Share on Facebook

Main News Page

ਜੇ ਬਾਦਲ ਨੂੰ ‘ਫ਼ਖ਼ਰ-ਏ-ਕੌਮ ਪੰਥ ਰਤਨ’ ਕਹਿਣਾ ਪਾਪ ਹੈ ਤਾਂ ਇਹ ਝੂਠ ਦਾ ਤਾਜ ਬਾਦਲ ਸਿਰ ਬੰਨ੍ਹਣ ਵਾਲਿਆਂ ਨੂੰ ਅਕਾਲ ਤਖਤ ਕਹਿਨਾ ਕਿਵੇਂ ਪੁੰਨ ਹੋਇਆ?: ਪ੍ਰੋ. ਦਰਸ਼ਨ ਸਿੰਘ ਖ਼ਾਲਸਾ

*  ਜਥੇਦਾਰਾਂ ਨੇ ਅਪਣੇ ਵੱਖਰੇ ਇਕ ਕਾਲਕਾ ਪੰਥ ਦੀ ਸਾਜਣਾ ਕਰ ਲਈ ਹੋਈ ਹੈ
* ਇਹਨਾਂ ਵਿਚ ਜੱਥੇਦਾਰ ਅਰੂੜ ਸਿੰਘ ਦੀ ਰੂਹ ਦੁਬਾਰਾ ਵੀ ਤਾਂ ਜਨਮ ਲੈ ਸਕਦੀ ਹੈ

ਬਠਿੰਡਾ, 8 ਦਸੰਬਰ (ਕਿਰਪਾਲ ਸਿੰਘ): ਇਹਨਾਂ ਜਥੇਦਾਰਾਂ ਨੇ ਅਪਣੇ ਵੱਖਰੇ ਇਕ ਕਾਲਕਾ ਪੰਥ ਦੀ ਸਾਜਣਾ ਕਰ ਲਈ ਹੋਈ ਹੈ। ‘ਇਲਤਿ ਕਾ ਨਾਉ ਚਉਧਰੀ ਕੂੜੀ ਪੂਰੇ ਥਾਉ ॥ ਨਾਨਕ ਗੁਰਮੁਖਿ ਜਾਣੀਐ ਕਲਿ ਕਾ ਏਹੁ ਨਿਆਉ॥’ ਇਸ ਲਈ ਇਸ ਕਾਲਕਾ ਪੰਥ ਕੋਲੋਂ ਕੌਮ ਦੇ ਕਿਸੇ ਚੰਗੇ ਭਵਿਖ ਦੀ ਆਸ ਰੱਖਣਾ ਫਜ਼ੂਲ ਹੈ। ਇਹ ਜਿਤਨੇ ਵੀ ਸਿੱਖੀ ਘਾਤਕ ਕੰਮ ਹਨ ਉਸ ਕਾਲਕਾ ਪੰਥ ਦੀ ਸੋਚ ਤੋਂ ਜਨਮ ਲੈਂਦੇ ਅਤੇ ਨੇਪਰੇ ਚ੍ਹੜਦੇ ਹਨ। ਇਸ ਕਾਲਕਾ ਪੰਥੀ ਕੌਮ ਨੂੰ ਅਪਣੇ ਵਿਚੋਂ ਹੀ ਫ਼ਖ਼ਰੇ ਕੌਮ ਅਤੇ ਕਾਲਕਾ ਪੰਥ ਦੇ ਰਤਨ ਮਿਲ ਜਾਂਦੇ ਹਨ ਉਹਨਾ ਨੂੰ ਹੀ ਇਹ ‘ਫ਼ਖ਼ਰ-ਏ-ਕੌਮ ਪੰਥ ਰਤਨ’ ਦਾ ਅਵਾਰਡ ਦੇ ਲੈਂਦੇ ਹਨ। ਸਿੱਖਾਂ ਨੂੰ ਤਾਂ ਬੱਸ ਸਿਰਫ ਇਹਨਾਂ ਕਾਲਕਾ ਪੰਥੀਆਂ ਦੀ ਪਛਾਣ ਕਰਕੇ ਸਬਰ ਕਰ ਲੈਣਾ ਚਾਹੀਦਾ ਹੈ ਕੇ ਇਹਨਾਂ ਵਿਚ ਜੱਥੇਦਾਰ ਅਰੂੜ ਸਿੰਘ ਦੀ ਰੂਹ ਦੁਬਾਰਾ ਵੀ ਤਾਂ ਜਨਮ ਲੈ ਸਕਦੀ ਹੈ ਇਸ ਲਈ ਅੱਜ ਜਾਣੇ ਅਨਜਾਣੇ ਇਹਨਾਂ ਨਾਲ ਸਾਂਝ ਰੱਖਣ ਵਾਲੇ ਵੀਰਾਂ ਨੂੰ ਜਾਗਣ ਦੀ ਲੋੜ ਹੈ।

ਇਹ ਸ਼ਬਦ ਸ਼੍ਰੀ ਅਕਾਲ ਤਖ਼ਤ ਦੇ ਸਬਕਾ ਜਥੇਦਾਰ ਪ੍ਰੋ: ਦਰਸ਼ਨ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਅਕਾਲ ਤਖ਼ਤ ਤੋਂ ਅਵਾਰਡ ਦਿੱਤੇ ਜਾਣ ’ਤੇ ਪ੍ਰਤੀ ਕਰਮ ਕਰਦੇ ਹੋਏ ਕਹੇ। ਉਨ੍ਹਾਂ ਕਿਹਾ ਇਕ ਕੌਮ ਘਾਤਕ; ਧਰਮ ਘਾਤਕ ਅਤੇ ਗੁਰੂ ਸਿਧਾਂਤ ਤੋਂ ਬੇਮੁਖ ਵਿਅਕਤੀ ਨੂੰ ਕੁਝ ਗੁਲਾਮ ਜ਼ਮੀਰ (ਜੱਥੇਦਾਰਾਂ) ਝੂਠੇਦਾਰਾਂ ਵਲੋਂ ਅਕਾਲ ਤਖ਼ਤ ਤੋਂ ਪੰਥ ਦੇ ਨਾਮ ਹੇਠ ਪੰਜ ਦਸੰਬਰ 2011 ਨੂੰ ‘ਫ਼ਖ਼ਰੇ-ਏ-ਕੌਮ ਪੰਥ ਰਤਨ’ ਦਾ ਅਵਾਰਡ ਦਿਤਾ ਹੈ। ਅਖੌਤੀ ਜੱਥੇਦਾਰਾਂ ਵਲੋਂ ਇਹ ਐਲਾਣ ਅਪਣੀਆਂ ਪੰਥ ਪ੍ਰਤੀ ਜੁਮੇਵਾਰੀਆਂ ਦਾ ਦਿਵਾਲਾ ਕਢਦਿਆਂ ਸਿੱਖੀ ਦੇ ਬੁਰਕੇ ਵਿਚ ਸਿੱਖੀ ਨਾਲ ਧਰੋਹ ਦੇ ਸਮਾਨ ਹੈ।

ਪ੍ਰੋ: ਦਰਸ਼ਨ ਸਿੰਘ ਨੇ ਕਿਹਾ ਇਸ ਐਲਾਣ ਨੂੰ ਸੁਣ ਕੇ ਸਿੱਖੀ ਦੇ ਭਵਿੱਖ ਜਾਨਣ ਅਤੇ ਫ਼ਿਕਰ ਰੱਖਣ ਵਾਲਾ ਹਰ ਦਿਲ ਵਲੂੰਦਰਿਆ ਗਿਆ ਹੈ। ਉਨ੍ਹਾਂ ਕਿਹਾ ਦੁੱਖ ਇਸ ਗੱਲ ਦਾ ਹੈ ਕਿ ਇਹਨਾਂ ਗੁਲਾਮ ਜ਼ਮੀਰ ਜੱਥੇਦਾਰਾਂ ਨੂੰ ਅਕਾਲ ਤਖਤ ਦਾ ਨਾਮ ਦੇ ਕੇ ਹੱਥ ਜੋੜਨ ਵਾਲੇ ਲੋਕ ਭੀ ਏਹੋ ਕੁਝ ਹੀ ਕਰ ਰਹੇ ਹਨ ਜੋ ਇਹਨਾਂ ਨੇ ਕੀਤਾ ਹੈ। ਪ੍ਰੋ: ਦਰਸ਼ਨ ਸਿੰਘ ਨੇ ਕਿਹਾ ਜੇ ਬਾਦਲ ਨੂੰ ‘ਫ਼ਖ਼ਰ-ਏ-ਕੌਮ ਪੰਥ ਰਤਨ’ ਕਹਿਣਾ ਪਾਪ ਹੈ ਤਾਂ ਇਹ ਝੂਠ ਦਾ ਤਾਜ ਬਾਦਲ ਸਿਰ ਬੰਨ੍ਹਣ ਵਾਲਿਆਂ ਨੂੰ ਅਕਾਲ ਤਖਤ ਕਹਿਨਾ ਕਿਵੇਂ ਪੁੰਨ ਹੋਇਆ। ਉਨ੍ਹਾਂ ਕਿਹਾ ਜਿਤਨੀ ਦੇਰ ਅਸੀਂ ਇਸ ਦੁਬਿਧਾ ਵਿਚੋਂ ਨਹੀਂ ਨਿਕਲਾਂਗੇ ਕੌਮ ਦਾ ਸਿਧਾਂਤਕ ਭਵਿਖ ਬਰਬਾਦ ਕਰਨ ਦੇ ਖੁਦ ਜੁੰਮੇਵਾਰ ਹੋਵਾਂਗੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top