Share on Facebook

Main News Page

ਮਨੁੱਖ ਮਰਨ ਪਿਛੋਂ ਮੁਕਤੀ ਦੀ ਭਾਲ ਕਰਦਾ ਹੈ ਪਰ ਗੁਰਮਤਿ ਜਿਉਂਦੇ ਜੀਅ ਮੁਕਤੀ ਪ੍ਰਾਪਤ ਕਰਨ ਦੀ ਸਿਖਿਆ ਦਿੰਦੀ ਹੈ: ਪ੍ਰਿੰ. ਗੁਰਬਚਨ ਸਿੰਘ

* ਮਨੁੱਖ ਵਲੋਂ ਪ੍ਰਾਮਤਮਾ ਦੇ ਗੁਣ ਧਾਰਣ ਕਰਨਾ ਤੇ ਉਸ ਦੇ ਬਝਵੇਂ ਨਿਯਮਾਂ ਵਿੱਚ ਜੀਵਨ ਢਾਲਣਾ ਹੀ ਨਾਮ ਜਪਣਾ ਜਾਂ ਨਾਮ ਧਿਆਉਣਾ ਹੈ

ਬਠਿੰਡਾ, 23 ਨਵੰਬਰ (ਕਿਰਪਾਲ ਸਿੰਘ) ਮਨੁੱਖ ਮਰਨ ਪਿਛੋਂ ਮੁਕਤੀ ਦੀ ਭਾਲ ਕਰਦਾ ਹੈ ਪਰ ਗੁਰਮਤਿ ਜਿਉਂਦੇ ਜੀਅ ਮੁਕਤੀ ਪ੍ਰਪਤ ਕਰਨ ਦੀ ਸਿਖਿਆ ਦਿੰਦੀ ਹੈ। ਇਹ ਸ਼ਬਦ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਿੰ: ਗੁਰਬਚਨ ਸਿੰਘ ਪੰਨਵਾਂ ਨੇ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਚੱਲ ਰਹੀ ਲੜੀਵਾਰ ਕਥਾ ਦੌਰਾਨ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ।

ਉਨ੍ਹਾਂ ਕਿਹਾ ਇਸੇ ਜੀਵਨ ਵਿੱਚ ਮੁਕਤੀ ਪ੍ਰਾਪਤ ਕਰਨਾ ਕੀ ਹੈ? ਇਸ ਦਾ ਵਰਨਣ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰ: 1427 ’ਤੇ ਦਰਜ਼ ਸਲੋਕ ਵਾਰਾਂ ਤੇ ਵਧੀਕ ਵਿੱਚ ਇਸ ਤਰ੍ਹਾਂ ਕੀਤਾ ਹੈ:

ਉਸਤਤਿ ਨਿੰਦਿਆ ਨਾਹਿ ਜਿਹਿ, ਕੰਚਨ ਲੋਹ ਸਮਾਨਿ॥ ਕਹੁ ਨਾਨਕ, ਸੁਨਿ ਰੇ ਮਨਾ, ਮੁਕਤਿ ਤਾਹਿ ਤੈ ਜਾਨਿ ॥14॥

ਅਰਥ: ਹੇ ਨਾਨਕ! ਆਖ, ਹੇ ਮਨ! ਸੁਣ, ਜਿਸ ਮਨੁੱਖ (ਦੇ ਮਨ) ਨੂੰ ਉਸਤਤਿ ਨਹੀਂ (ਡੁਲਾ ਸਕਦੀ) ਨਿੰਦਿਆ ਨਹੀਂ (ਡੁਲਾ ਸਕਦੀ), ਜਿਸ ਨੂੰ ਸੋਨਾ ਅਤੇ ਲੋਹਾ ਇਕੋ ਜਿਹੇ (ਦਿੱਸਦੇ ਹਨ, ਭਾਵ, ਜੋ ਲਾਲਚ ਵਿਚ ਨਹੀਂ ਫਸਦਾ), ਇਹ ਗੱਲ (ਪੱਕੀ) ਜਾਣ ਕਿ ਉਸ ਨੂੰ ਮੋਹ ਤੋਂ ਛੁਟਕਾਰਾ ਮਿਲ ਚੁੱਕਾ ਹੈ ॥14॥

ਉਨ੍ਹਾਂ ਕਿਹਾ ਜਿਉਂਦੇ ਜੀਅ (ਮੋਹ ਤੋਂ ਛੁਟਕਾਰਾ) ਮੁਕਤੀ ਪ੍ਰਾਪਤ ਕਿਵੇਂ ਕਰਨੀ ਹੈ? ਇਸ ਦਾ ਵਿਸਥਾਰ ਵਿੱਚ ਵਰਨਣ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 540 ’ਤੇ ਵੀਚਾਰ ਅਧੀਨ ਚੌਥੇ ਪਾਤਸ਼ਾਹ ਦਾ ਸ਼ਬਦ, ਬਿਹਾਗੜਾ ਮਹਲਾ 4 ॥, ਵਿੱਚ ਇਸ ਤਰ੍ਹਾਂ ਕੀਤਾ ਹੈ:

ਹਉ ਬਲਿਹਾਰੀ ਤਿਨ੍‍ ਕਉ ਮੇਰੀ ਜਿੰਦੁੜੀਏ, ਜਿਨ੍‍ ਹਰਿ ਹਰਿ ਨਾਮੁ ਅਧਾਰੋ ਰਾਮ ॥ ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਮੇਰੀ ਜਿੰਦੁੜੀਏ, ਬਿਖੁ ਭਉਜਲੁ ਤਾਰਣਹਾਰੋ ਰਾਮ ॥
ਜਿਨ ਇਕ ਮਨਿ ਹਰਿ ਧਿਆਇਆ ਮੇਰੀ ਜਿੰਦੁੜੀਏ, ਤਿਨ ਸੰਤ ਜਨਾ ਜੈਕਾਰੋ ਰਾਮ ॥ ਨਾਨਕ, ਹਰਿ ਜਪਿ ਸੁਖੁ ਪਾਇਆ ਮੇਰੀ ਜਿੰਦੁੜੀਏ, ਸਭਿ ਦੂਖ ਨਿਵਾਰਣਹਾਰੋ ਰਾਮ ॥1॥

ਅਰਥ:- ਹੇ ਮੇਰੀ ਸੋਹਣੀ ਜਿੰਦੇ! (ਆਖ) ਮੈਂ ਉਹਨਾਂ ਤੋਂ ਕੁਰਬਾਨ ਹਾਂ ਜਿਨ੍ਹਾਂ ਨੇ ਪਰਾਮਤਮਾ ਦੇ ਨਾਮ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ ਬਣਾ ਲਿਆ ਹੈ। ਹੇ ਮੇਰੀ ਸੋਹਣੀ ਜਿੰਦੇ! ਗੁਰੂ ਨੇ ਸਤਿਗੁਰੂ ਨੇ ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕੀ ਤਰ੍ਹਾਂ ਟਿਕਾ ਦਿੱਤਾ ਹੈ। ਗੁਰੂ (ਮਾਇਆ ਦੇ ਮੋਹ ਦੇ) ਜ਼ਹਿਰ (ਭਰੇ) ਸੰਸਾਰ ਸਮੁੰਦਰ ਤੋਂ ਪਾਰ ਲੰਘਾਣ ਦੀ ਸਮਰੱਥਾ ਰੱਖਦਾ ਹੈ। ਹੇ ਮੇਰੀ ਸੋਹਣੀ ਜਿੰਦੇ! ਜਿਨ੍ਹਾਂ ਸੰਤ ਜਨਾਂ ਨੇ ਇਕ ਮਨ ਹੋ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹਨਾਂ ਦੀ (ਹਰ ਥਾਂ) ਸੋਭਾ ਵਡਿਆਈ ਹੁੰਦੀ ਹੈ। ਹੇ ਨਾਨਕ! (ਆਖ) ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦਾ ਨਾਮ ਜਪ ਕੇ ਸੁਖ ਮਿਲ ਜਾਂਦਾ ਹੈ, ਹਰਿ ਨਾਮ ਸਾਰੇ ਦੁੱਖ ਦੂਰ ਕਰਨ ਦੀ ਸਮਰੱਥਾ ਵਾਲਾ ਹੈ ॥1॥

ਸਾ ਰਸਨਾ ਧਨੁ ਧੰਨੁ ਹੈ ਮੇਰੀ ਜਿੰਦੁੜੀਏ, ਗੁਣ ਗਾਵੈ ਹਰਿ ਪ੍ਰਭ ਕੇਰੇ ਰਾਮ ॥ ਤੇ ਸ੍ਰਵਨ ਭਲੇ ਸੋਭਨੀਕ ਹਹਿ ਮੇਰੀ ਜਿੰਦੁੜੀਏ, ਹਰਿ ਕੀਰਤਨੁ ਸੁਣਹਿ ਹਰਿ ਤੇਰੇ ਰਾਮ ॥
ਸੋ ਸੀਸੁ ਭਲਾ ਪਵਿਤ੍ਰ ਪਾਵਨੁ ਹੈ ਮੇਰੀ ਜਿੰਦੁੜੀਏ, ਜੋ ਜਾਇ ਲਗੈ ਗੁਰ ਪੈਰੇ ਰਾਮ ॥ ਗੁਰ ਵਿਟਹੁ ਨਾਨਕੁ ਵਾਰਿਆ ਮੇਰੀ ਜਿੰਦੁੜੀਏ, ਜਿਨਿ ਹਰਿ ਹਰਿ ਨਾਮੁ ਚਿਤੇਰੇ ਰਾਮ ॥2॥

ਅਰਥ:- ਹੇ ਮੇਰੀ ਸੋਹਣੀ ਜਿੰਦੇ! ਉਹ ਜੀਭ ਭਾਗਾਂ ਵਾਲੀ ਹੈ ਮੁਬਾਰਿਕ ਹੈ, ਜੇਹੜੀ (ਸਦਾ) ਪਰਾਮਤਮਾ ਦੇ ਗੁਣ ਗਾਂਦੀ ਰਹਿੰਦੀ ਹੈ। ਹੇ ਮੇਰੀ ਸੋਹਣੀ ਜਿੰਦੇ! (ਆਖ) ਹੇ ਪ੍ਰਭੂ! ਉਹ ਕੰਨ ਸੋਹਣੇ ਹਨ ਚੰਗੇ ਹਨ ਜੇਹੜੇ ਤੇਰੇ ਕੀਰਤਨ ਸੁਣਦੇ ਰਹਿੰਦੇ ਹਨ। ਹੇ ਮੇਰੀ ਸੋਹਣੀ ਜਿੰਦੇ! ਉਹ ਸਿਰ ਭਾਗਾਂ ਵਾਲਾ ਹੈ ਪਵਿਤ੍ਰ ਹੈ, ਜੇਹੜਾ ਗੁਰੂ ਦੇ ਚਰਨਾਂ ਵਿਚ ਜਾ ਲੱਗਦਾ ਹੈ। ਹੇ ਮੇਰੀ ਸੋਹਣੀ ਜਿੰਦੇ! ਨਾਨਕ (ਉਸ) ਗੁਰੂ ਤੋਂ ਕੁਰਬਾਨ ਜਾਂਦਾ ਹੈ ਜਿਸ ਨੇ (ਨਾਨਕ ਨੂੰ) ਪਰਮਾਤਮਾ ਦਾ ਨਾਮ ਚੇਤੇ ਕਰਾਇਆ ਹੈ ॥2॥

ਤੇ ਨੇਤ੍ਰ ਭਲੇ ਪਰਵਾਣੁ ਹਹਿ ਮੇਰੀ ਜਿੰਦੁੜੀਏ, ਜੋ ਸਾਧੂ ਸਤਿਗੁਰੁ ਦੇਖਹਿ ਰਾਮ ॥ ਤੇ ਹਸਤ ਪੁਨੀਤ ਪਵਿਤ੍ਰ ਹਹਿ ਮੇਰੀ ਜਿੰਦੁੜੀਏ, ਜੋ ਹਰਿ ਜਸੁ ਹਰਿ ਹਰਿ ਲੇਖਹਿ ਰਾਮ ॥
ਤਿਸੁ ਜਨ ਕੇ ਪਗ ਨਿਤ ਪੂਜੀਅਹਿ ਮੇਰੀ ਜਿੰਦੁੜੀਏ, ਜੋ ਮਾਰਗਿ ਧਰਮ ਚਲੇਸਹਿ ਰਾਮ ॥ ਨਾਨਕੁ ਤਿਨ ਵਿਟਹੁ ਵਾਰਿਆ ਮੇਰੀ ਜਿੰਦੁੜੀਏ, ਹਰਿ ਸੁਣਿ ਹਰਿ ਨਾਮੁ ਮਨੇਸਹਿ ਰਾਮ ॥3॥

ਅਰਥ:- ਹੇ ਮੇਰੀ ਸੋਹਣੀ ਜਿੰਦੇ! ਉਹ ਅੱਖਾਂ ਭਲੀਆਂ ਹਨ ਸਫਲ ਹਨ ਜੋ ਗੁਰੂ ਦਾ ਦਰਸਨ ਕਰਦੀਆਂ ਰਹਿੰਦੀਆਂ ਹਨ, ਉਹ ਹੱਥ ਪਵਿਤ੍ਰ ਹਨ ਜੇਹੜੇ ਪਰਮਾਤਮਾ ਦੀ ਸਿਫ਼ਤਿ ਸਾਲਾਹ ਲਿਖਦੇ ਰਹਿੰਦੇ ਹਨ। ਹੇ ਮੇਰੀ ਸੋਹਣੀ ਜਿੰਦੇ! ਉਸ ਮਨੁੱਖ ਦੇ (ਉਹ) ਪੈਰ ਸਦਾ ਪੂਜੇ ਜਾਂਦੇ ਹਨ ਜੇਹੜੇ (ਪੈਰ) ਧਰਮ ਦੇ ਰਾਹ ਉਤੇ ਤੁਰਦੇ ਰਹਿੰਦੇ ਹਨ। ਹੇ ਮੇਰੀ ਸੋਹਣੀ ਜਿੰਦੇ! ਨਾਨਕ ਉਹਨਾਂ (ਵਡਭਾਗੀ) ਮਨੁੱਖਾਂ ਤੋਂ ਕੁਰਬਾਨ ਜਾਂਦਾ ਹੈ ਜੇਹੜੇ ਪਰਮਾਤਮਾ ਦਾ ਨਾਮ ਸੁਣ ਕੇ ਨਾਮ ਨੂੰ ਮੰਨਦੇ ਹਨ (ਜੀਵਨ ਅਧਾਰ ਬਣਾ ਲੈਂਦੇ ਹਨ) ॥3॥

ਧਰਤਿ ਪਾਤਾਲੁ ਆਕਾਸੁ ਹੈ ਮੇਰੀ ਜਿੰਦੁੜੀਏ, ਸਭ ਹਰਿ ਹਰਿ ਨਾਮੁ ਧਿਆਵੈ ਰਾਮ ॥ ਪਉਣੁ ਪਾਣੀ ਬੈਸੰਤਰੋ ਮੇਰੀ ਜਿੰਦੁੜੀਏ, ਨਿਤ ਹਰਿ ਹਰਿ ਹਰਿ ਜਸੁ ਗਾਵੈ ਰਾਮ ॥
ਵਣੁ ਤ੍ਰਿਣੁ ਸਭੁ ਆਕਾਰੁ ਹੈ ਮੇਰੀ ਜਿੰਦੁੜੀਏ, ਮੁਖਿ ਹਰਿ ਹਰਿ ਨਾਮੁ ਧਿਆਵੈ ਰਾਮ ॥ ਨਾਨਕ ਤੇ ਹਰਿ ਦਰਿ ਪੈਨਾਇਆ ਮੇਰੀ ਜਿੰਦੁੜੀਏ, ਜੋ ਗੁਰਮੁਖਿ ਭਗਤਿ ਮਨੁ ਲਾਵੈ ਰਾਮ ॥4॥4॥

ਅਰਥ:- ਹੇ ਮੇਰੀ ਸੋਹਣੀ ਜਿੰਦੇ! ਧਰਤੀ, ਪਾਤਾਲ, ਆਕਾਸ਼; ਹਰੇਕ ਹੀ ਪਰਮਾਤਮਾ ਦਾ ਨਾਮ ਸਿਮਰ ਰਿਹਾ ਹੈ। ਹੇ ਮੇਰੀ ਸੋਹਣੀ ਜਿੰਦੇ! ਹਵਾ ਪਾਣੀ, ਅੱਗ; ਹਰੇਕ ਤੱਤ ਭੀ ਪਰਮਾਤਮਾ ਦੀ ਸਿਫ਼ਤਿ ਸਾਲਾਹ ਦਾ ਗੀਤ ਗਾ ਰਿਹਾ ਹੈ। ਹੇ ਮੇਰੀ ਸੋਹਣੀ ਜਿੰਦੇ! ਜੰਗਲ, ਘਾਹ, ਇਹ ਸਾਰਾ ਦਿੱਸਦਾ ਸੰਸਾਰ; ਆਪਣੇ ਮੂੰਹ ਨਾਲ ਹਰੇਕ ਹੀ ਪਰਮਾਤਮਾ ਦਾ ਨਾਮ ਜਪ ਰਿਹਾ ਹੈ। ਹੇ ਨਾਨਕ! (ਆਖ) ਹੇ ਮੇਰੀ ਸੋਹਣੀ ਜਿੰਦੇ! ਜੇਹੜਾ ਜੇਹੜਾ ਜੀਵ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਭਗਤੀ ਵਿਚ ਆਪਣਾ ਮਨ ਜੋੜਦਾ ਹੈ, ਉਹ ਸਾਰੇ ਪਰਾਮਤਮਾ ਦੇ ਦਰ ਤੇ ਸਤਕਾਰੇ ਜਾਂਦੇ ਹਨ ॥4॥4॥

ਪ੍ਰਿੰ: ਪੰਨਵਾਂ ਨੇ ਕਿਹਾ ਕਿ ਉਪ੍ਰੋਕਤ ਸ਼ਬਦ ਦੇ ਪਹਿਲੇ ਤਿੰਨ ਪਦਿਆਂ ਦਾ ਪਾਠ ਤੇ ਅਰਥ ਕਰਨ ਸਮੇਂ ਕਈ ਵਾਰ ਭੇਲੇਖਾ ਲੱਗ ਜਾਂਦਾ ਹੈ ਕਿ ਪ੍ਰਮਾਤਮਾ ਦਾ ਨਾਮ ਕਿਵੇਂ ਸਿਮਰਨਾ ਹੈ? ਕਈ ਵੀਰ ਭੁਲੇਖਾ ਖਾ ਜਾਂਦੇ ਹਨ ਕਿ ਸ਼ਾਇਦ ਅਕਾਲ ਪੁਰਖ ਦੇ ਦੋ, ਚਾਰ ਜਾਂ ਵੱਧ ਅੱਖਰਾਂ ਦੇ ਮੇਲ ਨਾਲ ਬਣੇ ਕਿਸੇ ਨਾਮ ਨੂੰ ਜੀਭ ਨਾਲ ਵਾਰ ਉਚਾਰਣ ਕਰਨਾ ਹੀ ਨਾਮ ਜਪਣਾ ਜਾਂ ਸਿਮਰਨ ਕਰਨਾ ਹੈ। ਉਨ੍ਹਾਂ ਕਿਹਾ ਸਤਿਗੁਰੂ ਜੀ ਨੇ ਸਾਡਾ ਇਹ ਭੁਲੇਖਾ ਚੌਥੇ ਪਦੇ ਵਿੱਚ ਪੂਰੀ ਤਰ੍ਹਾਂ ਦੂਰ ਕਰ ਦਿੱਤਾ ਹੈ। ਇਸ ਪਦੇ ਵਿੱਚ ਤਾਂ ਦੱਸਿਆ ਗਿਆ ਹੈ ਕਿ ਧਰਤੀ, ਪਾਤਾਲ, ਆਕਾਸ਼, ਹਵਾ, ਪਾਣੀ, ਅੱਗ, ਜੰਗਲ, ਘਾਹ, ਆਦਿ ਸਾਰੇ ਹੀ ਤੱਤ ਪਰਮਾਤਮਾ ਦੀ ਸਿਫ਼ਤਿ ਸਾਲਾਹ ਕਰ ਰਹੇ ਹਨ ਅਤੇ ਨਾਮ ਜਪ ਰਹੇ ਹਨ। ਉਨ੍ਹਾਂ ਕਿਹਾ ਉਪ੍ਰੋਕਤ ਕਿਸੇ ਵੀ ਤੱਤ ਦੇ ਨਾ ਕੋਈ ਮੂੰਹ ਹੁੰਦਾ ਹੈ ਅਤੇ ਨਾ ਹੀ ਜੀਭ। ਫਿਰ ਉਹ ਕਿਸ ਤਰ੍ਹਾਂ ਨਾਮ ਜਪਦੇ ਹਨ ਤੇ ਨਾਮ ਧਿਆਉਂਦੇ ਹਨ।

ਪ੍ਰਿੰ: ਪੰਨਵਾਂ ਨੇ ਕਿਹਾ ਅਸਲ ਵਿੱਚ ਧਰਤੀ, ਪਾਤਾਲ, ਆਕਾਸ਼, ਹਵਾ, ਪਾਣੀ ਆਦਿ ਸਾਰੇ ਹੀ ਪ੍ਰਮਾਤਮਾ ਵਲੋਂ ਬਣਾਏ ਨਿਯਮਾਂ ਅਧੀਨ ਬਿਨਾ ਕਿਸੇ ਕੁਤਾਹੀ ਦੇ ਚੱਲ ਰਹੇ ਹਨ। ਇਨ੍ਹਾਂ ਵਲੋਂ ਬਝਵੇਂ ਨਿਯਮਾਂ ਦੀ ਪਾਲਣਾ ਕਰਨਾ ਹੀ ਨਾਮ ਧਿਆਉਣਾ ਹੈ। ਅੱਗ ਦਾ ਸੁਭਾਅ ਹੈ ਸੇਕ ਦੇਣਾ। ਜੇ ਕਦੀ ਅੱਗ ਸੇਕ ਦੀ ਥਾਂ ਬਰਫ ਵਾਂਗ ਠੰਡਕ ਦੇਣ ਲੱਗ ਪਵੇ ਤਾ ਸਮਝੋ ਉਹ ਆਪਣਾ ਧਰਮ ਨਹੀਂ ਨਿਭਾ ਰਹੀ ਤੇ ਇਸ ਤਰ੍ਹਾਂ ਅਸੀ ਕਦੀ ਵੀ ਅੱਗ ਨਾਲ ਖਾਣਾ ਨਹੀਂ ਪਕਾ ਸਕਦੇ ਤੇ ਨਾ ਹੀ ਨਿੱਘ ਪ੍ਰਾਪਤ ਕਰ ਸਕਾਂਗੇ। ਇਸੇ ਤਰ੍ਹਾਂ ਜੰਗਲ ਦੀ ਹਰੇਕ ਬਨਸਪਤੀ ਤੇ ਘਾਹ ਪ੍ਰਮਾਤਮਾ ਦੇ ਬਣਾਏ ਨਿਯਮ ਅਨੁਸਾਰ ਆਪਣੇ ਮੌਸਮ ਵਿੱਚ ਉਘਦੇ ਹਨ, ਪਤਝੜ ਵਿੱਚ ਸੁੱਕ ਜਾਂਦੇ ਹਨ ਤੇ ਬਸੰਤ ਰੁਤ ਵਿੱਚ ਫਿਰ ਹਰੇ ਭਰੇ ਹੋ ਜਾਂਦੇ ਹਨ। ਹਰ ਇਕ ਨੂੰ ਉਨ੍ਹਾਂ ਦੇ ਮੌਸਮ ਅਨੁਸਾਰ ਹੀ ਫੁੱਲ ਅਤੇ ਫ਼ਲ ਲਗਦੇ ਤੇ ਪਕਦੇ ਹਨ । ਕੋਈ ਵੀ ਬਨਸਪਤੀ ਬੇਮੌਸਮੀ ਨਹੀਂ ਉਘਦੀ ਤੇ ਨਾ ਹੀ ਬਿਨਾ ਮੌਸਮ ਦੇ ਉਨ੍ਹਾਂ ਨੂੰ ਫਲ ਲਗਦਾ ਹੈ। ਸਾਰੀ ਬਨਸਪਤੀ ਵਲੋਂ ਪ੍ਰਮਾਤਮਾ ਦੇ ਇਸ ਬਝਵੇਂ ਨਿਯਮ ਵਿੱਚ ਰਹਿਣਾ ਅਤੇ ਆਪਣੇ ਗੁਣਾਂ ਨੂੰ ਨਾ ਗਵਾਉਣਾ ਹੀ ਉਨ੍ਹਾਂ ਵਲੋਂ ਨਾਮ ਧਿਆਉਣਾ ਹੈ। ਇਸੇ ਤਰ੍ਹਾਂ ਮਨੁੱਖ ਵਲੋਂ ਪ੍ਰਾਮਤਮਾ ਦੇ ਗੁਣ ਧਾਰਣ ਕਰਨਾ ਤੇ ਉਸ ਦੇ ਬਝਵੇਂ ਨਿਯਮਾਂ ਵਿੱਚ ਜੀਵਨ ਢਾਲਣਾ ਹੀ ਨਾਮ ਜਪਣਾ ਜਾਂ ਨਾਮ ਧਿਆਉਣਾ ਹੈ।

ਉਨ੍ਹਾਂ ਕਿਹਾ ਜੇ ਮਨੁਖ ਜੀਭ ਨਾਲ ਰਟਣ ਤਾਂ ਕਰਦਾ ਹੈ:- ‘ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥’ ਪਰ ਉਹ ਇੱਕ ਦੀ ਥਾਂ ਕਈ ਦੇਵੀ ਦੇਵਤਿਆਂ ਨੂੰ ਮੰਨ ਰਿਹਾ ਹੈ; ਸੱਚ ਨਹੀਂ ਬੋਲਦਾ; ਸ੍ਰਿਸ਼ਟੀ ਦੇ ਰਚਨਹਾਰ ਵੀ ਅਕਾਲ ਪੁਰਖ਼ ਦੀ ਬਜਾਏ ਕਿਸੇ ਹੋਰ ਹਸਤੀ ਨੂੰ ਮੰਨ ਰਿਹਾ ਹੈ; ਉਹ ਨਿਰਭਉ ਵੀ ਨਹੀਂ ਬਣ ਸਕਿਆ ਕਈ ਹੋਰਨਾਂ ਸ਼ਕਤੀਆਂ ਜਾਂ ਮਨੁਖਾਂ ਦਾ ਡਰ ਮੰਨ ਰਿਹਾ ਹੈ ; ਉਹ ਨਿਰਵੈਰ ਵੀ ਨਹੀਂ ਬਣ ਸਕਿਆ ਆਪਣੇ ਸੁਆਰਥਾਂ ਕਾਰਣ ਕਈਆਂ ਨੂੰ ਦੁਸ਼ਮਣ ਬਣਾਈ ਬੈਠਾ ਹੈ; ਉਹ ਪ੍ਰਮਾਤਮਾਂ ਨੂੰ ਅਜੂਨੀ ਮੰਨਣ ਦੀ ਥਾਂ ਉਸ ਨਿਰੰਕਾਰ ਨੂੰ ਕਈ ਅਵਤਾਰਾਂ ਵਿੱਚ ਇਸ ਧਰਤੀ ’ਤੇ ਆਇਆ ਮੰਨਦਾ ਹੈ; ਤਾਂ ਸਮਝੋ ਉਹ ਨਾਮ ਨਹੀਂ ਜਪ ਰਿਹਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top