Share on Facebook

Main News Page

ਕੈਨੇਡਾ 'ਚ ਹਜ਼ਾਰਾਂ ਅਵਾਸੀਆਂ ਦੀ ਨਾਗਰਿਕਤਾ ਖਤਰੇ 'ਚ

* ਧੋਖੇਬਾਜ਼ ਏਜੰਟਾਂ ਰਾਹੀਂ ਬੇਨਿਯਮੀਆਂ ਕਰਕੇ ਲਏ ਪੀ. ਆਰ. ਕਾਰਡ ਹੋਣਗੇ ਰੱਦ

ਵੈਨਕੂਵਰ: ਗੁਰਵਿੰਦਰ ਸਿੰਘ ਧਾਲੀਵਾਲ

9 ਦਸੰਬਰ: ਕੈਨੇਡਾ ਦੇ ਇਤਿਹਾਸ 'ਚ 'ਸਿਟੀਜ਼ਨਸ਼ਿਪ ਫਰਾਡ' ਦੇ ਨਾਂਅ ਹੇਠ ਸਰਕਾਰ ਵੱਲੋਂ ਕੀਤੀ ਜਾ ਰਹੀ ਸਭ ਤੋਂ ਵੱਡੀ ਕਾਰਵਾਈ 'ਚ ਹਜ਼ਾਰਾਂ ਅਵਾਸੀਆਂ ਦੀ ਨਾਗਰਿਕਤਾ ਖਤਰੇ 'ਚ ਪੈ ਗਈ ਹੈ।

ਕੈਨੇਡਾ ਸਰਕਾਰ ਲਗਭਗ 4700 ਅਜਿਹੇ ਵਿਅਕਤੀਆਂ ਦੀ ਸਿਟੀਜ਼ਨਸ਼ਿਪ ਜਾਂ ਪੀ. ਆਰ. ਕਾਰਡ ਖੋਹਣ ਦੀ ਤਿਆਰੀ ਵਿਚ ਹੈ, ਜਿਹੜੇ ਹਾਸਲ ਕਰਨ ਲਈ ਧੋਖੇਬਾਜ਼ ਏਜੰਟਾਂ ਰਾਹੀਂ ਬੇਨਿਯਮੀਆਂ ਕੀਤੀਆਂ ਗਈਆਂ ਹੋਣ। ਕਰੀਬ 6 ਮਹੀਨੇ ਪਹਿਲਾਂ ਵੀ 1800 ਅਜਿਹੇ ਕੇਸਾਂ ਖਿਲਾਫ ਸਰਕਾਰ ਨੇ ਸਖ਼ਤ ਰੁੱਖ ਅਪਣਾਇਆ ਸੀ, ਜਦ ਕਿ 1947 'ਚ ਹੋਂਦ 'ਚ ਆਏ ਸਿਟੀਜ਼ਨਸ਼ਿਪ ਐਕਟ ਅਧੀਨ 60 ਸਾਲਾਂ 'ਚ ਕੇਵਲ 67 ਵਿਅਕਤੀਆਂ ਦੀ ਹੀ ਨਾਗਰਿਕਤਾ ਖੋਹੀ ਗਈ ਸੀ।

ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਜੇਸਨ ਕੈਨੀ ਅਨੁਸਾਰ 'ਕੈਨੇਡੀਅਨ ਨਾਗਰਿਕਤਾ ਵਿਕਾਊ ਨਹੀਂ।' ਉਨ੍ਹਾਂ ਅਨੁਸਾਰ ਜਿਥੇ ਧੋਖੇਬਾਜ਼ ਇਮੀਗ੍ਰੇਸ਼ਨ ਏਜੰਟਾਂ ਨੂੰ ਕੈਨੇਡਾ ਦੇ ਨਵੇਂ ਕਾਨੂੰਨ ਅਨੁਸਾਰ ਭਾਰੀ ਜੁਰਮਾਨੇ ਤੇ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ, ਉਥੇ ਅਜਿਹੇ ਠੱਗ ਏਜੰਟਾਂ ਲਈ ਬੇਨਿਯਮੀਆਂ ਕਰਕੇ ਕੈਨੇਡਾ ਲਿਆਂਦੇ ਗਏ ਅਯੋਗ ਅਵਾਸੀਆਂ ਖਿਲਾਫ ਕਾਰਵਾਈ ਵੀ ਯਕੀਨੀ ਹੈ। ਇਮੀਗ੍ਰੇਸ਼ਨ ਮਹਿਕਮੇ ਨਾਲ ਠੱਗੀ ਮਾਰਨ ਦੇ ਦੋਸ਼ 'ਚ ਮੌਂਟਰੀਅਲ ਦਾ ਏਜੰਟ ਨਿਜ਼ਾਰ ਜ਼ਾਕਾ ਸੰਨ 2009 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਨੇ 380 ਵਿਅਕਤੀਆਂ ਲਈ ਲਗਭਗ 861 ਗਲਤ ਟੈਕਸ ਰਿਟਰਨ ਭਰੇ ਸਨ।

ਹੈਲੀਫੈਕਸ ਦਾ ਹਸਨ ਅਲ-ਆਵੈਦ ਵੀ 50 ਵਿਅਕਤੀਆਂ ਨਾਲ ਸਿਟੀਜ਼ਨਸ਼ਿਪ ਫਰਾਡ ਦੇ ਮਾਮਲੇ 'ਚ ਚਾਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਟੋਰਾਂਟੋ, ਮਿਸੀਸਾਗਾ ਤੇ ਹੋਰਨਾਂ ਥਾਵਾਂ 'ਤੇ ਵੀ ਅਜਿਹੇ ਕੇਸ ਸਾਹਮਣੇ ਆਏ ਹਨ। ਤਾਜ਼ਾ ਜਾਣਕਾਰੀ ਅਨੁਸਾਰ ਰੌਇਲ ਕੈਨੇਡੀਅਨ ਮੌਂਟੇਡ ਪੁਲਿਸ ਵੱਲੋਂ ਲੰਬੀ ਜਾਂਚ ਮਗਰੋਂ ਕੈਨੇਡਾ 'ਚ ਰਹਿ ਰਹੇ 100 ਦੇਸ਼ਾਂ ਦੇ 6500 ਵਿਅਕਤੀਆਂ ਨੂੰ ਕੈਨੇਡੀਅਨ ਨਾਗਰਿਕਤਾ ਜਾਂ ਪਰਮਾਨੈਂਟ ਰੈਜ਼ੀਡੈਂਸੀ ਕਾਰਡ ਧੋਖੇ ਨਾਲ ਹਾਸਲ ਕੀਤੇ ਜਾਣ ਬਾਰੇ ਚਿੱਠੀਆਂ ਭੇਜੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਕੋਲੋਂ ਕੈਨੇਡੀਅਨ ਸ਼ਹਿਰੀਅਤ ਖੁਸਣ ਦਾ ਖਦਸ਼ਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top