Share on Facebook

Main News Page

ਵਿਰਾਸਤ-ਏ-ਖ਼ਾਲਸਾ ਸਮਾਗਮ ਮੌਕੇ ‘ਦੇਹਿ ਸਿਵਾ ਬਰ ਮੋਹਿ’ ਗਾਇਨ ਕਰਨ ਪਿੱਛੇ ਸਿੱਖ ਧਰਮ ਨੂੰ ਦੇਵੀ ਪੂਜਕ ਸਾਬਤ ਕਰਨ ਦੀ ਸਾਜ਼ਸ਼: ਉਪਕਾਰ ਸਿੰਘ ਫ਼ਰੀਦਾਬਾਦ

ਫਰੀਦਾਬਾਦ, 24 ਨਵੰਬਰ (ਸਤਨਾਮ ਕੌਰ) : ਵਿਰਾਸਤ-ਏ-ਖ਼ਾਲਸਾ ਸਮਾਗਮ ਮੌਕੇ ‘ਦੇਹਿ ਸਿਵਾ ਬਰ ਮੋਹਿ’ ਗਾਇਨ ਕਰਨ ਪਿੱਛੇ ਸਿੱਖ ਧਰਮ ਨੂੰ ਦੇਵੀ ਪੂਜਕ ਸਾਬਤ ਕਰਨ ਦੀ ਸਾਜ਼ਸ਼ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਉਪਕਾਰ ਸਿੰਘ ਫ਼ਰੀਦਾਬਾਦ ਨੇ ਕੀਤਾ। ਉਨ੍ਹਾਂ ਕਿਹਾ ਕਿ ‘ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ’ ਸ਼ਬਦ ਗਾਇਨ ਕਰ ਕੇ ਵੀ ਸਮੁੱਚੀ ਮਨੁੱਖਤਾ ਨੂੰ ਬੀਰ ਰਸ ਦਾ ਸੰਦੇਸ਼ ਦਿਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵਿਰਾਸਤ-ਏ-ਖ਼ਾਲਸਾ ਦੇ ਉਦਘਾਟਨ ਮੌਕੇ ਆਸ਼ਾ ਭੌਂਸਲੇ ਤੋਂ ਅਸ਼ਲੀਲਤਾ ਭਰਪੂਰ ਗ੍ਰੰਥ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਵਿਚੋਂ ‘ਦੇਹਿ ਸਿਵਾ ਬਰ ਮੋਹਿ’ ਗਾਇਨ ਕਰਾਉਣ ਦੀ ਥਾਂ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਤੋਂ ਸ਼ਬਦ ਗਾਇਨ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਹੀ ਸਾਡੇ ਇਕੋ-ਇਕ ਗੁਰੂ ਹਨ।

ਉਨ੍ਹਾਂ ਕਿਹਾ ਕਿ ਉਦਘਾਟਨ ਸਮਾਰੋਹ ਨੂੰ ਹਿੰਦੂਤਵ ਦੀ ਰੰਗਤ ਕਿਸੇ ਵੱਡੀ ਸਾਜ਼ਸ਼ ਅਧੀਨ ਦਿਤੀ ਜਾ ਰਹੀ ਹੈ, ਇਸ ਲਈ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਜੋ ਅਸ਼ਲੀਲਤਾ ਭਰਪੂਰ ਗ੍ਰੰਥ ਹੈ, ਉਸ ਵਿਚੋਂ ਦੇਹਿ ਸ਼ਿਵਾ ਉਚਾਰਨ ਕਰ ਕੇ ਸ਼ਿਵਾ (ਭਗੌਤੀ) ਦੇਵੀ ਤੋਂ ਵਰ ਮੰਗਿਆ ਜਾ ਰਿਹਾ ਹੈ ਜਦ ਕਿ ਗੁਰਬਾਣੀ ਵਿਚ ਦੇਵੀ-ਦੇਵਤਾਵਾਂ ਦੀ ਹੋਂਦ ਨੂੰ ਰੱਦ ਕੀਤਾ ਗਿਆ ਹੈ ਅਤੇ ਸਿੱਖੀ ਵਿਚ ਵਰ ਮੰਗਣਾ ਵੀ ਪਰਵਾਨ ਨਹੀਂ। ਉਨ੍ਹਾਂ ਕਿਹਾ ਕਿ ‘ਦੇਹਿ ਸ਼ਿਵਾ’ ਪੜ੍ਹ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਿੱਖ ਅਪਣੀ ਅਗਵਾਈ ਗੁਰੂ ਗ੍ਰੰਥ ਸਾਹਿਬ ਜੀ ਤੋਂ ਨਹੀਂ ਸਗੋਂ ਸ਼ਿਵਾ ਭਾਵ ਭਗੌਤੀ ਦੇਵੀ ਤੋਂ ਵਰ ਮੰਗ ਕਰ ਕੇ ਕਰਦੇ ਹਨ।

ਉਪਕਾਰ ਸਿੰਘ ਨੇ ਕਿਹਾ ਕਿ ਵਿਰਾਸਤ-ਏ-ਖ਼ਾਲਸਾ ਦੇ ਉਦਘਾਟਨ ਮੌਕੇ ਫ਼ਿਲਮੀ ਸਿਤਾਰਿਆਂ ਨੂੰ ਪੈਸੇ ਦੇ ਕੇ ਸੱਦਣ ਦੀ ਥਾਂ ਗੁਰੂ ਨਾਨਕ ਦੇ ਸੱਚੇ-ਸੁੱਚੇ ਗੁਰਸਿੱਖਾਂ ਨੂੰ ਸਦਿਆ ਜਾਂਦਾ ਤਾਂ ਜ਼ਿਆਦਾ ਚੰਗਾ ਹੁੰਦਾ। ਬੀਰ ਰਸ ਅਤੇ ਸ਼ੁਭ ਕਰਮਨ ਦੀਆਂ ਗੱਲਾਂ ਕਰਨ ਵਾਲੇ ਲੋਕ ਦੇਵੀ ਪੂਜਕ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਵਿਚੋਂ ਬੀਰਤਾ ਲੱਭ ਰਹੇ ਹਨ ਜਦਕਿ ਇਸ ਬੀਰਤਾ ਦੀ ਮੰਗ ਦੇਵੀ ਅੱਗੇ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਵੀ ਉਸਤਤਿ ਦੇਹਿ ਸ਼ਿਵਾ ਬਰ ਮੋਹਿ ਦੀ ਥਾਂ ‘ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ’ ਸ਼ਬਦ ਗਾਇਨ ਕਰ ਕੇ ਵੀ ਸਮੁੱਚੀ ਮਨੁੱਖਤਾ ਨੂੰ ਬੀਰ ਰਸ ਦਾ ਸੰਦੇਸ਼ ਦਿਤਾ ਜਾ ਸਕਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top