Share on Facebook

Main News Page

ਗੁਰਮਤਿ ਸੇਵਾ ਲਹਿਰ ਦੀ ਛਿਮਾਹੀ ਮੀਟਿੰਗ ਵਿਚ ਇਸ ਦੀ ਪਲੇਠੀ ਪੁਸਤਕ ਕੀਤੀ ਰੀਲੀਜ਼

ਬਠਿੰਡਾ, 27 ਨਵੰਬਰ (ਕਿਰਪਾਲ ਸਿੰਘ): ਗੁਰਮਤਿ ਦੇ ਨਿਸ਼ਕਾਮ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਭਾਈ ਬਖ਼ਤੌਰ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੀ ਸੰਸਥਾ ਗੁਰਮਤਿ ਸੇਵਾ ਲਹਿਰ ਵਲੋਂ ਸੰਗਤ ਕੈਂਚੀਆਂ ਵਿਖੇ ਕੀਤੀ ਗਈ ਅੱਜ ਦੀ ਛਿਮਾਹੀ ਮੀਟਿੰਗ ਵਿੱਚ, ਇਸ ਸੰਸਥਾ ਵਲੋਂ ਛਪਵਾਈ ਗਈ ਪਲੇਠੀ ਪੁਸਤਕ ਰੀਲਜ਼ ਕੀਤੀ ਗਈ। ਗੁਰਬਾਣੀ, ਗੁਰ-ਇਤਿਹਾਸ, ਸਿਧਾਂਤ ਤੇ ਮਰਿਆਦਾ ਸਿਰਲੇਖ ਹੇਠ ਇੱਕ ਹੀ ਜਿਲਦ ਵਿੱਚ ਤਿਆਰ ਕੀਤੀ ਗਈ ਇਹ 278 ਪੰਨਿਆਂ ਦੀ ਪੁਸਤਕ, ਵਿਸ਼ੇਸ਼ ਤੌਰ ’ਤੇ ਇੱਥੇ ਹਰ ਛਿਮਾਹੀ ਮੀਟਿੰਗ ਦੌਰਾਨ ਬੱਚਿਆਂ ਦੀ ਲਈ ਜਾ ਰਹੀ ਧਾਰਮਿਕ ਪ੍ਰੀਖਿਆ ਦੀ ਤਿਆਰੀ ਲਈ ਛਪਵਾਈ ਗਈ ਹੈ।

ਇਸ ਪੁਸਤਕ ਵਿੱਚ ਸਿੱਖ ਧਰਮ ਸਬੰਧੀ ਮੁੱਢਲੀ ਜਾਣਕਾਰੀ, ਮੁੱਢਲੇ ਅਸੂਲ, 10 ਗੁਰੂ ਸਾਹਿਬਾਨ ਦਾ ਕ੍ਰਮਅਨੁਸਾਰ/ਤਰਤੀਬਵਾਰ ਸੰਖੇਪ ਜੀਵਨ, ਉਨ੍ਹਾਂ ਦੇ ਜੀਵਨ ਨਾਲ ਸਬੰਧਿਤ ਸਿਖਿਆਦਾਇਕ ਸਾਖੀਆਂ, ਉਨ੍ਹਾਂ ਦੀ ਬਾਣੀ ਵਿੱਚ ਦਰਜ਼ ਗੁਰਮਤਿ ਫ਼ਲਸਫ਼ਾ, ਗੁਰੂ ਗ੍ਰੰਥ ਸਾਹਿਬ ਜੀ ਸਬੰਧੀ ਸੰਖੇਪ ਜਾਣਕਾਰੀ ਅਤੇ ਫਲਸਫ਼ਾ, ਕਰਮਕਾਂਡ ਅਤੇ ਵਹਿਮ ਭਰਮਾਂ ਦਾ ਖੰਡਨ, ਮਰਿਆਦਾ ਤੇ ਸਿਧਾਂਤ ਅਤੇ ਇਸ ਸਿਲੇਬਸ ਵਿੱਚੋਂ ਬੱਚਿਆਂ ਤੋਂ ਪ੍ਰੀਖਿਆ ਦੌਰਾਨ ਪੁੱਛੇ ਜਾਣ ਵਾਲੇ ਸੰਖੇਪ ਪ੍ਰਸ਼ਨ ਉਤਰ ਦਰਜ਼ ਕੀਤੇ ਗਏ ਹਨ। ਟੈਕਸਟ ਬੁੱਕ ਕਮ ਗਾਈਡ ਦਾ ਮਕਸਦ ਪੂਰਾ ਕਰਨ ਵਾਲੀ ਇਹ ਪੁਸਤਕ ਬੇਸ਼ੱਕ ਮੂਲ ਰੂਪ ਵਿੱਚ ਬੱਚਿਆਂ ਲਈ ਤਿਆਰ ਕੀਤੀ ਗਈ ਹੈ ਪਰ ਇਹ ਸਿੱਖ ਧਰਮ ਸਬੰਧੀ ਵਡਮੁਲੀ ਜਾਣਕਾਰੀ ਦੇਣ ਵਾਲੀ ਪੁਸਤਕ ਹੈ ਜੋ ਹਰ ਸਿੱਖ ਅਤੇ ਸਿੱਖ ਧਰਮ ਸਬੰਧੀ ਮੁਢਲੀ ਜਾਣਕਾਰੀ ਪ੍ਰਾਪਤ ਕਰਨ ਦੇ ਚਾਹਵਾਨ ਗੈਰ ਸਿੱਖਾਂ ਦੇ ਪੜ੍ਹਨਯੋਗ ਹੈ।

ਪੰਜ ਗੁਰਸਿੱਖਾਂ ਵਲੋਂ ਪੁਸਤਕ ਰੀਲੀਜ਼ ਕਰਦੇ ਸਮੇਂ ਭਾਈ ਪੰਥਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਕਿਤਾਬ ਦੀ ਤਿਆਰੀ ਲਈ ਭਾਈ ਸਤਿਨਾਮ ਸਿੰਘ ਚੰਦੜ (ਕਥਾਵਾਚਕ) ਨੇ ਬਹੁਤ ਮਿਹਨਤ ਕੀਤੀ ਹੈ ਅਤੇ ਬਹੁਮੁੱਲਾ ਯੋਗਦਾਨ ਪਾਇਆ ਹੈ। ਇਸ ਪੁਸਤਕ ਦੀ ਸੁਧਾਈ ਵਿੱਚ ਭਾਈ ਗੁਰਨੇਕ ਸਿੰਘ ਸੰਘਰਾਹੂਰ ਵਲੋਂ ਵੀ ਕਾਫੀ ਮਿਹਨਤ ਕੀਤੀ ਹੈ ਅਤੇ ਪਰੂਫ ਰੀਡਿੰਗ ਵਿੱਚ ਪੰਜਾਬੀ ਅਧਿਆਪਕ ਜਗਸੀਰ ਸਿੰਘ ਨੇ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਇੱਕ ਪੁਸਤਕ ਦੀ ਛਪਵਾਈ ਲਈ 35 ਰੁਪਏ ਪ੍ਰਤੀ ਪੁਸਤਕ ਦੇ ਕਰੀਬ ਖਰਚਾ ਆਇਆ ਹੈ ਇਸ ਨੂੰ ਸੰਗਤਾਂ ਵਿੱਚ ਖੁਲ੍ਹੇ ਰੂਪ ਵਿੱਚ ਮੁਫ਼ਤ ਵੰਡਣ ਲਈ ਪਹਿਲੀ ਕਿਸ਼ਤ ਵਿੱਚ 5000 ਪੁਸਤਕ ਛਾਪੀ ਗਈ ਹੈ ਅਤੇ ਅਤੇ ਅੱਗੇ ਤੋਂ ਸੰਗਤਾਂ ਦੇ ਸਹਿਯੋਗ ਨਾਲ ਇਹ ਉਦਮ ਜਾਰੀ ਰਹੇਗਾ ਤੇ ਇਹ ਪੁਸਤਕ ਘਰ ਘਰ ਤੱਕ ਪਹੁੰਚਾਈ ਜਾਵੇਗੀ। ਪੁਸਤਕ ਵਿੱਚ ਦਿੱਤੀ ਜਾਣਕਾਰੀ ਤੋਂ ਪ੍ਰਭਾਵਤ ਹੋ ਕੇ, ਪੁਸਤਕ ਦੀ ਦੂਸਰੀ ਅਡੀਸ਼ਨ ਦੀ ਛਪਵਾਈ ਲਈ ਸੰਗਤਾਂ ਵਿੱਚੋਂ ਮੌਕੇ ’ਤੇ ਹੀ ਆਪਣੀ ਸਮਰੱਥਾ ਅਨੁਸਾਰ 50, 100, 500 ਅਤੇ 1000 ਪੁਸਤਕਾਂ ਦਾ ਸੇਵਾ ਲਈ ਆਪਣੇ ਨਾਮ ਲਿਖਵਾਏ ਗਏ।

ਹਰ ਮੀਟਿੰਗ ਦੀ ਤਰ੍ਹਾਂ ਇਸ ਮੀਟਿੰਗ ਵਿੱਚ ਬੱਚਿਆਂ ਦੀਆਂ ਕਲਾਸਾਂ ਮੁਤਬਿਕ ਪਹਿਲੀ ਕਲਾਸ ਤੋਂ ਚੌਥੀ ਕਲਾਸ ਤੱਕ- ਪਹਿਲਾ ਗਰੁੱਪ, ਪੰਜਵੀਂ ਤੋਂ ਅੱਠਵੀਂ ਕਲਾਸ ਤੱਕ- ਦੂਜਾ ਗਰੁੱਪ ਅਤੇ ਨੌਵੀਂ ਤੋਂ +2 ਤੱਕ ਤੀਜਾ ਗਰੁੱਪ ਦੇ ਨਾਮ ਹੇਠ ਤਿੰਨ ਗਰੁਪਾਂ ਵਿੱਚ ਵੰਡ ਕੇ ਉਨ੍ਹਾਂ ਦੇ ਵੱਖ ਵੱਖ ਗੁਰਬਾਣੀ ਕੰਠ ਮੁਕਾਬਲੇ, ਕਵੀਸ਼ਰੀ ਅਤੇ ਢਾਡੀ ਮੁਕਾਬਲੇ ਦਸਤਾਰ ਮੁਕਾਬਲੇ ਕਰਵਾ ਕੇ ਹਰ ਗਰੁੱਪ ਵਿੱਚੋਂ ਉੱਪਰਲੀ ਮੈਰਿਟ ਵਿੱਚ ਆਏ ਪੰਜ ਪੰਜ ਬੱਚਿਆਂ ਨੂੰ ਕ੍ਰਮਅਨੁਸਾਰ 1000, 800. 600, 400 ਅਤੇ 200 ਰੁਪਏ ਨਗਦ ਇਨਾਮ, ਸਰਟੀਫਿਕੇਟ ਅਤੇ ਸਨਮਾਨ ਚਿਨ੍ਹ ਦਿੱਤੇ ਗਏ। ਇਸ ਤੋਂ ਇਲਾਵਾ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਹਰ ਬੱਚੇ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ ਦਿੱਤੇ ਗਏ।

ਮੀਟਿੰਗ ਵਿੱਚ ਪਿਛਲੇ ਛੇ ਮਹੀਨੇ ਦੌਰਾਨ ਸੇਵਾ ਲਹਿਰ ਦੇ ਮੈਂਬਰਾਂ ਵਲੋਂ ਮੈਂਬਰਸ਼ਿੱਪ ਅਤੇ ਦਸਵੰਧ ਦੇ ਤੌਰ ’ਤੇ ਅਤੇ ਹੋਰਨਾਂ ਗੁਰਸਿੱਖਾਂ ਵਲੋਂ ਸਹਾਇਤਾ ਦੇ ਤੌਰ ’ਤੇ ਦਿੱਤੀ ਰਕਮ ਰਾਹੀਂ ਸੰਸਥਾ ਨੂੰ ਹੋਈ ਕੁਲ ਆਮਦਨ ਅਤੇ ਲੋੜਵੰਦ ਬੱਚਿਆਂ ਦੀ ਪੜ੍ਹਾਈ, ਮਰੀਜਾਂ ਦੇ ਇਲਾਜ, ਲੋੜਵੰਦ ਪ੍ਰਵਾਰਾਂ ਨੂੰ ਲੜਕੀਆਂ ਦੇ ਵਿਆਹ ਲਈ ਅਤੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਚਲਾਉਣ ਲਈ ਦਿੱਤੀ ਗਈ ਸਹਾਇਤਾ ਰਾਸ਼ੀ ਵਜੋਂ ਕੁਲ ਖਰਚਿਆਂ ਦੇ ਹਿਸਾਬ ਦਾ ਚਿੱਠਾ ਪੇਸ ਕੀਤਾ ਗਿਆ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top