Share on Facebook

Main News Page

ਖ਼ਾਲਸਈ ਸਿੱਖ ਜਥੇਬੰਦੀਆਂ ਵਲੋਂ ‘ਵਿਰਾਸਤ-ਏ-ਖ਼ਾਲਸਾ’ ਦੇ ਬਿਪਰਵਾਦੀ ਉਦਘਾਟਨ ਪ੍ਰਤੀ ਪ੍ਰਗਟਾਏ ਰੋਸ ਅਤੇ ਅਖ਼ਬਾਰੀ ਤੇ ਪੰਥਕ ਇੰਟਰਨੈਟ ਮੀਡੀਏ ਦੇ ਨਿਭਾਏ ਰੋਲ ਦਾ ਵਿਸ਼ੇਸ਼ ਧੰਨਵਾਦ: ਗਿਆਨੀ ਜਾਚਕ

ਨਿਊਯਾਰਕ 25 ਨਵੰਬਰ: ਬਾਈਕਾਟ ਦੇ ਸੱਦੇ ਦਾ ਮਨੋਰਥ ‘ਵਿਰਾਸਤ-ਏ-ਖ਼ਾਲਸਾ’ ਦੇ ਉਦਘਾਟਨੀ ਤੌਰ ਤਰੀਕਿਆਂ ਤੇ ਪ੍ਰੋਜੈਕਟ ਵਿਚੋਂ ਖ਼ਾਲਸਈ ਰੂਹ ਨੂੰ ਗਾਇਬ ਕਰਨ ਦੀ ਵਿਰੋਧਤਾ ਕਰਦਿਆਂ ਸੱਤਾਧਾਰੀ ਆਗੂਆਂ ਦੀ ਇਸ ਅਣਗਹਿਲੀ ਪ੍ਰਤੀ ਕੌਮ ਨੂੰ ਜਾਗਰੂਕ ਕਰਨਾ ਸੀ; ਨਾ ਕਿ ਉਸ ਦੀ ਉਸਾਰੀ ਪ੍ਰਤੀ ਸਰਕਾਰੀ ਉਦਮਾਂ ਦੀ ਖ਼ਿਲਾਫ਼ਤ । ਕਿਉਂਕਿ, ਗੁਰਮਤ ਸਾਨੂੰ ਸਕਾਰਤਮਿਕ ਸੋਚ ਅਪਨਾਉਣ ਲਈ ਪ੍ਰੇਰਦੀ ਹੈ, ਨਾ ਕਿ ਨਕਾਰਤਮਿਕ।

ਮੈਂ ਧੰਨਵਾਦੀ ਹਾਂ ਸਮੂਹ ਖ਼ਾਲਸਈ ਸਿੱਖ ਜਥੇਬੰਦੀਆਂ ਦਾ, ਜਿਨ੍ਹਾਂ ਉਦਮ ਕਰਕੇ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਨੂੰ ਹਲੂਣਿਆਂ ਤੇ ਫਿਰ ਬਿਪਰਵਾਦੀ ਉਦਘਾਟਨੀ ਸਮਾਰੋਹ ਦਾ ਮੁਕੰਮਲ ਬਾਈਕਾਟ ਕੀਤਾ। ਕੌਮੀ ਧੰਨਵਾਦ ਦਾ ਪਾਤਰ ਹੈ ਸਮੁਚਾ ਪੰਥਕ ਇੰਟਰਨੈਟ ਮੀਡੀਆ ਤੇ ਵਿਸੇਸ਼ ਕਰਕੇ ਰੋਜ਼ਾਨਾ ਸਪੋਕਸਮੈਨ ਚੰਡੀਗੜ ਦੇ ਸੁਘੜ ਸੰਪਾਦਕ ਜੁਗਿੰਦਰ ਸਿੰਘ, ਜਿਸ ਨੇ “ਵਾਹ ਵਾਹ! ਅਕਾਲੀ ਤਾਂ ਕਮਾਲ ਦੇ ‘ਮਾਰਡਨ’ ਹੋ ਗਏ” ਦੀ ਸੰਪਾਦਕੀ ਰਾਹੀਂ ਖ਼ਾਲਸੇ ਦੀ ਰੂਹ ਨੂੰ ਟੁੰਬਿਆ, ਪਹਿਰੇਦਾਰ ਦਾ ਸੁਚੇਤ ਸੰਪਾਦਕ ਜਸਪਾਲ ਸਿੰਘ ਹੇਰਾਂ ਜਿਸ ਨੇ ‘ਪਾੜ ਪੈ ਚੁੱਕਾ ਹੈ, ਕਦੋਂ ਜਾਗੋਗੇ’ ਲਿਖ ਕੇ ਕੌਮ ਨੂੰ ਗਫ਼ਲਤਾ ਦੀ ਨੀਂਦ ਤੋਂ ਜਗਾਉਣ ਦੀ ਪਹਿਰੇਦਾਰੀ ਕੀਤੀ, ਟੋਰਾਂਟੋ ਤੋਂ ਛਪਦੀ ਸਿੱਖ ਸਪੋਕਸਮੈਨ ਦੇ ਨੌਜਵਾਨ ਸੰਪਾਦਕ ਗੁਰਸੇਵਕ ਸਿੰਘ ਧੌਲਾ, ਜਿਸ ਨੇ ‘ਕਸੂਰ ਬਾਦਲ ਸਾਹਿਬ ਨਾਲੋਂ ਵਧੇਰੇ ਸਿੱਖਾਂ ਦਾ’ ਲਿਖ ਕੇ ਕੌਮ ਨੂੰ ਝੰਝੋੜਿਆ ਅਤੇ ਸੱਚ ਦੀ ਪਟਾਰੀ ਤੇ ਪੰਜਾਬ ਸਪੈਕਟ੍ਰਮ ਦੇ ਵਿਸ਼ੇਸ਼ ਪਤਰਕਾਰ ਤੇ ਲੇਖਕ ਭਾਈ ਕ੍ਰਿਪਾਲ ਸਿੰਘ ਬਠਿੰਡਾ ਦਾ, ਜਿਨ੍ਹਾਂ ਦੇਸ਼ ਵਿਦੇਸ਼ ਦੇ ਇੰਟਰਨੈਟ ਮੀਡੀਏ ਨੂੰ ਵਿਰਾਸਤੇ ਖ਼ਾਲਸਾ ਦੇ ਉਦਘਾਟਨੀ ਤੇ ਤਕਨੀਕੀ ਕਮੀਆਂ ਦੀ ਜਾਣਕਾਰੀ ਭੇਜਦਿਆਂ ਇਸ ਪੱਖ ਨੂੰ ਉਭਾਰਨ ਲਈ ਸਿਰਤੋੜ ਯਤਨ ਕੀਤਾ । ਗਿਆਨੀ ਜਗਤਾਰ ਸਿੰਘ ਜਾਚਕ ਨੇ ਇਹ ਲਫ਼ਜ਼ ਨਿਊਯਾਰਕ ਤੋਂ ਈਮੇਲ ਰਾਹੀਂ ਭੇਜੇ ਪ੍ਰੈਸਨੋਟ ਵਿੱਚ ਕਹੇ।

ਉਨ੍ਹਾਂ ਕਿਹਾ ਕਿ ਸਮੂਹ ਖ਼ਾਲਸਾ ਪੰਥ ਤਾਂ ਸੰਨ 1999 ਤੋਂ ਉਡੀਕ ਰਿਹਾ ਸੀ ਉਸ ਸੁਭਾਗੇ ਦਿਹਾੜੇ ਨੂੰ, ਜਦੋਂ ਗੁਰੂ ਸਾਹਿਬਾਨ ਤੇ ਖ਼ਾਲਸਾ ਪੰਥ ਵਲੋਂ ਮਾਨਵੀ ਭਲਾਈ ਕੀਤੇ ਮਹਾਨ ਉਪਕਾਰਾਂ, ਕੁਰਬਾਨੀਆਂ ਤੇ ਦੇਸ਼ ਨੂੰ ਦਿਤੀਆਂ ਦੇਣਾਂ ਨੂੰ ਪ੍ਰਗਟਾਉਂਦਾ ਇਹ ‘ਵਿਰਾਸਤੇ ਖ਼ਾਲਸਾ’ ਪ੍ਰੋਜੈਕਟ ਸਪੂੰਰਨ ਹੋਵੇ ਤੇ ਉਹ ਪੰਥ ਸਮੁਚੇ ਦੇਸ਼ ਵਾਸੀਆਂ ਨਾਲ ਮਿਲ ਕੇ ਖੁਸ਼ੀ ਪ੍ਰਗਟਾਵੇ। ਪਰ, ਦੁੱਖ ਦੀ ਗੱਲ ਹੈ ਕਿ 12 ਸਾਲ ਬੀਤਣ ਉਪਰੰਤ ਵੀ ਉਹ ਸੰਪੂਰਨਤਾ ਦੀਆਂ ਸਿਖਰਾਂ ਨੂੰ ਨਹੀਂ ਛੋਹ ਸਕਿਆ ਤੇ ਜੇ ਖ਼ਾਲਸਈ ਰੂਹ ਤੋਂ ਖਾਲੀ ਅੱਧ ਪਚੱਧਾ ਬਣਿਆ ਤੇ ਵਿਧਾਨ ਸਭਾ ਦੀ ਚੋਣਾਂ ਨੂੰ ਮੁਖ ਰਖਦਿਆਂ ਦੁਬਾਰਾ ਉਦਘਾਟਨੀ ਮੌਕਾ ਆਇਆ, ਤਾਂ ਵੀ ਖਾਲਸੇ ਨੂੰ ਨਿਰਾਸ ਹੋਣਾ ਪਿਆ। ਕਿਉਂਕਿ, ਪੰਥ ਤੇ ਪੰਜਾਬ ਦੀ ਸੱਤਾ ’ਤੇ ਕਾਬਜ਼ ਬਾਦਲ ਪ੍ਰਵਾਰ ਨੇ ਸੱਤਾ ਦੇ ਨਸ਼ੇ ਵਿੱਚ ਪੰਥਕ ਰੋਸ ਨੂੰ ਅਣਗੌਲਿਆਂ ਕਰਕੇ, ਪੰਥ ਵਿਰੋਧੀ ਜਮਾਤ ਆਰ.ਐਸ.ਐਸ. ਦੇ ਮੁਖ ਕਰਿੰਦੇ ਤੇ ਭਾਜਪਾਈ ਆਗੂ ਗੱਡਕਰੀ ਪ੍ਰਵਾਰ ਨੂੰ ਖੁਸ਼ ਰਖਣ ਵਿੱਚ ਆਪਣੇ ਹਿਤ ਵਧੇਰੇ ਸੁਰਖਿਅਤ ਸਮਝੇ, ਭਾਵੇਂ ਕਿ ਪੰਥ ਦਰਦੀ ਰੂਹਾਂ ਤੋਂ ਵਿਹੂਣਾ ਇਹ ਸਮਾਗਮ ਅਕਾਲੀ ਭਾਜਪਾ ਦੀ ਇੱਕ ਰਾਜਨੀਤਕ ਕਾਨਫਰੰਸ ਬਣ ਕੇ ਹੀ ਰਹਿ ਗਿਆ।

ਜਾਚਕ ਜੀ ਨੇ ਆਖਿਆ ਕਿ ਸ਼ਰਮ ਆਉਣੀ ਚਾਹੀਦੀ ਹੈ ਸਾਡੇ ਤਖਤਾਂ ਦੇ ਅਖੌਤੀ ਜਥੇਦਾਰਾਂ ਤੇ ਸਿੱਖ ਆਗੂਆਂ ਨੂੰ, ਜਿਨ੍ਹਾਂ ਦੇ ਸਾਹਮਣੇ ਆਰ.ਐਸ.ਐਸ. ਦੇ ਸਟਾਰ ਪ੍ਰਚਾਰਕ ਆਸਾ ਰਾਮ ਨੇ ਗੁਰੂ ਨਾਨਕ ਸਾਹਿਬ ਨੂੰ ਰਘੂਨਾਥ (ਸ੍ਰੀ ਰਾਮ ਚੰਦਰ) ਦਾ ਉਪਾਸ਼ਕ ਸਿੱਧ ਕੀਤਾ ਅਤੇ ਪਾਕਿਸਤਾਨੀ ਸਾਬਕਾ ਸਿਖਿਆ ਮੰਤਰੀ ਮਸੂਦ ਨੇ ਭਾਈ ਗੁਰਦਾਸ ਜੀ ਦੀ ਅਕੱਟ ਗਵਾਹੀ ਨੂੰ ਝੁਠਲਾਂਦਿਆਂ ਕਿਹਾ ਕਿ ਗੁਰੂ ਨਾਨਕ ਮੱਕੇ ਨਹੀਂ ਗਏ। ਕਿਉਂਕਿ, ਓਥੇ ਤਾਂ ਕੇਵਲ ਮੁਸਲਮਾਨ ਹਾਜੀ ਹੀ ਜਾ ਸਕਦੇ ਹਨ। ਸਾਨੂੰ ਇਸ ਹਿੰਦੂ ਪ੍ਰਚਾਰਕ ਤੇ ਮੁਸਲਮਾਨ ਵੀਰ ਤੇ ਰੋਸ ਨਹੀਂ ਹੋਣਾ ਚਾਹੀਦਾ, ਸਗੋਂ ਦਾਦ ਦੇਣੀ ਚਾਹੀਦੀ ਹੈ ਜਿਨ੍ਹਾਂ ਦਲੇਰੀ ਨਾਲ ਆਪਣੇ ਇਸ਼ਟ ਨੂੰ ਵਡਿਆਉਣ ਦਾ ਯਤਨ ਕੀਤਾ ਹੈ। ਲਾਹਨਤ ਤਾਂ ਪਾਉਣੀ ਚਾਹੀਦੀ ਹੈ ਉਨ੍ਹਾਂ ਪ੍ਰਬੰਧਕਾਂ ਤੇ ਦਾੜ੍ਹੇ ਕੱਢੀ ਬੈਠੇ ਗ਼ੁਲਾਮ ਬਿਰਤੀ ਵਾਲੇ ਧਾਰਮਿਕ ਮੁਖੀਆਂ ਨੂੰ, ਜਿਨ੍ਹਾਂ ਨੇ ਉਨ੍ਹਾਂ ਨੂੰ ਬੁਲਾਇਆ ਤੇ ਮੌਕੇ ’ਤੇ ਅਦਬ ਸਹਿਤ ਕੋਈ ਢੁੱਕਵਾਂ ਤੇ ਦਲੀਲ ਪੂਰਵਕ ਜਵਾਬ ਨਹੀਂ ਦਿੱਤਾ। ਇਹੀ ਖ਼ਤਰਾ ਸੀ ਜਿਸ ਕਰਕੇ ਜਾਗਰੂਕ ਸਿੱਖ ਆਗੂ ਰੋਣਾ ਰੋ ਰਹੇ ਸਨ ਕਿ ਪੰਥ ਵਿਰੋਧੀ ਸ਼ਕਤੀਆਂ ਨੂੰ ਵਧੇਰੇ ਮਹੱਤਵ ਨਾ ਦਿੱਤਾ ਜਾਏ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top