Share on Facebook

Main News Page

ਬਾਦਲ ਨੂੰ ‘ਪੰਥ ਰਤਨ ਫ਼ਖ਼ਰਿ ਕੌਮ’ ਐਵਾਰਡ ਦੇਣਾ ਚਿੰਤਾਜਨਕ ਤਾਂ ਹੈ, ਪਰ ਹੈਰਾਨੀਜਨਕ ਨਹੀਂ: ਗਿਆਨੀ ਜਗਤਾਰ ਸਿੰਘ ਜਾਚਕ

ਨਿਊਯਾਰਕ, 7 ਦਸੰਬਰ (ਤ੍ਰਿਲੋਚਨ ਸਿੰਘ ਦੁਪਾਲਪੁਰ): ਤਖ਼ਤ ਸਾਹਿਬਾਨ ਦੇ ਮੁਖ ਸੇਵਾਦਾਰਾਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਰਬਤ ਖ਼ਾਲਸਾ ਦੀ ਸਲਾਹ ਬਗੈਰ ‘ਪੰਥ ਰਤਨ ਫ਼ਖ਼ਰਿ ਕੌਮ’ ਐਵਾਰਡ ਦੇਣਾ ਪੰਥ ਲਈ ਚਿੰਤਾ ਦਾ ਵਿਸ਼ਾ ਤਾਂ ਜ਼ਰੂਰ ਹੈ, ਪਰ ਕੋਈ ਹੈਰਾਨੀਜਨਕ ਘਟਨਾ ਨਹੀਂ। ਕਿਉਂਕਿ, ਪੁਰਾਣਿਕ-ਮਤੀ ਹਿੰਦੂ ਪੂਜਾਰੀ ਤਾਂ ਛੋਟੇ ਛੋਟੇ ਰਾਜਿਆਂ ਨੂੰ ਵਿਸ਼ਨੂ ਭਗਵਾਨ ਦੇ ‘ਅਵਤਾਰ’ ਹੋਣ ਦਾ ਐਵਾਰਡ ਦਿੰਦੇ ਰਹੇ ਹਨ। ਹਾਂ, ਬਖ਼ਸ਼ਿਸ਼ ਰੂਪ ਸਿਰਪਾਓ ਜਿਸ ਢੰਗ ਨਾਲ ਤਖ਼ਤ ਦੀ ਗੈਲਰੀ ਤੋਂ ਬਾਦਲ ਜੀ ਦੇ ਗਲ਼ ਪਾਉਣ ਲਈ ਹੇਠਾਂ ਸੁੱਟਿਆ ਗਿਆ ਹੈ, ਉਸ ਤੋਂ ਨਿਸ਼ਚੇ ਹੁੰਦਾ ਹੈ ਕਿ ਐਵਾਰਡ ਦੇਣਾ ਉਨ੍ਹਾਂ ਦੀ ਸੁਆਰਥੀ ਤੇ ਮੁਲਾਜ਼ਮੀ ਮਜ਼ਬੂਰੀ ਸੀ, ਖੁਸ਼ੀ ਨਹੀਂ। ਇਹ ਲਫ਼ਜ਼ ਗਿਆਨੀ ਜਗਤਾਰ ਸਿੰਘ ਜਾਚਕ ਨੇ ਤਦੋਂ ਕਹੇ, ਜਦੋਂ ਉਨ੍ਹਾਂ ਪਾਸੋਂ ਬਾਦਲ ਜੀ ਨੂੰ ਮਿਲੇ ਐਵਾਰਡ ਦਾ ਪ੍ਰਤੀਕਰਮ ਜਾਨਣਾ ਚਾਹਿਆ।

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ “ਜੁਗਹ ਜੁਗਹ ਕੇ ਰਾਜੇ ਕੀਏ, ਗਾਵਹਿ ਕਰਿ ਅਵਤਾਰੀ॥” (ਅੰ: 423) ਗੁਰਵਾਕ ਦੁਆਰਾ ਮੰਨਿਆ ਗਿਆ ਹੈ ਕਿ ਸ੍ਰੀ ਕ੍ਰਿਸ਼ਨ ਤੇ ਸ਼੍ਰੀ ਰਾਮ ਵਰਗੇ ਸਾਰੇ ਭਾਰਤੀ ਅਵਤਾਰ ਛੋਟੇ ਛੋਟੇ ਰਾਜੇ ਸਨ, ਜਿਨ੍ਹਾਂ ਨੂੰ ਸਮੇਂ ਦੇ ਮੁਖੀ ਪੁਜਾਰੀਆਂ ਨੇ ‘ਅਵਤਾਰ’ ਐਵਾਰਡ ਨਾਲ ਨਿਵਾਜਿਆ ਅਤੇ ਪਰਜਾ ਨੇ ਉਨ੍ਹਾਂ ਦੇ ਗੁਣ ਗਾਏ । ਪੁਜਾਰੀ ਤੇ ਸੱਤਾਧਾਰੀ ਵਿਅਕਤੀ ਹੁਣ ਵੀ ਇਹੀ ਖੇਲ ਰਹੇ ਹਨ; ਕਿਉਂਕਿ ਅਜਿਹਾ ਕਰਨ ਨਾਲ ਰਾਜੇ ਦਾ ਪਰਜਾ ’ਤੇ ਦਬਦਬਾ ਬਣਿਆ ਰਹਿੰਦਾ ਹੈ ਅਤੇ ਪੁਜਾਰੀਆਂ ਦੀ ਪੂਜਾ ਪ੍ਰਤਿਸ਼ਠਤਾ ਕਾਇਮ ਹੋਈ ਰਹਿੰਦੀ ਹੈ । ਅਸਲ ਵਿੱਚ ਇਹੀ ਕਾਰਣ ਸੀ ਕਿ ਗੁਰੂ ਸਾਹਿਬਾਨ ਨੇ ਸਿੱਖੀ ਨੂੰ ਪੁਜਾਰੀ ਵਰਗ ਤੋਂ ਮੁਕਤ ਰੱਖਿਆ। ਪਰ ਅਫਸੋਸ ਕਿ ਭਾਈਚਾਰਕ ਗਫ਼ਲਤਾ ਕਾਰਨ ਰਾਜਨੀਤਕ ਸਿੱਖ ਆਗੂਆਂ ਨੇ ਸਾਡੇ ਕੁਝ ਭਾਈਆਂ ਨੂੰ ‘ਸਿੰਘ ਸਾਹਿਬ’ ਦਾ ਖ਼ਿਤਾਬ ਦੇ ਕੇ ਪੰਥ ਦੇ ਪੂਜ੍ਯ ਪੁਜਾਰੀ ਬਣਾ ਦਿੱਤਾ ਹੈ, ਅਤੇ ਬਦਲੇ ਵਿੱਚ ਉਨ੍ਹਾਂ ਪਾਸੋਂ ‘ਪੰਥ ਰਤਨ’ ਤੇ ‘ਫ਼ਖ਼ਰਿ ਕੌਮ’ ਵਰਗੇ ਸਨਮਾਨ ਹਾਸਲ ਕਰ ਰਹੇ ਹਨ।

ਜਾਚਕ ਜੀ ਨੇ ਕਿ ਕਿਹਾ ਕਿ ਸ਼ੁਕਰ ਹੈ ਕਿ ਅਣਖੀ ਜਥੇਦਾਰ ਨੰਦਗੜ੍ਹ ਜੀ ਨੇ ਸ਼ਾਮਲ ਨਾ ਹੋ ਕੇ ਤਖ਼ਤ ਸੇਵਦਾਰੀ ਦੀ ਪੈਜ ਰਖ ਲਈ, ਜਿਸ ਲਈ ਉਹ ਪੰਥ ਵੱਲੋਂ ਵਧਾਈ ਦੇ ਪਾਤਰ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top