Share on Facebook

Main News Page

ਬਲਜੀਤ ਸਿੰਘ ਦਾਦੂਵਾਲ ਵਲੋਂ ਸੌਦਾ ਸਾਧ ਨੂੰ ਚੈਲਿੰਜ - ਦਮ ਹੈ ਤਾਂ ਚੋਣਾਂ ਵਿੱਚ ਮੇਰੇ ਨਾਲ ਮੁਕਾਬਲਾ ਕਰ

ਬਰਨਾਲਾ (23 ਨਵੰਬਰ, ਰਾਜਪਾਲ ਸਿੰਘ ): ਪੰਜਾਬ ਦੇ ਵੱਖ-ਵੱਖ ਲੀਡਰਾਂ ਵੱਲੋਂ ਦੇਹਧਾਰੀ ਝੂਠ ਦੇ ਡੇਰਿਆਂ ਤੇ ਜਾ ਕੇ ਜਿੱਥੇ ਪਾਖੰਡਵਾਦ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਉਥੇ ਕਤਲਾਂ ਅਤੇ ਕੁਕਰਮਾਂ ਦੇ ਕੇਸਾਂ ਵਿਚ ਹਿੰਦੁਸਤਾਨ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਸੀ ਬੀ ਆਈ ਦੁਆਰਾ ਦੋਸ਼ੀ ਸਾਬਿਤ ਕੀਤੇ ਜਾ ਚੁੱਕੇ ਇਨ੍ਹਾਂ ਡੇਰਿਆਂ ਦੀ ਪੁਸ਼ਤਪਨਾਹੀ ਕਰਕੇ ਅਪਰਾਧੀਆਂ ਦੀ ਹਮਾਇਤ ਕਰਨ ਦਾ ਘੋਰ ਜ਼ੁਰਮ ਕੀਤਾ ਜਾ ਰਿਹਾ ਹੈ । ਜਿਹੜੇ ਪਾਖੰਡੀ ਲੋਕ ਖੁਦ ਬਲਾਤਕਾਰਾਂ ਅਤੇ ਕਤਲਾਂ ਦੇ ਕੇਸਾਂ ਵਿਚ ਪੇਸ਼ੀਆਂ ਭੁਗਤ ਰਹੇ ਹਨ ਅਤੇ ਸਿੱਖ ਪੰਥ ਦੀ ਸੁਪਰੀਮ ਪਾਵਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਨ੍ਹਾਂ ਦੇ ਬਾਈਕਾਟ ਦਾ ਹੁਕਮਨਾਮਾ ਜਾਰੀ ਹੋਇਆ ਹੈ, ਉਨ੍ਹਾਂ ਦੇ ਡੇਰਿਆਂ ਦੀ ਹਾਜ਼ਰੀ ਭਰ ਕੇ ਇਹ ਲੋਕ ਸਿੱਖੀ ਸਿਧਾਂਤਾਂ ਦੀ ਖਿੱਲੀ ਉਡਾ ਰਹੇ ਹਨ ।

ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਪੰਥਕ ਸੇਵਾ ਲਹਿਰ ਦੇ ਚੇਅਰਮੈਨ ਸੰਤ ਬਾਬਾ ਬਲਜੀਤ ਸਿੰਘ ਜੀ ਖ਼ਾਲਸਾ ਦਾਦੂਵਾਲ ਨੇ ਪਿਛਲੇ ਦਿਨੀਂ ਅਖਬਾਰਾਂ ਵਿਚ ਮਨਪ੍ਰੀਤ ਬਾਦਲ ਦੇ ਵੋਟਾਂ ਦੀ ਲਾਲਸਾ ਅਧੀਨ ਡੇਰਾ ਸਿਰਸਾ ਵਿਖੇ ਜਾਣ ਦੀ ਚਰਚਾ ਵਿਚ ਰਹੀ ਸੁਰਖੀ ਤੇ ਤਿੱਖਾ ਪ੍ਰਤੀਕਰਮ ਜ਼ਾਹਿਰ ਕਰਦਿਆਂ ਕੀਤਾ। ਸੰਤ ਦਾਦੂਵਾਲ ਨੇ ਕਿਹਾ ਕਿ ਹੁਣ ਪੰਜਾਬ ਦੇ ਲੋਕ ਪਾਖੰਡਵਾਦ ਪ੍ਰਤੀ ਜਾਗਰੂਕ ਹੋ ਚੁੱਕੇ ਹਨ ਅਤੇ ਡੇਰਾ ਸਿਰਸਾ ਦਾ ਪੰਜਾਬ ਵਿਚ ਕੋਈ ਖਾਸ ਵੋਟ ਬੈਂਕ ਨਹੀਂ ਰਿਹਾ । ਪਰ ਅਫਸੋਸ ਦੀ ਗੱਲ ਹੈ ਕਿ ਵੱਖ-ਵੱਖ ਪਾਰਟੀਆਂ ਦੇ ਲੀਡਰ ਦੇਖਾ-ਦੇਖੀ ਹੀ ਅਜਿਹੇ ਡੇਰਿਆਂ ਦੀ ਹਾਜ਼ਰੀ ਭਰ ਰਹੇ ਹਨ । ਪੰਥ ਦੇ ਰਹਿਨੁਮਾ ਕਹਾਉਣ ਵਾਲੇ ਜਥੇਦਾਰਾਂ ਦਾ ਫਰਜ਼ ਬਣਦਾ ਹੈ ਕਿ ਉਹ ਦੇਹਧਾਰੀ ਗੁਰੂਡੰਮ੍ਹ ਦੇ ਡੇਰਿਆਂ ਤੇ ਜਾਣ ਵਾਲੇ ਅਜਿਹੇ ‘ਪੰਥ ਦੇ ਦੋਸ਼ੀ' ਲੀਡਰਾਂ ਨੂੰ, ਭਾਵੇਂ ਉਹ ਕਿਸੇ ਵੀ ਸਿਆਸੀ ਪਾਰਟੀ ਦੇ ਹੋਣ; ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰ ਕੇ ਆਪਣੀ ਬਣਦੀ ਪੰਥਕ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ । ਸਾਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਸਿੱਖ ਉਨ੍ਹਾਂ ਦੇ ਘੜੇ ਦੀਆਂ ਮੱਛੀਆਂ ਨਹੀਂ ਹਨ, ਪਾਖੰਡੀਆਂ ਨੂੰ ਉਤਸ਼ਾਹਿਤ ਕਰਨ ਵਾਲਿਆਂ ਨੂੰ ਸਿੱਖ ਕੌਮ ਕਦੇ ਵੀ ਭੁਲਾਉਂਦੀ ਨਹੀਂ ਹੈ ਸਗੋਂ ਸਮਾਂ ਆਉਣ ਤੇ ਢੁੱਕਵਾਂ ਜਵਾਬ ਜ਼ਰੂਰ ਦਿੰਦੀ ਹੈ ।

ਦਾਦੂਵਾਲ ਨੇ ਚੈਲਿੰਜ ਕਰਦਿਆਂ ਕਿਹਾ ਕਿ ਉਂਝ ਉਹਨਾਂ ਦਾ ਕਿਤੇ ਵੀ ਐਮ. ਐਲ ਏ. ਜਾਂ ਐਮ.ਪੀ ਦੀ ਚੋਣ ਲੜਨ ਸਬੰਧੀ ਕੋਈ ਇਰਾਦਾ ਨਹੀਂ ਹੈ, ਸਗੋਂ ਧਰਮ ਪ੍ਰਚਾਰ ਕਰਕੇ ਪੰਥਕ ਸੇਵਾ ਕਰਨਾ ਹੀ ਮੁੱਖ ਮਕਸਦ ਹੈ । ਪਰ ਜਿਹੜੇ ਲੀਡਰ ਇਹ ਮੰਨਦੇ ਹਨ ਕਿ ਡੇਰਾ ਸਿਰਸਾ ਮੁਖੀ ਦਾ ਪੰਜਾਬ ਵਿਚ ਵੱਡਾ ਵੋਟ ਆਧਾਰ ਹੈ, ਉਹ ਪੰਜਾਬ ਦੀ ਕਿਸੇ ਵੀ ਸੀਟ ਤੋਂ ਡੇਰਾ ਮੁਖੀ ਨੂੰ ਆਪਣੀ ਪਾਰਟੀ ਵੱਲੋਂ ਉਮੀਦਵਾਰ ਖੜ੍ਹਾ ਕਰ ਕੇ ਵੇਖ ਲੈਣ ਜਾਂ ਡੇਰਾ ਸਿਰਸਾ ਮੁਖੀ ਗੁਰਮੀਤ ਆਪਣੇ ਮਨ ਦਾ ਭੁਲੇਖਾ ਦੂਰ ਕਰਨ ਲਈ ਪੰਜਾਬ ਦੀਆਂ 117 ਸੀਟਾਂ ਚੋਂ ਕਿਤੇ ਵੀ ਆਜ਼ਾਦ ਖੜ੍ਹਾ ਹੋ ਕੇ ਵੇਖ ਲਵੇ , ਮੈਂ ਉਸਦੇ ਮੁਕਾਬਲੇ ਖੜ੍ਹਾ ਹੋ ਕੇ ਉਸ ਨੂੰ ਨਾਨੀ ਚੇਤੇ ਕਰਵਾ ਦੇਵਾਂਗਾ । ਜੇ ਡੇਰਾ ਮੁਖੀ ਵਿਚ ਦਮ ਹੈ ਤਾਂ ਇਸ ਚੈਲਿੰਜ ਨੂੰ ਕਬੂਲ ਕਰਕੇ ਪੰਜਾਬ ਵਿਚ ਕਿਸੇ ਵੀ ਸੀਟ ਤੋਂ ਖੁਦ ਚੋਣ ਲੜਨ ਦਾ ਐਲਾਨ ਕਰੇ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top