Share on Facebook

Main News Page

ਮਾਮਲਾ ਬਾਦਲ ਨੂੰ ਪੰਥ ਰਤਨ ਦੇਣਾ ਦਾ- ਦੇਖੋ ਬਾਦਲ ਸਾਬ੍ਹ ਨੇ ਪੰਥ ਲਈ ਕਿੰਨੇ ਮਾਅਰਕੇ ਮਾਰੇ?

ਬੀਤੀ 25 ਨਵੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਸਿੱਖ ਪੰਥ ਦੇ ਗੌਰਵਮਈ ਇਤਿਹਾਸ ਨੂੰ ਮੂਰਤੀਮਾਨ ਕਰਨ ਵਾਲੇ ‘ਵਿਰਾਸਤ-ਏ-ਖਾਲਸਾ' ਨੂੰ ਪੰਥ ਨੂੰ ਸਮਰਪਿਤ ਕੀਤਾ ਗਿਆ। ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖਾਲਸਾ ਭਵਨ ਦਾ ਨਿਰਮਾਣ ਅਤੇ ਉਸ ਦੇ ਉਦਘਾਟਨ ਨਾਲ ਆਪਣੇ ਆਪ ਨੂੰ ਸਿੱਖ ਪੰਥ ਦੇ ਮਹਾਨ ਸ਼ੁਭਚਿੰਤਕ ਦਰਸਾ ਕੇ ਸਿੱਖਾਂ ਦੀਆਂ ਵੋਟਾਂ ਲੈਣ ਦੀ ‘ਆਸ' ਲਗਾਈ ਬੈਠੇ ਬਾਦਲਕਿਆਂ ਦੀ ਸਿਆਸੀ ਐਨਕ ਰਾਹੀਂ ਵੇਖੇ ਗਏ ਇਸ ਪ੍ਰੋਜੈਕਟ ਨੂੰ ਲੈ ਕੇ ਬੁੱਧੀਜੀਵੀ ਵਰਗ ਕਾਫ਼ੀ ਔਖਾ ਬੈਠਾ ਹੈ ਪਰ ਅੜਿੰਗ ਵੜਿੰਗ ਹੋਏ ਬੁੱਧੀਜੀਵੀਆਂ ਦੀ ਵੀ ਬਾਦਲਕਿਆਂ ਨੂੰ ਨਾ ਕੋਈ ਪ੍ਰਵਾਹ ਹੈ ਅਤੇ ਨਾ ਹੀ ਕੋਈ ਲੋੜ ਹੈ ਕਿਉਂਕਿ ਬੁੱਧੀਜੀਵੀ ਵਰਗ ਤੇ ਅਕਾਲੀ ਦਲ ਦਾ ਆਪਸ ਵਿਚ ਕੋਈ ਸੁਮੇਲ ਨਹੀਂ ਹੈ।

ਵਿਰਾਸਤ-ਏ ਖਾਲਸਾ ਕੌਮ ਦੇ ਇਤਿਹਾਸ ਦਾ ਸ਼ਾਨਦਾਰ ਅਜਾਇਬ ਘਰ ਤਾਂ ਜ਼ਰੂਰ ਬਣ ਗਿਆ ਹੈ ਪ੍ਰੰਤੂ ਇਸ ਦੀ ਰੂਹ ਜਿਹੜੀ ਖਾਲਸੇ ਦੇ 300 ਸਾਲਾ ਜਨਮ ਦਿਹਾੜੇ ਦੀ ਯਾਦ ਵਿਚ 300 ਫੁੱਟ ਉ¤ਚੇ ਖੰਡੇ ਦੇ ਰੂਪ ਵਿੱਚ ਸ਼ੁਸ਼ੋਭਿਤ ਹੋਣੀ ਸੀ, ਉਹ ਪਹਿਲਾਂ ਹੀ ਗਾਇਬ ਕਰ ਦਿੱਤੀ ਗਈ ਹੈ, ਜਿਹੜੀ ਰੋਪੜ ਤੋਂ ਹੀ ਸੰਗਤਾਂ ਨੂੰ ਨਜ਼ਰ ਆਉਣੀ ਸੀ। ਇਸ ਵਿਰਾਸਤ ਦਾ ਅਸਲੀ ਰੂਪ ਵਿਗਾੜਨਾ ਕੋਈ ਦਿਆਨਤਦਾਰੀ ਨਹੀ ਸਗੋਂ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇਸ ਖਾਲਸੇ ਦੀ ਵਿਰਾਸਤ ਵਿੱਚ ਹੀਰ-ਰਾਂਝਿਆਂ ਨੂੰ ਵਾੜ ਦਿੱਤਾ ਗਿਆ ਹੈ ਜਿਸ ਦਾ ਸਿੱਖ ਪੰਥ ਨਾਲ ਕੋਈ ਦੂਰ ਦਾ ਵੀ ਵਾਸਤਾ ਨਹੀਂ ਹੈ।

ਹੀਰ-ਰਾਂਝਾ ਤੇ ਗੁੱਗਾ ਪੀਰ, ਕਿਹੜੇ ਖਾਲਸੇ ਦੀ ਵਿਰਾਸਤ ਹਨ, ਇਸ ਬਾਰੇ ਤਾਂ ਬਾਦਲ ਸਾਹਿਬ ਜਾਣਨ ਜਾਂ ਫਿਰ ਪੰਥ ਦੇ ਜਥੇਦਾਰ ਅਖਵਾਉਣ ਵਾਲੇ ਪੰਥ ਨੂੰ ਇਸ ਬਾਰੇ ਜ਼ਰੂਰ ਜਾਣਕਾਰੀ ਦੇਣ ਕਿ ਇਨ੍ਹਾਂ ਆਸ਼ਕਾਂ ਦਾ ਸਿੱਖ ਧਰਮ ਨਾਲ ਕੀ ਸਬੰਧ ਹੈ? ਪ੍ਰੰਤੂ ਜਵਾਬ ਮੰਗਣ ਤੇ ਦੇਣ ਵਾਲਾ ਅੱਜ ਕੋਈ ਨਹੀਂ, ਕਿਉਂਕਿ ਖਾਲਸੇ ਦੀ ਵਿਰਾਸਤ ਨੂੰ ‘ਇਕੱਲੇ' ਬਾਦਲਕੇ ਹੀ ਨਹੀਂ, ਸਗੋਂ ਲੱਗਭਗ ਸਾਰੀ ਕੌਮ ਹੀ ਭੁੱਲ ਵਿਸਾਰ ਚੁੱਕੀ ਹੈ, ਸ਼ਾਇਦ ਇਸੇ ਲਈ ਕਿਸੇ ਨੇ ਬਾਦਲਕਿਆਂ ਨੂੰ ਇਹ ਚੇਤਾ ਹੀ ਨਹੀਂ ਕਰਵਾਇਆ ਕਿ ਜਿਸ ਆਨੰਦਪੁਰ ਵਿਚ 24-25 ਦੀ ਰਾਤ ਨੂੰ ਆਪਣੀ ਸਸਤੀ ਸ਼ੋਹਰਤ ਲਈ ‘ਆਤਿਸ਼ਬਾਜ਼ੀ' ਚਲਾਈ, ਢੋਲ ਨਗਾਰੇ ਵਜਾਏ, ਉਸ ਦਿਨ ਇਸ ਆਨੰਦਪੁਰ ਸਾਹਿਬ ਦੀ ਸਮੂਹ ਨਾਨਕ ਨਾਮ ਲੇਵਾ ਸੰਗਤ ਵੈਰਾਗਮਈ ਹੋ ਕੇ ਗਰੀਬਾਂ ਮਜ਼ਲੂਮਾਂ ਤੇ ਧਰਮ ਦੀ ਰੱਖਿਆ ਲਈ ਆਪਣਾ ਸੀਸ ਭੇਂਟ ਕਰਨ ਵਾਲੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਸੀਸ ਨੂੰ ਹੰਝੂਆਂ ਭਰੀਆਂ ਅੱਖਾਂ ਨਾਲ ਉਡੀਕ ਰਹੀ ਸੀ, ਜਿਸ ਨੂੰ ਲੈ ਕੇ ਭਾਈ ਜੈਤਾ ਦਿੱਲੀ ਦੇ ਚਾਂਦਨੀ ਚੌਕ ਤੋਂ ਵਾਹੋ ਦਾਹੀ ਆਨੰਦਪੁਰ ਸਾਹਿਬ ਵੱਲ ਆ ਰਹੇ ਸੀ ਅਤੇ ‘‘ਬਾਲਾ ਪ੍ਰੀਤਮ'' ਗੋਬਿੰਦ ਰਾਏ, ਵੈਰਾਗ ਵਿਚ ਡੁੱਬੀਆ ਸੰਗਤਾਂ ਨਾਲ ਆਪਣੇ ਪਿਤਾ ਅਤੇ ਗੁਰੂ ਦੇ ਸੀਸ ਨੂੰ ਅੱਗੇ ਹੋ ਕੇ ‘ਨਤਮਸਤਕ' ਹੋਣ ਲਈ ਕੀਰਤਪੁਰ ਸਾਹਿਬ ਵੱਲ ਕੜਾਕੇ ਦੀ ਠੰਡ ਵਿਚ ਨੰਗੇ ਪੈਰੀਂ ਚਾਲੇ ਪਾ ਚੁੱਕੇ ਸਨ। ਭਾਵੇਂ ਸਿੱਖੀ ਵਿਚ ਸ਼ਹਾਦਤ, ਖੁਸ਼ੀ-ਖੁਸ਼ੀ ਦਿੱਤੀ ਜਾਂਦੀ ਹੈ ਪਰ ਫਿਰ ਵੀ ਸ਼ਹਾਦਤ ਤਾਂ ਸ਼ਹਾਦਤ ਹੀ ਹੈ ਤੇ ਵੈਰਾਗਮਈ ਦਾ ਪ੍ਰਤੀਕ ਹੈ।

ਗੁਰੂ ਸਾਹਿਬ ਦੀ ਮਹਾਨ ਸ਼ਹਾਦਤ ਦੀ ਯਾਦ ਵਿਚ 24 ਨਵੰਬਰ ਦੀ ਰਾਤ ਵੀ ਥਾਂ ਥਾਂ ਰੈਣ ਸੂਬਾਈ ਕੀਰਤਨ ਹੋਏ ਸਨ ਅਤੇ ਸੰਗਤਾਂ ਵੈਰਾਗਮਈ ਅਵਸਥਾ ਵਿਚ ਗੁਰੂ ਦੀ ਯਾਦ ਨਾਲ ਜੁੜੀਆਂ ਰਹੀਆਂ ਸਨ। ਵਿਰਾਸਤ ਨੂੰ ਸੰਭਾਲਣ ਦਾ ਦਾਅਵਾ ਕਰਨ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਕੀ ਸਿੱਖ ਇਤਿਹਾਸ ਦੇ ਲਹੂ ਭਿੱਜੇ ਪੰਨਿਆਂ ਦੀ ਵੀ ਜਾਣਕਾਰੀ ਨਹੀਂ ਰੱਖਦੇ ਜਾਂ ਫਿਰ ਉਨ੍ਹਾਂ ਨੂੰ ਆਪਣੀ ਜੈ-ਜੈ ਕਾਰ ਦੀ ਲਾਲਸਾ ਵਿਚ ਹੋਰ ਕੁਝ ਵੀ ਯਾਦ ਨਹੀਂ ਰਹਿੰਦਾ? ਖਾਲਸੇ ਦੀ ਵਿਰਾਸਤ ਖਾਲਸੇ ਨੂੰ ਸੌਂਪਣ ਦਾ ਸਹੀ ਦਿਹਾੜਾ ਤਾਂ ਭਾਵੇਂ ਖਾਲਸੇ ਦਾ ਜਨਮ ਦਿਹਾੜਾ ਵਿਸਾਖੀ ਦਾ ਦਿਵਸ ਹੋਣਾ ਚਾਹੀਦਾ ਸੀ ਪ੍ਰੰਤੂ ਵੋਟ ਰਾਜਨੀਤੀ ਉਸ ਦਿਹਾੜੇ ਨੂੰ ਉਡੀਕ ਨਹੀਂ ਸਕਦੀ ਸੀ ਕਿਉਂਕਿ ਪੰਜਾਬ ਵਿਧਾਨ ਸਭਾ ਦੀਆ ਚੋਣਾਂ ਤਾਂ ਫਰਵਰੀ ਵਿਚ ਹੋਣੀਆ ਲੱਗਭਗ ਤਹਿ ਹਨ ਅਤੇ ਵੋਟ ਰਾਜਨੀਤੀ ਹੀ ਸਾਰੇ ਕਾਰਜ ਅੱਗੇ ਪਿੱਛੇ ਕਰਵਾਈ ਜਾ ਰਹੀ ਹੈ। ਚੋਣਾਂ ਤੋਂ ਬਾਅਦ ਤਾਂ ਬਾਦਲਕਿਆਂ ਲਈ ਵਿਰਾਸਤ-ਏ-ਖਾਲਸਾ ਦੇ ਨਿਰਮਾਣ ਦੀ ਬੱਲੇ ਬੱਲੇ ਦਾ ਉਨ੍ਹਾਂ ਲਈ ਕੋਈ ਅਰਥ ਨਹੀਂ ਰਹਿ ਜਾਂਦਾ ਸੀ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਜੇਕਰ ਇਹ ਲੋਕ ਖਾਲਸੇ ਦੇ ਜਨਮ ਦਿਹਾੜੇ ਵਿਸਾਖੀ ਨੂੰ ਉਡੀਕ ਨਹੀਂ ਸਕਦੇ ਸਨ ਤਾਂ ਇਨ੍ਹਾਂ ਨੂੰ ਘੱਟੋ ਘੱਟ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੋਂ ਇਹ ਜਸ਼ਨਾਂ ਵਾਲਾ ਸਮਾਗਮ ਅੱਗੇ ਪਿੱਛੇ ਕਰ ਲੈਣਾ ਚਾਹੀਦਾ ਸੀ।

ਸਿਆਣੇ ਕਹਿੰਦੇ ਹਨ ਕਿ ਜੇਕਰ ਮੱਤ ਆਪਣੇ ਪੱਲੇ ਨਾ ਹੋਵੇ ਤਾਂ ਗੁਆਂਢੀਆਂ ਕੋਲੋਂ ਲੈ ਲੈਣੀ ਚਾਹੀਦੀ ਹੈ ਪਰ ਇਥੇ ਤਾਂ ਇਹ ਕੁਝ ਨਹੀਂ ਹੋ ਸਕਿਆ ਕਿਉਂਕਿ ਬਾਦਲਕਿਆਂ ਨੇ ਪਹਿਲਾਂ ਬਠਿੰਡੇ ਵਿਚ ਵਿਸ਼ਵ ਪੱਧਰੀ ਕਬੱਡੀ ਟੂਰਨਾਮੈਂਟ ਦੇ ਉਦਘਾਟਨ ਦਾ ਦਿਨ ਵੀ ਸਿੱਖ ਨਸ਼ਲਕੁਸ਼ੀ ਵਾਲੇ ਹਫਤੇ ਦਾ ਚੁਣਿਆ ਤੇ ਇਸ ਸਮੇਂ ਅੱਧ ਨੰਗੀਆਂ ਮੁਟਿਆਰਾਂ ਕੋਲੋਂ ਨਾਚ ਕਰਵਾ ਕੇ ਸਿੱਖ ਜਜ਼ਬਾਤਾਂ ਨੂੰ ਕੁਚਲਿਆ, ਜਿਸ ਤੋਂ ਸਪੱਸ਼ਟ ਹੈ ਕਿ ਜਾਂ ਤਾਂ ਬਾਦਲਕਿਆਂ ਨੂੰ ਇਤਿਹਾਸ ਬਾਰੇ ਜਾਣਕਾਰੀ ਨਹੀਂ ਹੈ ਜਾਂ ਫਿਰ ਜਾਣਬੁੱਝ ਕੇ ਗਲਤੀ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਕਿਸੇ ਦੀ ਵੀ ਪ੍ਰਵਾਹ ਨਹੀਂ ਹੈ।

ਇਸੇ ਤਰ੍ਹਾਂ ਵਿਰਾਸਤ-ਏ-ਖਾਲਸਾ ਸੰਗਤਾਂ ਨੂੰ ਸੌਂਪਣ ਸਮੇਂ ਜਿਹੜੀ ਇੱਕ ਹੋਰ ਗਲਤੀ ਕੀਤੀ ਗਈ ਹੈ, ਉਹ ਵੀ ਚਰਚਾ ਦਾ ਵਿਸ਼ਾ ਹੈ। ਇਸ ਦਿਨ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਉਹਨਾਂ ਦੀਆਂ ਪੰਥ ਪ੍ਰਤੀ ਨਿਭਾਈਆ ਸੇਵਾਵਾਂ ਨੂੰ ਮੁੱਖ ਰੱਖ ਕੇ ਸ੍ਰੀ ਅਕਾਲ ਤਖਤ ਤੋਂ ‘‘ਪੰਥ ਰਤਨ ਫਖ਼ਰੇ-ਏ-ਕੌਮ'' ਐਵਾਰਡ ਦੇਣ ਦਾ ਐਲਾਨ ਕਰ ਦਿੱਤਾ, ਜਿਸ ਦਾ ਸਾਰੀਆਂ ਵਿਰੋਧੀ ਪਾਰਟੀਆ ਨੇ ਵਿਰੋਧ ਕੀਤਾ ਤੇ ਕਿਹਾ ਕਿ ‘ਪੰਥ ਰਤਨ' ਦੀ ਉਪਾਧੀ ਸਿਰਫ਼ ਉਸ ਵਿਅਕਤੀ ਨੂੰ ਹੀ ਦਿੱਤੀ ਜਾਂ ਸਕਦੀ ਹੈ, ਜਿਸ ਨੇ ਪੰਥ ਲਈ ਕੋਈ ਬਹੁਤ ਹੀ ਵੱਡਾ ਮਾਅਰਕਾ ਮਾਰਿਆ ਹੋਇਆ ਹੋਵੇ ਅਤੇ ਇਹ ਪਦਵੀ ਵੀ ਮਰਨ ਉਪਰੰਤ ਇਸ ਕਰਕੇ ਦਿੱਤੀ ਜਾਂਦੀ ਹੈ ਕਿਉਂਕਿ ਜਿਉਂਦੇ ਜੀਅ ਇਹ ਪਦਵੀ ਲੈਣ ਵਾਲਾ ਵਿਅਕਤੀ ਕੋਈ ਅਜਿਹੀ ਗਲਤੀ ਨਾ ਕਰ ਬੈਠੇ, ਜਿਸ ਨਾਲ ਇਸ ਸਨਮਾਨ ਦੀ ਬੇਅਦਬੀ ਹੋਵੇ। ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਣ ਤੱਕ ਕੇਵਲ ਮਰਨ ਉਪਰੰਤ ਹੀ ਪੰਥ ਰਤਨ ਦੇ ਸਨਮਾਨ ਦਿੱਤਾ ਗਿਆ ਹੈ ਪਰ ਸ੍ਰੀ ਬਾਦਲ ਨੂੰ ਜਿਉਂਦੇ ਜੀਅ ਇਹ ਉਪਾਧੀ ਦੇਣੀ ਕਿਸੇ ਵੀ ਰੂਪ ਵਿਚ ਪੰਥਕ ਨਹੀਂ ਕਹਿਲਾ ਸਕਦੀ। ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਹੈ ਕਿ ਬਾਦਲ ਨੂੰ ਪੰਥ ਰਤਨ ਦੀ ਉਪਾਧੀ ਨਹੀਂ ਸਗੋਂ ‘ਗੱਦਾਰ-ਏ-ਕੌਮ' ਦੀ ਉਪਾਧੀ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਾਦਲ ਨੂੰ ‘ਫ਼ਖ਼ਰੇ-ਏ-ਕੌਮ ਪੰਥ ਰਤਨ' ਦੀ ਉਪਾਧੀ ਦੇਣ ਦਾ ਐਲਾਨ ਕਰਨ ਵਾਲਿਆਂ ਨੇ ਜਨਰਲ ਡਾਇਰ ਨੂੰ ਸਨਮਾਨਿਤ ਕਰਨ ਵਾਲੇ ਸਰਬਰਾਹ ਅਰੂੜ ਸਿੰਘ ਨੂੰ ਵੀ ਮਾਤ ਪਾ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਬਾਦਲ ਆਪਣੇ ਕਾਰਜ ਕਾਲ ਵਿਚ ਇੱਕ ਵੀ ਅਜਿਹਾ ਕਾਰਜ ਨਹੀਂ ਗਿਣਾ ਸਕਦਾ ਜਿਹੜਾ ਉਸ ਨੇ ਸਿੱਖ ਪੰਥ ਦੀ ਭਲਾਈ ਲਈ ਕੀਤਾ ਹੋਵੇ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ੍ਰ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਬਾਦਲ ਨੂੰ ਪੰਥ ਰਤਨ ਨਹੀਂ ਸਗੋਂ ‘ਹਿੰਦੂ ਰਤਨ' ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਉਹ ਕਾਂਸ਼ੀ, ਦੁਆਰਕਾ, ਜਾਂ ਫਿਰ ਨਾਗਪੁਰ (ਆਰ.ਐਸ.ਐਸ) ਦਾ ਰਤਨ ਹੈ ਅਤੇ ਉਨ੍ਹਾਂ ਨਾਲ ਹੀ ਉਹਨਾਂ ਦੀ ਯਾਰੀ ਹੈ। ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਜੇਕਰ ਬਾਦਲ ਵਰਗੇ ਵਿਅਕਤੀ ਨੂੰ ਸਿੱਖਾਂ ਦੀ ਨਸ਼ਲਕੁਸ਼ੀ ਕਰਨ ਬਦਲੇ ਪੰਥ ਰਤਨ ਦਿੱਤਾ ਜਾਂਦਾ ਹੈ ਤਾਂ ਫਿਰ ਇਸ ਨੂੰ ‘‘ਪੰਥ ਰਤਨ ਨਹੀਂ ਕੇਵਲ ਬਾਦਲ ਰਤਨ'' ਹੀ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬਾਦਲ 1970 ਵਿੱਚ ਜਦੋਂ ਪਹਿਲੀ ਵਾਰ ਮੁੱਖ ਮੰਤਰੀ ਬਣਿਆ ਤਾਂ ਉਸ ਨੇ ਨਕਸਲਾਈਟਾਂ ਦੇ ਝੂਠੇ ਮੁਕਾਬਲੇ ਬਣਾ ਕੇ ਨੌਜਵਾਨਾਂ ਦੇ ਕਤਲ ਕੀਤੇ। ਸਾਕਾ ਨੀਲਾ ਤਾਰਾ ਸਮੇਂ ਸਿੱਖ ਫੌਜੀਆਂ ਨੂੰ ਬਗ਼ਾਵਤ ਕਰਨ ਦੀ ਅਪੀਲ ਕਰਕੇ ਫੌਜੀਆਂ ਨੂੰ ਕੇਵਲ ਮਰਵਾਇਆ ਹੀ ਨਹੀਂ ਸਗੋਂ ਅੱਜ ਸੈਨਾ ਵਿਚ ਵੀ ਸਿੱਖਾਂ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਣ ਲੱਗ ਪਿਆ, ਜਿਸ ਲਈ ਬਾਦਲ ਹੀ ਦੋਸ਼ੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਅੱਤਵਾਦ ਦੇ ਕਾਲੇ ਦੌਰ ਦੌਰਾਨ ਪਹਿਲਾਂ ਨੌਜਵਾਨਾਂ ਨੂੰ ਹੱਲਾ ਸ਼ੇਰੀ ਦੇਈਂ ਰੱਖੀ ਤੇ ਫਿਰ ਕਿਸੇ ਦੀ ਵੀ ਬਾਤ ਤੱਕ ਨਹੀਂ ਪੁੱਛੀ ਗਈ।

ਸ. ਸਰਨਾ ਨੇ ਕਿਹਾ ਕਿ ਜਿਸ ਮੁੱਖ ਮੰਤਰੀ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਇਹ ਵਾਅਦਾ ਕੀਤਾ ਸੀ ਕਿ ਅੱਤਵਾਦ ਦੌਰਾਨ ਝੂਠੇ ਪੁਲਸ ਮੁਕਾਬਲੇ ਬਣਾਉਣ ਵਾਲੇ ਪੁਲਸ ਅਧਿਕਾਰੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ ਪਰ ਬਾਦਲ ਨੇ ਸੱਤਾ ਵਿਚ ਆਉਣ ਉਪਰੰਤ ਅਜਿਹੇ ਪੁਲਸ ਅਧਿਕਾਰੀਆਂ ਨੂੰ ਸਜ਼ਾਵਾਂ ਦੇਣ ਦੀ ਬਜਾਏ ਕੇਵਲ ਤਰੱਕੀਆਂ ਹੀ ਨਹੀਂ ਦਿੱਤੀਆਂ ਸਗੋਂ ਦਾਗ਼ੀ ਪੁਲਸ ਅਫ਼ਸਰਾਂ ਨੂੰ ਸੇਵਾ ਮੁਕਤੀ ਤੋਂ ਬਾਅਦ ਅਕਾਲੀ ਦਲ ਵਿਚ ਸ਼ਾਮਲ ਕਰ ਲਿਆ ਤੇ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਵਿਚ ਟਿਕਟਾਂ ਦੇਣ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਸ ਸਿੱਖ ਕੌਮ ਦੀਆਂ ਰੁਜ਼ਗਾਰ ਮੰਗਦੀਆਂ ਧੀਆਂ ਭੈਣਾਂ ਦੀਆ ਗੁੱਤਾਂ ਬਾਦਲ ਦੇ ਰਾਜ ਵਿਚ ਪੁਲਸ ਪੁੱਟ ਰਹੀ ਹੈ, ਜਿਹੜੀ ਕੌਮ ਕਦੇ ਦੂਸਰੀਆਂ ਕੌਮਾਂ ਦੀਆਂ ਧੀਆਂ ਭੈਣਾਂ ਦੀ ਰਾਖੀ ਕਰਿਆ ਕਰਦੀ ਸੀ ਪਰ ਬਾਦਲ ਸਾਹਿਬ ਇਹ ਸਭ ਕੁਝ ਅੱਖੀਂ ਵੇਖ ਕੇ ਆਪਣੇ ਆਪ ਨੂੰ ਜੇਤੂ ਜਰਨੈਲ ਸਮਝ ਕੇ ਮੁਸਕਰਾ ਰਹੇ ਹਨ। ਉਨ੍ਹਾਂ ਕਿਹਾ ਕਿ ਜਥੇਦਾਰਾਂ ਨੂੰ ਵੀ ਚਾਹੀਦਾ ਹੈ ਕਿ ਅਜਿਹੇ ਵਿਅਕਤੀ ਨੂੰ ਪੰਥ ਰਤਨ ਦੇਣ ਤੋਂ ਪਹਿਲਾਂ ਇੱਕ ਵਾਰੀ ਫਿਰ ਵਿਚਾਰ ਕਰਨ ਨਹੀਂ ਤਾਂ ਅਜਿਹਾ ਅਨਰਥ ਹੋ ਜਾਵੇਗਾ ਜਿਸ ਦਾ ਸਿਲ੍ਹਾ ਭਵਿੱਖ ਵਿਚ ਸਿੱਖ ਕੌਮ ਨੂੰ ਭੁਗਤਣਾ ਪਵੇਗਾ।

ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਅਵਾਤਾਰ ਸਿੰਘ ਮੱਕੜ ਵੱਲੋਂ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਸ੍ਰੀ ਬਾਦਲ ਚਾਰ ਵਾਰੀ ਮੁੱਖ ਮੰਤਰੀ ਰਹੇ ਹਨ ਅਤੇ ਉਨ੍ਹਾਂ ਨੇ ਸਿੱਖ ਸ਼ਹੀਦਾਂ ਦੀਆਂ ਯਾਦਗਾਰਾਂ ਬਣਾਈਆਂ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹਨਾਂ ਦੀਆਂ ਦਲੀਲਾਂ ਠੀਕ ਹਨ ਪਰ ਕੀ ਉਹ ਦੱਸਣ ਦੀ ਕ੍ਰਿਪਾਲਤਾ ਕਰਨਗੇ ਕਿ ਜਿਨ੍ਹਾਂ ਸ਼ਹੀਦਾਂ ਦੀਆਂ ਯਾਦਗਾਰਾਂ ਬਣਾਈਆ ਗਈਆਂ ਹਨ, ਉਨ੍ਹਾਂ 'ਚੋਂ ਅੱਜ ਤੱਕ ਕਿਸੇ ਇੱਕ ਨੂੰ ਵੀ ਪੰਥ ਰਤਨ ਐਵਾਰਡ ਦਿੱਤਾ ਗਿਆ ਹੈ, ਜੇਕਰ ਨਹੀਂ ਦਿੱਤਾ ਗਿਆ ਤਾਂ ਫਿਰ ਸ੍ਰੀ ਬਾਦਲ ਇਸ ਐਵਾਰਡ ਦੇ ਹੱਕਦਾਰ ਕਿਵੇਂ ਤੇ ਕਿਉਂ ਬਣ ਗਏ ਹਨ? ਜਥੇਦਾਰ ਤੇ ਸ੍ਰੀ ਮੱਕੜ ਨੂੰ ਇਹ ਯਾਦ ਜ਼ਰੂਰ ਚਾਹੀਦਾ ਹੈ ਕਿ ਕਰੀਬ 92 ਸਾਲ ਬੀਤ ਜਾਣ ਦੇ ਬਾਵਜੂਦ ਵੀ 1919 'ਚ ਜਨਰਲ ਡਾਇਰ ਨੂੰ ਸਿਰੋਪਾ ਦੇਣ ਵਾਲੇ ਤੱਤਕਾਲੀ ਸਰਬਰਾਹ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਅਰੂੜ ਸਿੰਘ ਦੀ ਮੜ੍ਹੀ 'ਤੇ ਅੱਜ ਵੀ ਲੋਕ ਛਿੱਤਰ ਮਾਰੀ ਜਾਂਦੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਵਾਲੇ ਹੁਣ ਤੱਕ ਕਈ ਵਾਰੀ ਆਪਣੇ ਵੱਡੇ ਵਡੇਰੇ ਵੱਲੋਂ ਕੀਤੀ ਗਈ ਗਲਤੀ ਦੀ ਮੁਆਫ਼ੀ ਮੰਗ ਚੁੱਕੇ ਹਨ, ਜਿਨ੍ਹਾਂ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ੍ਰ. ਸਿਮਰਨਜੀਤ ਸਿੰਘ ਮਾਨ ਉਨ੍ਹਾਂ ਦੇ ਦੋਹਤਰੇ ਵੀ ਸ਼ਾਮਲ ਹਨ ਪਰ ਸਿੱਖ ਪੰਥ ਉਸ ਨੂੰ ਅੱਜ ਵੀ ਮੁਆਫ਼ ਕਰਨ ਲਈ ਤਿਆਰ ਨਹੀਂ ਹੈ।

ਸੋ ਇੰਝ ਲੱਗਦਾ ਹੈ ਕਿ ਬਾਦਲ ਸਾਹਿਬ ਦੀ ਸ਼ਾਇਦ ਕਿਸਮਤ ਹੀ ਇਸ ਵੇਲੇ ਉਨ੍ਹਾਂ ਦਾ ਸਾਥ ਨਹੀਂ ਦੇ ਰਹੀ ਅਤੇ ਉਨ੍ਹਾਂ ਵੱਲ ਉਨ੍ਹਾਂ ਦੇ ਸਿਆਸੀ ਵਿਰੋਧੀਆਂ ਦੇ ਫੋਕੇ ਫਾਇਰ ਵੀ ਟਿਕਾਣੇ 'ਤੇ ਲੱਗੀ ਜਾ ਰਹੇ ਹਨ ਅਤੇ ਉਹ ਬੇਲੋੜੇ ਵਿਵਾਦ ਦਾ ਕਾਰਨ ਬਣੀ ਜਾ ਰਹੇ ਹਨ। ਉਨ੍ਹਾਂ ਕੋਲੋਂ ਗਲਤੀਆਂ ਹੋ ਰਹੀਆਂ ਹਨ ਜਾਂ ਫਿਰ ਜਾਣਬੁੱਝ ਕੇ ਕਰਵਾਈਆਂ ਜਾ ਰਹੀਆਂ ਹਨ। ਇਸ ਬਾਰੇ ਤਾਂ ਸ੍ਰ. ਬਾਦਲ ਹੀ ਬਿਹਤਰ ਜਾਣਦੇ ਹੋਣਗੇ ਪਰ ਕਿਸੇ ਨਾ ਕਿਸੇ ਜਗ੍ਹਾ ਗੜਬੜ੍ਹ ਜ਼ਰੂਰ ਹੈ। ਉਨ੍ਹਾਂ ਕੋਲੋਂ ਗਲਤੀਆਂ ਕਰਾਉਣ ਵਾਲੇ ਭਵਿੱਖ ਵਿਚ ਉਨ੍ਹਾਂ ਦੇ ਨਾਲ ਚੱਲਣਗੇ ਜਾਂ ਸਾਥ ਛੱਡ ਕੇ ਕਿਸੇ ਹੋਰ ਦਾ ਪੱਲੂ ਫੜ ਲੈਣਗੇ, ਇਹ ਭਵਿੱਖ ਦੀ ਬੁੱਕਲ ਵਿਚ ਛੁਪਿਆ ਹੋਇਆ ਹੈ ਪਰ ਬਾਦਲ ਸਾਹਿਬ ਨੂੰ ਦਿੱਤੇ ਜਾਣ ਵਾਲਾ ਪੰਥ ਰਤਨ ਸਹੀ ਲਫ਼ਜ਼ਾਂ ਵਿਚ ਪੰਥ ਰਤਨ ਹੋਵੇਗਾ ਜਾਂ ਫਿਰ ਬਾਦਲ ਰਤਨ ਬਣ ਕੇ ਰਹਿ ਜਾਵੇਗਾ, ਇਸ ਦਾ ਫ਼ੈਸਲਾ ਇਤਿਹਾਸਕਾਰ ਜਲਦੀ ਹੀ ਕਰ ਦੇਣਗੇ ਕਿਉਂਕਿ ਇਤਿਹਾਸ ਨੇ ਕਦੇ ਵੀ ਕਿਸੇ ਨੂੰ ਮੁਆਫ਼ ਨਹੀਂ ਕੀਤਾ। ਸਮਾਂ ਹਾਲੇ ਬਾਦਲ ਸਾਹਿਬ ਦੇ ਵਿਚਾਰਨ ਲਈ ਬਾਕੀ ਹੈ ਅਤੇ ਉਹ ਕੋਈ ਬਹਾਨਾ ਬਣਾ ਟਾਲਾ ਵੱਟ ਸਕਦੇ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top