Share on Facebook

Main News Page

ਪੰਥਕ ਵਿਦਵਾਨ ਤੇ ਸਿੱਖ ਚਿੰਤਕ ਪਾਲ ਸਿੰਘ ਪੁਰੇਵਾਲ ਕੌਮ-ਏ-ਫਖ਼ਰ ਦੇ ਐਵਾਰਡ ਨਾਲ ਸਨਮਾਨਿਤ

* ਪੰਥ ਦੇ ਅਖੌਤੀ ਠੇਕੇਦਾਰਾਂ ਵੱਲੋਂ ਨਾਨਕਸ਼ਾਹੀ ਕੈਲੰਡਰ ਨੂੰ ਕਤਲ ਕਰਨ ਦੀ ਨਿਖੇਧੀ

ਕੋਟਕਪੂਰਾ, 1 ਦਸੰਬਰ (ਗੁਰਿੰਦਰ ਸਿੰਘ) :- ਆਰ.ਐਸ.ਐਸ.ਦੀ ਅਧੀਨਗੀ ਵਾਲੀ ਸਿਆਸੀ ਪਾਰਟੀ ਭਾਜਪਾ ਦੇ ਕਹਿਣ ’ਤੇ ਨਾਨਕਸ਼ਾਹੀਂ ਕੈਲੰਡਰ ਦਾ ਕਤਲ ਕੀਤਾ ਗਿਆ, ਜਦੋਂਕਿ ਤਖਤਾਂ ਦੇ ਜੱਥੇਦਾਰਾਂ ਸਮੇਤ ਸੰਤ ਸਮਾਜ ਨੂੰ ਵਾਰ-ਵਾਰ ਖੁੱਲੀ ਵਿਚਾਰ ਕਰਨ ਦੀਆਂ ਚੁਨੌਤੀਆਂ ਦੇਣ ਦੇ ਬਾਵਜੂਦ ਕੋਈ ਵੀ ਵਿਅਕਤੀ ਸਾਹਮਣੇ ਆਉਣ ਦੀ ਜੁਰਅੱਤ ਨਾ ਦਿਖਾ ਸਕਿਆ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਨਾਨਕਸ਼ਾਹੀਂ ਕੈਲੰਡਰ ਦੀ ਰਚਨਾ ਕਰਨ ਵਾਲੇ ਵਿਦੇਸ਼ੀ ਵਿਦਵਾਨ ਪਾਲ ਸਿੰਘ ਪੁਰੇਵਾਲ ਨੇ ਦਾਅਵਾ ਕੀਤਾ ਕਿ ਇਕ ਹਜ਼ਾਰ ਸਾਲ ਬਾਅਦ ਅਰਥਾਤ 2999 ਤੱਕ ਸਿੱਖ ਕੌਮ ਦੇ ਸਾਰੇ ਇਤਿਹਾਸਕ ਦਿਹਾੜਿਆਂ ਦੀਆਂ ਤਰੀਕਾਂ ਉਲਟ-ਪੁਲਟ ਹੋ ਜਾਣਗੀਆਂ ਤੇ ਕੌਮ ਲਈ ਇਕ ਨਵਾਂ ਭੰਬਲਭੂਸਾ ਪੈਦਾ ਹੋ ਜਾਵੇਗਾ, ਜਿਸ ਨੂੰ ਸੁਲਝਾਉਣਾ ਕਿਸੇ ਵੀ ਵਿਦਵਾਨ ਦੇ ਵੱਸ ਦੀ ਗੱਲ ਨਹੀਂ ਰਹਿ ਜਾਵੇਗੀ।

ਉਹ ਅੱਜ ਇਥੇ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਅਤੇ ਗਲੋਬਲ ਫਾਊਂਡੇਸ਼ਨ ਪਟਿਆਲਾ ਦੇ ਚੇਅਰਮੈਨ ਹਰਜਿੰਦਰ ਸਿੰਘ ਵਾਲੀਆ ਦੇ ਸਹਿਯੋਗ ਨਾਲ ਕੈਂਸਰ ਦੀ ਬਿਮਾਰੀ ਤੋਂ ਪੀੜਤ ਅਪਨਾਏ 11 ਮਰੀਜ਼ਾਂ ਨੂੰ ਇਕ ਮਹੀਨੇ ਦੀਆਂ ਦਵਾਈਆਂ ਦੇਣ ਲਈ ਪੁੱਜੇ ਸਨ। ਪੀੜਤਾਂ ਦੀ ਮੱਦਦ ਕਰਨ ਵਾਲੇ ਇਸ ਉਪਰਾਲੇ ਤੋਂ ਪ੍ਰਭਾਵਤ ਹੋਏ ਪਾਲ ਸਿੰਘ ਪੁਰੇਵਾਲ ਨੇ 31 ਹਜ਼ਾਰ ਰੁਪਿਆ ਦਿੰਦਿਆਂ ਦੱਸਿਆ ਕਿ ਇੰਗਲੈਂਡ ਦੇ ਵਸਨੀਕ ਉਸਦੇ ਬੇਟੇ ਡਾ.ਸਤਿੰਦਰ ਸਿੰਘ ਨੇ 20,000 ਰੁਪਿਆ ਅਤੇ ਕੈਨੇਡਾ ਦੇ ਵਸਨੀਕ ਸੁਰਿੰਦਰ ਸਿੰਘ ਜੌਹਲ ਨੇ 11,000 ਰੁਪਿਆ ਕਿਸੇ ਚੰਗੇ ਕਾਰਜ ਲਈ ਦੇਣ ਵਾਸਤੇ ਭੇਜਿਆ ਸੀ, ਜੋ ਮੈਨੂੰ ਇਥੇ ਦੇਣਾ ਵਾਜਬ ਲੱਗਿਆ। ਇਸ ਮੌਕੇ ਸੇਵਾ ਸੁਸਾਇਟੀ ਦੇ ਆਗੂਆਂ ਗੁਰਪ੍ਰੀਤ ਸਿੰਘ ਚੰਦਬਾਜਾ, ਮੱਘਰ ਸਿੰਘ, ਕੁਲਤਾਰ ਸਿੰਘ ਸੰਧਵਾਂ ਅਤੇ ਭਾਈ ਗੁਰਦਾਸ ਜੀ ਸਾਹਿਤ ਸਭਾ ਕੋਟਕਪੂਰਾ ਦੇ ਸਰਪ੍ਰਸਤ ਮਾ.ਮਹਿੰਦਰ ਸਿੰਘ ਸਮੇਤ ਸਮੂਹ ਅਹੁਦੇਦਾਰਾਂ ਵੱਲੋਂ ਪਾਲ ਸਿੰਘ ਪੁਰੇਵਾਲ ਤੇ ਉਨਾਂ ਦੀ ਪਤਨੀ ਬੀਬੀ ਗੁਰਜੀਤ ਕੌਰ ਨੂੰ ਲੋਈ, ਸਨਮਾਨ ਚਿੰਨ ਅਤੇ ਕੌਮ-ਏ-ਫਖਰ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਆਪਣੇ ਸੰਬੋਧਨ ਦੌਰਾਨ ਪੰਥਕ ਵਿਦਵਾਨ ਪਾਲ ਸਿੰਘ ਪੁਰੇਵਾਲ ਨੇ ਦੱਸਿਆ ਕਿ ਵਰਤਮਾਨ ਸਾਲ 2011 ’ਚ ਦਸਵੀਂ ਪਾਤਸ਼ਾਹੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਦਿਹਾੜਾ 11 ਜਨਵਰੀ ਅਤੇ 31 ਦਸੰਬਰ ਨੂੰ 2 ਵਾਰ ਆਵੇਗਾ, ਜਦੋਂਕਿ 2012 ’ਚ ਸੰਗਤਾਂ ਅਵਤਾਰ ਦਿਹਾੜਾ ਨਹੀਂ ਮਨਾ ਸਕਣਗੀਆਂ, ਜਦੋਕਿ ਨਾਨਕਸ਼ਾਹੀਂ ਕੈਲੰਡਰ ਮੁਤਾਬਕ 5 ਜਨਵਰੀ (23 ਪੋਹ) ਦੀ ਤਰੀਕ ਨਿਸ਼ਚਿਤ ਕੀਤੀ ਗਈ ਸੀ, ਜਿਸ ਨਾਲ ਹਰ ਸਾਲ ਗੁਰੂ ਜੀ ਦਾ ਅਵਤਾਰ ਦਿਹਾੜਾ 5 ਜਨਵਰੀ ਨੂੰ ਸੰਗਤਾਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣ ਲੱਗ ਪਈਆਂ ਸਨ। ਨਾਨਕਸ਼ਾਹੀ ਕੈਲੰਡਰ ਦੀ ਤਿਆਰੀ ਨੂੰ ਲੈ ਕੇ ਪਾਲ ਸਿੰਘ ਪੁਰੇਵਾਲ ਨੂੰ ਜੋ ਤਰੱਦਦ ਕਰਨਾ ਪਿਆ ਤੇ ਪੰਥ ਦੇ ਅਖੌਤੀ ਠੇਕੇਦਾਰਾਂ ਵੱਲੋਂ ਜੋ ਜਲਾਲਤ ਸਹਿਣੀ ਪਈ, ਉਸਦਾ ਅੰਕੜਿਆਂ ਸਹਿਤ ਵਰਣਨ ਕਰਦਿਆਂ ਉਨਾਂ ਦੱਸਿਆ ਕਿ ਬਿਕਰਮੀ ਕੈਲੰਡਰ ਗੁਰਬਾਣੀ ਦੀ ਕਸਵੱਟੀ ’ਤੇ ਪੂਰਾ ਨਹੀਂ ਉਤਰਦਾ।

ਇਸ ਲਈ ਕਈ ਸਾਲਾਂ ਦੀ ਘਾਲਣਾਂ ਤੋਂ ਬਾਅਦ ਉਨਾਂ ਸਾਲ 1992 ’ਚ ਪੂਰੇ ਸਬੂਤਾਂ ਸਮੇਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਲਿਖਤੀ ਰੂਪ ’ਚ ਭੇਜਿਆ ਪਰ ਜੱਥੇਦਾਰਾਂ ਵੱਲੋਂ ਵੱਖ-ਵੱਖ ਸਮੇਂ ਦਰਜਨਾਂ ਮੀਟਿੰਗਾਂ ਕਰਨ ਤੋਂ ਬਾਅਦ ਵੀ ਜਦੋਂ ਨਾਨਕਸ਼ਾਹੀ ਕੈਲਡਰ ਪ੍ਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਨਾਂ 22 ਫਰਵਰੀ 1999 ’ਚ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਈ ਮੀਟਿੰਗ ਦੌਰਾਨ 20 ਤੋਂ 25 ਤੱਕ ਸੰਤ ਸਮਾਜ ਦੇ ਨੁਮਾਇੰਦਿਆਂ ਨੂੰ ਗੁਰਬਾਣੀ ਦੀ ਕਸਵੱਟੀ ’ਤੇ ਸਵਾਲਾਂ ਦੇ ਜਵਾਬ ਦੇ ਕੇ ਲਾਜਵਾਬ ਕਰ ਦਿੱਤਾ ਤੇ ਜਦੋਂ ਮਰਜ਼ੀ, ਜਿਥੇ ਮਰਜ਼ੀ ਹਰ ਸਵਾਲ ਦਾ ਜਵਾਬ ਦੇਣ ਦੀ ਚੁਨੌਤੀ ਵੀ ਦਿੱਤੀ ਪਰ ਜੱਥੇਦਾਰਾਂ ਨੇ ਫਿਰ ਵੀ ਕੈਲੰਡਰ ’ਤੇ ਰੋਕ ਲਾ ਕੇ ਵਾਰ-ਵਾਰ ਸਬ-ਕਮੇਟੀ ਦਾ ਕਹਿ ਕੇ ਟਾਲ-ਮਟੋਲ ਵਾਲੀ ਨੀਤੀ ਜਾਰੀ ਰੱਖੀ ਅਤੇ ਸਬ-ਕਮੇਟੀ ਦੇ ਮੈਂਬਰਾਂ ਬਾਰੇ ਵੀ ਕੁਝ ਨਾ ਦੱਸਿਆ। ਆਖਿਰ ਵਿਦੇਸ਼ੀ ਸੰਗਤ ਦੇ ਅਲਟੀਮੇਟਮ ਕਾਰਨ ਸਾਲ 2003 ’ਚ ਨਾਨਕਸ਼ਾਹੀ ਕੈਲੰਡਰ ਲਾਗੂ ਕਰ ਦਿੱਤਾ ਗਿਆ। ਪੂਰੇ 7 ਸਾਲ ਇਸ ਕੈਲੰਡਰ ’ਤੇ ਕੋਈ ਕਿੰਤੂ-ਪਰੰਤੂ ਨਾ ਹੋਇਆ ਪਰ 2010 ’ਚ ਬਿਨਾਂ ਕਿਸੇ ਦਲੀਲ ਦੇ ਇਸ ਦਾ ਕਤਲ ਕਰ ਦਿੱਤਾ ਗਿਆ। ਇਸ ਬਾਰੇ ਨਾ ਵਿਦਵਾਨਾਂ ਦੀ ਕੋਈ ਸਲਾਹ ਲਈ ਗਈ ਅਤੇ ਨਾ ਹੀ ਉਸਨੂੰ ਵਿਸ਼ਵਾਸ਼ ’ਚ ਲਿਆ ਗਿਆ।

ਪਾਲ ਸਿੰਘ ਪੁਰੇਵਾਲ ਨੇ ਦੋਸ਼ ਲਾਇਆ ਕਿ ਹੋਂਦ ਵਿਗਾੜਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਲਾਗੂ ਕੀਤੇ ਨਾਨਕਸ਼ਾਹੀਂ ਕੈਲੰਡਰ ’ਚ ਤਿੰਨ ਸਾਲਾਂ ਬਾਅਦ ਅਰਥਾਤ 2014 ਸਾਲ ’ਚ 28 ਦਸੰਬਰ ਨੂੰ ਛੋਟੇ ਸ਼ਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਅਤੇ ਇਸੇ ਤਰੀਕ ’ਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਦਿਹਾੜਾ ਆ ਰਿਹਾ ਹੈ, ਸੰਗਤਾਂ 28 ਦਸੰਬਰ ਨੂੰ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੀਆਂ ਜਾਂ ਗੁਰੂ ਜੀ ਦੇ ਅਵਤਾਰ ਦਿਹਾੜੇ ਦੀਆਂ ਖੁਸ਼ੀਆਂ ਮਨਾਉਣਗੀਆਂ। ਉਨਾਂ ਕਿਹਾ ਕਿ ਜਿਸ ਤਰਾਂ ਗੈਰ-ਸਿੱਖ ਕੌਮਾਂ ਦੇ ਆਪੌ-ਆਪਣੇ ਕੈਲੰਡਰ ਹਨ, ਉਸੇ ਤਰਾਂ ਨਾਨਕਸ਼ਾਹੀ ਕੈਲੰਡਰ ਠਸਿੱਖ ਇਕ ਵੱਖਰੀ ਕੌਮੂ ਦਾ ਪ੍ਰਤੀਕ ਸੀ ਪਰ ਸਿੱਖ ਵਿਰੋਧੀ ਤਾਕਤਾਂ ਨੇ ਇਸਨੂੰ ਬਰਦਾਸ਼ਤ ਨਹੀਂ ਕੀਤਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top