Share on Facebook

Main News Page

ਗੁਰਬਚਨ ਸਿੰਘ ਨੇ ਸ਼੍ਰੀ ਅਕਾਲ ਤਖਤ ਉਪਰ ਗਲਤ ਤੱਥਾਂ ਨੂੰ ਪੇਸ਼ ਕਰਕੇ ਸਿੱਖ ਕੌਮ ਨੂੰ ਗੁਮਰਾਹ ਕੀਤਾ ਹੈ: ਬਲਦੇਵ ਸਿੰਘ ਸਿਰਸਾ

ਅੰਮ੍ਰਿਤਸਰ 06ਦਸੰਬਰ (ਰਾਜਿੰਦਰ ਬਾਠ): ਪ੍ਰਕਾਸ਼ ਸਿੰਘ ਬਾਦਲ ਨੂੰ ਕਿਸੇ ਵਿਧੀ ਵਿਧਾਨ ਤੇ ਸਿੱਖ ਕੌਮ ਦੇ ਆਗੂਆਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਗੈਰ ਸਿੱਖ ਕੌਮ ਦੇ ਸਰਵੋਤਮ ਖਿਤਾਬ "ਫਕਰ-ਏ-ਕੌਮ" ਤੇ "ਪੰਥ ਰਤਨ" ਦਾ ਖਿਤਾਬ ਨਿੱਜੀ ਤੌਰ ਤੇ ਦੇ ਕੇ, ਸਮੁੱਚੀ ਸਿੱਖ ਕੌਮ ਦਾ ਸਾਰੀ ਦੁਨੀਆਂ ਵਿਚ ਮਜ਼ਾਕ ਉਡਾਇਆ ਹੈ। ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਵਿਸ਼ੇਸ਼ ਸਕੱਤਰ ਬਲਦੇਵ ਸਿੰਘ ਸਰਸਾ ਨੇ ਉਪਰੋਕਤ ਸ਼ਬਦ ਕਹਿੰਦਿਆਂ ਇਸ ਪਤੱਰਕਾਰ ਨੂੰ ਦੱਸਿਆ ਕਿ ਸਿੰਘ ਸਾਹਿਬਾਨ ਨੇ ਸਰ ਅਰੂੜ ਸਿੰਘ ਦੀ ਸਿੱਖ ਇਤਿਹਾਸ ਵਿਚ, ਬਾਦਲ ਨੂੰ ਸਨਮਾਨ ਦੇ ਕੇ, ਮਿਸਾਲ ਨੂੰ ਫਿਕਾ ਪਾ ਦਿੱਤਾ ਹੈ।

ਇਹ ਵਰਣਨ ਯੋਗ ਹੈ ਕਿ ਅਰੂੜ ਸਿੰਘ ਜਲਿਆਂਵਾਲੇ ਬਾਗ ਦੇ ਸਾਕੇ ਸਮੇਂ ਸ਼੍ਰੀ ਹਰਿਮੰਦਰ ਸਾਹਿਬ ਵਿਚ ਮੁੱਖ ਗ੍ਰੰਥੀ ਸਨ, ਨੇ ਜਲਿਆਂਵਾਲੇ ਬਾਗ ਦਾ ਖੂਨੀ ਕਾਂਡ ਕਰਨ ਵਾਲੇ ਜਨਰਲ ਡਾਇਰ ਨੂੰ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਸੀ। ਅਰੂੜ ਸਿੰਘ ਨੂੰ ਇਸਦੇ ਇਵਜ਼ ਵਜੋਂ ਅੰਗਰੇਜ਼ਾਂ ਦੇ ਮਹਤੱਵਪੂਰਨ ਖਿਤਾਬ, "ਸਰ" ਨਾਲ ਸਨਮਾਨਿਤ ਕੀਤਾ ਗਿਆ ਸੀ ਤੇ ਇਸ ਤੋਂ ਬਾਅਦ ਸਿੱਖ ਇਤਿਹਾਸ ਵਿਚ ਸਰ ਅਰੂੜ ਸਿੰਘ ਦਾ ਨਾਮ ਕਾਲੇ ਅਖਰਾਂ ਨਾਲ ਗੱਦਾਰਾਂ ਦੀ ਸ਼੍ਰੇਣੀ ਵਿਚ ਲਿਖਿਆ ਗਿਆ ਸੀ। ਇਸਦਾ ਕਲੰਕ ਉਸਦੀ ਆਉਣ ਵਾਲੀ ਪੀੜ੍ਹੀ ਨੂੰ ਵੀ ਭੁਗਤਣਾ ਪਿਆ। ਸਰ ਅਰੂੜ ਸਿੰਘ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਨਾਨਾ ਸਨ। ਇਸ ਲਈ ਸਿਮਰਨਜੀਤ ਸਿੰਘ ਮਾਨ ਨੇ ਸਿੱਖ ਕੌਮ ਕੋਲੋਂ ਆਪਣੇ ਨਾਨੇ ਦੀ ਕੀਤੀ ਗਲਤੀ ਦੀ ਮੁਆਫੀ ਮੰਗ ਕੇ ਇਸ ਲੱਗੇ ਕਲੰਕ ਨੂੰ ਧੌਣ ਦੀ ਕੋਸ਼ਿਸ਼ ਕੀਤੀ ਸੀ।

ਭਾਈ ਬਲਦੇਵ ਸਿੰਘ ਸਿਰਸਾ ਨੇ ਗਿਆਨੀ ਗੁਰਬਚਨ ਸਿੰਘ ਤੇ ਅਕਾਲ ਤਖਤ ਉਪਰ, ਸਨਮਾਨ ਦੇਣ ਤੋਂ ਪਹਿਲਾਂ ਪੜ੍ਹੇ ਗਏ ਲਿਖਤੀ ਭਾਸ਼ਣ, ਵਿਚ ਇਸ ਦਿੱਤੇ ਜਾ ਰਹੇ ਸਨਮਾਨ ਨੂੰ ਸਹੀ ਸਾਬਿਤ ਕਰਨ ਲਈ, ਇਤਿਹਾਸਿਕ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਇਲਜ਼ਾਮ ਵੀ ਲਗਾਇਆ ਹੈ। ਉਹਨਾਂ ਕਿਹਾ ਕਿ ਮਾਸਟਰ ਤਾਰਾ ਸਿੰਘ, ਕਪੂਰ ਸਿੰਘ, ਬਾਬਾ ਖੜਕ ਸਿੰਘ, ਭਾਈ ਰਣਧੀਰ ਸਿੰਘ ਤੇ ਭਾਈ ਹਰਭਜਨ ਸਿੰਘ ਯੋਗੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਪੰਥ ਰਤਨ ਦਾ ਖਿਤਾਬ ਕਦੀ ਵੀ ਨਹੀਂ ਦਿੱਤਾ ਗਿਆ। ਗੁਰਬਚਨ ਸਿੰਘ ਨੇ, ਸਿੱਖ ਸੰਗਤਾਂ ਅੱਗੇ ਗਲਤ ਤੱਥਾਂ ਨੂੰ ਪੇਸ਼ ਕਰਕੇ, ਸਮੁੱਚੀ ਸਿੱਖ ਕੌਮ ਨੂੰ ਗੁਮਰਾਹ ਕੀਤਾ ਹੈ ਅਤੇ ਜਿਸ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਜਿਹੇ ਪਵਿੱਤਰ ਤੇ ਸਰਬੋਤਮ ਸਮਝੇ ਜਾਂਦੇ ਸਨਮਾਨ ਨੂੰ, ਸਮੁੱਚੀ ਸਿੱਖ ਸੰਗਤ ਦੇ ਸਾਹਮਣੇ, ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਕਰਮਾ ਵਿਚ ਖੜ੍ਹੇ ਬਾਦਲ ਉਪਰ, ਵਗਾਹ ਕੇ ਸੁੱਟਣ ਨਾਲ, ਇਸ ਸਨਮਾਨ ਅਤੇ ਬਾਦਲ ਦਾ ਘੋਰ ਅਪਮਾਨ ਕੀਤਾ ਹੈ, ਇਸ ਨਾਲ ਇਹ ਸਨਮਾਨ ਦੇਣ ਵਾਲੇ ਤੇ ਲੈਣ ਵਾਲੇ ਦਾ ਸਮੁੱਚੀ ਸਿੱਖ ਕੌਮ ਵਿਚ ਮਜ਼ਾਕ ਬਣਿਆ ਹੈ। ਉਹਨਾਂ ਕਿਹਾ ਕਿ ਜਦ ਗੁਰਚਰਨ ਸਿੰਘ ਟੋਹੜਾ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਸਨਮਾਨਿਤ ਕੀਤਾ ਗਿਆ ਸੀ ਤਾਂ ਸਿੰਘ ਸਾਹਿਬ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਥੱਲੇ ਆ ਕੇ ਇਹ ਸਨਮਾਨ ਬੜੇ ਅਦਬ ਸਹਿਤ ਭੇਂਟ ਕੀਤਾ ਸੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top