Share on Facebook

Main News Page

‘ਜਥੇਦਾਰ’ ਨੇ ਬਾਦਲ ਨੂੰ ‘ਫਖਰ ਏ ਕੌਮ ਪੰਥ ਰਤਨ’ ਐਵਾਰਡ ਦੇਣ ਦਾ ਹੁਕਮ ਸੁਣਾਇਆ

ਆਨੰਦਪੁਰ ਸਾਹਿਬ, 25 ਨਵੰਬਰ (ਗੁਰਪ੍ਰੀਤ ਮਹਿਕ) : ਵਿਰਾਸਤ ਏ ਖਾਲਸਾ ਦੇ ਮੁੜ ਉਦਘਾਟਨ ਮੌਕੇ ਆਯੋਜਿਤ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਅਕਾਲ ਤਖਤ ਸਾਹਿਬ ਦੇ ‘ਜਥੇਦਾਰ' ਗਿਆਨੀ ਗੁਰਬਚਨ ਸਿੰਘ ਨੇ ਇਹ ਹੁਕਮ ਸੁਣਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ: ਪਰਕਾਸ਼ ਸਿੰਘ ਬਾਦਲ ਦੀ ‘ਸੇਵਾਵਾਂ' ਨੂੰ ਦੇਖਦੇ ਹੋਏ ਉਨ੍ਹਾਂ ਨੂੰ 5 ਦਸੰਬਰ ਨੂੰ ਅਕਾਲ ਤਖਤ ਸਾਹਿਬ ਤੇ ਸਮਾਗਮ ਆਯੋਜਿਤ ਕਰਕੇ ਫਕਰ ਏ ਕੌਮ ਪੰਥ ਰਤਨ ਐਵਾਰਡ ਦਿੱਤਾ ਜਾਵੇਗਾ।

ਨਾਲ ਹੀ ਉਨ੍ਹਾਂ ਸਮੂਹ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਇਹ ਹਦਾਇਤ ਕੀਤੀ ਕਿ ਉਹ ਇਸ ਸਮਾਗਮ ਵਿਚ ਜਰੂਰ ਭਾਗ ਲੈਣ, ਜਿਸ ਵਿਚ ਹੋਰਨਾਂ ਵਿਸ਼ਿਆਂ ਤੇ ਵੀ ਚਰਚਾ ਹੋਵੇਗੀ। ਉਨ੍ਹਾ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਤੋ ਬਾਅਦ ਸ: ਬਾਦਲ ਨੇ ਇੰਨਾ ਵੱਡਾ ਕੰਮ ਕੀਤਾ ਹੈ ਕਿ ਉਨ੍ਹਾਂ ਨੂੰ ਫਕਰ ਏ ਕੌਮ ਐਵਾਰਡ ਦਿੱਤਾ ਜਾਵੇ। ਬਾਅਦ ਵਿਚ ਇਕ ਬੁਲਾਰੇ ਨੇ ਇਸ ਐਵਾਰਡ ਦਾ ਨਾਂ ਸੋਧ ਕੇ ‘ਫਕਰ ਏ ਕੌਮ ਪੰਥ ਰਤਨ' ਐਵਾਰਡ ਐਲਾਨਿਆ।

ਗੁਰਬਚਨ ਸਿੰਘ ਦੀ ਨਜਰ ਵਿਚ ਸ: ਪਰਕਾਸ਼ ਸਿੰਘ ਬਾਦਲ ਵੱਲੋ ਵਿਰਾਸਤ ਏ ਖਾਲਸਾ ਦੇ ਕੰਮ ਨੂੰ ਨੇਪੇਰੇ ਚਾੜਣ ਬਹੁਤ ਵੱਡੀ ਪ੍ਰਾਪਤੀ ਹੈ। ਉਨ੍ਹਾਂ ਇਸ ਗੱਲ ਨੂੰ ਨਜਰਅੰਦਾਜ ਕੀਤਾ ਕਿ ਇਸ ਪ੍ਰੋਜੈਕਟ ਨੂੰ ਖਤਮ ਕਰਨ ਲਈ 300 ਕਰੋੜ ਤੋ ਵੱਧ ਰਾਸ਼ੀ ਕੀਤੀ ਗਈ ਅਤੇ 12 ਸਾਲ ਤੋ ਵੱਧ ਦਾ ਸਮਾਂ ਲੱਗ ਗਿਆ। ਪ੍ਰੋਜੈਕਟ ਵਿਚ ਇੰਨੀ ਜਿਆਦਾ ਦੇਰੀ ਅਤੇ ਅਜੇ ਵੀ ਬਹੁਤ ਸਾਰੀਆਂ ਖਾਮੀਆਂ ਬਦਲੇ ਸ: ਬਾਦਲ ਦਾ ਸਨਮਾਨ ਜਾਇਜ ਹੈ ਜਾਂ ਫੇਰ ਚਮਚਾਗਿਰੀ ਹੈ, ਇਹ ਪੰਜਾਬ ਦੇ ਲੋਕ ਸਮਝਦੇ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਵੀ ਸ: ਬਾਦਲ ਦੇ ਸਨਮਾਨ ਦੀ ਜੋਰਦਾਰ ਵਕਾਲਤ ਕੀਤੀ। ਉਨ੍ਹਾਂ ਬਾਦਲ ਪਰਿਵਾਰ ਦੀਆਂ ਹੋਰ ਵੀ ਬਹੁਤ ਸਿਫਤਾਂ ਕੀਤੀਆਂ। ਖਾਲੜਾ ਮਿਸ਼ਨ ਨੇ ਬਾਦਲ ਨੂੰ ਐਵਾਰਡ ਦੇਣ ਤੇ ਤੁਰੰਤ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਸ: ਬਾਦਲ ਨੂੰ ਇਹ ਸਨਮਾਨ ਦੇਣਾ ਜਾਇਜ ਨਹੀਂ। ਸੰਸਥਾ ਦੇ ਸੀਨੀਅਰ ਅਹੁਦੇਦਾਰਾਂ ਨੇ ਕਿਹਾ ਕਿ ਉਹ ਇਸ ਮਾਮਲੇ ਵਿਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਤੁਰੰਤ ਮਿਲ ਕੇ ਸ: ਬਾਦਲ ਨੂੰ ਇਹ ਐਵਾਰਡ ਨਾ ਦੇਣ ਲਈ ਬੇਨਤੀ ਕਰਨਗੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top