Share on Facebook

Main News Page

ਵਿਰਾਸਤ-ਇ- ਖ਼ਾਲਸਾ ਦੇ ਮੁੜ ਉਦਘਾਟਨ ਸਮੇਂ ਅਕਾਲੀ ਦਲ ’ਚ ਧੜੇਬੰਦੀ ਸਾਹਮਣੇ ਆਈ

ਆਨੰਦਪੁਰ ਸਾਹਿਬ, 25 ਨਵੰਬਰ (ਗੁਰਪ੍ਰੀਤ ਸਿੰਘ ਮਹਿਕ/ਕੁਲਵਿੰਦਰ ਜੀਤ ਸਿੰਘ/ਸੁਖਵਿੰਦਰ ਪਾਲ ਸਿੰਘ/ਸੁਰਿੰਦਰ ਸਿੰਘ ਸੋਨੀ) : ਅੱਜ ਇਥੇ ਪੰਜਾਂ ਤਖ਼ਤਾਂ ਦੇ ਮੁੱਖ ਸੇਵਾਦਾਰਾਂ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਵਿਸ਼ਾਲ ਅਜਾਇਬ-ਘਰ ਵਿਰਾਸਤ-ਇ-ਖ਼ਾਲਸਾ ਦਾ ਮੁੜ ਉਦਘਾਟਨ ਕਰ ਦਿਤਾ। ਵਿਰਾਸਤ-ਇ-ਖ਼ਾਲਸਾ ਦੇ ਮੁੜ ਉਦਘਾਟਨ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਧੜੇਬੰਦੀ ਸਪੱਸ਼ਟ ਰੂਪ ਵਿਚ ਸਾਹਮਣੇ ਆ ਗਈ ਹੈ। ਖ਼ਾਲਸਾ ਦੀ ਧਰਤੀ ਅਨੰਦਪੁਰ ਸਾਹਿਬ ਵਿਖੇ ਆਯੋਜਿਤ ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਅਨੰਦਪੁਰ ਸਾਹਿਬ ਤੋਂ ਵਿਧਾਇਕ ਬਾਬਾ ਅਜੀਤ ਸਿੰਘ ਗ਼ੈਰ ਹਾਜ਼ਰ ਰਹੇ। ਇਹੀ ਨਹੀਂ, ਸੰਤ ਸਮਾਜ ਦੇ ਮੁਖੀ ਹਰਨਾਮ ਸਿੰਘ ਧੁੰਮਾ ਵੀ ਵਿਖਾਈ ਨਾ ਦਿਤੇ। ਅਕਾਲੀ ਦਲ-ਭਾਜਪਾ ਨੂੰ ਛੱਡ ਕੇ ਕੋਈ ਵੀ ਹੋਰ ਪਾਰਟੀ ਦੇ ਨੇਤਾ ਨੇ ਸਮਾਗਮ ਵਿਚ ਹਿੱਸਾ ਨਾ ਲਿਆ।

ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪੰਚ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਜਿਨ੍ਹਾਂ ਲੰਮਾ ਸਮਾਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਕੀਤੀ, ਦਾ ਨਾਹ ਦੇ ਬਰਾਬਰ ਹੀ ਜ਼ਿਕਰ ਕੀਤਾ ਗਿਆ। ਵੱਖ-ਵੱਖ ਧਰਮਾਂ ਦੇ ਧਾਰਮਕ ਮੁਖੀਆਂ ਅਤੇ ਵੱਖ-ਵੱਖ ਫ਼ਿਰਕਿਆਂ ਦੇ ਪ੍ਰਤੀਨਿਧਾਂ ਦੇ ਨਾਲ-ਨਾਲ ਆਮ ਲੋਕਾਂ ਨੇ ਸਮਾਗਮ ਵਿਚ ਸ਼ਿਰਕਤ ਕੀਤੀ। ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਇਸ ਪ੍ਰਾਜੈਕਟ ਨਾਲ ਜੁੜੇ ਲੋਕਾਂ ਨੂੰ ਸਿਰੋਪਾਉ ਦੇ ਕੇ ਸਨਮਾਨਤ ਕੀਤਾ। ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਨਿਤਿਨ ਗਡਕਰੀ ਨੇ ਖ਼ਾਲਸਾ ਪੰਥ ਦੇ 500 ਸਾਲ ਪੁਰਾਣੇ ਇਤਿਹਾਸ ਨੂੰ ਪੇਸ਼ ਕਰਦਿਆਂ ਵਿਰਾਸਤ-ਇ-ਖ਼ਾਲਸਾ ਅਜਾਇਬ-ਘਰ ਦੇ ੳਦਘਾਟਨੀ ਸਮਾਰੋਹ ਵਿਚ ਹਾਜ਼ਰ ਹੋਣ ਦਾ ਮੌਕਾ ਮਿਲਣ ’ਤੇ ਬੇਹੱਦ ਖ਼ੁਸ਼ੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਉਹ ਅਤੇ ਉਨ੍ਹਾਂ ਦਾ ਪਰਵਾਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਨਾਲ ਜੁੜੇ ਹੋਏ ਹਨ ਅਤੇ ਹੁਣ ਇਸ ਪ੍ਰਾਜੈਕਟ ਨਾਲ ਜੋੜਣ ਲਈ ਉਹ ਸ. ਬਾਦਲ ਦੇ ਤਹਿ-ਦਿਲੋਂ ਧਨਵਾਦੀ ਹਨ।

ਸ੍ਰੀ ਗਡਕਰੀ ਨੇ ਕਿਹਾ ਕਿ ਉਹ ਨਿਜੀ ਤੌਰ ’ਤੇ ਵੱਡੇ ਕਨਕਰੀਟ ਪ੍ਰਾਜੈਕਟਾਂ ਨੂੰ ਉਲੀਕਣ ਨਾਲ ਜੁੜੇ ਹੋਣ ਦੇ ਬਾਵਜੂਦ ਇਹ ਸਮਝਦੇ ਹਨ ਕਿ ਇਹ ਵਿਸ਼ਵ ਪਧਰੀ ਪ੍ਰਾਜੈਕਟ ਉਨ੍ਹਾਂ ਦੀ ਕਲਪਨਾ ਤੋਂ ਕਿਤੇ ਉਪਰ ਹੈ। ਉਨ੍ਹਾਂ ਇਸ ਪ੍ਰਾਜੈਕਟ ਨੂੰ ਚਿਤਵਨ ਅਤੇ ਨੇਪਰੇ ਚਾੜ੍ਹਨ ਲਈ ਸ. ਬਾਦਲ ਨੂੰ ਵਧਾਈ ਦਿਤੀ। ਸ. ਬਾਦਲ ਨੇ ਸੱਭ ਤੋਂ ਪਹਿਲਾਂ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਜਿਸ ਨੇ ਉਨ੍ਹਾਂ ਨੂੰ ਵਿਸ਼ਾਲ ਕਾਰਜ ਨੂੰ ਨੇਪਰੇ ਚਾੜ੍ਹਣ ਦੀ ਸਮਰਥਾ ਅਤੇ ਮੌਕਾ ਬਖ਼ਸ਼ਿਆ। ਉਨ੍ਹਾਂ ਕਿਹਾ, ‘‘ਮੈਂ ਸਿੱਖ ਪੰਥ ਅਤੇ ਮਨੁੱਖਤਾ ਪ੍ਰਤੀ ਅਪਣਾ ਨਿਮਾਨਾ ਜਿਹਾ ਫ਼ਰਜ਼ ਨਿਭਾਇਆ ਹੈ। ਮੈਂ ਵਾਹਿਗੁਰੂ ਦਾ ਕੋਟਿਨ ਕੋਟਿ ਧਨਵਾਦੀ ਹਾਂ ਜਿਸ ਨੇ ਮੈਨੂੰ ਚਾਰ ਵਾਰ ਮੁੱਖ ਮੰਤਰੀ ਬਣਾਇਆ। ਇਸ ਵਿਸ਼ਾਲ ਪ੍ਰਾਜੈਕਟ ਦੀ ਸਥਾਪਨਾ ਦੀ ਸੋਝੀ ਅਤੇ ਇਸ ਨੂੰ ਮੁਕੰਮਲ ਕਰਨ ਦਾ ਬਲ ਬਖ਼ਸ਼ਿਆ।’’ ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਤਿੰਨ ਹੋਰ ਵੱਡੀਆਂ ਯਾਦਗਾਰਾਂ ਜੋ ਛੋਟੇ ਘਲੂਘਾਰੇ ਅਤੇ ਵੱਡੇ ਘਲੂਘਾਰੇ ਦੇ ਹਜ਼ਾਰਾਂ ਸ਼ਹੀਦਾਂ ਅਤੇ ਪਹਿਲੇ ਸਿੱਖ ਰਾਜ ਦੇ ਸੰਸਥਾਪਕ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਨੂੰ ਸਮਰਪਤ ਹਨ, ਨੂੰ ਮੁਕੰਮਲ ਕਰਨ ਦੀ ਸੇਵਾ ਬਖ਼ਸ਼ੀ। ਉਨ੍ਹਾਂ ਕਿਹਾ ਕਿ ਇਹ ਯਾਦਗਾਰਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਗੱਲ ਤੋਂ ਜਾਣੁ ਕਰਵਾਉਣਗੀਆਂ ਕਿ ਕਿਸ ਤਰ੍ਹਾਂ ਸਿੱਖਾਂ ਵਲੋਂ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਨਿਸਵਾਰਥ ਕੁਰਬਾਨੀਆਂ ਕੀਤੀਆਂ ਗਈਆਂ ਹਨ।

ਮੁੱਖ ਮੰਤਰੀ ਨੇ ਕਿਹਾ, ‘‘ਸਾਨੂੰ ਵਿਰਾਸਤ-ਇ-ਖ਼ਾਲਸਾ ਨੂੰ ਸਮੂਹ ਧਰਮਾਂ, ਰਾਜਨੀਤਕ ਦਲਾਂ ਅਤੇ ਜਾਤ ਪਾਤ ਜਿਹੇ ਮੁੱਦਿਆਂ ਤੋਂ ਉਪਰ ਉਠ ਕੇ ਵੇਖਣਾ ਚਾਹੀਦਾ ਹੈ ਕਿਉਂਕਿ ਇਹ ਸਮੁੱਚੀ ਮਨੁੱਖਤਾ ਨੂੰ ਸਮਰਪਤ ਹੈ ਅਤੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਸਰਬੱਤ ਦੇ ਭਲੇ ਦੇ ਸੰਦੇਸ਼ ਦਾ ਪ੍ਰਤੀਕ ਹੈ।’’ ਉਨ੍ਹਾਂ ਕਿਹਾ, ‘‘ਅਸੀਂ ਅਪਣੇ-ਆਪ ਨੂੰ ਸਾਡੇ ਅਮੀਰ ਧਾਰਮਕ ਅਤੇ ਸਭਿਆਚਾਰਕ ਵਿਰਸੇ ਤੋਂ ਤੋੜ ਰਹੇ ਹਾਂ ਅਤੇ ਸਾਡੀ ਨੌਜਵਾਨ ਪੀੜ੍ਹੀ ਸਿੱਖਾਂ ਦੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਅਨਜਾਣ ਹੈ। ਅਸੀਂ ਬੜੀ ਮੁਸ਼ਕਲ ਨਾਲ ਹੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਖ਼ਾਲਸਾ ਪੰਥ ਦੀ ਸਥਾਪਨਾ ਦੇ 12 ਸਾਲ ਦੇ ਸੰਖੇਪ ਅਰਸੇ ਦੌਰਾਨ ਹੀ ਦੇਸ਼ ਅੰਦਰ ਪਹਿਲਾ ਖ਼ਾਲਸਾ ਰਾਜ ਕਾਇਮ ਕੀਤਾ ਸੀ।’’ ਬਾਬਾ ਬੰਦਾ ਸਿੰਘ ਬਹਾਦਰ ਨੂੰ ਸੁਤੰਤਰਤਾ ਸੰਗਰਾਮ ਦਾ ਪਹਿਲਾ ਸ਼ਹੀਦ ਕਰਾਰ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਯਾਦ ਵਿਚ 30 ਨਵੰਬਰ ਨੂੰ ਚਪੜਚਿੜੀ ਵਿਖੇ ਯਾਦਗਾਰ ਦਾ ਉਦਘਾਟਨ ਹੋ ਰਿਹਾ ਹੈ ਜੋ ਬਾਬਾ ਜੀ ਦੀ ਬੇਮਿਸਾਲ ਬਹਾਦਰੀ ਅਤੇ ਨਿਸਵਾਰਥ ਕੁਰਬਾਨੀ ਨੂੰ ਨੌਜਵਾਨ ਪਿੜ੍ਹੀ ਅੱਗੇ ਰੱਖੇਗੀ। ਸ. ਬਾਦਲ ਨੇ ਕਿਹਾ ਕਿ ਅਗਲੇ ਪੰਜ ਦਿਨ ਵਿਸ਼ਵ ਦੇ ਇਤਿਹਾਸ ਦੇ ਸੱਭ ਤੋਂ ਮਹੱਤਵਪੂਰਨ ਦਿਨ ਹਨ ਜਦ ਬੇਹੱਦ ਮਹੱਤਤਾ ਵਾਲੀਆਂ ਇਤਿਹਾਸਕ ਯਾਦਗਾਰਾਂ ਮਨੁੱਖਤਾ ਨੂੰ ਸਮਰਪਤ ਹੋਣ ਜਾ ਰਹੀਆਂ ਹਨ।

ਸ. ਬਾਦਲ ਨੇ ਕਿਹਾ ਕਿ ਕੁੱਪ ਰੋਹੀੜਾ ਵਿਖੇ ਵੱਡੇ ਘਲੂਘਾਰੇ ਜਿਸ ਦੌਰਾਨ 35000 ਤੋਂ ਵੀ ਜ਼ਿਆਦਾ ਸਿੰਘ, ਸਿੰਘਣੀਆਂ, ਬਜ਼ੁਰਗ ਅਤੇ ਬੱਚੇ ਸ਼ਹੀਦ ਹੋਏ ਸਨ ਅਤੇ ਕਾਹਨੂੰਵਾਨ ਛੰਭ ਵਿਖੇ ਛੋਟੇ ਘਲੂਘਾਰੇ ਦੌਰਾਨ ਸ਼ਹੀਦ ਹੋਏ 15000 ਸਿੱਖਾਂ ਦੀ ਯਾਦ ਨੂੰ ਸਦੀਵੀਂ ਬਣਾਉਣ ਲਈ ਇਹ ਯਾਦਗਾਰਾਂ ਬਣਾਇਆ ਜਾ ਰਾਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰਮਾਤਮਾ ਦੀ ਮਿਹਰ ਹੀ ਸੀ ਜਿਸ ਨਾਲ ਉਨ੍ਹਾਂ ਨੂੰ ਅਜਿਹੇ ਪ੍ਰਾਜੈਕਟਾਂ ਨੂੰ ਚਿਤਵਨ ਅਤੇ ਹਕੀਕੀ ਰੂਪ ਦੇਣ ਦਾ ਮਾਣ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਮਾਤਮਾ ਦੀ ਮਿਹਰ ਹੀ ਸੀ ਕਿ ਉਨ੍ਹਾਂ ਦਾ ਇਜ਼ਰਾਈਲ ਦੌਰੇ ਦੌਰਾਨ ਵਿਸ਼ਵ ਪ੍ਰਸਿੱਧ ਆਰਕੀਟੈਕਟ ਮੌਸ਼ੇ ਸੈਫ਼ਦੀ ਨੂੰ ਮਿਲਣ ਦਾ ਸਬਬ ਬਣਿਆ ਅਤੇ ਉਹ ਉਨ੍ਹਾਂ ਨੂੰ ਇਸ ਪ੍ਰਾਜੈਕਟ ਲਈ ਪ੍ਰੇਰ ਸਕੇ। ਉਨ੍ਹਾਂ ਕਿਹਾ ਕਿ ਉਹ ਪ੍ਰਮਾਤਮਾ ਦੇ ਇਸ ਕਰ ਕੇ ਵੀ ਬੇਹੱਦ ਮਸ਼ਕੂਰ ਹਨ ਕਿ ਉਨ੍ਹਾਂ ਨੂੰ ਚਾਰ ਵਾਰ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਮਾਣ ਬਖ਼ਸ਼ਿਆ ਅਤੇ ਇਨ੍ਹਾਂ ਪ੍ਰਾਜੈਕਟਾਂ ਦੀ ਸੇਵਾ ਲਈ। ਉਨ੍ਹਾਂ ਅਪਣੇ ਲੰਬੇ ਸਿਆਸੀ , ਸਮਾਜਕ ਅਤੇ ਧਾਰਮਕ ਜੀਵਨ ਦੌਰਾਨ ਜਾਣੇ ਅਣਜਾਨੇ ਹੋਈ ਕਿਸੇ ਵੀ ਭੁੱਲ ਲਈ ਪ੍ਰਮਾਤਮਾ ਅੱਗੇ ਤੌਬਾ ਕੀਤੀ। ਉਨ੍ਹਾਂ ਕਿਹਾ ਕਿ ਉਹ ਅਪਣੇ ਜੀਵਨ ਦੇ ਅਜਿਹੇ ਪੜਾਅ ਵਿਚ ਪਹੁੰਚ ਗਏ ਹਨ ਕਿ ਕਿਸੇ ਵੀ ਵਕਤ ਪ੍ਰਮਾਤਮਾ ਦਾ ਸੱਦਾ ਆ ਸਕਦਾ ਹੈ ਪਰ ਉਨ੍ਹਾਂ ਨੂੰ ਇਸ ਗੱਲ ਦੀ ਪੁਰਨ ਤਸੱਲੀ ਹੈ ਕਿ ਪ੍ਰਮਾਤਮਾ ਦੀ ਮਿਹਰ ਸਦਕਾ ਉਹ ਇਨ੍ਹਾਂ ਪ੍ਰਾਜੈਕਟਾਂ ਨੂੰ ਨੇਪਰੇ ਚਾੜ੍ਹ ਕੇ ਖ਼ਾਲਸਾ ਪੰਥ ਪ੍ਰਤੀ ਅਪਣਾ ਨਿਮਾਨਾ ਜਿਹਾ ਫ਼ਰਜ਼ ਅਦਾ ਕਰ ਸਕੇ ਹਨ।

ਸੁਖਬੀਰ ਸਿੰਘ ਬਾਦਲ ਨੇ ਵਿਰਾਸਤ-ਇ-ਖ਼ਾਲਸਾ ਨੂੰ ਦੁਨੀਆਂ ਦਾ ਅਠਵਾਂ ਅਜੂਬਾ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਸ੍ਰੀ ਅਨੰਦਪੁਰ ਸਾਹਿਬ ਸੰਸਾਰਕ ਸੈਲਾਨੀ ਨਕਸ਼ੇ ’ਤੇ ਵੀ ਆ ਗਿਆ ਹੈ। ਅਕਾਲ ਤਖ਼ਤ ਦੇ ‘ਜਥੇਦਾਰ’ ਗਿਆਨੀ ਗੁਰਬਚਨ ਸਿੰਘ ਨੇ ਅੱਜ ਦੇ ਦਿਨ ਨੂੰ ਇਤਿਹਾਸ ਦਾ ਇਕ ਮਹੱਤਵਪੂਰਨ ਦਿਨ ਕਰਾਰ ਦਿਤਾ। ਉਨ੍ਹਾਂ ਕਿਹਾ ਕਿ ਇਸ ਯਾਦਗਾਰ ਵਿਚ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਜਿਸ ਸ਼ਿਦਤ ਨਾਲ ਪੇਸ਼ ਕੀਤਾ ਗਿਆ ਹੈ, ਉਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਾ ਕੇਵਲ ਅਪਣੇ ਵਿਰਸੇ ਬਾਰੇ ਬਲਕਿ ਭਵਿਖ ਲਈ ਪ੍ਰੇਰਣਾ ਵੀ ਮਿਲੇਗੀ। ਸ੍ਰੀ ਸ੍ਰੀ ਰਵੀਸ਼ੰਕਰ ਨੇ ਵੀ ਅਪਣੇ ਵਿਚਾਰ ਪ੍ਰਗਟ ਕੀਤੇ। ਇਸ ਤੋਂ ਪਹਿਲਾਂ ਦੇਸ਼ ਦੀ ਮਹਾਨ ਗਾਇਕਾ ਆਸ਼ਾ ਭੌਂਸਲੇ ਨੇ ਗੁਰਬਾਨੀ ਸ਼ਬਦ ‘ਮੇਰੇ ਸਾਹਿਬਾ ਮੇਰੇ ਸਾਹਿਬਾ’ ਦਾ ਗਾਇਨ ਕੀਤਾ। ਉਨ੍ਹਾਂ ਅਪਣੇ ਸੰਖੇਪ ਭਾਸ਼ਣ ਦੌਰਾਨ ਅਪਣੀ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਨਾਲ ਸਾਂਝ ਨੂੰ ਯਾਦ ਕਰਦਿਆਂ ਕਿਹਾ ਕਿ ਮਹਾਰਾਸ਼ਟਰ ਦਾ ਹਰ ਪਰਵਾਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਲਈ ਗੁਰੂ ਸਾਹਿਬ ਦਾ ਰਿਣੀ ਹੈ। ਉਨ੍ਹਾਂ ਦਸਿਆ ਕਿ ਉਨ੍ਹਾਂ ਅਨੇਕਾਂ ਪੰਜਾਬੀ ਗੀਤ ਗਾਏ ਹਨ ਪਰ ਪੰਜਾਬ ਆਉਣ ਦਾ ਸਬਬ ਪਹਿਲੀ ਵਾਰ ਬਣਿਆ ਹੈ।

ਪ੍ਰਸਿੱਧ ਗਾਇਕਾ ਜਸਪਿੰਦਰ ਕੌਰ ਨਰੂਲਾ ਨੇ ‘ਦੇਹੁ ਸ਼ਿਵਾ ਬਰ ਮੋਹਿ ਇਹੈ, ਸ਼ੁਭ ਕਰਮਨ ਤੇ ਕਬਹੂੰ ਨਾ ਟਰੋ’ ਦੇ ਗਾਇਨ ਨਾਲ ਸੰਗਤ ਨੂੰ ਨਿਹਾਲ ਕੀਤਾ ਅਤੇ ਇਸ ਉਪਰੰਤ ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ‘ਜਥੇਦਾਰ’ ਗਿਆਨੀ ਤਰਲੋਚਨ ਸਿੰਘ ਨੇ ਅਰਦਾਸ ਕੀਤੀ। ਇਸ ਤੋਂ ਬਾਅਦ ਜਿਵੇਂ ਹੀ ਮੁੱਖ ਸੇਵਾਦਾਰਾਂ ਅਤੇ ਸ. ਬਾਦਲ ਨੇ ਉਦਘਾਟਨੀ ਪੱਥਰ ਤੋਂ ਪਰਦਾ ਹਟਾਉਣ ਲਈ ਬਟਨ ਦਬਾਇਆ ਤਾਂ ਰੰਗ-ਬਿਰੰਗੀ ਆਤਿਸ਼ਬਾਜ਼ੀ ਕੀਤੀ ਗਈ। ਹਵਾਈ ਗਲਾਈਡਰ ਰਾਹੀਂ ਅਕਾਸ਼ ਤੋਂ ਫੁਲ ਪੱਤੀਆਂ ਦੀ ਵਰਖਾ ਵੀ ਕੀਤੀ ਗਈ ਅਤੇ ਖ਼ਾਲਸਾ ਪੰਥ ਦੇ ਸ਼ਾਨਾਮੱਤੇ ਇਤਿਹਾਸ ਵਿਚ ਇਕ ਹੋਰ ਸੁਨਹਿਰੀ ਅਧਿਆਏ ਦਰਜ ਹੋ ਗਿਆ। ਇਸ ਮੌਕੇ ਗੱਤਕਾ ਪਾਰਟੀਆਂ ਅਤੇ ਰਵਾਇਤੀ ਖ਼ਾਲਸਾਈ ਪੋਸ਼ਾਕ ਵਿਚ ਸਿੰਘਾਂ ਦੇ ਜੈਕਾਰਿਆਂ ਨੇ ਸਮੁੱਚਾ ਮਾਹੌਲ ਹੀ ਜੋਸ਼ੀਲਾ ਬਣਾ ਦਿਤਾ।

ਇਸ ਉਪਰੰਤ ਮਹਿਮਾਨਾਂ ਨੂੰ ਖ਼ਾਲਸਾ ਪੰਥ ਦੇ ਸਫ਼ਰ ਨੂੰ ਬਿਆਨ ਕਰਦੀਆਂ 15 ਗੈਲਰੀਆਂ ਵਿਖਾਈਆਂ ਗਈਆਂ। ਇਸ ਮੌਕੇ ਸ੍ਰੀ ਤੀਕਸ਼ਣ ਸੂਦ ਸਮੇਤ ਰਾਜ ਦੇ ਸਮੂਹ ਕੈਬਨਿਟ ਮੰਤਰੀ, ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ, ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ, ਵਿਧਾਨ ਸਭਾ ਸਪੀਕਰ ਨਿਰਮਲ ਸਿੰਘ ਕਾਹਲੋਂ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ, ਸ. ਸੁਖਦੇਵ ਸਿੰਘ ਢੀਂਡਸਾ, ਬੀਬਾ ਹਰਸਿਮਰਤ ਕੌਰ ਬਾਦਲ ਅਤੇ ਨਵਜੋਤ ਸਿੰਘ ਸਿੱਧੂ ਸਾਰੇ ਸੰਸਦੀ ਮੈਂਬਰ, ਸ਼ੰਕਰਾਚਾਰੀਆ ਜਯੋਤਿਰਮੱਠ ਸਵਾਮੀ ਮਾਧਵ ਆਸ਼ਰਮ, ਬਾਪੂ ਆਸਾਰਾਮ, ਪਾਕਿਸਤਾਨ ਦੇ ਸਾਬਕਾ ਸਿਖਿਆ ਮੰਤਰੀ ਜਨਾਬ ਇਮਰਾਨ ਮਸੂਦ, ਪਾਕਿ ਸੰਸਦ ਮੈਂਬਰ ਰਾਏ ਅਜ਼ੀਜ਼ ਉਲਾ ਖ਼ਾਨ, ਸੰਸਦ ਮੈਂਬਰ ਵਾਇਕੋ, ਗੁਜਰਾਤ ਦੇ ਖੇਤੀ ਮੰਤਰੀ ਦਲੀਪ ਸੰਘੇੜੀ, ਇਜ਼ਰਾਇਲੀ ਆਰਕੀਟੈਕਟ ਮੋਸ਼ੇ ਸੈਫ਼ਦੀ, ਐਲ.ਐਨ.ਟੀ ਦੇ ਕਾਰਜਕਾਰੀ ਡਾਇਰੈਕਟਰ ਐਨ.ਐਸ.ਰਾਏ, ਕੈਨੇਡਾ ਦੇ ਸਾਬਕਾ ਮੰਤਰੀ ਗੁਰਬਖ਼ਸ਼ ਸਿੰਘ ਮੱਲੀ, ਸਾਬਕਾ ਸੰਸਦ ਮੈਂਬਰ ਰੂਬੀ ਢੱਲਾ, ਬਾਬਾ ਬਲਬੀਰ ਸਿੰਘ ਸੀਚੇਵਾਲ, ਬਿਕਰਮ ਸਿੰਘ ਮਜੀਠੀਆ ਪ੍ਰਧਾਨ ਯੂਥ ਅਕਾਲੀ ਦਲ, ਬੀਬੀ ਜਾਗੀਰ ਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ, ਸੀ.ਐਸ. ਅਗਰਵਾਲ ਮੁੱਖ ਸਕੱਤਰ, ਅਨਿਲ ਕੌਸ਼ਿਕ ਡੀ.ਜੀ.ਪੀ, ਦਰਬਾਰਾ ਸਿੰਘ ਗੁਰੂ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਅਤੇ ਕੈਨੇਡਾ ਪੁਲਿਸ ਵਿਚ ਪਹਿਲੇ ਅੰਮ੍ਰਿਤਧਾਰੀ ਸਿੱਖ ਕਰਮਚਾਰੀ ਬਲਜੀਤ ਸਿੰਘ ਢਿੱਲੋਂ ਮੁੱਖ ਤੌਰ ’ਤੇ ਹਾਜ਼ਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top