Share on Facebook

Main News Page

ਤਖ਼ਤਾਂ ਦੇ ਜਥੇਦਾਰਾਂ ਦੀ ਹਾਜਰੀ ’ਚ ਸਿੱਖ ਰਹਿਤ ਮਰਿਆਦਾ ਦੀਆਂ ਉਡਾਈਆਂ ਧੱਜੀਆਂ: ਭਾਈ ਹਰਿੰਦਰ ਸਿੰਘ ਦਰਵੇਸ਼

* ਆਸਾ ਰਾਮ ਨੇ ਗੁਰਬਾਣੀ ਦੀ ਤੁਕ ਬਦਲੀ
* ਬਾਦਲ ਵਿਰੋਧੀਆਂ ਨੂੰ ਤੁੰਨ ਦੇਣ ਦੀ ਨੀਤੀ ’ਤੇ ਚੱਲਣ ਵਾਲੇ ਜਥੇਦਾਰ ਹੋਏ ਬੇਵਸ ਜਾਂ ਗੁਰਬਾਣੀ ਤੇ ਮਰਿਆਦਾ ਦੀ ਬੇਅਦਬੀ ਲਈ ਹਨ ਖ਼ੁਦ ਭਾਈਵਾਲ

ਬਠਿੰਡਾ, 26 ਨਵੰਬਰ (ਕਿਰਪਾਲ ਸਿੰਘ): ਬੀਤੇ ਦਿਨ ਅਨੰਦਪੁਰ ਸਾਹਿਬ ਵਿਖੇ ‘ਵਿਰਾਸਤ-ਏ-ਖ਼ਾਲਸਾ’ ਦੇ ਉਦਘਾਟਨ ਮੌਕੇ, ਗੁਰਬਾਣੀ ਦੀ ਸ਼ੁਧਤਾ ਅਤੇ ਸਿੱਖ ਰਹਿਤ ਮਰਿਆਦਾ ਦੀ ਬਹਾਲੀ ਲਈ ਮੁੱਖ ਤੌਰ ’ਤੇ ਜਿੰਮੇਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਤਖਤਾਂ ਦੇ ਜਥੇਦਾਰਾਂ ਦੀ ਮੌਜੂਦਗੀ ਵਿੱਚ ਜਿਥੇ ਹਿੰਦੂਤਵੀ ਆਸਾ ਰਾਮ ਵਲੋਂ ਗੁਰਬਾਣੀ ਦੀ ਤੁਕ ਨੂੰ ਬਦਲਿਆ ਗਿਆ ਉਥੇ ਸਿੱਖ ਰਹਿਤ ਮਰਿਆਦਾ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਦੇ ਜਿਲ੍ਹਾ ਪ੍ਰਧਾਨ ਭਾਈ ਹਰਿੰਦਰ ਸਿੰਘ ਦਰਵੇਸ਼ ਨੇ ਕਹੇ। ਉਨ੍ਹਾਂ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਚਾਰ ਹਿੱਤ ਲੱਖਾਂ ਦੀ ਗਿਣਤੀ ਵਿੱਚ ਛਪਵਾ ਕੇ ਵੰਡੀ ਜਾ ਰਹੀ ਸਿੱਖ ਰਹਿਤ ਮਰਿਆਦਾ ਦੇ ‘ਕੀਰਤਨ’ ਸਿਰਲੇਖ ਦੀ ਮਦ (ੳ) ਹੇਠ ਸਾਫ ਤੌਰ ’ਤੇ ਲਿਖਿਆ ਹੈ: ਸੰਗਤ ਵਿੱਚ ਕੀਰਤਨ ਕੇਵਲ ਸਿੱਖ ਹੀ ਕਰ ਸਕਦਾ ਹੈ। (ਅ) ਕੀਰਤਨ ਗੁਰਬਾਣੀ ਨੂੰ ਰਾਗਾਂ ਵਿੱਚ ਉਚਾਰਣ ਕਰਨ ਨੂੰ ਕਹਿੰਦੇ ਹਨ। (ੲ) ਸੰਗਤ ਵਿੱਚ ਕੀਰਤਨ ਕੇਵਲ ਗੁਰਬਾਣੀ ਜਾਂ ਇਸ ਦੀ ਵਿਆਖਿਆ ਸਰੂਪ ਰਚਨਾ ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀ ਬਾਣੀ ਦਾ ਹੋ ਸਕਦਾ ਹੈ।

ਪਰ ਪੰਥ ਅਤੇ ਸ਼੍ਰੋਮਣੀ ਕਮੇਟੀ ਕੋਲ ਉਚਕੋਟੀ ਦੇ ਗੋਲਡ ਮੈਡਲਿਸਟ ਰਾਗੀ ਮੌਜੂਦ ਹੋਣ ਦੇ ਬਾਵਯੂਦ ‘ਵਿਰਾਸਤ-ਏ- ਖ਼ਾਲਸਾ’ ਦੇ ਇਤਿਹਾਸਕ ਉਦਘਾਟਨੀ ਸਮਾਰੋਹ ਮੌਕੇ ਗੈਰਸਿੱਖ ਸਿੰਗਰ ਆਸ਼ਾ ਭੌਂਸਲੇ ਅਤੇ ਭਰਵਟੇ ਕਟਵਾਉਣ ਵਾਲੀ ਜਸਪਿੰਦਰ ਨਰੂਲਾ ਤੋਂ ਫਿਲਮੀ ਤਰਜਾਂ ਵਿੱਚ ਕੀਰਤਨ ਕਰਵਾਇਆ ਗਿਆ। ਜਸਪਿੰਦਰ ਨਰੂਲਾ ਦਾ ਜਿੱਥੇ ਸਾਦਾ ਸਿੱਖੀ ਲਿਬਾਸ ਦੇ ਉਲਟ ਲਿਬਾਸ ਵੀ ਇਤਰਾਜਯੋਗ ਸੀ ਉਥੇ ਉਸ ਨੇ ‘ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋ ॥ ਨ ਡਰੋ ਅਰਿ ਸੋ ਜਬ ਜਾਇ ਲਰੋ ਨਿਸਚੈ ਕਰਿ ਅਪੁਨੀ ਜੀਤ ਕਰੋ ॥ ਅਰੁ ਸਿਖ ਹੌ ਆਪਨੇ ਹੀ ਮਨ ਕੋ ਇਹ ਲਾਲਚ ਹਉ ਗੁਨ ਤਉ ਉਚਰੋ ॥ ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋ ॥231॥’ (ਉਕਤਿ ਬਿਲਾਸ ਅ. 8 - ਦਸਮ ਗ੍ਰੰਥ ਸਾਹਿਬ)’ ਦਾ ਕੀਰਤਨ ਕਰਕੇ ਮਦ (ਅ) ਦੀਆਂ ਧੱਜੀਆਂ ਉਡਾਈਆਂ ਗਈਆਂ। ਇਹ ਸ਼ਬਦ ਪੜ੍ਹਨ ਨਾਲ ਜਿਥੇ ਸਿੱਖ ਰਹਿਤ ਮਰਿਆਦਾ ਦੀਆਂ ਧੱਜੀਆਂ ਉਡੀਆਂ ਉਥੇ ਗੁਰਮਤਿ ਸਿਧਾਂਤ ਦੀ ਭਾਰੀ ਅਵੱਗਿਆ ਵੀ ਹੋਈ। ਕਿਉਂਕਿ ਇਸ ਸ਼ਬਦ ਦੇ ਅਰਥ ਹਨ: ਹੇ ਸਿਵਾ (ਸ਼ਿਵ ਜੀ ਦੀ ਪਤਨੀ ਪਾਰਬਤੀ)! ਮੈਨੂੰ ਇਹ ਵਰ ਦੇ ਕਿ (ਮੈˆ) ਸ਼ੁਭ ਕੰਮਾਂ (ਨੂੰ ਕਰਨੋˆ) ਨਾ ਟਲਾਂ। ਜਦੋਂ ਵੈਰੀ ਨਾਲ (ਰਣ-ਭੂਮੀ ਵਿਚ ਜਾ ਕੇ) ਲੜਾਂ ਤਾਂ (ਜ਼ਰਾ) ਨਾ ਡਰਾਂ ਅਤੇ ਨਿਸ਼ਚੇ ਹੀ ਆਪਣੀ ਜਿਤ ਪ੍ਰਾਪਤ ਕਰਾਂ। ਮੈਂ ਆਪਣੇ ਹੀ ਮਨ ਦਾ ਸਿਖ ਹਾਂ, ਮੈਨੂੰ (ਸਦਾ) ਇਹ ਲਾਲਚ (ਬਣਿਆ ਰਹੇ ਕਿ ਮੈˆ) ਤੇਰੇ ਗੁਣਾਂ ਨੂੰ ਉਚਾਰਦਾ ਰਹਾਂ। ਅਤੇ ਜਦੋਂ ਉਮਰ ਦਾ ਅੰਤਿਮ ਸਮਾਂ ਆ ਜਾਏ ਤਾਂ ਅਤਿ ਦੇ ਯੁੱਧ ਵਿਚ ਲੜਦਾ ਹੋਇਆ ਮਰ ਜਾਵਾਂ।

ਗੁਰਮਤਿ ਅਨੁਸਾਰ ਸਿੱਖ ਨੇ ਕਦੀ ਵੀ ਕਿਸੇ ਦੇਵੀ ਦੇਵਤੇ ਤੋਂ ਵਰ ਨਹੀਂ ਮੰਗਣਾ ਸਗੋਂ ਅਕਾਲਪੁਰਖ਼ ਦੀ ਬਖ਼ਸ਼ਿਸ਼ ਦੀ ਮੰਗ ਕਰਨੀ ਹੁੰਦੀ ਹੈ। ਸਿਖ ਕਦੀ ਵੀ ਆਪਣੇ ਮਨ ਦਾ ਸਿਖ ਨਹੀਂ ਬਲਕਿ ਗੁਰੂ ਦੀ ਮਤਿ ਦਾ ਸਿੱਖ ਬਣਨ ਦੀ ਕਾਮਨਾ ਕਰਦਾ ਹੈ। ਜਿਸ ਗੁਰੂ ਨੇ ਸਿੱਖ ਨੂੰ ਹਮੇਸ਼ਾਂ ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਫ਼ਤਹਿ’ ਬੁਲਾਉਣ ਦਾ ਆਦੇਸ਼ ਦਿੱਤਾ ਹੈ ਜਿਸ ਦਾ ਭਾਵ ਹੈ ਖ਼ਾਲਸਾ ਹਮੇਸ਼ਾਂ ਵਾਹਿਗੁਰੂ ਦਾ ਹੈ ਅਤੇ ਜਿੱਤ ਵੀ ਹਮੇਸ਼ਾਂ ਵਾਹਿਗੁਰੂ ਜੀ ਦੀ ਲੋਚਦਾ ਹੈ। ਉਸ ਗੁਰੂ ਨੂੰ ਆਪਣੀ ਜਿਤ ਦੀ ਕਾਮਨਾ ਕਰਦਾ ਵਿਖਾਇਆ ਗਿਆ ਹੈ। ਇਸ ਸ਼ਬਦ ਵਿੱਚ ਉਮਰ ਦੇ ਅੰਤਮ ਸਮੇ ਅਤਿ ਦੇ ਯੁੱਧ ਵਿੱਚ ਲੜਦਾ ਹੋਇਆ ਮਰਨ ਦੀ ਕਾਮਨਾ ਕੀਤੀ ਗਈ ਹੈ ਜਦੋਂ ਕਿ ਗੁਰੂ ਹਮੇਸ਼ਾਂ ਹੀ ਆਪਣੇ ਵਿਸ਼ੇ ਵਿਕਾਰਾਂ ਨਾਲ ਲੜ ਕੇ ਉਨ੍ਹਾਂ ਨੂੰ ਕਾਬੂ ਹੇਠ ਰੱਖਣ ਦੀ ਤਕੀਦ ਕਰਦੀ ਹੈ। ਇਸ ਤਰ੍ਹਾਂ ਇਸ ਸ਼ਬਦ ਦਾ ਗਾਇਨ ਕਰਕੇ ਗੁਰਮਤਿ ਦੀ ਪੂਰੀ ਤਰ੍ਹਾਂ ਅਵੱਗਿਆਂ ਕੀਤੀ ਗਈ ਹੈ। ਦੂਸਰੀ ਵੱਡੀ ਅਵੱਗਿਆ ਇਹ ਕੀਤੀ ਗਈ ਹੈ ਕਿ ਜਿਸ ਸਮੇਂ ਗੁਰੂ ਗ੍ਰੰਥ ਸਾਹਿਬ ’ਚੋਂ ਆਸ਼ਾ ਭੌਂਸਲੇ ਨੇ ਸ਼ਬਦ ਪੜ੍ਹਿਆ ਉਸ ਸਮੇਂ ਤਾਂ ਸਾਰੀ ਸੰਗਤ ਜੁੱਤੀਆਂ ਪਾ ਕੇ ਸੋਫਿਆਂ ਅਤੇ ਕੁਰਸੀਆਂ ’ਤੇ ਬੈਠੀ ਰਹੀ ਪਰ ਜਿਸ ਸਮੇਂ ਜਸਪਿੰਦਰ ਨਰੂਲਾ ਨੇ ਉਕਤ ਗੁਰਮਤਿ ਵਿਰੋਧੀ ਸ਼ਬਦ ਪੜ੍ਹਿਆ ਉਸ ਸਮੇਂ ਜਥੇਦਾਰਾਂ ਸਮੇਤ ਸਾਰੀ ਸੰਗਤ ਨੇ ਖੜ੍ਹੇ ਹੋ ਕੇ ਅਤੇ ਜੁੱਤੀਆਂ ਲਾਹ ਕੇ ਸੁਣਿਆ, ਜਿਸ ਨੇ ਇਹ ਸੰਕੇਤ ਦਿੱਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਨਾਲੋਂ ਅਖੌਤੀ ਦਸਮ ਗ੍ਰੰਥ ਦੀ ਰਚਨਾ ਸਿੱਖ ਲਈ ਵੱਧ ਮਹੱਤਵਪੂਰਨ ਹੈ। ਇਸ ਤਰ੍ਹਾਂ ਅਖੌਤੀ ਦਸਮ ਗ੍ਰੰਥ ਸਬੰਧੀ ਪਹਿਲਾਂ ਤੋਂ ਹੀ ਚੱਲ ਰਹੇ ਵਿਵਾਦ ਨੂੰ ਹੋਰ ਹਵਾ ਦਿੱਤੀ ਗਈ।

ਗੁਰੂ ਹਰਿ ਰਾਏ ਸਾਹਿਬ ਜੀ ਦੇ ਪੁੱਤਰ ਰਾਮ ਰਏ ਨੇ ਮੁਗਲ ਸਮਰਾਟ ਦੇ ਦਰਬਾਰ ਵਿੱਚ ਉਸ ਦੀ ਖੁਸ਼ੀ ਹਾਸਲ ਕਰਨ ਲਈ ‘ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍‍ਆਰ ॥’ {ਆਸਾ ਕੀ ਵਾਰ (ਮ: 1) ਗੁਰੂ ਗ੍ਰੰਥ ਸਾਹਿਬ – ਪੰਨਾ 466} ਵਿੱਚ ਸਿਰਫ ਇੱਕ ਸ਼ਬਦ ‘ਮੁਸਲਮਾਨ’ ਨੂੰ ‘ਬੇਈਮਾਨ’ ਦੱਸਿਆ ਸੀ ਤਾਂ ਪਤਾ ਲੱਗਣ ’ਤੇ ਗੁਰੂ ਸਾਹਿਬ ਜੀ ਨੇ ਉਸ ਨੂੰ ਸਦਾ ਲਈ ਤਿਆਗ ਦਿੱਤਾ ਤੇ ਹੁਕਮ ਕੀਤਾ ਕਿ ਰਾਮ ਰਾਏ ਦਾ ਜਿਸ ਪਾਸੇ ਮੂੰਹ ਹੈ ਉਸੇ ਪਾਸੇ ਚਲਾ ਜਾਵੇ, ਉਹ ਸਾਡੇ ਮੱਥੇ ਨਾ ਲੱਗੇ। ਇਹ ਸਖਤ ਹੁਕਮ ਇਸ ਗੱਲ ਦਾ ਸੰਕੇਤ ਹੈ ਕਿ ਗੁਰੂ ਸਾਹਿਬ ਜੀ ਨੂੰ ਗੁਰਬਾਣੀ ਵਿੱਚ ਤਬਦੀਲੀ ਕਦਾਚਿਤ ਵੀ ਪ੍ਰਵਾਨ ਨਹੀਂ। ਪਰ (ਅਖੌਤੀ ਬਾਪੂ) ਆਸਾ ਰਾਮ ਨੇ ‘ਨਿਰਭਉ ਜਪੈ ਸਗਲ ਭਉ ਮਿਟੈ ॥ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ॥’ (ਗਉੜੀ ਸੁਖਮਨੀ ਮ: 5 ਗੁਰੂ ਗ੍ਰੰਥ ਸਾਹਿਬ - ਪੰਨਾ 293) ਨੂੰ ਬਦਲ ਕੇ ‘ਨਿਰਭਉ ਜਪੈ ਸਗਲ ਭਉ ਮਿਟੈ ॥ ਸੰਤ ਕਿਰਪਾ ਤੇ ਪ੍ਰਾਣੀ ਛੁਟੈ ॥’ ਪੜ੍ਹ ਕੇ ਭਾਰੀ ਅਵੱਗਿਆ ਕੀਤੀ ਅਤੇ ਸਿੱਖੀ ’ਤੇ ਪਹਿਲਾਂ ਹੀ ਅਮਰਵੇਲ ਵਾਂਗ ਫੈਲ ਚੁੱਕੇ ਸੰਤਵਾਦ ਨੂੰ ਵਡਾਵਾ ਦੇਣ ਦੀ ਚਾਲ ਚੱਲੀ। ਭਾਈ ਦਰਵੇਸ਼ ਨੇ ਕਿਹਾ ਕਿ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਬਿਆਨ ਦਿੱਤਾ ਸੀ ਕਿ ਉਦਘਾਟਨੀ ਸਮਾਰੋਹ ਦੌਰਾਨ ਜੇ ਕੋਈ ਗੁਰਮਤਿ ਵਿਰੋਧੀ ਕਾਰਵਾਈ ਹੋਈ ਤਾਂ ਪੰਜੇ ਜਥੇਦਾਰ ਮੌਕੇ ’ਤੇ ਹਾਜ਼ਰ ਹੋਣ ਕਰਕੇ ਦਖ਼ਲ ਦੇ ਕੇ ਉਸ ਨੂੰ ਬੰਦ ਕਰਵਾਉਣਗੇ। ਪਰ ਬਾਦਲ ਵਿਰੋਧੀਆਂ ਨੂੰ ਤੁੰਨ ਦੇਣ ਦੀ ਨੀਤੀ ’ਤੇ ਚੱਲਣ ਵਾਲੇ ਸਾਰੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਜਾਂ ਤਾਂ ਬਾਦਲ ਅਤੇ ਆਰਐੱਸਐੱਸ ਅੱਗੇ ਬੇਵਸ ਹੋ ਕੇ ਬੈਠੇ ਰਹੇ ਜਾਂ ਗੁਰਬਾਣੀ ਤੇ ਮਰਿਆਦਾ ਦੀ ਬੇਅਦਬੀ ਲਈ ਉਹ ਖ਼ੁਦ ਵੀ ਭਾਈਵਾਲ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top