Share on Facebook

Main News Page

ਫਿਲਮੀ ਗਾਇਕਾਂ ਵਲੋਂ ਸ਼ਬਦ ਗਾਇਨ, ਸਿੱਖ ਪੰਥ ਦੇ ਹਜ਼ੂਰੀ ਰਾਗੀਆਂ ਤੇ ਗੁਰਮਤਿ ਪ੍ਰੰਪਰਾ ਦਾ ਅਪਮਾਨ

ਚੰਡੀਗੜ 24 ਨਵੰਬਰ (ਗੁਰਪ੍ਰੀਤ ਮਹਿਕ): ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ: ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਦੇ ਧੰਨਵਾਦੀ ਹਾਂ ਕਿ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਸਰਬ ਉਚਤਮ ਰੁਤਬੇ ਦੀ ਮਰਿਆਦਾ ਅਨੁਸਾਰ ਵਿਰਾਸਤ-ਏ-ਖਾਲਸਾ ਦੇ ਉਦਘਾਟਨੀ ਸਮਾਗਮਾਂ ਦੇ ਫਿਲਮੀ ਕਰਨ ਤੇ ਦਖਲ ਦਿੰਦਿਆਂ ਅਮਿਤਾਬ ਬੱਚਨ ਜਿਹੇ ਸਿੱਖ ਦੋਖੀ ਫਿਲਮੀ ਅਦਾਕਾਰਾਂ ਨੂੰ ਇਸ ਸਮਾਗਮ ਤੋਂ ਲਾਂਭੇ ਕਰਨ ਲਈ ਆਪਣੀ ਜੋਰਦਾਰ ਖਾਲਸਈ ਭੂਮਿਕਾ ਨਿਭਾਈ ਹੈ।

ਉਨ੍ਹਾਂ ਜੱਥੇਦਾਰ ਨੂੰ ਬੇਨਤੀ ਹੈ, ਕਿ ਉਹ ਇੱਕ ਹੋਰ ਉਪਰਾਲਾ ਕਰਕੇ ਵਿਰਾਸਤ-ਏ-ਖਾਲਸਾ ਦੇ ਉਦਘਾਟਨੀ ਸਮਾਗਮਾਂ ਸਮੇਂ ਪ੍ਰਸਿੱਧ ਫਿਲਮੀ ਗਾਇਕਾ ਆਸਾ ਭੌਂਸਲੇ ਅਤੇ ਜਸਪਿੰਦਰ ਨਰੂਲਾ ਵੱਲੋਂ ਸ਼ਬਦ ਗਾਇਨ ਦਾ ਵੀ ਵਿਰੋਧ ਕਰਨ ਕਿਉਂਕਿ ਅਜਿਹੇ ਸ਼ਾਨਾਮੱਤੇ ਖਾਲਸਈ ਵਿਰਾਸਤ ਨਾਲ ਜੁੜੇ ਸਮਾਗਮਾਂ ਵਿੱਚ ਸਿੱਖ ਪੰਥ ਦੇ ਹਜ਼ੂਰੀ ਰਾਗੀਆਂ, ਜੋ ਕਿ ਵਿਸ਼ਵ ਵਿਆਪੀ ਪ੍ਰਤਿੱਭਾ ਅਤੇ ਉਸਤਤੀ ਦਾ ਮਾਣ ਪ੍ਰਾਪਤ ਕਰ ਚੁੱਕੇ ਹਨ। ਅਜਿਹੇ ਗੁਰੂ ਘਰ ਦੇ ਰਾਗੀਆਂ ਨੂੰ ਅੱਖੋ-ਪਰੋਖੇ ਕਰਕੇ ਫਿਲਮੀ ਕਲਾਕਾਰਾਂ ਨੂੰ ਸ਼ਬਦ ਗਾਇਨ ਲਈ ਸੱਦਾ ਦੇਣਾ ਗੁਰੂ ਪੰਥ ਦੇ ਮਹਾਨ ਕੀਰਤਨੀਆਂ ਦਾ ਘੋਰ ਨਿਰਾਦਰ ਹੈ।

ਅਸੀਂ ਅਕਾਲ ਤਖਤ ਸਾਹਿਬ ਅਤੇ ਬਾਕੀ ਤਖਤ ਸਾਹਿਬਾਨ ਦੇ ਜੱਥੇਦਾਰ ਸਾਹਿਬਾਨ ਨੂੰ ਬੇਨਤੀ ਕਰਦੇ ਹਾਂ ਕਿ ਉਹ ਤੁਰੰਤ ਇਸ ਮਾਮਲੇ ਵਿੱਚ ਦਖਲ ਦੇ ਕੇ ਆਪਣੀ ਬਣਦੀ ਜੋਰਦਾਰ ਭੂਮਿਕਾ ਨਿਭਾਉਂਣ ਅਤੇ ਗੁਰੂ ਘਰ ਦੇ ਕੀਰਤਨੀਆਂ ਦੇ ਨਿਰਾਦਰ ਨੂੰ ਰੋਕਦੇ ਹੋਏ ਪੰਥ ਦੇ ਪ੍ਰਸਿੱਧ ਰਾਗੀਆਂ ਪਾਸੋਂ ਹੀ, ਗੁਰਮਤ ਸੰਗੀਤ ਦੀ ਮਰਿਆਦਾ ਅਨੁਸਾਰ, ਸ਼ਬਦ ਕੀਰਤਨ ਕਰਵਾਇਆ ਜਾਵੇ। ਖਾਲਸਈ ਵਿਰਾਸਤ ਅਤੇ ਸ਼ਾਨ ਦੇ ਪ੍ਰਤੀਕ ਵਿਰਾਸਤ-ਏ-ਖਾਲਸਾ ਦੇ ਉਦਘਾਟਨੀ ਸਮਾਗਮਾਂ ਨੂੰ ਫਿਲਮੀ ਦੁਨੀਆਂ ਦੇ ਚਕਾਚੌਂਧ ਜੂਠੇ ਅਤੇ ਪਾਖੰਡੀ ਪਰਛਾਵਿਆਂ ਦੇ ਮਨਮੱਤੀ ਗ੍ਰਹਿਣ ਤੋਂ ਬਚਾਇਆ ਜਾਵੇ ਕਿਉਂਕਿ ਵਿਰਾਸਤ-ਏ-ਖਾਲਸਾ ਦੇ ਉਦਘਾਟਨੀ ਸਮਾਗਮ ਸਮੇਂ ਆਸਾ ਭੌਂਸਲੇ ਅਤੇ ਜਸਪਿੰਦਰ ਨਰੂਲਾ ਵੱਲੋਂ ਸ਼ਬਦ ਗਾਇਨ ਕਰਵਾਉਂਣਾ, ਸਿੱਖ ਪੰਥ ਦੇ ਹਜ਼ੂਰੀ ਰਾਗੀਆਂ, ਗੁਰਮਤ ਸੰਗੀਤ ਦੀ ਪਰੰਪਰਾ ਅਤੇ ਮਰਿਆਦਾ ਦਾ ਅਪਮਾਨ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top