Share on Facebook

Main News Page

ਗੁਰਬਾਣੀ ਵਿੱਚ ‘ਰਘੁਨਾਥ’ ਤੇ ‘ਰਘੁਰਾਇਆ’ ਲਫ਼ਜ਼ ਰਘੂਪਤੀ ਸ੍ਰੀ ਰਾਮ ਲਈ ਨਹੀਂ ਵਰਤੇ: ਗਿਆਨੀ ਜਾਚਕ

ਨਿਊਯਾਰਕ 29 ਨਵੰਬਰ (ਤ੍ਰਿਲੋਚਨ ਸਿੰਘ ਦੁਪਾਲਪੁਰ) ਗੁਰਬਾਣੀ ਵਿੱਚ ‘ਰਘੁਨਾਥ’ ਤੇ ‘ਰਘੁਰਾਇਆ’ ਲਫ਼ਜ਼ਾਂ ਦਾ ਗੁਰਮਤੀ ਅਰਥ ਹੈ ‘ਜੋਤਿ-ਸਰੂਪ ਪ੍ਰਭੂ ਪਾਤਸ਼ਾਹ’ ; ਨਾ ਕਿ ਹਿੰਦੂ-ਮਤ ਮੁਤਾਬਿਕ ਤ੍ਰੇਤੇ ਯੁਗ ਦੇ ਅਵਤਾਰ ਮੰਨੇ ਗਏ ਰਘੂਪਤੀ (ਰਘੂ ਵੰਸ਼ ਦੇ ਰਾਜੇ) ਸ੍ਰੀ ਰਾਮ ਚੰਦਰ। ਕਿਉਂਕਿ, ਸੰਸਕ੍ਰਿਤ ਦੇ ‘ਰਘੁ’ ਲਫ਼ਜ਼ ਦਾ ਅਰਥ ਹੈ ‘ਪ੍ਰਕਾਸ਼’ ਅਤੇ ‘ਨਾਥ’ ਤੇ ‘ਰਾਇ’ ਪਦਾਂ ਦਾ ਤਰਤੀਬਵਾਰ ਅਰਥ ਹੈ : ‘ਮਾਲਕ’ ਤੇ ‘ਰਾਜਾ’। ਆਸਾ ਰਾਮ, ਆਸ਼ੂਤੋਸ਼ ਤੇ ਰਵੀਸ਼ੰਕਰ ਵਰਗੇ ਹਿੰਦੂ ਪ੍ਰਚਾਰਕ, ਉਪਰੋਕਤ ਰੱਬੀ ਨਾਵਾਂ ਨੂੰ ਅਯੁਧਿਆ-ਪਤੀ ਸ੍ਰੀ ਰਾਮ ਲਈ ਵਰਤ ਕੇ ਸਿੱਖ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਹਨ । ਇਹ ਲਫ਼ਜ਼ ਗਿਆਨੀ ਜਗਤਾਰ ਸਿੰਘ ਜਾਚਕ ਹੁਰਾਂ ਨੇ ਨਿਊਯਾਰਕ ਵਿਖੇ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਦੇ ਸਲੋਕਾਂ ਦੀ ਕਥਾ ਕਰਦਿਆਂ ਲੌਂਗਆਈਲੈਂਡ ਦੇ ਗੁਰਦੁਆਰੇ ਵਿੱਚ ਐਤਵਾਰ ਨੂੰ ਕਹੇ, ਜਿਥੇ ਉਨ੍ਹਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸੀ।

ਉਨ੍ਹਾਂ ਦਲੀਲ ਦਿੱਤੀ ਕਿ ਗੁਰਵਾਕ ਹੈ “ਪ੍ਰਹਲਾਦ ਕਾ ਰਾਖਾ ਹੋਇ ਰਘੁਰਾਇਆ॥” (ਭੈਰਉ ਮਃ 3, ਅੰ: 1133) ਜੇ ਗੁਰੂ ਦਿਸ਼੍ਰਟੀ ਵਿੱਚ ‘ਰਘੁਰਾਇਆ’ ਪਦ ਦਾ ਅਰਥ ਸ੍ਰੀ ਰਾਮਚੰਦ੍ਰ ਹੋਵੇ ਤਾਂ ਫਿਰ ਭਗਤ ਪ੍ਰਹਿਲਾਦ ਜੀ ਦੀ ਰੱਖਿਆ ਕਰਨ ਵਾਲਾ ‘ਰਘੁਰਾਇਆ’ ਕੌਣ ਸੀ? ਕਿਉਂਕਿ, ਹਿੰਦੂ ਮਿਥਿਹਾਸ ਮੁਤਾਬਿਕ ਸ਼੍ਰੀ ਪ੍ਰਹਿਲਾਦ ਸਤਿਜੁਗ ਦਾ ਭਗਤ ਮੰਨਿਆ ਗਿਆ ਹੈ ਅਤੇ ਸ਼੍ਰੀ ਰਾਮ ਤ੍ਰੇਤੇ ਜੁੱਗ ਦਾ। ਸੋ ਇਸ ਲਈ ਸਪਸ਼ਟ ਹੁੰਦਾ ਹੈ, ਕਿ ਗੁਰੂ ਸਾਹਿਬਾਨ ਨੇ ‘ਰਘੁਰਾਇਆ’ ਤੇ ‘ਰਘੁਨਾਥ’ ਪਦ ਰਮਤ ਰਾਮ ਅਕਾਲਪੁਰਖ ਲਈ ਵਰਤੇ ਹਨ; ਕਿਉਂਕਿ ਸ੍ਰੀ ਪ੍ਰਹਿਲਾਦ ਵੇਲੇ ਸ੍ਰੀ ਰਾਮਚੰਦ੍ਰ ਜੀ ਨਹੀਂ ਸਨ।

ਜਾਚਕ ਜੀ ਨੇ ਸੰਗਤ ਨੂੰ ਸਪਸ਼ਟ ਕੀਤਾ ਕਿ ਨੌਵੇਂ ਪਾਤਸ਼ਾਹ ਦੇ ਸਲੋਕ “ਸੰਗ ਸਖਾ ਸਭਿ ਤਜਿ ਗਏ, ਕੋਊ ਨ ਨਿਬਹਿਓ ਸਾਥਿ ॥ ਕਹੁ ਨਾਨਕ ਇਹ ਬਿਪਤਿ ਮੈ, ਟੇਕ ਏਕ ਰਘੁਨਾਥ॥” (ਅੰ: 1429) ਦਾ ਅਰਥ ਹੈ: (ਜਦੋਂ ਅੰਤ ਵੇਲੇ) ਸਾਰੇ ਸਾਥੀ ਸੰਗੀ ਛੱਡ ਜਾਂਦੇ ਹਨ, ਜਦੋਂ ਕੋਈ ਸਾਥ ਨਹੀਂ ਨਿਭਾਹ ਸਕਦਾ; ਨਾਨਕ ਆਖਦਾ ਹੈ – (ਉਸ ਇਕੱਲੇਪਨ ਦੀ) ਮੁਸੀਬਤ ਵੇਲੇ ਵੀ ਸਿਰਫ਼ ਜੋਤਿ-ਸਰੂਪ ਪ੍ਰਭੂ-ਪਾਤਸ਼ਾਹ ਦਾ ਹੀ ਸਹਾਰਾ ਹੁੰਦਾ ਹੈ। ਪਰ, ਦੁੱਖ ਦੀ ਗੱਲ ਹੈ ਕਿ 25 ਅਕਤੂਬਰ ਨੂੰ ‘ਵਿਰਾਸਤ-ਏ- ਖ਼ਾਲਸਾ’ ਦੇ ਉਦਘਾਟਨੀ ਸਮਾਗਮ ਵਿੱਚ ਕਥਿਤ ਸੰਤ ਸਮਾਜ ਤੇ ਤਖ਼ਤਾਂ ਦੇ ਜਥੇਦਾਰਾਂ ਸਾਹਮਣੇ ਹਜ਼ਾਰਾਂ ਦੇ ਇਕੱਠ ਵਿੱਚ, ਆਸਾ ਰਾਮ ਨੇ ਮਖੌਲੀਆ ਲਹਿਜੇ ਦੁਆਰਾ ਇਸ ਸਲੋਕ ਦੇ ਗ਼ਲਤ ਅਰਥ ਕਰਦਿਆਂ, ਗੁਰੂ ਨਾਨਕ ਸਾਹਿਬ ਜੀ ਨੂੰ ਸ੍ਰੀ ਰਾਮ ਚੰਦਰ ਦਾ ਉਪਾਸ਼ਕ ਸਿੱਧ ਕਰਨ ਹਿੱਤ ਕਿਹਾ ਕਿ “ਨਾਨਕ ਤਾਂ ਰਘੁਨਾਥ (ਸ੍ਰੀ ਰਾਮ) ਦਾ ਆਸਰਾ ਲੈਂਦਾ ਹੈ”। ਪਰ, ਇਨ੍ਹਾਂ ਸੰਤਾਂ ਮਹੰਤਾਂ ਵਿੱਚੋਂ ਕੋਈ ਨਹੀਂ ਬੋਲਿਆ। ਕਿਉਂਕਿ, ਉਹ ਤਾਂ ਆਪ ਕਥਿਤ ਦਸਮ ਗ੍ਰੰਥ ਵਿਚੋਂ ਰਾਮਵਤਾਰ ਦੀਆਂ ਹੇਠ ਲਿਖੀਆਂ ਪੰਕਤੀਆਂ ਨੂੰ ਨਾਨਕ-ਜੋਤਿ ਗੁਰੂ ਗੋਬਿੰਦ ਸਿੰਘ ਦੀ ਬਾਣੀ ਮੰਨ ਕੇ ਨਿਤਨੇਮ ਨਾਲ ਰਹਿਰਾਸ ਵਿੱਚ ਪੜ੍ਹਦੇ ਹਨ, ਜਿਸ ਵਿੱਚ ‘ਰਘੁਬਰ’ ਲਫ਼ਜ਼ ਦਾ ਅਰਥ ਹੈ ‘ਸ੍ਰੀ ਰਾਮ ਚੰਦਰ’ :

ਰਾਮ ਕਥਾ ਜੁਗ ਜੁਗ ਅਟਲ, ਸਭ ਕੋਈ ਭਾਖਤ ਨੇਤ॥
ਸੁਰਗ ਬਾਸ ਰਘੁਬਰ ਕਰਾ, ਸਗਰੀ ਪੁਰੀ ਸਮੇਤ॥


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top