Share on Facebook

Main News Page

ਪ੍ਰੋ. ਭੁੱਲਰ ਦੀ ਫਾਂਸੀ ਬਾਰੇ ਕੌਮੀ ਚੁੱਪ, ਕੌਮ ਦੇ ਨਿਤਾਣੇਪਨ ਦੀ ਨੀਸ਼ਾਨੀ: ਗਿਆਨੀ ਜਾਚਕ

ਨਿਊਯਾਰਕ 3 ਦਸੰਬਰ: ਪ੍ਰੋ. ਦਵਿੰਦਰ ਸਿੰਘ ਭੁੱਲਰ 20ਵੀਂ ਸਦੀ ਦੇ ਸਿੱਖ ਸਘੰਰਸ਼ ਵਿਚੋਂ ਉਭਰਿਆ ਕੌਮੀ ਜਰਨੈਲ ਹੈ, ਜਿਹੜਾ ਪਿਛਲੇ 24 ਸਾਲ ਤੋਂ ਦਿੱਲੀ ਦੀ ਤਿਹਾੜ ਵਿਖੇ ਸਰੀਰਕ ਤੇ ਮਾਨਸਿਕ ਤਸੀਹੇ ਭੋਗ ਰਿਹਾ ਹੈ। ਹੁਣ ਜਦੋਂ ਭਾਰਤੀ ਹਾਕਮਾਂ ਦੀ ਫਿਰਕੂ ਸੋਚ ਤੇ ਇੱਛਾ ਮੁਤਾਬਿਕ ਰਾਸ਼ਟਰਪਤੀ ਨੇ ਉਸ ਦੀ ਫਾਂਸੀ ਦੀ ਸਜਾ ਨੂੰ ਮੁਆਫ਼ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਸੁਪਰੀਮ ਕੋਰਟ ਵੀ ਉਸ ਨੂੰ ਛੇਤੀ ਤੋਂ ਛੇਤੀ ਫਾਂਸੀ ਦੇ ਤਖ਼ਤੇ ’ਤੇ ਲਟਕਿਆ ਦੇਖਣਾ ਚਹੁੰਦਾ ਹੈ; ਤਾਂ ਅਜਿਹਾ ਹੋਣ ’ਤੇ ਕੌਮ ਦੇ ਧਾਰਮਿਕ ਤੇ ਸਿਆਸੀ ਸਿੱਖ ਆਗੂਆਂ ਦਾ ਇਸ ਅਨਿਆ ਤੇ ਧੱਕੇਸ਼ਾਹੀ ਬਾਰੇ ਚੁੱਪ ਹੋ ਜਾਣਾ, ਕੌਮ ਦੇ ਨਿਤਾਣੇਪਨ ਦੀ ਨਿਸ਼ਾਨੀ ਤੇ ਚਿੰਤਾਜਨਕ ਅਵਸਥਾ ਹੈ। ਪੰਥ ਦਰਦੀ ਸਿੱਖ ਚਿੰਤਕਾ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ। ਇਹ ਲਫ਼ਜ਼ ਗਿਆਨੀ ਜਗਤਾਰ ਸਿੰਘ ਜਾਚਕ ਨੇ ਨਿਊਯਾਰਕ ਤੋਂ ਲਿਖਤੀ ਪ੍ਰੈਸ ਨੋਟ ਵਿੱਚ ਕਹੇ।

ਉਨ੍ਹਾਂ ਲਿਖਿਆ ਹੈ ਕਿ ਸ਼੍ਰੋਮਣੀ ਕਮੇਟੀ ਚੋਣਾਂ ਵੇਲੇ ਸਿੱਖ ਵੋਟਾਂ ਬਟੋਰਨ ਲਈ ਜਦੋਂ ਪੰਜਾਬ ਦੇ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲਾਂ ਵਿਧਾਨ ਸਭਾ ਦੇ ਇਜਲਾਸ ਵਿੱਚ ਪ੍ਰੋ: ਭੁਲਰ ਦੇ ਹੱਕ ਵਿੱਚ ਮਤਾ ਲਿਆਉਣ ਦੀ ਗੱਲ ਕੀਤੀ ਅਤੇ ਫਿਰ ਭਾਜਪਾ ਦੀ ਘੁਰਕੀ ਅੱਗੇ ਦੜ ਵੱਟ ਲਈ । ਜਿਵੇਂ ਕਿ ਹੁਣ ਐਫ਼.ਡੀ.ਆਈ ਮਸਲੇ ’ਤੇ ਕਿਸਾਨਾਂ ਦੇ ਹਿੱਤਾਂ ਵਿਸਾਰ ਕੇ ਰਾਜਸੀ ਭਾਈਵਾਲਾਂ ਦੇ ਦਬਾਅ ਹੇਠ ਯੂ ਟਰਨ ਮਾਰ ਲਈ ਹੈ; ਤਦੋਂ ਕਿਸੇ ਪੰਥ ਦਰਦੀ ਨੇ ਲਿਖਿਆ ਸੀ ਕਿ ਪਹਿਲਾਂ ਤਾਂ ਕਦੇ ਸ਼ਾਹ ਮਹੁੰਮਦ ਵਰਗੇ ਕਵੀ ਆਖਦੇ ਸਨ ਕਿ ਆਖ਼ਰ ਗੱਲ ਓਹੀ ਹੋਏਗੀ “ਜਿਹੜੀ ਕਰੂਗਾ ਖ਼ਾਲਸਾ ਪੰਥ ਮੀਆਂ”, ਪਰ ਅੱਜ ਸਮਾਂ ਬਦਲ ਗਿਆ ਹੈ, ਦਸ਼ਮੇਸ਼ ਪਿਤਾ ਦਾ ਖ਼ਾਲਸਾ ਆਪਣਾ ਤਪ ਤੇਜ਼ ਸੁਆਰਥ ਤੇ ਪਦਾਰਥ ਅੱਗੇ ਗੁਆਉਂਦਾ-ਗੁਆਉਂਦਾ ਇਥੋਂ ਤੱਕ ਪੁੱਜ ਗਿਆ ਹੈ ਕਿ ਗੱਲ ਓਹੀ ਹੋਣ ਲੱਗ ਪਈ, “ਜਿਹੜੀ ਕਰੂਗਾ ਸੰਘ ਪ੍ਰਵਾਰ ਮੀਆਂ”।

ਜਾਚਕ ਜੀ ਲਿਖਿਆ ਹੈ ਕਿ ਜਿਹੜੇ ਥੋੜੇ-ਬਹੁਤੇ ਗੁਰਸਿੱਖ ਭੈਣ ਭਰਾ ਪੰਥਕ ਦਰਦ ਆਪਣੇ ਸੀਨੇ ਵਿੱਚ ਸਾਂਭੀ ਬੈਠੇ ਹਨ, ਉਨ੍ਹਾਂ ਨੂੰ ਨਿਰਾਸ ਹੋ ਕੇ ਢੇਰੀ ਢਾਹ ਕੇ ਬੈਠਣ ਦੀ ਥਾਂ ਮੁੜ ਹੰਭਲਾ ਮਾਰਨਾ ਚਾਹੀਦਾ ਹੈ। ਦਸੰਬਰ ਦਾ ਮਹੀਨਾਂ ਸਿੱਖ ਸ਼ਹਾਦਤਾਂ ਦੀ ਰੁੱਤ ਹੈ। ਜੇ ਪੰਥ ਦਰਦੀ ਸਿੱਖ ਜਥੇਬੰਦੀਆਂ ਇਕੱਠੀਆਂ ਹੋ ਕੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ 22 ਦਸਬੰਰ ਨੂੰ ਫ਼ਤਹਿਗੜ ਸਾਹਿਬ ਤੋਂ ਪ੍ਰੋ: ਭੁੱਲਰ ਦੇ ਹੱਕ ਵਿੱਚ ਪੰਥ ਨੂੰ ਹਲੂਣਾ ਦੇਣ ਯੋਗ ਕੋਈ ਪ੍ਰਭਾਵਸ਼ਾਲੀ ਲਹਿਰ ਸ਼ੁਰੂ ਕਰਨ। ਸਿਖਜ਼ ਫਾਰ ਜਸਟਿਸ ਜਾਂ ਯੂਨਾਈਟਿਡ ਸਿਖਜ਼ ਵਰਗੀਆਂ ਵਿਦੇਸ਼ੀ ਜਥੇਬੰਦੀਆਂ ਕਿਸੇ ਮਾਨਵੀ ਅਧਿਕਾਰਾਂ ਦੀ ਰਖਵਾਲੀ ਕਰਨ ਵਾਲੀ ਕਿਸੇ ਅੰਤਰਾਸ਼ਟਰੀ ਅਦਾਲਤ ਵਿੱਚ ਪ੍ਰੋ ਸਾਹਿਬ ਨਾਲ ਹੋਏ ਅਨਿਆ ਬਾਰੇ ਕੇਸ ਕਰਨ। ਅਜਿਹਾ ਕੌਮੀ ਹੰਭਲਾ ਪੰਜਾਬ ਵਿੱਚ ਸਿੱਖੀ ਸਪਰਿਟ ਨੂੰ ਬਚਾਉਣ ਲਈ ਵੀ ਕਾਫੀ ਲਾਹੇਵੰਦਾ ਹੋ ਸਕਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top