Share on Facebook

Main News Page

ਜਾਗਰੂਕ ਸਿੱਖਾਂ ਵਲੋਂ ਅਵਤਾਰ ਸਿੰਘ ਮੱਕੜ ਨੂੰ ਨਾਨਕਸ਼ਾਹੀ ਕੈਲੰਡਰ ਬਾਰੇ ਖੁੱਲੀ ਚਿੱਠੀ

ਭਾਈ ਅਵਤਾਰ ਸਿੰਘ ਮੱਕੜ ਜੀ,
ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।

ਭਾਈ ਅਵਤਾਰ ਸਿੰਘ ਮੱਕੜ ਜੀ, ਆਪ ਨੂੰ ਯਾਦ ਹੋਵੇਗਾ ਕਿ ਕਨੇਡਾ ਨਿਵਾਸੀ ਸਿੱਖ ਵਿਦਵਾਨ ਸ. ਪਾਲ ਸਿੰਘ ਪੁਰੇਵਾਲ ਵੱਲੋਂ ਬਣਾਏ ਗਏ, ਅਕਾਲ ਤਖਤ ਸਾਹਿਬ ਵੱਲੋਂ 2003 'ਚ ਜਾਰੀ ਕੀਤੇ ਅਤੇ ਪੰਥ ਵੱਲੋਂ ਪ੍ਰਵਾਨੇ ਗਏ ਨਾਨਕਸ਼ਾਹੀ ਕੈਲੰਡਰ ਨੂੰ ਵਿਗਾੜਨ ਲਈ ਸੰਨ 2009 'ਚ, ਦੋ ਮੈਂਬਰੀ ਕਮੇਟੀ ਬਣਾਈ ਗਈ ਸੀ। ਜਿਸ ਕਮੇਟੀ ਵਿਚ ਆਪ ਜੀ ਸਮੇਤ ਭਾਈ ਹਰਨਾਮ ਸਿੰਘ ਧੁੰਮਾ ਸ਼ਾਮਲ ਸਨ। ਇਸ ਦੋ ਮੈਂਬਰੀ ਕਮੇਟੀ ਵੱਲੋਂ ਸਿਰਫ 4 ਤਾਰੀਖਾਂ ਮੁੜ ਸੁਦੀ/ਵਦੀ ਦੇ ਮੱਕੜ ਜਾਲ 'ਚ ਫਸਾ ਕੇ ਧੁਮੱਕੜਸ਼ਾਹੀ ਕੈਲੰਡਰ (ਤਾਰੀਖਾਂ ਨਾਨਕਸ਼ਾਹੀ ਕੈਲੰਡਰ ਦੀਆ, ਸੰਗਰਾਦਾਂ ਦ੍ਰਿਗਗਿਣਤ ਸਿਧਾਂਤ ਮੁਤਾਬਕ, ਗੁਰਪੁਰਬ ਸੂਰਜੀ ਬਿਕ੍ਰਮੀ ਅਤੇ ਚੰਦਰ-ਸੂਰਜੀ ਬਿਕ੍ਰਮੀ ਮੁਤਾਬਕ) ਜਾਰੀ ਕਰਨ ਦੀ ਸਿਫ਼ਾਰਿਸ਼ ਕੀਤੀ ਗਈ ਸੀ। ਇਸ ਤੋਂ ਇਕ ਗੱਲ ਤਾਂ ਬੜੀ ਸਪੱਸ਼ਟ ਹੋ ਗਈ ਸੀ ਕਿ ਦੋ ਮੈਂਬਰੀ ਕਮੇਟੀ ਨੇ, 4 ਤਾਰੀਖ਼ਾ ਨੂੰ ਪੁੱਠਾ ਗੇੜ ਦੇਣ ਤੋਂ ਬਿਨਾਂ, ਬਾਕੀ ਸਾਰਾ ਕੈਲੰਡਰ ਤਾਂ ਪਾਲ ਸਿੰਘ ਵਾਲਾ ਹੀ ਪ੍ਰਵਾਨ ਕਰ ਲਿਆ ਸੀ। ਨਾਨਕਸ਼ਾਹੀ ਸੰਮਤ 543 (2011-12 ਸੀ: ਈ:) ਦਾ ਕੈਲੰਡਰ ਜੋ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤਾ ਗਿਆ ਹੈ ਇਸ ਕੈਲੰਡਰ 'ਚ ਵੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਿਹਾੜੇ ਦੀ ਤਾਰੀਖ 24 ਨਵੰਬਰ ਹੀ ਦਰਜ ਹੈ। ਯਾਦ ਰਹੇ 24 ਨਵੰਬਰ /11 ਮੱਘਰ, ਨਾਨਕ ਸ਼ਾਹੀ ਕੈਲੰਡਰ ਦੀ ਹੀ ਤਾਰੀਖ ਹੈ।

ਅੱਜ ਤੋਂ 366 ਸਾਲ ਪਹਿਲਾ ਔਰੰਗਜੇਬ ਦੇ ਹੁਕਮ ਨਾਲ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਸੀ, ਉਸ ਦਿਨ 11 ਮੱਘਰ ਬਿਕ੍ਰਮੀ ਸੰਮਤ 1732, ਮੱਘਰ ਸੁਦੀ 5, ਹਿਜਰੀ ਕੈਲੰਡਰ ਦੇ ਰਮਜਾਨ ਮਹੀਨੇ 3 ਤਾਰੀਖ ਅਤੇ 11 ਨਵੰਬਰ 1675 ਯੂਲੀਅਨ ਦਿਨ ਵੀਰਵਾਰ ਸੀ। ਇਹ ਤਾਰੀਖ ਹੀ ਸਾਨੂੰ ਪੁਰਾਤਨ ਵਸੀਲਿਆਂ ਤੋਂ ਮਿਲਦੀ ਹੈ। ਕਰੋ ਦਰਸ਼ਨ, “ਪਾਂਚਮੇ ਦਿਹੁੰ ਮੰਗਸਰ ਸੁਦੀ ਪੰਚਮੀ ਤੀਜੇ ਪਹਿਰ ਵੀਰਵਾਰ ਕੇ ਦਿਵਸ ਗੁਰੂ ਜੀ ਕੋ ਕੁਤਵਾਲੀ ਸੇ ਬਾਹਰ ਬਰੋਟੇ ਕੇ ਨੀਚੇ ਲਿਆਂਦਾ ਗਿਆ ਤੀਨੋ ਸਿੱਖ ਇਨ ਕੇ ਗੈਲ ਆਏ” ( ਗੁਰੂ ਕੀਆਂ ਸਾਖੀਆਂ ਪੰਨਾ 82)

ਸਤਾਰਾਂ ਸੈ ਬੱਤੀ ਬਰਖ ਸੰਮਿਤ ਵਿਰਵਾਰ ਕੋ ਨਾਇ। ਮੱਘਰ ਸੁਦਿ ਥਿਤਿ ਪਮਚਮੀ, ਤੇਗਬਹਾਦਰ ਗੁਰ ਸਮਾਇ॥ 39॥ (ਗੁਰ ਪ੍ਰਣਾਲੀਆਂ ਪੰਨਾ 19)

The historians quote this date as November 11, 1675 AD. (Gurdwara Sis Ganj at Chandni Chowk marks the place where the execution was done.) There was a furious storm after this brutal deed.”। (ਸ਼੍ਰੋਮਣੀ ਕਮੇਟੀ ਦੀ ਵੈਬ ਸਾਈਟ)

The sight of the heroic martyrdom of his disciples did not disturb Guru Tegh Bahadur's mind. He was beheaded in the presence of a large crowd under a tree, the trunk of which is still preserved in Sis Ganj shrine on Thursday 11th November, 1675 A.D. Around the place of martyrdom of the Guru grew a temple now known as Sis Ganj”।(ਦਿੱਲੀ ਗੁਰਦਵਾਰਾ ਪੈਬੰਧਕ ਕਮੇਟੀ ਦੀ ਵੈਬ ਸਾਈਟ)

ਸ਼੍ਰੋਮਣੀ ਕਮੇਟੀ ਦਾ ਮਾਸਿਕ ਪੱਤਰ “ਗੁਰਮਤਿ ਪ੍ਰਕਾਸ਼” ਨਵੰਬਰ 2010 ਪੰਨਾ 50 ਤੇ ਡਾ ਹਰਨੇਕ ਸਿੰਘ ਜੀ ਦਾ ਲੇਖ, ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਗਈ ਪੋ: ਕਰਤਾਰ ਸਿੰਘ ਜੀ ਲਿਖਤ, ‘ਸਿੱਖ ਇਤਹਾਸ ਭਾਗ ਪਹਿਲਾ (ਪੰਨਾ 302), ਗੁਰ ਇਤਹਾਸ ਪਾਤਸ਼ਾਹੀ ੨ ਤੋਂ ੯ (ਪੰਨਾ 342) ਪੋ: ਸਾਹਿਬ ਸਿੰਘ ਜੀ, ‘ਇਤਹਾਸ 'ਚ ਸਿੱਖ’ (ਪੰਨਾ 66) ਡਾ ਸੰਗਤ ਸਿੰਘ ਜੀ, ਅਤੇ ਮਹਾਨ ਕੋਸ਼ ਸਮੇਤ ਹੋਰ ਕਈ ਹਵਾਲੇ ਦਿੱਤੇ ਜਾ ਸਕਦੇ ਹਨ ਜੋ ਗੁਰੂ ਜੀ ਦੀ ਸ਼ਹੀਦੀ 11 ਮੱਘਰ/11 ਨਵੰਬਰ ਦੀ ਲਿਖਦੇ ਹਨ। ਨਾਨਕ ਸ਼ਾਹੀ ਕੈਲੰਡਰ ਮੁਤਾਬਕ ਅੱਜ ਇਹ ਤਾਰੀਖ 11 ਮੱਘਰ/24 ਨਵੰਬਰ ਬਣਦੀ ਹੈ ਪਰ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ‘ਧੁਮੱਕੜਸ਼ਾਹੀ ਕੈਲੰਡਰ’ 'ਚ ਇਹ ਪਾਵਨ ਦਿਹਾੜਾ 9 ਮੱਘਰ / 24 ਨਵੰਬਰ ਦਾ ਦਰਜ ਹੈ।

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸਿੱਖ ਜਗਤ ਵੱਲੋਂ ਅੱਜ ਵੀ ਇਹ ਦਿਹਾੜਾ ਨਾਨਕ ਸ਼ਾਹੀ ਕੈਲੰਡਰ ਮੁਤਾਬਕ 11 ਮੱਘਰ/24 ਨਵੰਬਰ ਨੂੰ ਮਨਾਇਆ ਗਿਆ ਹੈ। ਪੰਜਾਬ ਸਰਕਾਰ ਵੱਲੋਂ ਵੀ ਨਾਨਕ ਸ਼ਾਹੀ ਕੈਲੰਡਰ ਮੁਤਾਬਕ 11 ਮੱਘਰ/24 ਨਵੰਬਰ ਦਿਨ ਵੀਰਵਾਰ ਦੀ ਹੀ ਛੁੱਟੀ ਕੀਤੀ ਗਈ ਸੀ।

ਭਾਈ ਅਵਤਾਰ ਸਿੰਘ ਮੱਕੜ ਜੀ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਹ ਸ਼ਹੀਦੀ ਦਿਹਾੜਾ ਨਾਨਕ ਸ਼ਾਹੀ ਕੈਲੰਡਰ ਮੁਤਾਬਕ 24 ਨਵੰਬਰ/11 ਮੱਘਰ ਦਿਨ ਵੀਰਵਾਰ ਨੂੰ ਮਨਾਉਣਾ ਕੀ ਸਾਬਤ ਕਰਦਾ ਹੈ? ਜੇ 11 ਮੱਘਰ ਠੀਕ ਹੈ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਕੈਲੰਡਰ ਮੁਤਾਬਕ ਇਹ ਦਿਹਾੜਾ 26 ਨਵੰਬਰ ਨੂੰ ਆਉਂਦਾ ਹੈ ਜੇ ਮੱਘਰ ਸੁਦੀ 5 ਤਾਰੀਖ ਠੀਕ ਹੈ ਤਾਂ ਇਹ 29 ਨਵੰਬਰ ਨੂੰ ਮਨਾਉਣਾ ਚਾਹੀਦਾ ਹੈ। (ਯਾਦ ਰਹੇ ਸਾਲ 2010 'ਚ ਇਹ ਮੱਘਰ ਸੁਦੀ 5/10 ਦਸੰਬਰ ਨੂੰ ਮਨਾਇਆ ਗਿਆ ਸੀ) 24 ਨਵੰਬਰ/11 ਮੱਘਰ ਸਿਰਫ ਤੇ ਸਿਰਫ ਨਾਨਕਸ਼ਾਹੀ ਕੈਲੰਡਰ ਦੀ ਹੀ ਤਾਰੀਖ ਹੈ। ਕੀ ਹੁਣ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਵੀ ਧੁਮੱਕੜਸ਼ਾਹੀ ਕੈਲੰਡਰ ਨੂੰ ਰੱਦ ਕਰ ਦਿੱਤਾ ਹੈ ਜਾਂ ਧੁਮੱਕੜਸ਼ਾਹੀ ਕੈਲੰਡਰ ਮੁਤਾਬਕ 24 ਨਵੰਬਰ/9 ਮੱਘਰ/ਮੱਘਰ ਵਦੀ 14 ਨੂੰ ਇਹ ਦਿਹਾੜਾ ਮਨਾ ਕੇ ਇਤਿਹਾਸ ਨੂੰ ਵਿਗਾੜਨ ਦਾ ਇਕ ਹੋਰ ਯਤਨ ਕੀਤਾ ਗਿਆ ਹੈ?

ਆਪ ਜੀ ਦੇ ਉਤਰ ਦੀ ਉਡੀਕ '

ਪੰਥ ਦੇ ਦਾਸ:- ਅਵਤਾਰ ਸਿੰਘ ਮਿਸ਼ਨਰੀ, ਕੁਲਵੰਤ ਸਿੰਘ ਮਿਸ਼ਨਰੀ, ਸਰਵਜੀਤ ਸਿੰਘ ਸੈਕਰਾਮੈਂਟੋ, ਪੋ. ਮੱਖਣ ਸਿੰਘ, ਕੁਲਦੀਪ ਸਿੰਘ ਯੂਬਾਸਿਟੀ, ਡਾ: ਗੁਰਮੀਤ ਸਿੰਘ ਬਰਸਾਲ, ਤਰਲੋਚਨ ਸਿੰਘ ਦੁਪਾਲਪੁਰ, ਕੁਲਦੀਪ ਸਿੰਘ ਜਾਗੋ ਖਾਲਸਾ, ਜਸਵਿੰਦਰ ਸਿੰਘ ਖਾਲਸਾ, ਭਾਈ ਰਣਜੀਤ ਸਿੰਘ ਮਸਕੀਨ, ਭਾਈ ਜਸਮਿੱਤਰ ਸਿੰਘ ਅਤੇ ਇੰਦਰ ਜੀਤ ਸਿੰਘ ਓਮ ਪੁਰੀ (ਸਾਕਾ ਜਥੇਬੰਦੀ)


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top