Share on Facebook

Main News Page

ਦਰਬਾਰ ਸਾਹਿਬ ਵਿਖੇ ਛੇਤੀ ਦਰਸ਼ਨ ਕਰਾਉਣ ਲਈ ਸੇਵਾਦਾਰ ਨੇ ਮੰਗੀ ਰਿਸ਼ਵਤ

ਅੰਮ੍ਰਿਤਸਰ, (26 ਨਵੰਬਰ, ਪੀ.ਐਸ.ਐਨ): ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨਾਂ ਲਈ ਆਏ ਸ਼ਰਧਾਲੂਆਂ ਕੋਲੋਂ ਦਰਸ਼ਨ ਕਰਾਉਣ ਵਾਸਤੇ ਉੱਥੇ ਤਾਇਨਾਤ ਸੇਵਾਦਾਰਾਂ ਵੱਲੋਂ ਰਿਸ਼ਵਤ ਮੰਗੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸਨੂੰ ਸਮਾਂ ਰਹਿੰਦੇ ਜੇਕਰ ਪ੍ਰਬੰਧਕਾਂ ਨੇ ਨਾ ਰੋਕਿਆ ਤਾਂ ਇਹ ਰੁਝਾਨ ਭਵਿੱਖ ਵਿੱਚ ਖ਼ਤਰਨਾਕ ਸਾਬਤ ਹੋਵੇਗਾ।

ਇਹ ਘਟਨਾ ਸਥਾਨਕ ਅੰਮ੍ਰਿਤਸਰ ਹੋਟਲ ਅਤੇ ਰੈਸਟੋਰੈਂਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਏ.ਪੀ.ਐਸ. ਚੱਠਾ ਦੀ ਪਤਨੀ ਅਤੇ ਕੁਝ ਹੋਰ ਰਿਸ਼ਤੇਦਾਰਾਂ ਨਾਲ ਵਾਪਰੀ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ 26 ਨਵੰਬਰ ਨੂੰ ਦੁਪਿਹਰ 2.30 ਦੇ ਲਗਪਗ ਉਨ੍ਹਾਂ ਦੀ ਪਤਨੀ ਹਰਵੀਨ ਕੌਰ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਗੁਰਪ੍ਰੀਤ ਸਿੰਘ ਅਨੰਦ ਮੱਥਾ ਟੇਕਣ ਲਈ ਦਰਬਾਰ ਸਾਹਿਬ ਗਏ ਤਾਂ ਉੱਥੇ ਸ਼ਰਧਾਲੂ ਭਾਰੀ ਗਿਣਤੀ ਵਿੱਚ ਪੁੱਜੇ ਹੋਏ ਸਨ,ਜਿਸ ਕਾਰਨ ਦਰਸ਼ਨਾਂ ਲਈ ਜਾਣ ਵਾਸਤੇ ਦਰਸ਼ਨੀ ਡਿਊਢੀ ਦੇ ਬਾਹਰ ਸ਼ਰਧਾਲੂਆਂ ਦੀ ਲੰਮੀ ਕਤਾਰ ਸੀ। ਉਨ੍ਹਾਂ ਸ੍ਰੀ ਦਰਬਾਰ ਸਾਹਿਬ ਦੀ ਥਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਣ ਦਾ ਫੈਸਲਾ ਕੀਤਾ ਅਤੇ ਬਾਹਰ ਆ ਗਏ।

ਜਦੋਂ ਉਹ ਬੇਰ ਬਾਬਾ ਬੁੱਢਾ ਜੀ ਕੋਲ ਪੁੱਜੇ ਤਾਂ ਉਨ੍ਹਾਂ ਉਥੇ ਤਾਇਨਾਤ ਇੱਕ ਸੇਵਾਦਾਰ ਨੂੰ ਪੁੱਛਿਆ ਕਿ ਮੱਥਾ ਟੇਕਣ ਲਈ ਸ਼ਰਧਾਲੂਆਂ ਦੀ ਭੀੜ ਕਿਸ ਵੇਲੇ ਘੱਟ ਹੁੰਦੀ ਹੈ ਤਾਂ ਉਸਨੇ ਝੱਟ ਉੱਤਰ ਦਿੱਤਾ ਕਿ ਜੇਕਰ ਉਹ ਚਾਹੁਣ ਤਾਂ ਉਹ ਤੁਰੰਤ ਮੱਥਾ ਟੇਕਣ ਦਾ ਪ੍ਰਬੰਧ ਕਰਵਾ ਸਕਦਾ ਹੈ। ਇਸ ਲਈ ਕੁਝ ਸੇਵਾ ਭੇਂਟ ਕਰਨੀ ਪਵੇਗੀ। ਉਨ੍ਹਾਂ ਵੱਲੋਂ ਹੁੰਗਾਰਾ ਭਰਨ ‘ਤੇ ਇਹ ਸੇਵਾਦਾਰ ਪ੍ਰਸ਼ਾਦ ਲੈਣ ਵਾਲੇ ਰਾਸਤਿਉਂ ਉਨ੍ਹਾਂ ਨੂੰ ਦਰਸ਼ਨ ਕਰਾਉਣ ਲਈ ਲੈ ਗਿਆ,ਜਿਥੇ ਉਹ ਖੁਦ ਤਾਂ ਬਾਹਰ ਖੜਾ ਰਿਹਾ ਪਰ ਉਸਦਾ ਇੱਕ ਹੋਰ ਸਾਥੀ ਉਨ੍ਹਾਂ ਨੂੰ ਅੰਦਰ ਲੈ ਗਿਆ। ਵਾਪਸੀ ‘ਤੇ ਉਕਤ ਸੇਵਾਦਾਰ ਨੇ ਇੱਕ ਹਜ਼ਾਰ ਰੁਪਏ ਸੇਵਾ ਵਜੋਂ ਦੇਣ ਦੀ ਮੰਗ ਕੀਤੀ ਪਰ ਉਨ੍ਹਾਂ ਸਿਰਫ 100 ਰੁਪਏ ਦਿੱਤੇ ਅਤੇ ਵਾਪਸ ਆ ਗਏ।

ਸ੍ਰੀ ਚੱਠਾ ਨੇ ਕਿਹਾ ਕਿ ਗੁਰੂ ਘਰ ਵਿਖੇ ਰਿਸ਼ਵਤ ਲੈ ਕੇ ਦਰਸ਼ਨ ਕਰਾਉਣ ਦਾ ਇਸ ਰੁਝਾਨ ਨੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਇੱਥੇ ਗੁਰੂ ਘਰ ਵਿਖੇ ਦਰਸ਼ਨਾਂ ਲਈ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਆਉਂਦੇ ਹਨ ਅਤੇ ਇਹ ਰੁਝਾਨ ਸਿੱਖ ਭਾਈਚਾਰੇ ਦੀ ਸਾਖ ਨੂੰ ਢਾਹ ਲਾਵੇਗਾ।

ਇਸ ਦੌਰਾਨ ਸ਼ੋ੍ਰਮਣੀ ਕਮੇਟੀ ਦੇ ਸਕੱਤਰ ਦਲਮੇਘ ਸਿੰਘ ਨੇ ਕਿਹਾ ਕਿ ਇਸ ਘਟਨਾ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ, ਅਤੇ ਨਾ ਹੀ ਹੁਣ ਤੱਕ ਅਜਿਹੀ ਕੋਈ ਸ਼ਿਕਾਇਤ ਆਈ ਹੈ। ਜੇਕਰ ਸ਼ਿਕਾਇਤ ਕਰਤਾ ਵੱਲੋਂ ਉਕਤ ਸੇਵਾਦਾਰ ਦੀ ਸ਼ਨਾਖਤ ਕੀਤੀ ਜਾਵੇ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਹੋਵੇਗੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top