Share on Facebook

Main News Page

ਧਰਮੀ ਬੰਦਾ ਕਦੇ ਖ੍ਰੀਦਿਆ ਨਹੀਂ ਜਾਂਦਾ, ਜੋ ਖ੍ਰੀਦਿਆ ਜਾਵੇ ਉਹ ਧਰਮੀ ਨਹੀਂ ਹੋ ਸਕਦਾ: ਭਾਈ ਪੰਥਪ੍ਰੀਤ ਸਿੰਘ

* ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਤਿਲਕ ਜੰਝੂ ਦੀ ਰਾਖੀ ਲਈ ਦਿੱਤੀ ਸ਼ਹਾਦਤ ਕਹਿਣਾ ਸ਼ਹਾਦਤ ਨੂੰ ਘਟਾ ਕੇ ਦੱਸਣਾ ਹੈ
* ਗੁਰੂ ਜੀ ਨੇ ਸ਼ਹੀਦੀ ਹਿੰਦੂਆਂ ਦੇ ਫੋਕਟ ਕਰਮ ਕਾਂਡਾਂ ਲਈ ਨਹੀਂ ਦਿੱਤੀ ਬਲਕਿ ਮਜ਼ਲੂਮ ਦੇ ਧਾਰਮਿਕ ਤੇ ਮਨੁਖੀ ਅਧਿਕਾਰਾਂ ਦੀ ਰਾਖੀ ਲਈ ਅਤੇ ਜ਼ਬਰ ਜੁਲਮ ਦੇ ਵਿਰੁਧ ਦਿੱਤੀ ਹੈ
* ਜੇ ਵਿਸ਼ਵ ਪੱਧਰ ’ਤੇ ਮਨੁੱਖੀ ਅਧਿਕਾਰ ਦਿਵਸ ਮਨਾਉਣਾ ਹੋਵੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਨਾਲੋਂ ਵੱਧ ਹੋਰ ਕੋਈ ਢੁਕਵਾਂ ਦਿਵਸ ਨਹੀਂ ਹੋ ਸਕਦਾ

ਬਠਿੰਡਾ, 23 ਨਵੰਬਰ (ਕਿਰਪਾਲ ਸਿੰਘ) ਇਸਤਰੀ ਸਤਿਸੰਗਤ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਗੁਰਦੁਆਰਾ ਸਾਹਿਬ ਸੰਗਤ ਸਿਵਲ ਸਟੇਸ਼ਨ ਬਠਿੰਡਾ ਅਤੇ ਸਮੂਹ ਇਲਾਕਾ ਨਿਵਾਸੀ ਸੰਗਤਿ ਦੇ ਸਹਿਯੋਗ ਨਾਲ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਮਹਾਨ ਕੀਰਤਨ ਅਤੇ ਗੁਰਮਤਿ ਸਮਾਗਮ ਅੱਜ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਖੁਲ੍ਹੇ ਮੈਦਾਨ ਵਿੱਚ ਸਜਾਇਆ ਗਿਆ, ਜਿਸ ਵਿੱਚ ਗੁਰਮਤਿ ਦੇ ਨਿਸ਼ਕਾਮ ਸੇਵਕ ਭਾਈ ਪੰਥਪ੍ਰੀਤ ਸਿੰਘ ਜੀ ਖ਼ਾਲਸਾ ਭਾਈ ਬਖ਼ਤੌਰ ਵਾਲਿਆਂ ਨੇ ਸੰਗਤਾਂ ਨੂੰ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕੀਤਾ।

ਕੀਰਤਨ ਦੌਰਾਨ ਉਨ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: 726 ਉਪਰ ਦਰਜ਼ ਸ਼ਬਦ ਦਾ ਗਾਇਨ ਅਤੇ ਗੁਰਮਤਿ ਅਨੁਸਾਰੀ ਵਿਆਖਿਆ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਅਸੀਂ ਵਿਦਿਆਰਥੀ ਨੂੰ ਸਮਝਾਉਂਦੇ ਹਾਂ ਕਿ ਹੁਣ ਇਮਤਿਹਾਨਾਂ ਵਿੱਚ ਥੋਹੜਾ ਹੀ ਸਮਾ ਬਾਕੀ ਹੈ ਇਸ ਲਈ ਪੜ੍ਹ ਲੈ ਫਿਰ ਵੇਲਾ ਹੱਥ ਨਹੀਂ ਆਉਣਾ ਉਸੇ ਤਰ੍ਹਾਂ ਗੁਰੂ ਸਾਹਿਬ ਜੀ ਇਸ ਸ਼ਬਦ ਵਿੱਚ ਜੀਵ ਨੂੰ ਸਮਝਾਉਂਦੇ ਹਨ ਕਿ ਹੇ ਪ੍ਰਾਣੀ ਫੁੱਟੇ ਘੜੇ ਵਿੱਚ ਪਾਨੀ ਦੀ ਤਰ੍ਹਾਂ ਤੇਰੀ ਉਮਰ ਛਿਨ ਛਿਨ ਕਰਕੇ ਘਟਦੀ ਜਾ ਰਹੀ ਹੈ, ਹਾਲੀ ਵੀ ਕੁਝ ਨਹੀਂ ਵਿਗੜਿਆ, ਪਰਮਾਤਮਾ ਦੀ ਸਿਫ਼ਤਿ ਸਾਲਾਹ ਦੇ ਗੀਤ ਗਾਇਆ ਕਰ। ਝੂਠੇ ਲਾਲਚ ਵਿਚ ਫਸ ਕੇ ਤੂੰ ਮੌਤ ਨੂੰ ਨਾ ਭੁਲਾ।

ਤਲੰਗ ਮਃ 9 ਕਾਫੀ ੴ ਸਤਿਗੁਰ ਪ੍ਰਸਾਦਿ॥ ਚੇਤਨਾ ਹੈ ਤਉ ਚੇਤ ਲੈ, ਨਿਸਿ ਦਿਨਿ ਮੈ ਪ੍ਰਾਨੀ॥ ਛਿਨੁ ਛਿਨੁ ਅਉਧ ਬਿਹਾਤੁ ਹੈ, ਫੂਟੈ ਘਟ ਜਿਉ ਪਾਨੀ ॥1॥ ਰਹਾਉ ॥

ਅਰਥ:- ਹੇ ਮਨੁੱਖ! ਜੇ ਤੂੰ ਪਰਮਾਤਮਾ ਦਾ ਨਾਮ ਸਿਮਰਨਾ ਹੈ, ਤਾਂ ਦਿਨ ਰਾਤ ਇੱਕ ਕਰ ਕੇ ਸਿਮਰਨਾ ਸ਼ੁਰੂ ਕਰ ਦੇ (ਕਿਉਂਕਿ) ਜਿਵੇਂ ਤ੍ਰੇੜੇ ਹੋਏ ਘੜੇ ਵਿਚੋਂ ਪਾਣੀ (ਸਹਜੇ ਸਹਜੇ ਨਿਕਲਦਾ ਰਹਿੰਦਾ ਹੈ, ਤਿਵੇਂ ਹੀ) ਇਕ ਇਕ ਛਿਨ ਕਰ ਕੇ ਉਮਰ ਬੀਤਦੀ ਜਾ ਰਹੀ ਹੈ ॥1॥ ਰਹਾਉ।

ਹਰਿ ਗੁਨ ਕਾਹਿ ਨ ਗਾਵਹੀ, ਮੂਰਖ ਅਗਿਆਨਾ॥  ਝੂਠੈ ਲਾਲਚਿ ਲਾਗਿ ਕੈ, ਨਹਿ ਮਰਨੁ ਪਛਾਨਾ॥1॥

ਅਰਥ:- ਹੇ ਮੂਰਖ! ਹੇ ਬੇਸਮਝ! ਤੂੰ ਪਰਮਾਤਮਾ ਦੀ ਸਿਫ਼ਤਿ ਸਾਲਾਹ ਦੇ ਗੀਤ ਕਿਉਂ ਨਹੀਂ ਗਾਂਦਾ? ਮਾਇਆ ਦੇ ਝੂਠੇ ਲਾਲਚ ਵਿਚ ਫਸ ਕੇ ਤੂੰ ਮੌਤ ਨੂੰ (ਭੀ) ਚੇਤੇ ਨਹੀਂ ਕਰਦਾ ॥1॥

ਅਜਹੂ ਕਛੁ ਬਿਗਰਿਓ ਨਹੀ, ਜੋ ਪ੍ਰਭ ਗੁਨ ਗਾਵੈ॥  ਕਹੁ ਨਾਨਕ ਤਿਹ ਭਜਨ ਤੇ, ਨਿਰਭੈ ਪਦੁ ਪਾਵੈ॥2॥1॥

ਅਰਥ:- ਪਰ, ਹੇ ਨਾਨਕ! ਆਖ, ਜੇ ਮਨੁੱਖ ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦੇਵੇ (ਭਾਵੇਂ ਸਿਮਰਨ ਹੀਨਤਾ ਵਿਚ ਕਿਤਨੀ ਭੀ ਉਮਰ ਗੁਜ਼ਰ ਚੁਕੀ ਹੋਵੇ) ਫਿਰ ਭੀ ਕੋਈ ਨੁਕਸਾਨ ਨਹੀਂ ਹੁੰਦਾ (ਕਿਉਂਕਿ) ਉਸ ਪਰਮਾਤਮਾ ਦੇ ਭਜਨ ਦੀ ਬਰਕਤਿ ਨਾਲ ਮਨੁੱਖ ਉਹ ਆਤਮਕ ਦਰਜਾ ਪ੍ਰਾਪਤ ਕਰ ਲੈਂਦਾ ਹੈ, ਜਿੱਥੇ ਕੋਈ ਡਰ ਪੋਹ ਨਹੀਂ ਸਕਦਾ ॥2॥1॥

ਇਸ ਉਪ੍ਰੰਤ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦੇ ਕਾਰਣਾਂ ਅਤੇ ਇਤਿਹਾਸ ਬਾਰੇ ਚਾਨਣਾ ਪਾਉਂਦਿਆਂ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਜੀ ਦੀ ਸ਼ਹੀਦੀ ਸਾਰੀ ਦੁਨੀਆਂ ਦੇ ਇਤਿਹਾਸ ਵਿੱਚ ਇੱਕੋ ਇੱਕ ਮਸਾਲ ਹੈ ਜਿੱਥੇ ਕਿਸੇ ਦੂਸਰੇ ਧਰਮ, ਜਿਸ ਦੇ ਸਿਧਾਂਤ ਨਾਲ ਉਹ ਸਹਿਮਤ ਨਾ ਹੋਣ ਦੇ ਬਾਵਯੂਦ ਵੀ, ਉਸ ਦੀ ਧਾਰਮਕ ਅਜ਼ਾਦੀ ਤੇ ਮਨੁਖੀ ਅਧਿਕਾਰਾਂ ਦੀ ਰਾਖੀ ਲਈ ਸ਼ਹਾਦਤ ਦਿੱਤੀ। ਉਨ੍ਹਾਂ ਕਿਹਾ ਕਿ ਇਸ ਸ਼ਹੀਦੀ ਨੂੰ ਤਿਲਕ ਜੰਝੂ ਦੀ ਰਾਖੀ ਲਈ ਦਿੱਤੀ ਸ਼ਹਾਦਤ ਕਹਿਣਾ ਸ਼ਹਾਦਤ ਨੂੰ ਘਟਾ ਕੇ ਦੱਸਣਾ ਹੈ। ਉਨ੍ਹਾਂ ਕਿਹਾ ਕਿ ਜੇ ਉਸ ਵੇਲੇ ਹਿੰਦੂਆਂ ਦਾ ਰਾਜ ਹੁੰਦਾ ਤੇ ਉਹ ਮੁਸਲਮਾਨਾਂ ’ਤੇ ਜ਼ਬਰ ਜੁਲਮ ਕਰਦੇ ਹੁੰਦੇ ਤਾਂ ਗੁਰੂ ਸਾਹਿਬ ਜੀ ਨੇ ਉਨ੍ਹਾਂ ਲਈ ਵੀ ਇਸੇ ਤਰ੍ਹਾਂ ਸ਼ਹੀਦੀ ਦੇਣੀ ਸੀ। ਇਸ ਲਈ ਜੇ ਵਿਸ਼ਵ ਪੱਧਰ ’ਤੇ ਮਨੁੱਖੀ ਅਧਿਕਾਰ ਦਿਵਸ ਮਨਾਉਣਾ ਹੋਵੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਨਾਲੋਂ ਵੱਧ ਹੋਰ ਕੋਈ ਢੁਕਵਾਂ ਦਿਵਸ ਨਹੀਂ ਹੋ ਸਕਦਾ। ਭਾਈ ਪੰਥ ਪ੍ਰੀਤ ਸਿੰਘ ਜੀ ਨੇ ਕਿਹਾ 1948 ਵਿੱਚ ਯੂਐੱਨਓ ਦੀ ਮੀਟਿੰਗ ਵਿੱਚ ਮਨੁੱਖੀ ਅਧਿਕਾਰ ਦਿਵਸ ਮਨਾਉਣ ਸਬੰਧੀ ਵੀਚਾਰ ਚਰਚਾ ਹੋਈ ਸੀ, ਜਿਸ ਵਿੱਚ ਭਾਰਤ ਵਲੋਂ ਨੁਮਾਇੰਦਗੀ ਕਰ ਰਹੇ ਮਹਾਤਮਾ ਗਾਂਧੀ ਅਤੇ ਜਵਾਹਰ ਲਾਲ ਨਹਿਰੂ ਦੇ ਮਨ ਦੀ ਬੇਈਮਾਨੀ ਹੋਣ ਕਰਕੇ ਉਨ੍ਹਾਂ ਇਸ ਸ਼ਹੀਦੀ ਦਿਵਸ ਨੂੰ ਮਨੁੱਖੀ ਅਧਿਕਾਰ ਦਿਵਸ ਵਜੋਂ ਪੇਸ਼ ਹੀ ਨਾ ਕੀਤਾ।

ਸ਼ਹੀਦੀ ਦੇ ਪਿਛੋਕੜ ਸਬੰਧੀ ਦਸਦਿਆਂ ਭਾਈ ਪੰਥਪ੍ਰੀਤ ਸਿੰਘ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦੀ ਤੋਂ ਪਹਿਲਾਂ ਤੀਜੀ ਵਾਰ ਗ੍ਰਿਫਤਾਰ ਕਰਕੇ ਉਨ੍ਹਾਂ ਨੂੰ ਬੱਸੀ ਪਠਾਣਾ ਵਿਖੇ ਰੱਖਿਆ ਗਿਆ। ਉਥੇ ਸਰਕਾਰ ਨੇ ਸਾਮ, ਦਾਮ, ਭੇਦ, ਦੰਡ ਆਦਿ ਸਾਰੇ ਤਰੀਕੇ ਵਰਤੇ ਪਰ ਗੁਰੂ ਜੀ ਆਪਣੇ ਦ੍ਰਿੜ ਇਰਾਦੇ ਤੋਂ ਪਿੱਛੇ ਨਾ ਹਟੇ। ਔਰੰਗਜ਼ੇਬ ਵਲੋਂ ਭੇਜੇ ਗਏ ਸੈਫ਼-ਉਦ-ਦੀਨ ਨੇ ਪਹਿਲਾਂ ਤਾਂ ਗੂਰੂ ਸਾਹਿਬ ਜੀ ਦੀ ਉਸਤਿਤ ਕਰਕੇ ਉਨ੍ਹਾਂ ਨੂੰ ਭ੍ਰਮਾਉਣ ਦਾ ਯਤਨ ਕਰਦਿਆਂ ਕਿਹਾ ਕਿ ਗੁਰੂ ਜੀ ਤੁਹਾਡਾ ਦਰਸ਼ਨ ਕਰਕੇ ਨਿਹਾਲ ਹੋ ਗਿਆ ਹਾਂ। ਗੁਰੂ ਤੇਗ ਬਹਾਦਰ ਜੀ ਨੇ ਜਵਾਬ ਦਿੱਤਾ ਕਿ ਮੂੰਹ ਮੱਥਾ ਵੇਖਣਾ ਦਰਸ਼ਨ ਕਰਨਾ ਨਹੀਂ ਹੁੰਦਾ। ਅਸਲੀ ਦਰਸ਼ਨ ਤਾਂ ਬੋਲ ਹੁੰਦੇ ਹਨ, ਉਹ ਹਾਲੀ ਤੱਕ ਤੂੰ ਸੁਣੇ ਹੀ ਨਹੀਂ ਤਾਂ ਤੈਨੂੰ ਦਰਸ਼ਨ ਕਿਵੇਂ ਹੋ ਗਏ? ਤੂੰ ਤਾਂ ਹਾਲੀ ਦਰਸ਼ਨ ਕੀਤੇ ਹੀ ਨਹੀਂ ਤਾਂ ਨਿਹਾਲ ਕਿਵੇਂ ਹੋ ਗਿਆ? ਇਸ ਉਪ੍ਰੰਤ ਉਨ੍ਹਾਂ ਨੂੰ ਅਹੁੱਦਿਆਂ ਦਾ ਲਾਲਚ ਦਿੱਤਾ ਗਿਆ ਤਾਂ ਜਿਸ ਗੁਰੂ ਦੀ ਸੁਰਤ ਪ੍ਰਮਾਤਮਾ ਦੇ ਚਰਨਾਂ ਵਿੱਚ ਪੂਰਨ ਤੌਰ ’ਤੇ ਜੁੜੀ ਹੋਵੇ ਤੇ ਉਹ ਲੋਕਾਈ ਨੂੰ ਇਹ ਉਪਦੇਸ਼ ਦੇ ਰਿਹਾ ਹੋਵੇ: ‘ਤ੍ਰਿਸਨਾ ਬੁਝੈ ਹਰਿ ਕੈ ਨਾਮਿ ॥ ਮਹਾ ਸੰਤੋਖੁ ਹੋਵੈ ਗੁਰ ਬਚਨੀ ਪ੍ਰਭ ਸਿਉ ਲਾਗੈ ਪੂਰਨ ਧਿਆਨੁ ॥1॥ ਰਹਾਉ ॥’ (ਪੰਨਾ 682, ਧਨਾਸਰੀ, ਮ: 5) ਉਸ ਨੂੰ ਅਜੇਹੇ ਲਾਲਚ ਕਿਥੋਂ ਡੁਲਾ ਸਕਦੇ ਹਨ। ਧਰਮੀ ਬੰਦਾ ਕਦੇ ਖ੍ਰੀਦਿਆ ਨਹੀਂ ਜਾਂਦਾ, ਜੋ ਖ੍ਰੀਦਿਆ ਜਾਵੇ ਉਹ ਧਰਮੀ ਨਹੀਂ ਹੋ ਸਕਦਾ।

ਇਸ ਉਪ੍ਰੰਤ ਰਾਜਨੀਤਕ ਆਗੂਆਂ ਵਾਂਗ ਪਾੜਾ ਪਾਉਣ ਦੀ ਨੀਤੀ ਅਪਣਾਉਂਦਿਆਂ ਕਿਹਾ ਕਿ ਵੇਖੋ ਤੁਹਾਡਾ ਤਾਂ ਕੋਈ ਵੀ ਸਿਧਾਂਤ ਇਨ੍ਹਾਂ ਹਿੰਦੂਆਂ ਨਾਲ ਨਹੀਂ ਮਿਲਦਾ ਇਸ ਲਈ ਤੁਸੀ ਇਨ੍ਹਾਂ ਲਈ ਸ਼ਹੀਦੀ ਕਿਉਂ ਦੇ ਰਹੇ ਹੋ? ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਵਾਬ ਸੀ ਕਿ ਇਹ ਕਸ਼ਮੀਰੀ ਪੰਡਿਤਾਂ ਨੂੰ ਆਉਂਦੇ ਸਾਰ ਹੀ ਸਪਸ਼ਟ ਕਰ ਦਿੱਤਾ ਗਿਆ ਸੀ। ਪਰ ਅਸੀਂ ਸ਼ਹੀਦੀ ਉਨ੍ਹਾਂ ਦੇ ਫੋਕਟ ਕਰਮ ਕਾਂਡਾਂ ਲਈ ਨਹੀਂ ਦੇ ਰਹੇ ਬਲਕਿ ਮਜ਼ਲੂਮ ਦੇ ਧਾਰਮਿਕ ਤੇ ਮਨੁਖੀ ਅਧਿਕਾਰਾਂ ਦੀ ਰਾਖੀ ਲਈ ਅਤੇ ਜ਼ਬਰ ਜੁਲਮ ਦੇ ਵਿਰੁਧ ਦੇ ਰਹੇ ਹਾਂ। ਜਦ ਸੈਫ਼-ਉਦ-ਦੀਨ ਦਾ ਕੋਈ ਵੀ ਢੰਗ ਸਫਲ ਹੁੰਦਾ ਨਾ ਦਿੱਸਿਆ ਤਾਂ ਉਨ੍ਹਾਂ ਦਿੱਲੀ ਸਨੇਹਾ ਭੇਜ ਦਿੱਤਾ ਕਿ ਉਨ੍ਹਾਂ ਤੇ ਕੋਈ ਵੀ ਪ੍ਰਭਾਵ ਨਹੀਂ ਪਾਇਆ ਜਾ ਸਕਦਾ। ਅਖੀਰ ਦੰਡ ਦੇਣ ਦਾ ਆਖਰੀ ਢੰਗ ਵਰਤਣ ਲਈ ਉਨ੍ਹਾਂ ਨੂੰ ਅਦੇਸ਼ ਕੀਤਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਤੰਗ ਪਿੰਜਰੇ ਜਿਸ ਦੇ ਦੁਆਲੇ ਤੇਜ ਛੁਰੀਆਂ ਲੱਗੀਆਂ ਹੋਣ ਉਸ ਵਿੱਚ ਬੰਦ ਕਰਕੇ ਦਿੱਲੀ ਲਿਆਂਦਾ ਜਾਵੇ। ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਜੋ ਦੇਹ ਅਧਿਆਸ ਤੋਂ ਉਪਰ ਉਠ ਚੁੱਕੇ ਸਨ, ਉਨ੍ਹਾਂ ਨੂੰ ਆਪਣੇ ਇਰਾਦੇ ਤੋਂ ਨਾ ਡੁਲਾ ਸਕੇ। ਆਖਰੀ ਹਥਿਆਰ ਵਜੋਂ ਵਰਤਦਿਆਂ ਉਨ੍ਹਾਂ ਦੇ ਸਾਹਮਣੇ ਤਿੰਨ ਸਿੱਖਾਂ ਨੂੰ ਸਖਤ ਤਸੀਹੇ ਦੇ ਕੇ ਸ਼ਹੀਦ ਕਰਨ ਦਾ ਫੈਸਲਾ ਲਿਆ, ਤਾਂ ਕਿ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਵੇਖ ਕੇ ਗੁਰੂ ਤੇਗ ਬਹਾਦਰ ਜੀ ਵੀ ਡੋਲ ਜਾਣ। ਪਰ ਉਸ ਸਮੇਂ ਭਾਈ ਮਤੀ ਦਾਸ ਜੀ ਜਿਸ ਨੇ ਆਪਣੀ ਆਖਰੀ ਖਾਹਸ਼ ਪੁੱਛਣ ’ਤੇ ਦੱਸਿਆ ਕਿ ਉਨ੍ਹਾਂ ਦਾ ਮੂੰਹ ਗੁਰੂ ਸਾਹਿਬ ਵੱਲ ਰੱਖਿਆ ਜਾਵੇ ਤਾ ਕਿ ਆਖਰੀ ਸਮੇ ਤੱਕ ਉਹ ਆਪਣੇ ਮੁਰਸ਼ਿਦ ਦੇ ਦਰਸ਼ਨ ਕਰ ਸਕਣ। ਇਸ ਉਪ੍ਰੰਤ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲਿਆ ਜਾ ਰਿਹਾ ਸੀ ਤਾਂ ਉਨ੍ਹਾਂ ਵੀ ਕਿਹਾ ਕਿ ਦੇਗ ਹੇਠ ਅੱਗ ਹੋਰ ਤੇਜ ਕੀਤੀ ਜਾਵੇ। ਇਸ ਉਪ੍ਰੰਤ ਭਾਈ ਸਤੀ ਦਾਸ ਜੀ ਨੂੰ ਰੂੰ ਵੱਚ ਲਪੇਟ ਕੇ ਅੱਗ ਲਾ ਕੇ ਸ਼ਹੀਦ ਕੀਤਾ ਗਿਆ। ਕਾਜ਼ੀ ਮੁਲਾਣੇ ਅਤੇ ਅਹਿਲਕਾਰ ਦੰਗ ਰਹੇ ਗਏ ਕਿ ਜਿਸ ਗੁਰੂ ਦੇ ਸਿੱਖਾਂ ਨੂੰ ਹੀ ਸਿਦਕ ਤੋਂ ਨਹੀਂ ਡੁਲਾਇਆ ਜਾ ਸਕਦਾ ਤਾਂ ਉਨ੍ਹਾਂ ਦੇ ਗੁਰੂ ਨੂੰ ਕਿਵੇਂ ਡੁਲਾਇਆ ਜਾ ਸਕਦਾ ਹੈ! ਸਾਰੇ ਢੰਗ ਤਰੀਕੇ ਵਰਤ ਕੇ ਹਤਾਸ਼ ਹੋਏ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਦਾ ਫੈਸਲਾ ਲੈ ਲਿਆ ਤੇ ਇਸ ਜੁਲਮ ’ਤੇ ਧਰਮ ਦੀ ਮੋਹਰ ਲਾਉਣ ਲਈ ਕਾਜ਼ੀ ਤੋਂ ਫ਼ਤਵਾ ਲੈਣ ਲਈ ਕਿਹਾ ਗਿਆ। ਕਾਜ਼ੀ, ਜਿਨ੍ਹਾਂ ਬਾਰੇ ਗੁਰੂ ਨਾਨਕ ਦੇਵ ਜੀ ਨੇ ਪਹਿਲਾਂ ਹੀ ਫ਼ੁਰਮਾਨ ਕੀਤਾ ਹੋਇਆ ਹੈ: ‘ਕਾਦੀ ਕੂੜੁ ਬੋਲਿ ਮਲੁ ਖਾਇ ॥’ ਅਤੇ ਭਾਈ ਗੁਰਦਾਸ ਜੀ ਨੇ ਲਿਖਿਆ ਹੈ: ‘ਕਾਜੀ ਹੋਏ ਰਿਸਵਤੀ ਵਢੀ ਲੈ ਕੈ ਹਕੁ ਗਵਾਈ।’ ਉਸ ਨੇ ਫੈਸਲਾ ਤਾ ਪਹਿਲਾਂ ਹੀ ਕਰ ਰੱਖਿਆ ਸੀ ਸਿਰਫ ਪੜ੍ਹ ਕੇ ਹੀ ਸੁਣਾਉਣਾ ਸੀ ਉਹ ਸੁਣਾ ਦਿੱਤਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ ਜਾਵੇ। ਕਾਜ਼ੀ ਦੇ ਫੈਸਲੇ ਉਪ੍ਰੰਤ ਗੁਰੂ ਤੇਗ ਬਹਾਦਰ ਜੀ ਦਾ ਸੀਸ ਜਲਾਦ ਨੇ ਕਲਮ ਕਰ ਦਿੱਤਾ।

ਸਿੱਖਾਂ ਵਿੱਚ ਦਹਿਸ਼ਤ ਪਾਉਣ ਦੀ ਖ਼ਾਤਰ ਇਹ ਸਕੀਮ ਬਣਾਈ ਗਈ ਕਿ ਉਨ੍ਹਾਂ ਦੇ ਸਰੀਰ ਦੇ ਚਾਰ ਟੁਕੜੇ ਕਰਕੇ ਚਾਰੇ ਦਰਵਾਜਿਆਂ ’ਤੇ ਟੰਗ ਦਿੱਤੇ ਜਾਣ। ਮੁਗਲਾਂ ਦੀ ਸਕੀਮ ਨੂੰ ਫੇਲ੍ਹ ਕਰਨ ਲਈ ਭਾਈ ਜੈਤਾ ਜੀ ਅਤੇ ਭਾਈ ਉਦੈ ਜੀ ਨੇ ਬੜੀਆਂ ਔਖੀਆਂ ਹਾਲਤਾਂ ਦੇ ਬਾਵਯੂਦ ਬੜੀ ਫੁਰਤੀ ਨਾਲ ਗੁਰੂ ਤੇਗ ਬਹਾਦਰ ਜੀ ਦਾ ਸੀਸ ਚੁੱਕਿਆ ਤੇ ਕੀਰਤਪੁਰ ਸਾਹਿਬ ਲੈ ਪਹੁੰਚੇ। ਜਿਥੋਂ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਗੁੱਜਰੀ ਜੀ ਬੜੇ ਸਾਤਿਕਾਰ ਨਾਲ ਸ਼ਬਦ ਕੀਰਤਨ ਕਰਦੇ ਹੋਏ ਜਲੂਸ ਦੀ ਸ਼ਕਲ ਵਿੱਚ ਅਨੰਦਪੁਰ ਸਾਹਿਬ ਲੈ ਆਏ ਜਿਥੇ ਸੀਸ ਦਾ ਸਸਕਾਰ ਕੀਤਾ ਗਿਆ। ਅਨੰਦਪੁਰ ਸਾਹਿਬ ਸੀਸ ਦਾ ਸਸਕਾਰ ਕਰਨ ਵਾਲੀ ਜਗ੍ਹਾ ਅਤੇ ਦਿੱਲੀ ਵਿਖੇ ਸ਼ਹੀਦੀ ਵਾਲੇ ਦੋਵੇਂ ਥਾਂਈ ਗੁਰਦੁਆਰਾ ਸੀਸ ਗੰਜ ਉਸਾਰੇ ਗਏ ਹਨ। ਗੁਰੂ ਸਾਹਿਬ ਜੀ ਦੇ ਧੜ ਨੂੰ ਭਾਈ ਲੱਖੀ ਸ਼ਾਹ ਵਣਜਾਰਾ ਆਪਣੇ ਗੱਡੇ ਵਿੱਚ ਰੱਖ ਕੇ ਆਪਣੇ ਘਰ ਲੈ ਆਏ। ਜਿਸ ਸਮੇਂ ਉਨ੍ਹਾਂ ਨੂੰ ਪਤਾ ਲੱਗਾ ਕਿ ਸਰਕਾਰ ਦੀਆਂ ਸੂਹੀਆ ਏਜੰਸੀਆਂ ਦੀਆਂ ਸਰਗਰਮੀਆਂ ਕਾਫੀ ਵਧ ਚੁੱਕੀਆਂ ਹਨ ਇਸ ਲਈ ਉਹ ਧੜ ਦਾ ਸਤਿਕਾਰ ਸਹਿਤ ਸਸਕਾਰ ਨਹੀਂ ਕਰ ਸਕਦੇ ਤਾਂ ਉਨ੍ਹਾਂ ਆਪਣੇ ਘਰ ਵਿੱਚ ਹੀ ਚਿਖਾ ਤਿਆਰ ਕਰਕੇ ਸਸਕਾਰ ਕਰ ਦਿੱਤਾ ਜਿਸ ਨਾਲ ਉਨ੍ਹਾਂ ਦਾ ਘਰ ਵੀ ਸੜ ਕੇ ਸੁਆਹ ਬਣ ਗਿਆ। ਇਸ ਸਥਾਨ ’ਤੇ ਗੁਰਦੁਆਰਾ ਰਕਾਬ ਗੰਜ ਨਵੀਂ ਦਿੱਲੀ ਬਣਿਆ ਹੋਇਆ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top