Share on Facebook

Main News Page

22 ਸਾਲ ਬਾਦਲਕਿਆਂ ਨੂੰ ਪਾਣੀ ਪੀ ਪੀ ਕੋਸਣ ਵਾਲਾ ਰਾਮੂਵਾਲੀਆ, ਫਿਰ ਬਾਦਲ ਦੀ ਛਤਰੀ ਹੇਠ

ਬੱਦੋਵਾਲ, (23 ਨਵੰਬਰ, ਪੀ.ਐਸ.ਐਨ) ‘ਆਖਰ ਪੁੱਤਰ ਮੂਲਿਆਂ ਤੂੰ ਹੱਟੀ ਬਹਿਣਾ .. 22 ਸਾਲ ਅਕਾਲੀਆਂ ਨੂੰ ਪਾਣੀ ਪੀ ਪੀ ਕੇ ਕੋਸਣ ਤੋਂ ਬਾਅਦ ਲੋਕ ਭਲਾਈ ਪਾਰਟੀ ਦੇ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ, ਮੁੜ ਤੋਂ ‘ਅਕਾਲੀ' ਬਣ ਗਏ ਹਨ। ਸਹੁਰੇ ਘਰ ਗਈ ਧੀ ਦੇ ਆਪਣੇ ਪਰਿਵਾਰ ਸਮੇਤ ਪੇਕੇ ਘਰ ਵਾਪਸੀ ਵਾਲੀ ਪੀੜ੍ਹਾਂ ਨਾਲ ਰਾਮੂਵਾਲੀਆ ਨੇ ਭਰੇ ਗਲੇ ਨਾਲ ਆਪਣੀ ਲੋਕ ਭਲਾਈ ਪਾਰਟੀ ਦੇ ਬਾਦਲ ਦਲ 'ਚ ਰਲੇਵੇਂ ਦਾ ਇਹ ਆਖਦਿਆਂ ਐਲਾਨ ਕੀਤਾ ਕਿ ਅੱਜ ਤੋਂ ਸੁਖਬੀਰ ਬਾਦਲ ਉਸਦਾ ਪ੍ਰਧਾਨ ਅਤੇ ਪ੍ਰਕਾਸ਼ ਸਿੰਘ ਬਾਦਲ ਸਰਪ੍ਰਸਤ ਹੈ।

ਇਸ ਤਰਾਂ ਪੰਜਾਬ 'ਚ ਤੀਜੇ ਬਦਲ ਵਜੋਂ ਉਭਰੀ ਇੱਕ ਪਾਰਟੀ ਦੇ ਭੋਗ ਨਾਲ, ਪੰਜਾਬ ਸਿਆਸਤ ਦੇ ਇੱਕ ਅਧਿਆਏ ਦਾ ਅੰਤ ਹੋ ਗਿਆ ਅਤੇ ਜਿਹੜੇ ਲੋਕ ਬਾਦਲਾਂ ਨੂੰ ਰਾਮੂਵਾਲੀਏ ਦੇ ਮੂੰਹੋ ਤਿੱਖੀਆਂ-ਤਿੱਖੀਆਂ ਚੋਭਾਂ ਸੁਣਾ ਕੇ ਖੁਸ਼ ਹੁੰਦੇ ਸਨ, ਉਨ੍ਹਾਂ ਲਈ ਇਹ ਭੁੱਲੀ ਵਿਸਰੀ ਯਾਦ ਬਣ ਜਾਵੇਗਾ। ਬਾਦਲ ਪਿਉ ਪੁੱਤਰ ਇਸ ਸਮੇਂ ਰਾਮੂਵਾਲੀਆ ਨੂੰ ਆਪਣੇ ਘੇਰੇ 'ਚ ਲੈ ਕੇ ਕਿਲਾ ਜਿੱਤ ਲੈਣ ਵਾਲੀ ਖੁਸ਼ੀ ਨਾਲ ਖੀਵੇ ਵਿਖਾਈ ਦਿੱਤੇ ਤੇ ਸੁਖਬੀਰ ਬਾਦਲ ਨੇ ਤਾਂ ਇਸ ਸਮੇਂ ਅਕਾਲੀ ਰਾਜ ਦੇ 25 ਸਾਲ ਦੀ ਥਾਂ 50 ਸਾਲ ਹੋਰ ਜਾਰੀ ਰਹਿਣ ਦਾ ਵੱਡਾ ਐਲਾਨ ਕਰ ਮਾਰਿਆ।

ਰਾਮੂਵਾਲੀਆ ਨੇ ਇਸ ਸਮੇਂ ਆਖਿਆ ਕਿ ਉਸਨੇ ਲੋਕਾਂ ਦੀ ਸੇਵਾ ਦਾ ਇੱਕ ਰਿਕਾਰਡ ਬਣਾਇਆ ਹੈ, ਜਿਸਨੂੰ ਕੋਈ ਮਾਈ ਦਾ ਲਾਲ ਤੋੜ ਨਹੀਂ ਸਕੇਗਾ, ਪਰ ਉਸਨੇ ਮਨ 'ਚ ਪੰਥ ਦੇ ਏਕੇ ਦੀ ਇੱਕ ਤਮੰਨਾ ਜ਼ਰੂਰ ਜਹੈ, ਜਿਸਦੀ ਪੂਰਤੀ ਲਈ ਉਹ ਮੁੜ ਤੋਂ ਅਕਾਲੀ ਦਲ ਦੇ ਝੰਡੇ ਥੱਲੇ ਆਇਆ ਹੈ। ਲੋਕ ਭਲਾਈ ਪਾਰਟੀ ਦੇ ਕੌਮੀ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ ਨੇ ਆਖਰ ਪਿਛਲੇ ਕਈ ਦਿਨਾਂ ਤੋਂ ਚੱਲ ਰਹੀਆਂ ਅਟਕਲਾਂ ਨੂੰ ਦੂਰ ਕਰਦਿਆਂ ਸ਼੍ਰੋਮਣੀ ਅਕਾਲੀ ਦਲ 'ਚ ਰਲੇਵੇਂ ਦਾ ਐਲਾਨ ਕਰ ਦਿੱਤਾ। ਇੱਕ ਰੈਲੀ ਕਰਕੇ ਆਪਣੀ ਤਾਕਤ ਦਾ ਮੁਜ਼ਾਹਰਾ ਰਾਮੂਵਾਲੀਆ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਭਰੇ ਮਨ ਨਾਲ ਧਾਰਮਿਕ ਸ਼ਬਦਾਂ ਦਾ ਉਚਾਰਨ ਕਰਨ ਤੋਂ ਬਾਅਦ ਇਹ ਐਲਾਨ ਕਰ ਦਿੱਤਾ।

ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਜਿੰਨੀ ਮੈਨੂੰ ਅੱਜ ਖੁਸ਼ੀ ਹੋਈ ਹੈ ਉਨੀ ਜ਼ਿੰਦਗੀ 'ਚ ਕਦੇ ਨਸੀਬ ਨਹੀਂ ਹੋਈ, ਕਿਉਂਕਿ ਰਾਮੂਵਾਲੀਆ ਇੱਕ ਅਣਥੱਕ ਲੀਡਰ ਹੈ ਜਿਸਨੇ ਸਾਰੀ ਜ਼ਿੰਦਗੀ ਲੋਕ ਭਲਾਈ ਵਿਚ ਲਗਾਈ ਅਤੇ ਅਜਿਹੀਆਂ ਮੁਸ਼ਕਲਾਂ ਦੇ ਹੱਲ ਕਰ ਦਿੱਤੇ ਜਿਹੜੀਆਂ ਹੋ ਹੀ ਨਹੀਂ ਸੀ ਸਕਦੀਆਂ। ਉਨ੍ਹਾਂ ਬਲਵੰਤ ਸਿੰਘ ਰਾਮੂਵਾਲੀਆ ਨੂੰ ਪੰਥਕ ਦਿਲ ਇਨਸਾਨ ਦੱਸਦਿਆਂ ਕਿਹਾ ਕਿ ਭਾਵੇਂ ਉਸਨੇ ਪਾਰਟੀ ਬਣਾ ਲਈ ਪਰ ਸਾਡਾ ਦੋਵਾਂ ਦਾ ਨਿਸ਼ਾਨਾ ਇੱਕ ਰਿਹਾ। ਉਨ੍ਹਾਂ ਕਿਹਾ ਕਿ ਹੁਣ ਮੁੜ ਬਾਦਲ ਸਰਕਾਰ ਦਾ ਰਾਜ ਲਿਆਉਣ ਲਈ ਉਹ ਪੂਰੀ ਵਾਹ ਲਾ ਦੇਣਗੇ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਰਾਮੂਵਾਲੀਏ ਦੇ ਸੋਹਲੇ ਗਾਉਂਦਿਆਂ ਕਿਹਾ ਕਿ ਉਹ ਤਾਂ ਪਹਿਲਾ ਹੀ ਸਾਡਾ ਪਰਿਵਾਰਕ ਮੈਂਬਰ ਹੈ ਤੇ ਮੈਂ ਤਾਂ ਉਹਦੀ ਗੋਦੀ ਦਾ ਨਿੱਘ ਵੀ ਛੋਟੇ ਹੁੰਦੇ ਮਾਣਿਆ ਹੈ। ਬਾਦਲ ਨੇ ਕਿਹਾ ਕਿ ਪਹਿਲਾ ਅਸੀਂ 25 ਸਾਲ ਰਾਜ ਕਰਨਾ ਸੀ ਪਰ ਹੁਣ 50 ਸਾਲ ਰਾਜ ਕਰਾਂਗੇ।

ਉਨ੍ਹਾਂ ਭਰੋਸਾ ਦੁਆਇਆ ਕਿ ਉਨ੍ਹਾਂ ਦੇ ਹਰ ਹੁਕਮ ਦੀ ਪਾਲਣਾ ਕੀਤੀ ਜਾਵੇਗੀ ਅਤੇ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਬਲਵੰਤ ਸਿੰਘ ਰਾਮੂਵਾਲੀਆ ਨੇ ਪਹਿਲਾ ਵਾਂਗ ਲੱਛੇਦਾਰ ਭਾਸ਼ਣ ਕਰਦਿਆਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਚੰਗਾ ਤੇ ਖਰਾ ਇਨਸਾਨ ਹੈ ਤੇ ਹੁਣ ਰਲਕੇ ਲੋਕ ਭਲਾਈ ਦੇ ਕੰਮ ਕਰਾਂਗੇ ਤੇ ਹੁਣ ਪੰਜਾਬ ਦੇ ਦੁਸ਼ਮਣ ਭਾਵੇਂ ਸਮੁੰਦਰਾਂ 'ਚ ਘਰ ਪਾ ਲੈਣ ਉਥੋਂ ਵੀ ਖਿੱਚ ਲਿਆਂਵੇਗਾ। ਆਪਣੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ 25 ਹਜ਼ਾਰ ਮੁੰਡਾ ਉਨ੍ਹਾਂ ਬਾਹਰਲੇ ਮੁਲਕਾਂ 'ਚ ਛੁਡਾਇਆ ਅਤੇ ਵਿਦੇਸ਼ਾਂ ਅੰਦਰ 60 ਹਜ਼ਾਰ ਪੰਜਾਬੀ ਨੌਜਵਾਨ ਪੱਕੇ ਕਰਵਾਏ ਜਿਨ੍ਹਾਂ ਨੂੰ ਵਾਪਸ ਭਾਰਤ ਭੇਜਿਆ ਜਾ ਰਿਹਾ ਸੀ। ਇਸ ਸਮੇਂ ਹਰਭਜਨ ਸਿੰਘ ਮਾਨ ਨੇ ਵੀ ਆਪਣੀ ਗਾਇਕੀ ਦਾ ਜਾਦੂ ਬਿਖੇਰਿਆ ਅਤੇ ਮਿਰਜਾ ਗਾ ਕੇ ਚੰਗਾ ਰੰਗ ਬੰਨਿਆ। ਮੌਕੇ ਤੇ ਕੈਬਨਿਟ ਮੰਤਰੀ ਹੀਰਾ ਸਿੰਘ ਗਾਬੜੀਆ, ਸੰਸਦੀ ਸਕੱਤਰ ਬਿਕਰਮਜੀਤ ਸਿੰਘ ਖਾਲਸਾ, ਜ਼ਿਲਾ ਪ੍ਰੀਸ਼ਦ ਚੇਅਰਮੈਨ ਮਨਪ੍ਰੀਤ ਸਿੰਘ ਇਆਲੀ, ਮਹੇਸ਼ਇੰਦਰ ਸਿੰਘ ਗਰੇਵਾਲ, ਜਗਦੀਸ਼ ਸਿੰਘ ਗਰਚਾ, ਗੁਰਚਰਨ ਸਿੰਘ ਗਾਲਿਬ, ਜਗਜੀਤ ਸਿੰਘ ਤਲਵੰਡੀ, ਅਮਰੀਕ ਆਲੀਵਾਲ, ਅਵਤਾਰ ਸਿੰਘ ਮੁੱਲਾਂਪੁਰੀ, ਅਮਰੀਕ ਵਰਪਾਲ, ਆਰ ਐਸ ਕਲੇਰ ਏ ਡੀ ਸੀ। ਨਛੱਤਰ ਸਿੰਘ ਸਿੱਧੂ, ਦਰਸ਼ਨ ਸਿੰਘ ਭਿੰਡਰ, ਮੋਹਣ ਲਾਲ ਬੱਗਾ, ਸੁਰਿੰਦਰਪਾਲ ਸਿੰਘ ਬੱਦੋਵਾਲ, ਜਗਜੀਤ ਸਿੰਘ ਸੰਧੂ, ਜਥੇਦਾਰ ਜਗਦੇਵ ਸਿੰਘ ਨਾਰੀਕੇ ਆਦਿ ਹਾਜ਼ਰ ਸਨ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top