Share on Facebook

Main News Page

ਪੁਰਾਤਨ ਬ੍ਰਾਹਮਣਵਾਦ ਬਨਾਮ ਅਜੋਕਾ ਅਖੌਤੀ ਸੰਤਵਾਦ

ਗੁਰੂ ਸਾਹਿਬ ਨੇ ਪੰਡਿਤ ਦੇ ਜਿਸ ਪਾਖੰਡ ਦਾ ਵਿਰੋਧ ਕੀਤਾ ਸੀ, ਅੱਜ ਉਹ ਪਾਖੰਡ ਆਪਣਾ ਰੂਪ ਵਟਾ ਕੇ ਅਖੌਤੀ ਸੰਤਵਾਦ ਦੇ ਨਾਮ ਹੇਠ ਸਿੱਖ ਕੌਮ ਵਿਚ ਵੀ ਪੂਰੀ ਤਰ੍ਹਾਂ ਪਰਵੇਸ਼ ਕਰ ਚੁਕਾ ਹੈ

ਹਰ ਮਨੁੱਖ ਨੂੰ ਆਪਣੇ ਜੀਵਨ ਕਾਲ ਵਿਚ ਦੁੱਖ ਜਾਂ ਸੁੱਖ ਬਣਿਆ ਰਹਿੰਦਾ ਹੈ।

ਦੁਖ ਸੁਖ ਕਰਤੈ ਧੁਰਿ ਲਿਖਿ ਪਾਇਆ॥ ਜਾਂ
ਦੁਖੁ ਸੁਖੁ ਤੇਰੈ ਭਾਣੈ ਹੋਵੈ ਕਿਸ ਥੈ ਜਾਇ ਰੂਆਈਐ॥

ਇਹ ਵੀ ਇਕ ਸਚਾਈ ਹੈ ਕਿ ਅਕਸਰ ਦੁਖ ਤੋਂ ਪੀੜਤ ਮਨੁੱਖ ਦੀ ਬਹੁਤੀ ਵਾਰ ਮਾਨਸਿਕ ਹਾਲਤ ਪੇਤਲੀ ਪੈ ਜਾਂਦੀ ਹੈ। ਦੁਖ ਤੋਂ ਪੀੜਤ ਵਿਆਕਤੀ ਦੁਖ ਦੀ ਨਿਵਰਤੀ ਲਈ ਕਈ ਤਰ੍ਹਾਂ ਦੇ ਸਹਾਰੇ ਭਾਲਦਾ ਹੈ। ਇਸ ਸਮੇਂ ਦੁਖ ਤੋਂ ਨਵਿਰਤੀ ਲਈ ਪ੍ਰਮਾਤਮਾ ਦੀ ਗੈਬੀ ਸਕਤੀ ਦੁਖੀ ਆਦਮੀ ਦੀ ਖੋਜ ਦਾ ਕੇਂਦਰ ਬਿੰਦੂ ਹੁੰਦੀ ਹੈ। ਇਸ ਸਮੇਂ ਧਾਰਮਿਕ ਭੇਖ ਵਿਚ ਛੁਪੇ ਚਾਤਰ ਲੋਕ ਦੁਖੀ ਵਿਆਕਤੀ ਦੀ ਕਮਜੋਰੀ ਦਾ ਸ਼ੋਸਨ ਕਰਦੇ ਹੋਏ ਰੱਬ ਜੀ ਦੇ ਨਾਮ ਉਪਰ ਦੁਖੀ ਵਿਆਕਤੀ ਦੀ ਖੂਬ ਆਰਥਿਕ ਲੁਟ ਕਰਦੇ ਹਨ।

ਹਿੰਦੂ ਮਤ ਵਿਚ ਪ੍ਰੋਹਤ ਅਤੇ ਜਜਮਾਨ ਦੀ ਮਰਿਯਾਦਾ ਭਾਰੂ ਸੀ। ਜਿਸ ਸਮੇਂ ਕਿਸੇ ਨੂੰ ਸਰੀਰਕ ਦੁੱਖ ਜਾਂ ਪ੍ਰਵਾਰਿਕ ਦੁੱਖ ਬਣ ਜਾਂਦਾ ਸੀ ਤਾਂ ਦੁੱਖ ਤੋਂ ਨਵਿਰਤੀ ਲਈ ਪੰਡਤ ਲੋਕਾਂ ਨੇ ਇਹ ਅਕੀਦਾ ਹੀ ਬਣਾ ਦਿੱਤਾ ਸੀ ਕਿ ਜੇਕਰ ਕਿਸੇ ਨੂੰ ਕੋਈ ਦੁੱਖ ਹੈ, ਤਾਂ ਉਸ ਦੇ ਇਲਾਜ ਲਈ ਪ੍ਰੋਹਿਤ ਕੋਲ ਆਵੇ। ਉਸ ਦੇ ਦੁੱਖ ਦਾ ਨਿਬੇੜਾ ਕਰਨ ਦੀ ਵਿਧੀ ਪ੍ਰੋਹਿਤ ਪਾਸ ਹੈ। ਹਰ ਕਿਸਾਨੀ ਪੇਸ਼ੇ ਵਾਲਾ, ਹਰ ਨੌਕਰੀ ਪੇਸ਼ੇ ਵਾਲਾ ਅਤੇ ਵਪਾਰਕ ਧੰਦੇ ਵਾਲਾ ਦੁੱਖ ਦੀ ਨਵਿਰਤੀ ਲਈ ਪ੍ਰੋਹਿਤ ਪਾਸ ਜਾਂਦਾ ਸੀ। ਪੰਡਤ ਉਸ ਦੇ ਭੋਲੇਪਣ ਦਾ ਫਾਇਦਾ ਉਠਾ ਕੇ, ਉਸ ਦੇ ਘਰ ਜਾਂਦਾ ਅਤੇ ਦੁੱਖ ਦੀ ਨਵਿਰਤੀ ਲਈ, ਜਿਥੇ ਉਹ ਆਪਣੇ ਲਈ ਦਾਨ ਦੇ ਨਾਮ ਉਪਰ ਉਸਦੀ ਆਰਥਿਕ ਲੁੱਟ ਕਰਦਾ ਉਥੇ ਉਹ ਜਜ਼ਮਾਨ ਪਾਸੋਂ ਵਧੀਆ ਭੋਜਨ ਛੱਕਣ ਦੇ ਲਾਲਚ ਕਰਕੇ ਉਸ ਨੂੰ ਸੁੱਚ-ਭਿੱਟ ਦੇ ਭਰਮ ਜਾਲ ਵਿਚ ਪਾਕੇ ਕਈ ਤਰ੍ਹਾਂ ਦੀਆਂ ਵਿਧੀਆਂ ਦੱਸਦਿਆਂ ਹੋਇਆ, ਚੌਂਕੇ ਵਿਚ ਗੋਬਰ ਨਾਲ ਫੇਰਿਆ ਹੋਇਆ ਪੋਚਾ, ਉਸ ਦੇ ਉਪਰ ਦੀ ਇਕ ਲਕੀਰ ਕੱਢ ਕੇ ਅੰਦਰ ਬੈਠ ਜਾਂਦਾ, ਭਾਂਡੇ ਮੰਜਵਾ ਕੇ, ਲਕੜੀਆਂ ਧੋ ਕੇ, ਆਪਣਾ ਵੱਖਰਾ ਚੁੱਲ੍ਹਾ ਬਣਾ ਕੇ ਬੈਠ ਜਾਂਦਾ।

ਬਾਸਨ ਮਾਜਿ ਚਰਾਵਹਿ ਊਪਰਿ ਕਾਠੀ ਧੋਇ ਜਲਾਵਹਿ॥

ਫਿਰ ਇਸ ਤੋਂ ਬਾਅਦ ਦਸਾਂ ਨੌਹਾਂ ਦੀ ਸੱਚੀ ਸੁਚੀ ਕਿਰਤ ਵਾਲੇ ਜ਼ਜਮਾਨ ਨੂੰ ਉਹ ਆਪਣੀ ਦਿੱਤੀ ਹੋਈ ਕਾਰ ਦੇ ਅੰਦਰ ਆਉਣ ਤੋਂ ਇਹ ਕਹਿ ਕੇ ਰੋਕ ਦਿੰਦਾ ਕਿ ਤੇਰੇ ਕਾਰ ਦੇ ਅੰਦਰ ਆਉਣ ਨਾਲ ਮੇਰਾ ਚੌਕਾ ਅਤੇ ਭੋਜਨ ਭਿਟਿਆ ਜਾਵੇਗਾ। ਪੰਡਤ ਦੇ ਇਸ ਝੂਠ ਦਾ ਪਾਜ ਖੋਲ੍ਹਣ ਲਈ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਵਿਚ ਇਸ ਦੀ ਜਾਲਸਾਜ਼ੀ ਦਾ ਪਰਦਾਫਾਸ਼ ਕੀਤਾ ਹੈ:

ਦੇ ਕੈ ਚਉਕਾ ਕਢੀ ਕਾਰ॥  ਉਪਰਿ ਆਇ ਬੈਠੇ ਕੂੜਿਆਰ ਮਤੁ ਭਿਟੈ ਵੇ ਮਤੁ ਭਿਟੈ॥ ਇਹ ਅੰਨੁ ਅਸਾਡਾ ਫਿਟੈ॥

ਖਾਸ ਕਰਕੇ ਆਸਾ ਕੀ ਵਾਰ ਵਿਚ ਪੰਡਿਤ ਦੇ ਝੂਠੇ ਪਾਖੰਡਾਂ ਨੂੰ ਬੁਰੀ ਤਰ੍ਹਾਂ ਭੰਡਿਆ ਗਿਆ ਹੈ। ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਪੰਡਿਤ ਜੀ! ਤੂੰ ਚੌਂਕਾ ਵੀ ਪੋਚਾ ਦੇ ਕੇ ਸੁੱਚਾ ਕਰ ਲਿਆ ਹੈ। ਆਪ ਵੀ ਸੁੱਚਾ ਹੋ ਕੇ ਆਪਣੇ ਉਪਰ ਦੀ ਕਾਰ ਕੱਢ ਕੇ ਬੈਠ ਗਿਆ ਹੈਂ ਅਤੇ ਕਹਿ ਰਿਹਾ ਹੈਂ ਕਿ ਇਸ ਕੱਢੀ ਹੋਈ ਕਾਰ ਭਾਵ ਲਕੀਰ ਤੋਂ ਅੰਦਰ ਕੋਈ ਨਾ ਆਵੇ। ਭਰਮ ਇਹ ਪਾ ਦਿੱਤਾ ਹੈ ਕਿ ਨਹੀ ਤਾਂ ਮੈਂ ਭਿਟਿਆ ਜਾਵਾਂਗਾ ਅਤੇ ਵਿਖਾਵੇ ਮਾਤਰ ਆਪਣੇ ਮੂੰਹ ਵਿਚ ਕੋਈ ਸਲੋਕ ਵੀ ਪੜ੍ਹ ਰਿਹਾ ਹੈ ਤਾਂ ਕਿ ਤੇਰਾ ਜਜਮਾਨ ਇਹ ਸਮਝੇ ਕਿ ਜੋ ਪੰਡਿਤ ਜੀ ਮੰਤਰ ਪੜ੍ਹ ਰਹੇ ਹਨ ਇਹ ਮੇਰੇ ਦੁਖ ਨਿਵਾਰਣ ਦੀ ਗੱਲ ਹੀ ਕਰ ਰਹੇ ਹਨ ਅਤੇ ਫਿਰ ਭੋਜਨ ਢੱਕ ਲਿਆ ਪਰ ਪੰਡਿਤ ਜੀ ਦੱਸੋ ਕਿ ਅਨਾਜ ਪੈਦਾ ਕਰਨ ਵਾਲੇ ਜਜਮਾਨ ਦੇ ਅੰਦਰ ਆਉਣ ਨਾਲ ਤਾਂ ਤੂੰ ਭਿਟਿਆ ਜਾਂਦਾ ਹੈਂ, ਤੇਰਾ ਭੋਜਨ ਵੀ ਭਿਟਿਆ ਜਾਂਦਾ ਹੈ ਪਰ ਦੱਸੋ ਪੰਡਿਤ ਜੀ ਜਿਥੇ ਤੁਸੀਂ ਭੋਜਨ ਪਾਇਆ ਹੈ ਉਥੇ ਕੀ ਹੈ, ਇਸ ਭੋਜਨ ਦਾ ਤੂੰ ਕੀ ਦਾ ਕੀ ਬਣਾ ਸੁਟੇਂਗਾ? ਇਸ ਦਾ ਦੋਸ ਕਿਸ ਨੂੰ ਲੱਗੇਗਾ, ਕੀ ਤੂੰ ਇਸ ਦਾ ਦੋਸ਼ੀ ਆਪ ਨਹੀਂ ਹੈਂ?

ਪਹਿਲਾ ਸੁਚਾ ਆਪਿ ਹੋਇ ਸੁਚੈ ਬੈਠਾ ਆਇ॥ ਸੁਚੇ ਅਗੈ ਰਖਿਓਨ ਕੋਇ ਨ ਭਿਟਿਓ ਜਾਇ॥ ਸੁਚਾ ਹੋਇ ਕੈ ਜੇਵਿਆ ਲਗਾ ਪੜਣਿ ਸਲੋਕੁ ਕੁਹਥੀ ਜਾਈ ਸਟਿਆ ਕਿਸੁ ਇਹੁ ਲਗਾ ਦੋਖ॥

ਗੁਰੁ ਨਾਨਕ ਦੇਵ ਜੀ ਨੇ ਇਕ ਕਿਰਤੀ ਅਤੇ ਭੋਲੇ ਭਾਲੇ ਆਦਮੀ ਨੂੰ ਪੰਡਿਤ ਦੀ ਲੁੱਟ ਤੋਂ ਬਚਾਉਣ ਲਈ ਆਸਾ ਕੀ ਵਾਰ ਦੀ ਰਚਨਾ ਕੀਤੀ। ਗੁਰੂ ਸਹਿਬ ਨੇ ਧਰਮ ਦੇ ਨਾਮ ਉਪਰ ਹੋ ਰਹੇ ਹਰ ਪ੍ਰਕਾਰ ਦੇ ਪਾਖੰਡ ਦਾ ਪਰਦਾ ਬਹੁਤ ਹੀ ਦਲੀਲ ਨਾਲ ਫਾਸ਼ ਕੀਤਾ ਸੀ। ਪਰ ਇਹ ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਗੁਰੂ ਸਾਹਿਬ ਨੇ ਪੰਡਿਤ ਦੇ ਜਿਸ ਪਾਖੰਡ ਦਾ ਵਿਰੋਧ ਕੀਤਾ ਸੀ ਅੱਜ ਉਹ ਪਾਖੰਡ ਆਪਣਾ ਰੂਪ ਵਟਾ ਕੇ ਅਖੌਤੀ ਸੰਤਵਾਦ ਦੇ ਨਾਮ ਹੇਠ ਸਿੱਖ ਕੌਮ ਵਿਚ ਵੀ ਪੂਰੀ ਤਰ੍ਹਾਂ ਪਰਵੇਸ਼ ਕਰ ਚੁੱਕਾ ਹੈ। ਅਜੋਕੇ ਅਖੌਤੀ ਸੰਤਵਾਦ ਨੇ ਆਪਣਾ ਉਪਰਲਾ ਰੂਪ ਤਾਂ ਸਿੱਖੀ ਵਾਲਾ ਬਣਾਇਆ ਹੋਇਆ ਹੈ ਪਰ ਅੰਦਰ ਸਭ ਉਹੀ ਹਿੰਦੂਵਾਦ ਦੇ ਪੰਡਿਤ ਵਾਲਾ ਬਣਾ ਰੱਖਿਆ ਹੈ। ਇਸ ਅਖੌਤੀ ਸੰਤਵਾਦ ਨੇ ਗੁਰੂ ਦੇ ਸਿਧਾਂਤ ਨੂੰ ਤਾਂ ਤਿਲਾਂਜਲੀ ਦੇ ਦਿੱਤੀ ਹੈ ਤੇ ਕਈ ਨਵੀਆਂ ਭੁਲੇਖਾ ਪਾਉ ਰੀਤੀਆਂ ਲੱਭ ਲਈਆਂ ਹਨ। ਗੁਰ ਮਰਿਯਾਦਾ ਨੂੰ ਛੱਡ ਕੇ ਕਈ ਨਵੀਆਂ ਰਵਾਇਤਾਂ ਚਲਾ ਦਿੱਤੀ ਹਨ। ਜਿਸ ਕਰਕੇ ਅਣਜਾਣ ਅਤੇ ਭੋਲੇ ਭਾਲੇ ਲੋਕਾਂ ਨੂੰ ਬਹੁਤ ਵੱਡਾ ਟਪਲਾ ਲੱਗ ਜਾਂਦਾ ਹੈ। ਇਹਨਾਂ ਅਖੌਤੀ ਸੰਤਾਂ ਵੱਲੋਂ ਆਪਣੇ ਪਾਖੰਡ ਦੀ ਦੁਕਾਨ ਨੂੰ ਗਰਮਾਉਣ ਲਈ ਕਈ ਤਰ੍ਹਾਂ ਦੀ ਸ਼ੋਸੇਬਾਜੀ ਦਾ ਸਹਾਰਾ ਲਿਆ ਜਾਦਾਂ ਹੈ, ਜਿਵੇ ਕਿ ਗਿਣ-ਗਿਣ ਕੇ ਚਾਲੀ-ਚਾਲੀ ਦਿਨ ਭੋਰਿਆਂ ਵਿਚ ਬੈਠ ਕੇ ਚਲੀਸੇ ਕੱਟਣੇ, ਹਵਨ ਕਰਨੇ, ਮੋਨ ਵਰਤ ਰੱਖਣੇ, ਸੰਗਤ ਨੂੰ ਗਿਣਤੀ ਦੇ ਪਾਠ ਕਰਕੇ ਆਪਣੇ ਕੋਲ ਜਮ੍ਹਾਂ ਕਰਵਾਉਣ ਲਈ ਕਹਿਣਾ, ਗੁਰਬਾਣੀ ਦੀਆਂ ਪਵਿੱਤਰ ਪੰਗਤੀਆਂ ਦਾ ਵੱਖ-ਵੱਖ ਕਾਰਜਾਂ ਲਈ ਵਰਗੀਕਰਨ ਕਰਨਾ ਆਦਿ।

ਪੁਰਾਤਨ ਸਮੇਂ ਤੋਂ ਗੁਰਮਤਿ ਮਰਿਯਾਦਾ ਅਨੁਸਾਰ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਨਿਤਨੇਮ ਨਾਲ ਪਾਠ ਕਰਨ ਉਪਰੰਤ ਗੁਰੂ ਘਰਾਂ ਵਿਚ ਆਸਾ ਕੀ ਵਾਰ ਦਾ ਕੀਰਤਨ ਕੀਤਾ ਜਾਂਦਾ ਸੀ ਤਾਂ ਕਿ ਸੰਗਤ ਨੂੰ ਗੁਰਮਤਿ ਦੀ ਸੋਝੀ ਦਿੱਤੀ ਜਾ ਸਕੇ ਅਤੇ ਪਾਖੰਡਵਾਦ ਦੇ ਜਾਲ ਵਿਚੋਂ ਨਿਕਲਿਆ ਜਾਵੇ। ਆਸਾ ਕੀ ਵਾਰ ਦਾ ਮਹੱਤਵ ਇਸ ਗੱਲ ਤੋਂ ਵੀ ਸਪਸ਼ਟ ਹੋ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਰਸਾ ਨਦੀ ਪਾਰ ਕਰਨ ਤੋਂ ਪਹਿਲਾਂ ਵੀ ਅੰਮ੍ਰਿਤ ਵੇਲੇ ਇਸ ਬਾਣੀ ਦਾ ਕੀਰਤਨ ਸੁਣਿਆ ਸੀ। ਇਸ ਲਈ ਇਸ ਬਾਣੀ ਦੇ ਉਪਦੇਸ਼ ਨੂੰ ਘਰ ਘਰ ਵਿਚ ਪਹੁੰਚਾਉਣ ਲਈ ਪਿੰਡਾਂ ਵਿਚ ਕੁਝ ਕੁ ਗੁਰਸਿੱਖਾਂ ਨੇ ਇਕੱਠੇ ਹੋ ਕੇ ਉਪਰਾਲਾ ਕੀਤਾ, ਨਿਸ਼ਕਾਮ ਸੇਵਕ ਕੀਤਰਨੀ ਜਥੇ ਬਣਾ ਕੇ ਇਹ ਨਿਯਮ ਬਣਾ ਲਿਆ ਕਿ ਹਫ਼ਤੇ ਵਾਰ ਵੱਖ ਵੱਖ ਘਰਾਂ ਵਿਚ ਜਾ ਕ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ ਕੀਤਾ ਜਾਵੇ। ‘ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਸੋਆ’ ਦਾ ਪੱਕਾ ਨਿਯਮ ਲਾਗੂ ਕਰ ਦਿੱਤਾ।

ਸਿੱਖੀ ਸਰੂਪ ਦੇ ਬੁਰਕੇ ਵਿਚ ਛੁਪੇ ਹੋਏ ਪਾਖੰਡ ਤੋਂ ਇਹ ਸੱਚ ਦੀ ਆਵਾਜ਼ ਬਰਦਾਸ਼ਤ ਨਹੀ ਹੋਈ ਕਿਉਂਕਿ ਆਸਾ ਕੀ ਵਾਰ ਦੇ ਕੀਰਤਨ ਨਾਲ ਪਾਖੰਡ ਨੂੰ ਬਹੁਤ ਸੱਟ ਪੈਂਦੀ ਸੀ। ਆਸਾ ਕੀ ਵਾਰ ਵਿਚਲਾ ਪ੍ਰਹੋਤਿ ਜਰੂਰ ਇਹਨਾਂ ਨੂੰ ਆਪਣੇ-ਆਪ ਵਿਚ ਦਿਸਦਾ ਹੋਵੇਗਾ। ਅੰਮ੍ਰਿਤ ਵੇਲੇ ਆਸਾ ਕੀ ਵਾਰ ਸੁਣਦਿਆਂ ਜਰੂਰ ਇਹਨਾਂ ਦੀ ਜ਼ਮੀਰ ਇਹਨਾਂ ਨੂੰ ਕਹਿ ਰਹੀ ਹੋਵੇਗੀ ਕਿ ਇਹ ਗੱਲਾਂ ਗੁਰੂ ਸਾਹਿਬ ਇਕੱਲੇ ਪੰਡਤ ਨੂੰ ਹੀ ਨਹੀ ਸਗੋ ਧਾਰਮਿਕ ਭੇਖ ਵਿਚ ਛੁਪੇ ਹੋਏ ਹਰ ਪਾਖੰਡੀ ਨੂੰ ਕਹਿ ਰਹੇ ਹਨ। ਇਸ ਲਈ ਆਸਾ ਕੀ ਵਾਰ ਦੇ ਕੀਰਤਨ ਨੂੰ ਬੰਦ ਕਰਵਾਉਣ ਲਈ ਇਸ ਅਖੌਤੀ ਸੰਤਵਾਦ ਨੇ ਵੱਖਰੀ ਮਰਿਯਾਦਾ ਬਣਾ ਲਈ। ਸਿੱਖਾਂ ਨੂੰ ਭੁਲੇਖਾ ਦੇਣ ਲਈ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਵਿਚੋਂ ਜਪੁਜੀ ਸਾਹਿਬ ਦੇ ਪਾਠ ਤੋਂ ਬਾਅਦ ਵਿਚ ਸੁਖਮਨੀ ਸਾਹਿਬ ਦਾ ਪਾਠ ਕਰਨ ਦੀ ਪੱਕੀ ਮਰਿਆਦਾ ਬਣਾ ਲਈ ਅਤੇ ਆਸਾ ਕੀ ਵਾਰ ਅਤੇ ਸ੍ਰੀ ਅਕਾਲ ਤਖਤ ਸਾਹਬਿ ਦੀ, ਪੰਜ ਬਾਣੀਆਂ ਦੀ ਨਿਤਨੇਮ ਕਰਨ ਦੀ ਮਰਿਯਾਦਾ ਬਿਲਕੁਲ ਬੰਦ ਕਰ ਦਿੱਤੀ। ਆਮ ਭੋਲੇ ਭਾਲੇ ਲੋਕਾਂ ਨੂੰ ਪ੍ਰੇਰਣਾ ਦਿੱਤੀ ਕਿ ਸਿਰਫ਼ ਸੁਖਮਨੀ ਸਾਹਿਬ ਦੀ ਬਾਣੀ ਹੀ ਦੁਸ਼ਵਾਰੀਆਂ ਦਾ ਨਾਸ਼ ਕਰਦੀ ਹੈ ਪਰ ਇਹ ਦੱਸਣਾ ਛੱਡ ਦਿੱਤਾ ਕਿ ਬਾਣੀ ਦਾ ਤਾਂ ਅੱਖਰ ਅੱਖਰ ਹੀ ਮਨੁੱਖੀ ਸਰੀਰਾਂ ਲਈ ਲਾਹੇਵੰਦ ਹੈ।

ਪੰਜਵੇਂ ਪਾਤਸ਼ਾਹ ਜੀ ਨੇ ਸੁਖਮਨੀ ਸਾਹਿਬ ਵਿਚ ਗੁਰੂ ਦੀ ਮਹਿਮਾ ਦੀ ਗੱਲ ਕੀਤੀ ਹੈ ਪਰ ਇਹ ਡੇਰੇਦਾਰ ਅਖੌਤੀ ਸੰਤ ਇਸ ਮਹਿਮਾ ਨੂੰ ਆਪਣੇ ਉਪਰ ਲੈ ਆਉਂਦੇ ਹਨ। ਸੰਤ ਬੇਸ਼ੱਕ ਕਿਤਨਾ ਵੀ ਮਨੁੱਖੀ ਗੁਣਾ ਤੋਂ ਹੀਣਾ ਹੋਵੇ ਪਰ ਇਹਨਾਂ ਦੇ ਕਥਨ ਅਨੁਸਾਰ ਉਸ ਦੀ ਨਿੰਦਿਆ ਨਹੀਂ ਕਰਨੀ, ਕਿਉਂਕਿ ਸੁਖਮਨੀ ਸਾਹਿਬ ਜੀ ਦੀ ਬਾਣੀ ਦੱਸਦੀ ਹੈ ਅਤੇ ਭੋਲੇ ਭਾਲੇ ਲੋਕਾਂ ਨੂੰ ਇਹ ਵਿਸ਼ਵਾਸ ਕਰਵਾਇਆ ਜਾਂਦਾ ਹੈ ਕਿ ਜੇਕਰ ਤੁਸੀਂ ਸੰਤ ਜੀ ਦਾ ਬਚਨ ਕਹਿਆ ਨਾ ਮੰਨਿਆ ਤਾਂ ਤੇਰਾ ਸਰੀਰਕ ਤੌਰ ’ਤੇ ਜਾਂ ਮਾਲੀ ਤੌਰ ’ਤੇ ਜਾਂ ਪ੍ਰਵਾਰਿਕ ਤੌਰ ’ਤੇ ਬਹਤੁ ਵੱਡਾ ਨੁਕਸਾਨ ਹੋ ਸਕਦਾ ਹੈ। ਸੰਤ ਜੀ ਬਹੁਤ ਕਰਨੀ ਵਾਲੇ ਹਨ ਅਤੇ ਸੰਤ ਜੀ ਵੀ ਆਪਣੀ ਭਗਤੀ ਦਾ ਵਿਖਾਵਾ ਕਰਨ ਵਿਚ ਕੋਈ ਕਸਰ ਬਾਕੀ ਨਹੀ ਛੱਡਦੇ ਤੇ ਬਾਕੀ ਰਹਿੰਦੀ ਕਸਰ ਭਾੜੇ ਤੇ ਰੱਖੇ ਹੋਏ ਚੇਲੇ ਚਾਟੜੇ ਪੂਰੀ ਕਰਦੇ ਹਨ। ਇਹਨਾਂ ਵੱਲੋ ਅਕਸਰ ਇਹ ਪ੍ਰਚਾਰ ਕੀਤਾ ਜਾਂਦਾ ਹੈ ਕਿ ਮਹਾਂਪੁਰਸ਼ਾਂ ਦਾ ਬਚਨ ਨਹੀਂ ਮੋੜਨਾ ਅਤੇ ਗੁਰਬਾਣੀ ਦੇ ਦੋ ਸ਼ਬਦ ‘ਸਾਧ ਬਚਨ ਅਟਲਾਧਾ’ ਜੇਕਰ ਬਚਨ ਮੋੜਿਆ ਤਾਂ ਮਹਾਂਪੁਰਸ਼ ਨਰਾਜ਼ ਹੋ ਕਰ ਕੋਈ ਮਾੜਾ ਬਚਨ ਨਾ ਕਰ ਦੇਣ। ਪਰ ਭੋਲਿਆ ਨੂੰ ਇਹ ਨਹੀਂ ਪਤਾ ਕਿ ਜੋ ਵਾਕਿਆ ਹੀ ਮਹਾਂਪੁਰਸ਼ ਹੁੰਦੇ ਹਨ। ਉਹ ਤਾਂ ਮਾੜਾ ਬਚਨ ਆਪਣੇ ਮੁਖਾਰਬਿੰਦ ਤੋਂ ਕਰਦੇ ਹੀ ਨਹੀਂ।

ਇਹ ਅਖੌਤੀ ਸੰਤ ਜਦੋਂ ਪ੍ਰਚਾਰ ਕਰਦੇ ਹਨ ਤਾਂ ਉਹ ਇਹ ਨਹੀਂ ਕਹਿੰਦੇ ਕਿ ਜੋ ਅਸੀਂ ਪ੍ਰਮਾਣ ਦੇ ਰਹੇ ਹਾਂ ਇਹ ਬਾਣੀ ਪਹਿਲੇ ਪਾਤਸ਼ਾਹ ਜੀ ਦੀ ਹੈ ਜਾਂ ਇਹ ਬਾਣੀ ਦੂਜੇ ਪਾਤਸ਼ਾਹ ਜੀ ਦੀ ਹੈ ਜਾਂ ਤੀਜੇ ਪਾਤਸ਼ਾਹ ਜੀ ਦੀ ਬਾਣੀ ਇਉਂ ਕਹਿੰਦੀ ਹੈ ਪਰ ਇਹ ਅਖੌਤੀ ਸੰਤ ਕਹਿਣਗੇ ਕਿ ਇਹ ਗੱਲ ਸਾਡੇ ਵੱਡੇ ਮਹਾਂਪੁਰਸ਼ ਕਹਿੰਦੇ ਹੁੰਦੇ ਸਨ। ਇਨ੍ਹਾਂ ਨੇ ਗੁਰੂ ਦੀ ਗੱਲ ਛੱਡ ਦਿੱਤੀ ਅਤੇ ਆਪਣੇ ਤੋਂ ਪਹਿਲੇ ਕਿਸੇ ਸੰਤ ਦਾ ਨਾਮ ਲੈ ਕੇ ਉਸੇ ਦਾ ਗੁਣ ਗਾਇਨ ਕਰਦੇ ਹਨ। ਸੁਣਨ ਵਾਲਿਆਂ ਨੂੰ ਇਹ ਭੁਲੇਖਾ ਪਾ ਦਿੰਦੇ ਹਨ ਕਿ ਸ਼ਾਇਦ ਇਹ ਸੰਤ ਤਾਂ ਗੁਰੁ ਨਾਨਕ ਦੇਵ ਜੀ ਨਾਲੋਂ ਵੀ ਵੱਡੇ ਸਨ। ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀ ਕਿ 26 ਮਈ 2011 ਨੂੰ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਦਿਹਾੜਾ ਸੀ ਉਸੇ ਦਿਨ ਚੰਡੀਗੜ੍ਹ ਇਨ੍ਹਾਂ ਅਖੌਤੀ ਸੰਤਾਂ ਨੇ ਆਪਣੇ ਇਕ ਸੰਤ ਦੀ ਬਰਸੀ ਬੜੀ ਧੂਮਧਾਮ ਨਾਲ ਮਨਾਈ, ਪਰ ਸ੍ਰੀ ਗੁਰੂ ਅਮਰਦਾਸ ਜੀ ਦਾ ਜ਼ਿਕਰ ਤੱਕ ਨਹੀਂ ਕੀਤਾ। ਸਿਰਫ਼ ਆਪਣੇ ਸੰਤਾਂ ਦਾ ਹੀ ਗੁਣਗਾਇਨ ਕੀਤਾ।

ਨਿਸ਼ਾਨ ਸਾਹਿਬ ਵਹੂਣੇ, ਲੰਗਰ ਦੀ ਮਰਯਾਦਾ ਤੋਂ ਹੀਣੇ, ਕਈ ਥਾਂਈ ਜਾਤੀ ਭੇਦ-ਭਾਵ ਵਿਚ ਗ੍ਰਸੀਆਂ ਹੋਈਆ ਥਾਂਵਾ ’ਤੇ ਜਾ ਕੇ ਬਾਕੀ ਰਹਿੰਦੀ ਕਸਰ ਤਖਤਾਂ ਦੇ ਜਥੇਦਾਰ ਜੀ ਕੱਢ ਆਉਂਦੇ ਹਨ। ਜਿਨ੍ਹਾਂ ਨਾਨਕਸਰੀਆਂ ਖਿਲਾਫ਼ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਜੀ ਨੇ 6.2.95 ਨੂੰ ਹੁਕਮਨਾਮਾ ਜਾਰੀ ਕੀਤਾ ਸੀ ਅਤੇ ਉਨ੍ਹਾਂ ਨੇ ਲਿਖਤੀ ਤੌਰ ’ਤੇ ਮੰਨਿਆ ਸੀ ਕਿ ਅਸੀਂ ਗੁਰਬਾਣੀ ਦੀ ਮਰਿਯਾਦਾ ਨੂੰ ਭੰਗ ਕੀਤੀ ਹੈ ਅਤੇ ਉਹ ਅੱਜ ਤੱਕ ਵੀ ਮਰਿਯਾਦਾ ਭੰਗ ਕਰ ਰਹੇ ਹਨ। ਉਨ੍ਹਾਂ ਅਸਥਾਨਾਂ ਤੇ ਸਾਡੇ ਜਥੇਦਾਰ ਬੜੀ ਸ਼ਾਨ ਨਾਲ ਹਾਜ਼ਰੀਆਂ ਭਰਦੇ ਹਨ।

ਬ੍ਰਾਹਮਣਵਾਦ ਭਾਵ ਪੰਡਿਤ ਨੇ ਆਪਣੇ ਮਗਰ ਲੱਗਣ ਵਾਲੇ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਜ਼ਮਾਨ ਦਾ ਨਾਮ ਦਿੱਤਾ ਸੀ ਕਿ ਇਹ ਮੇਰੇ ਜਜ਼ਮਾਨ ਹਨ, ਬਿਲਕੁਲ ਉਸੇ ਤਰ੍ਹਾਂ ਹੀ ਅਜੋਕੇ ਸੰਤ ਆਪਣੇ ਮਗਰ ਲੱਗਣ ਵਾਲਿਆਂ ਨੂੰ ਆਪਣੀ ਸੰਗਤ ਦੱਸਦੇ ਹਨ, ਕਿ ਇਹ ਮੇਰੀ ਸੰਗਤ ਹੈ। ਇਹ ਕਦੇ ਵੀ ਨਹੀਂ ਕਹਿੰਦੇ, ਕਿ ਇਹ ਗੁਰੂ ਦੀ ਸੰਗਤ ਹੈ। ਪੰਡਿਤ ਨੇ ਤਾਂ ਆਪਣੇ ਜਜ਼ਮਾਨ ਨੂੰ ਲਕੀਰ ਤੋਂ ਬਾਹਰ ਰੱਖਿਆ ਸੀ ਕਿ ਮੇਰੀ ਕੱਢੀ ਹੋਈ ਲਕੀਰ ਤੋਂ ਅੰਦਰ ਨਹੀਂ ਆਉਣਾ ਅਤੇ ਭਰਮ ਪਾਇਆ ਹੋਇਆ ਸੀ ਨਹੀਂ ਤਾਂ ਤੇਰਾ ਨੁਕਸਾਨ ਹੋਵੇਗਾ। ਪਰ ਅਜੋਕੇ ਅਖੌਤੀ ਸੰਤਵਾਦ ਨੇ ਜਿਨ੍ਹਾਂ ਨੂੰ ਆਪਣੀ ਸੰਗਤ ਦੱਸਦੇ ਹਨ, ਉਨ੍ਹਾਂ ਦੇ ਉਪਰਦੀ ਕਾਰ ਕੱਢ ਲਈ ਹੈ, ਕਿ ਇਸ ਤੋਂ ਬਾਹਰ ਨਹੀਂ ਜਾਣਾ ਭਾਵ ਕਿ ਸੰਤਾਂ ਦਾ ਬਚਨ ਨਹੀਂ ਮੋੜਣਾ। ਜੇਕਰ ਬਚਨ ਮੋੜਿਆ ਤਾਂ ਫਿਰ ਤੇਰਾ, ਇਹ ਨੁਕਸਾਨ ਹੋ ਜਾਵੇਗਾ, ਉਹ ਨੁਕਸਾਨ ਹੋ ਜਾਏਗਾ। ਅਖੌਤੀ ਸੰਤਵਾਦ ਨੇ ਉਪਰਦੀ ਵਲਾਮਾ ਪਾ ਲਿਆ ਹੈ।

ਅਜੋਕੇ ਅਖੌਤੀ ਸੰਤਵਾਦ ਨੇ ਤਾਂ ਅੱਜ ਬਾਬਾ ਭਾਗ ਸਿੰਘ ਵਰਗੀਆਂ ਅਨੇਕਾਂ ਨਾਮ ਸਿਮਰਨ ਵਾਲੀਆਂ ਪਵਿੱਤਰ ਰੂਹਾਂ ਤੇ ਵੀ ਪ੍ਰਸ਼ਨ ਚਿਨ੍ਹ ਲਾ ਦਿੱਤੇ ਹਨ ਜਿਨ੍ਹਾਂ ਨੇ ਨਾਮ ਸਿਮਰਨ ਤੋਂ ਬਗੈਰ ਮਾਇਆ ਨੂੰ ਹੱਥ ਤੱਕ ਨਹੀਂ ਲਾਇਆ ਸੀ। ਸੰਤ ਅਤਰ ਸਿੰਘ ਮਸਤੂਆਣੇ ਵਾਲੇ, ਸੰਤ ਕਰਮ ਸਿੰਘ ਹੋਤੀ ਮਰਦਾਨ, ਸੰਤ ਸੁੰਦਰ ਸਿੰਘ ਭਿੰਡਰਾਂ ਵਾਲੇ ਆਦਿ ਜਿਨ੍ਹਾਂ ਮਹਾਂਪੁਰਸ਼ਾਂ ਨੇ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵੱਡੀਆਂ ਘਾਲਣਾ ਘਾਲੀਆ, ਪਰ ਅਜੋਕਾ ਸੰਤ ਉਹਨਾਂ ਮਹਾਂਪੁਰਸਾਂ ਦੀਆਂ ਘਾਲਣਾ ਨੂੰ ਵੀ ਮਿੱਟੀ ਘੱਟੇ ਰੋਲ ਰਿਹਾ ਹੈ। ਕਿਤੇ ਅਜਿਹਾ ਨਾ ਹੋਵੇ ਕਿ ਇਕ ਦਿਨ ਮਸੰਦ ਸ਼ਬਦ ਦੀ ਤਰਾਂ ਸੰਤ ਸ਼ਬਦ ਵੀ ਪੂਰੀ ਤਰਾਂ ਬਦਨਾਮ ਹੋ ਜਾਵੇ। ਅਜਿਹਾ ਦਿਨ ਅਉਣ ਤੋਂ ਪਹਿਲਾਂ ਹਰ ਇਕ ਸੁਹਿਰਦ ਗੁਰਸਿੱਖ ਮਾਈ ਭਾਈ ਨੂੰ ਬਹੁਤ ਹੀ ਧਿਅਨ ਦੇਣ ਦੀ ਜਰੂਰਤ ਹੈ। ਸੰਤ ਬਾਣੇ ਵਿਚ ਵਿਚਰਦੇ ਸੁਹਿਰਦ ਗੁਰਮੁਖਾਂ ਨੂੰ ਵੀ ਚਾਹੀਦਾ ਹੈ ਕਿ ਉਹ ਸੰਤ ਬਾਣੇ ਵਿਚ ਵਿਚਰ ਰਹੇ ਪਾਖੰਡੀਆਂ ਦਾ ਪਰਦਾ ਫਾਸ਼ ਕਰਨ। ਕਿੳਂੁਕਿ ਗੁਰਬਾਣੀ ਵਿਚ ਇਹ ਸ਼ਬਦ ਗੁਰੂ ਸਾਹਿਬਾਨਾਂ ਲਈ ਅਤੇ ਨਾਮ ਦੇ ਰੰਗ ਵਿਚ ਰੰਗੇ ਗੁਰਸਿੱਖਾਂ ਲਈ ਵਰਤਿਆ ਗਿਆ ਹੈ।

ਬਲਵੰਤ ਸਿੰਘ ਨੰਦਗੜ੍ਹ
ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ
98782-37545


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top