰਗਤਾਂ ਵਲੋਂ ਚੋਣਾਂ ਰਾਹੀ ਦਿੱਤਾ ਗਿਆ ਫਤਵਾ ਪ੍ਰਵਾਨ ਹੈ ਅਤੇ ਗੁਰੂ ਸਾਹਿਬ ਦੀ ਕ੍ਰਿਪਾ ਨਾਲ ਚੋਣਾਂ 'ਚ ਕਾਰਜ ਸੁੱਚਜੇ ਤਰੀਕੇ ਨਾਲ ਸੰਪੂਰਨ ਹੋਇਆ, ਇਸੇ ਲਈ ਸਭ ਸੰਗਤਾਂ ਵਧਾਈ ਦੀਆਂ ਪਾਤਰ ਹਨ। ਉਨ੍ਹਾਂ ਸੋਹਣ ਸਿੰਘ ਦਿਓ ਹੋਰਾਂ ਨੂੰ ਗੁਰੂ ਕੀ ਹਜ਼ੂਰੀ ਵਿੱਚ ਸਟੇਜ ਤੋਂ ਸਭ ਸੰਗਤਾਂ ਦੇ ਸਾਹਮਣੇ ਵਧਾਈਆਂ ਦਿੱਤੀਆਂ ਅਤੇ ਨਾਲ ਪੂਰੀ ਦ੍ਰਿੜਤਾ ਨਾਲ ਇਹ ਭਰੋਸਾ ਵੀ ਦਿਵਾਇਆ, ਕਿ ਉਹ ਆਉਣ ਵਾਲੇ ਪ੍ਰਬੰਧਕਾਂ ਨੂੰ ਸੰਪੂਰਨ ਸਹਿਯੋਗ ਦੇਣਗੇ। ਉਨ੍ਹਾਂ ਕਿਹਾ ਕਿ ਖਾਲਸਾ ਦਿਵਾਨ ਸੁਸਾਇਟੀ, ਮੁੱਢ ਕਦੀਮ ਤੋਂ ਹੀ ਉੱਤਰੀ ਅਮਰੀਕਾ ਵਿੱਚ ਸਿੱਖੀ ਦਾ ਧੁਰਾ ਰਹੀ ਹੈ। ਉਨ੍ਹਾਂ ਕਿਹਾ ਕਿ ਆਓ, ਅੱਜ ਗੁਰੂ ਦੀ ਹਜ਼ੂਰੀ 'ਚ ਪ੍ਰਣ ਕਰੀਏ ਅਤੇ ਇਸ ਨੂੰ ਸਿੱਖੀ ਦਾ ਕੇਂਦਰ ਬਣਾਈਏ, ਜਿਵੇਂ ਪਹਿਲਾਂ ਹੀ ਸ੍ਰੀ ਅਲਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਇਥੇ ਲਾਗੂ ਹੈ। ਆਓ ਇਸ 'ਤੇ ਹੋਰ ਦ੍ਰਿੜਤਾ ਨਾਲ ਪਹਿਰਾ ਦਈਏ ਤਾਂ ਜੋ ਆਉਣ ਵਾਲੀ ਪੀੜੀ ਸ਼ਬਦ ਗੁਰੂ ਨਾਲ ਜੁੜੇ ਸਕੇ। ਅੰਤ ਵਿੱਚ ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਆਪਾਂ ਪ੍ਰਬੰਧਕ ਕਮੇਟੀ ਨੂੰ ਸੰਪੂਰਨ ਸਹਿਯੋਗ ਦਈਏ ਤਾਂ ਜੋ ਮਨਾਂ ਵਿੱਚ ਪਏ ਵਖਰੇਵਿਆਂ ਨੂੰ ਦੂਰ ਕਰ ਸਕੀਏ।

ਸਮਾਗਮ ਦੇ ਅੰਤ ਵਿੱਚ ਸ੍ਰ. ਸੋਹਣ ਸਿੰਘ ਦਿਓ ਨੇ ਸਮੂੰਹ ਸੰਗਤਾਂ ਦਾ ਸਮੁਚੇ ਰੂਪ ਵਿੱਚ ਚੋਣਾਂ ਵਿੱਚ ਹਿੱਸਾ ਲੈਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਖਾਲਸਾ ਦਿਵਾਨ ਸੁਸਾਇਟੀ ਨੂੰ ਉਸ ਮਿਆਰ ਤੇ ਪਹੁੰਚਾਉਣ ਲਈ ਪੂਰੇ ਵਚਨਬੱਧ ਹਨ, ਜਿੱਥੇ ਇਸ ਦਾ ਮੁੱਢ ਬੱਝਾ ਸੀ। ੳਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸਾਨੂੰ ਸਮਾਨਤਾ, ਸੱਚ, ਵੰਡ ਛਕਣ ਅਤੇ ਇੱਕ ਪ੍ਰਮਾਤਮਾ ਦੇ ਲੱੜ ਲਾਇਆ ਸੀ। ਉਨ੍ਹਾਂ ਭਾਈ ਕੁਲਦੀਪ ਸਿੰਘ ਦੀ ਗੱਲ ਦੀ ਪ੍ਰੋੜਤਾ ਕਰਦੇ ਹੋਇਆਂ ਕਿਹਾ ਕਿ ਇਹ ਗੁਰਦੁਆਰਾ ਪਹਿਲਾਂ ਹੀ ਇੱਕ ਮਰਿਆਦਾ ਦਾ ਪਾਲਣ ਕਰਦਾ ਹੈ। ਆਉਣ ਵਾਲੇ ਸਮੇਂ ਵਿੱਚ ਖਾਲਸਾ ਦਿਵਾਨ ਸੁਸਾਇਟੀ ਨੂੰ ਸਿੱਖੀ ਦਾ ਕੇਂਦਰ ਬਣਾਉਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਗੁਰਦੁਆਰੇ ਵਿੱਚ ਧਰਮਾਂ ਦੀਆਂ ਵੰਡੀਆਂ ਤੋਂ ਉਪਰ ਉੱਠ ਕੇ ਸਭ ਦਾ ਸਵਾਗਤ ਹੈ। ਉਨ੍ਹਾਂ ਕਿਹਾ ਕਿ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਗੁਰਦੁਆਰਾ ਸਾਹਿਬ ਪਹਿਲਾਂ ਧਾਰਮਿਕ ਸਥਾਨ ਹੈ, ਫਿਰ ਸਮਾਜਿਕ ਅਤੇ ਰਾਜਨਿਤਿਕ। ਉਨ੍ਹਾਂ ਸੰਗਤਾਂ ਤੋਂ ਖੁੱਲੇ ਰੂਪ ਵਿੱਚ ਸੰਪੂਰਨ ਸਹਿਯੋਗ ਦੀ ਮੰਗ ਕੀਤੀ ਤਾਂ ਜੋ ਸਭ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਿਆ ਜਾ ਸਕੇ।

ਅੰਤ ਵਿੱਚ ਉਨ੍ਹਾਂ ਆਪਣੇ ਦਿਲ ਦਾ ਵਲਵਲਾ ਸਾਂਝਾ ਕਰਦੇ ਹੋਏ ਕਿਹਾ ਕਿ ਗੁਰਦੁਆਰੇ ਦੀਆਂ ਚੋਣਾਂ ਵਿੱਚ ਇਸ਼ਤਿਹਾਰ ਬਾਜ਼ੀ ਸ਼ੋਭਦੀ ਨਹੀਂ ਅਤੇ ਉਨ੍ਹਾਂ ਅਗਾਂਹ ਤੋਂ ਆਉਣ ਵਾਲੀਆਂ ਧਾਰਮਿਕ ਪ੍ਰਬੰਧ ਦੀਆਂ ਚੋਣਾਂ ਵਿੱਚ ਇਸ਼ਤਿਹਾਰ ਬਾਜ਼ੀ ਤੋਂ ਗੁਰੇਜ਼ ਕਰਨ ਦੀ ਬੇਨਤੀ ਕੀਤੀ।

ਇਥੇ ਇਸ ਗੱਲ ਦਾ ਜ਼ਿਕਰ ਕਰਨਾ ਬਣਦਾ ਹੈ ਕਿ ਯੁਨਾਈਟਿਡ ਸਿੱਖ ਯੂਥ ਨੇ ਪ੍ਰਬੰਧਕਾਂ ਤੋਂ ਸਿੱਖੀ ਦੇ ਪ੍ਰਚਾਰ ਦੇ ਆਸ ਦੀ ਗੱਲ ਕੀਤੀ ਪਰ ਸਹਿਯੋਗ ਦੇਣ ਬਾਰੇ ਚੁੱਪੀ ਸਾਧੀ ਰੱਖੀ। ਜਦੋਂ ਗੁਰਦੁਆਰਾ ਸਾਹਿਬ ਦੇ ਸਕੱਤਰ ਨੇ ਯੁਨਾਈਟਿਡ ਸਿੱਖ ਯੂਥ ਨੂੰ ਵੀ ਸ੍ਰ. ਕੁਲਦੀਪ ਸਿੰਘ ਹੋਰਾਂ ਵਾਂਗੂ, ਗੁਰਦੁਆਰੇ ਦੀ ਸੇਵਾ ਵਿੱਚ ਸਹਿਯੋਗ ਦੀ ਅਪੀਲ ਕੀਤੀ, ਤਾਂ ਸੰਗਤ ਵਿੱਚ ਹਾਜ਼ਰ ਭਾਈ ਜੋਗਾ ਸਿੰਘ, ਭਾਈ ਰਮਨਦੀਪ ਸਿੰਘ ਅਤੇ ਸ੍ਰ. ਖਾਬੜਾ, ਗੁਰਦੁਆਰੇ ਦੀ ਸੇਵਾ ਵਿੱਚ ਹਾਮੀ ਭਰਨ ਦੀ ਫਿਰਾਖਦਿਲੀ ਦਿਖਾਉਣ ਤੋਂ ਅਸਮਰਥ ਰਹੇ।

ਇਸ ਘਟਨਾ ਨੇ ਸੰਗਤਾਂ ਦੇ ਮਨਾਂ ਵਿੱਚ ਤੌਖਲਾ ਪੈਦਾ ਕਰ ਦਿੱਤਾ ਕਿ ਯੁਨਾਈਟਿਡ ਸਿੱਖ ਯੂਥ ਕੇਵਲ ਚੌਧਰ ਮਿਲਣ 'ਤੇ ਹੀ ਸੇਵਾ ਕਰੇਗੀ। ਕੀ ਇਹ ਸੰਪੂਰਨ ਸਿੱਖ ਹੋਣ ਦਾ ਦਾਵਾ ਕਰਨ ਵਾਲਿਆਂ ਦੀ ਸਿੱਖੀ ਹੈ?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top