Share on Facebook

Main News Page

ਪ੍ਰੋ. ਦਰਸ਼ਨ ਸਿੰਘ ਖਾਲਸਾ ਦੇ ਦਿੱਲੀ ਅਤੇ ਆਸ ਪਾਸ ਦੇ ਖੇਤਰ ਵਿੱਚ ਹੋ ਰਹੇ ਹਨ ਭਰਵੇਂ ਗੁਰਮਤਿ ਸਮਾਗਮ

ਬਠਿੰਡਾ, 27 ਨਵੰਬਰ (ਕਿਰਪਾਲ ਸਿੰਘ): ਭਾਈ ਤੇਜਪਾਲ ਸਿੰਘ ਦਿੱਲੀ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵੱਲੋਂ ਬੀਤੇ ਦਿਨੀਂ ਦਿੱਲੀ ਅਤੇ ਨਾਲ ਲੱਗਦੇ ਗਾਜ਼ੀਆਬਾਦ ਦੇ ਵੱਖ ਵੱਖ ਇਲਾਕਿਆਂ ਵਿੱਚ ਗੁਰਮਤਿ ਸਮਾਗਮ ਕੀਤੇ ਗਏ। ਜਿਸ ਵਿੱਚ ਸੂਝਵਾਨ ਅਤੇ ਸੁਚੇਤ ਸਿੱਖ ਸੰਗਤਾਂ ਨੇ ਭਰਵੇਂ ਰੂਪ ਵਿੱਚ ਹਾਜ਼ਰੀਆਂ ਭਰੀਆਂ ਅਤੇ ਗੁਰਮਤਿ ਵਿਚਾਰਾਂ ਸਰਵਣ ਕੀਤੀਆਂ। ਦਿੱਲੀ ਦੇ ਗੁਜਰਾਂਵਾਲਾ ਟਾਉਨ ਵਿਖੇ ਹੋਏ ਸਮਾਗਮਾਂ ਵਿੱਚ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਜੀ ਨੇ ‘ਗੁਰਿ ਦੁਖੁ ਕਾਟਿਆ ਦੀਨੋ ਦਾਨੁ॥ ਸਫਲ ਜਨਮੁ ਜੀਵਨ ਪਰਵਾਨੁ’, ‘ਮਾਧੋ ਅਬਿਦਿਆ ਹਿਤ ਕੀਨ॥ ਬਿਬੇਕ ਦੀਪ ਮਲੀਨ’, ‘ਮੇਰਾ ਸੁੰਦਰੁ ਸੁਆਮੀ ਜੀ ਹਉ ਚਰਨ ਕਮਲ ਪਗ ਛਾਰਾ’ ਅਤੇ ‘ਮਨ ਇਛ ਪਾਈ ਪ੍ਰਭੂ ਧਿਆਈ ਸੰਜੋਗੁ ਸਾਹਾ ਸੁਭ ਗਣਿਆ’ ਸ਼ਬਦਾਂ ਦੀ ਵਿਚਾਰ ਕੀਤੀ। ਕਈ ਦਿਨ ਚਲੇ ਇਨ੍ਹਾਂ ਗੁਰਮਤਿ ਸਮਾਗਮਾਂ ਵਿੱਚ ਪ੍ਰੋ. ਸਾਹਿਬ ਨੇ ਜਿਥੇ ਸੰਗਤਾਂ ਗੁਰੂ ਗ੍ਰੰਥ ਸਾਹਿਬੁ ਦੀਆਂ ਸਿੱਖਿਆਵਾਂ ਨਾਲ ਜੋੜਿਆ ਅਤੇ ਨਾਲ ਹੀ ਹੋ ਰਹੇ ਸਿੱਖੀ ਉੱਤੇ ਹਮਲਿਆਂ ਬਾਰੇ ਜਾਣੂ ਕਰਵਾਇਆ।

ਉਨ੍ਹਾਂ ਦੱਸਿਆ ਕਿ ਸਿੱਖੀ ਦੇ ਸਰੂਪ ਤੇ ਸਿਧਾਂਤ ਨੂੰ ਖਤਮ ਕਰਨ ਲਈ ਕਿਵੇਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਸਾਡੀ ਝੋਲੀ ਵਿੱਚ ਪਤਿਤਪੁਣੇ ਨੂੰ ਫੈਲਾਉਣ ਲਈ ਸਿਰੀ ਚੰਦ ਦੇ ਰੂਪ ਵਿੱਚ ਘੋਨ-ਮੋਨ ਰੂਪ ਤੇ ਕੰਨਾਂ ਵਿੱਚ ਮੁੰਦਰੀਆਂ ਵਾਲਾ ਰੂਪ ਪਰਚਾਰਿਆ ਜਾ ਰਿਹਾ। ਸਾਨੂੰ ਸਿੱਖੀ ਦੇ ਅਸਲ ਰੂਪ ਤੋਂ ਤੋੜ ਕੇ ਦੂਜੇ ਪਾਸੇ ਵੱਲ ਲਾਇਆ ਜਾ ਰਿਹਾ ਹੈ ਅਤੇ ਇਹ ਜ਼ੋਰਾਂ-ਸ਼ੋਰਾਂ ਨਾਲ ਸਾਡੇ ਨੱਕ ਹੇਠਾਂ ਹੀ ਬੜੀ ਤੇਜ਼ੀ ਨਾਲ ਹੋ ਰਿਹਾ ਹੈ। ਭਾਈ ਤੇਜਪਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਸ਼ਬਦਾਂ ਦੀ ਰਿਕਾਰਡਿੰਗ ਛੇਤੀ ਹੀ ਸੰਗਤਾਂ ਲਈ ਛੇਤੀ ਹੀ ਖ਼ਾਲਸਾ ਨਿਊਜ਼’ਤੇ ਪਾ ਦਿੱਤੀ ਜਾਵੇਗੀ ਤਾਂ ਕਿ ਸਾਰੇ ਸੰਸਾਰ ਦੀ ਸਿੱਖ ਸੰਗਤ ਇਨ੍ਹਾਂ ਦਾ ਲਾਹਾ ਲੈ ਸਕਣ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰੋਗਰਾਮਾਂ ਤੋਂ ਇਲਾਵਾ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਜੀ ਨੇ ਦਿੱਲੀ ਸਰਕਲ ਦੇ ਸਿੱਖ ਮਿਸ਼ਨਰੀ ਕਾਲਜ ਦੇ ਆਗੂ ਸ੍ਰ. ਕੁਲਵੰਤ ਸਿੰਘ ਦੀ ਪੁੱਤਰੀ ਦੇ ਅਨੰਦ ਕਾਰਜ ਤੋਂ ਪਹਿਲਾਂ ਹੋਏ ਪਰਿਵਾਰਿਕ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਅਤੇ ਬੱਚੇ-ਬੱਚੀ ਨੂੰ ਆਸ਼ੀਰਵਾਦ ਦਿੱਤਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ੍ਰ. ਤਰਸੇਮ ਸਿੰਘ ਨੇ ਵੀ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ। ਦਿੱਲੀ ਕਮੇਟੀ ਦੇ ਮੈਂਬਰ ਸ੍ਰ. ਮਹਿੰਦਰ ਸਿੰਘ ਭੁੱਲਰ ਅਤੇ ਹੋਰ ਪਤਵੰਤੇ ਸੱਜਣਾਂ ਨੇ ਇਸ ਪ੍ਰੋਗਰਾਮ ਦੇ ਬਾਅਦ ਸਿੰਘ ਸਾਹਿਬ ਨਾਲ ਵਰਤਮਾਨ ਕੌਮੀ ਮਸਲਿਆਂ ਉੱਤੇ ਪੰਥਕ ਵਿਚਾਰਾਂ ਸਾਂਝੀਆਂ ਕੀਤੀਆਂ।

ਭਾਈ ਤੇਜਪਾਲ ਸਿੰਘ ਨੇ ਇਹ ਵੀ ਦੱਸਿਆ ਕਿ ਕਾਨਪੁਰ ਸ਼ਹਿਰ ਦੀਆਂ ਸੁਚੇਤ ਸੰਗਤਾਂ ਅਤੇ ਅਕਾਲੀ ਜੱਥਾ ਕਾਨਪੁਰ ਦੇ ਉਪਰਾਲੇ ਨਾਲ, 3 ਅਤੇ 4 ਦਸੰਬਰ ਨੂੰ ਕਾਨਪੁਰ ਵਿਖੇ ਕੀਰਤਨ ਸਮਾਗਮ ਅਤੇ "ਸਿੱਖੀ ਕੱਲ੍ਹ, ਅੱਜ ਤੇ ਕੱਲ੍ਹ" ਵਿਸ਼ੇ ’ਤੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ ਵਿਸ਼ੇਸ਼ ਤੌਰ ’ਤੇ ਪੁਜਨਗੇ। ਉਨ੍ਹਾਂ ਤੋਂ ਇਲਾਵਾ ਧਰਮ ਪ੍ਰਚਾਰ ਕਮੇਟੀ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਦੇ ਚੇਅਰਮੈਨ ਭਾਈ ਤਰਸੇਮ ਸਿੰਘ ਖਾਲਸਾ ਅਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਦੇ ਪ੍ਰੋਫੈਸਰ ਹਰਜਿੰਦਰ ਸਿੰਘ ਜੀ ਸਭਰਾ ਵੀ ਉੱਚੇਚੇ ਤੌਰ ’ਤੇ ਕਾਨਪੁਰ ਦੀਆˆ ਸੰਗਤਾਂ ਨੂੰ ਆਪਣੇ ਵਡਮੁੱਲੇ ਵੀਚਾਰਾਂ ਰਾਹੀ ਗੁਰਮਤਿ ਨਾਲ ਜੋੜਨਗੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top