Share on Facebook

Main News Page

ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਵੱਲੋਂ ਮਲੇਸ਼ੀਆ ਦੇ ਗੁਰਦਵਾਰਾ ਸਾਹਿਬ ਜੌਹਰ ਬਾਰੂ ਵਿਖੇ ਗੁਰਮਤਿ ਪ੍ਰਚਾਰ

ਪ੍ਰੋ. ਜਸਵੰਤ ਸਿੰਘ ਸਿੰਘਾਪੁਰ ਰਾਹੀਂ, ਡਾ. ਦਇਆ ਸਿੰਘ ਮੁੱਖ ਅਧਿਆਪਕ ਪੰਜਾਬੀ ਸਕੂਲ ਜੌਹਰ ਬਾਰੂ ਦੇ ਉਦਮ ਸਦਕਾ ਗੁਰਦੁਆਰਾ ਸਾਹਿਬ ਜੌਹਰ ਬਾਰੂ ਦੇ ਪ੍ਰਬੰਧਕਾਂ ਅਤੇ ਇਸਤਰੀ ਸਤਸੰਗ ਜੌਹਰ ਬਾਰੂ ਨਾਲ ਸਲਾਹ ਕਰਕੇ ਤਿੰਨ ਦਿਨ ਦਾ ਗੁਰਮਤਿ ਪ੍ਰਚਾਰ ਪ੍ਰੋਗਰਾਮ ਉਲੀਕਿਆ ਗਿਆ। ਡਾ. ਦਇਆ ਸਿੰਘ ਜੀ ਨੇ ਇੰਨਟ੍ਰਨੈੱਟ ਤੋਂ ਭਾ. ਅਵਤਾਰ ਸਿੰਘ ਮਿਸ਼ਨਰੀ ਅਤੇ ਬੀਬੀ ਹਰਸਿਮਰਤ ਕੌਰ ਖਾਲਸਾ ਦੀਆਂ ਫੋਟੋਆਂ ਲੈ ਕੇ ਪ੍ਰੋਗਰਾਮਾਂ ਦੇ ਵੇਰਵੇ ਦਾ ਇਸ਼ਤਿਹਾਰ ਗੁਰਦੁਆਰਿਆਂ ਵਿੱਚ ਲਗਾ ਦਿੱਤਾ। ਤਿੰਨੇ ਦਿਨ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਦੇ ਜਥੇ ਨੂੰ ਖੁਲ੍ਹਾ ਸਮਾਂ ਦਿੱਤਾ ਗਿਆ। ਪਹਿਲੇ ਦਿਨ ਬੱਚੀ ਦਾ ਜਨਮ ਦਿਨ ਹੋਣ ਕਰਕੇ “ਪੂਤਾ ਮਾਤਾ ਕੀ ਅਸੀਸ” ਦੇ ਅਧਾਰਤ ਕੀਰਤਨ ਅਤੇ ਵਿਚਾਰ ਕੀਤਾ ਗਿਆ। ਭਾਈ ਅਵਤਾਰ ਸਿੰਘ ਨੇ ਦਰਸਾਇਆ ਕਿ ਸਿੱਖ ਧਰਮ ਵਿੱਚ ਪੁੱਤਰ ਧੀਆਂ ਬਰਾਬਰ ਹਨ ਅਤੇ ਇਸ ਸ਼ਬਦ ਵਿੱਚ ਗੁਰੂ ਮਾਤਾ ਵੱਲੋਂ ਸਿੱਖ ਰੂਪ ਬੱਚੇ ਨੂੰ ਇਹ ਅਸੀਸ ਦਿੱਤੀ ਗਈ ਹੈ ਕਿ ਹੇ ਬੱਚੇ ਤੈਨੂੰ ਨਿਮਖ ਮਾਤਰ ਵੀ ਪਿਤਾ ਪ੍ਰਮਾਤਮਾਂ ਨਾਂ ਭੁੱਲੇ ਅਤੇ ਤੁਸੀਂ ਸਦਾ ਉਸ ਨੂੰ ਯਾਦ ਰੱਖੋ। ਭਾਈ ਸਾਹਿਬ ਨੇ ਇਹ ਵੀ ਸਮਝਾਇਆ ਕਿ ਪੁਰਾਤਨ ਮਾਵਾਂ ਬੱਚਿਆਂ ਨੂੰ ਅਜਿਹੀਆਂ ਲੋਰੀਆਂ ਦਿੰਦੇ ਹੋਏ ਗੁਰਮਤਿ ਦੀ ਸਿਖਿਆ ਦਿਆ ਕਰਦੀਆਂ ਸਨ। ਬੀਬੀ ਹਰਸਿਮਰਤ ਕੌਰ ਖਾਲਸਾ ਨੇ ਬਾਖੂਬੀ ਇਸ ਦੀ ਇੰਗਲਿਸ਼ ਵਿੱਚ ਵਿਆਖਿਆ ਕੀਤੀ ਜਿਸ ਨੂੰ ਸੰਗਤ ਅਤੇ ਬੱਚਿਆਂ ਨੇ ਖਾਮੋਸ਼ ਹੋ ਕੇ ਸੁਣਿਆਂ ਕਿਉਂਕਿ ਇੱਥੇ ਬਹੁਤੀ ਸੰਗਤ ਅਤੇ ਬੱਚੇ ਅੰਗ੍ਰੇਜੀ ਵੱਧ ਸਮਝਦੇ ਹਨ। ਸੰਗਤ ਕਹਿ ਰਹੀ ਸੀ ਕਿ ਪਹਿਲੇ ਤਾਂ ਬੱਚੇ ਦੀਵਾਨ ਵਿੱਚ ਸ਼ੋਰ ਕਰਦੇ ਸਨ ਅਤੇ ਉੱਠ ਕੇ ਵੀ ਚਲੇ ਜਾਂਦੇ ਸਨ ਪਰ ਅੱਜ ਪੂਰਾ ਘੰਟਾ ਟਿਕ ਕੇ ਬੈਠੇ ਰਹੇ ਹਨ।

ਅਗਲੇ ਦਿਨ ਸ਼ਾਮ ਦੇ ਦੀਵਾਨ ਵਿੱਚ ਨਾਮ ਸਿਮਰਨ ਤੇ ਕੀਰਤਨ ਵਖਿਆਨ ਕਰਦੇ ਹੋਏ ਭਾਈ ਸਾਹਿਬ ਅਤੇ ਬੀਬਾ ਜੀ ਨੇ ਦੱਸਿਆ ਕਿ ਇੱਕ ਅਕਾਲ ਪੁਰਖ ਦਾ ਸਿਮਰਨ ਸਾਨੂੰ ਹਰਵੇਲੇ “ਊਠਤ ਬੈਠਤ ਸੋਵਤ ਨਾਮ” ਕਰਨਾ ਚਾਹੀਦਾ ਹੈ ਨਾਂ ਕਿ ਕਿਸੇ ਸਾਧ ਸੰਤ ਦੇ ਦੱਸੇ ਕਿਸੇ ਖਾਸ ਸਮੇਂ ਤੇ, ਨਾਮ ਸਿਮਰਨ ਦੀ ਵਿਧੀ ਵੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਸਮਝਾਈ ਕਿ ਜਿਵੇਂ ਬੱਚੇ ਦਾ ਧਿਆਨ ਡੋਰ, ਸੁਨਿਆਰੇ ਦਾ ਘਾੜਤ, ਪਾਣੀ ਦੇ ਘੜੇ ਲੈ ਜਾ ਰਹੀਆਂ ਬੀਬੀਆਂ ਦਾ ਘੜਿਆਂ,ਪੰਜ ਕੋਹ ਤੇ ਚਰ ਰਹੀ ਗਾਂ ਦਾ ਵੱਛੇ ਅਤੇ ਪੰਘੂੜੇ ਵਿੱਚ ਪਏ ਬੱਚੇ ਦੀ ਮਾਂ ਦਾ ਕਾਰੋ ਬਾਰ ਕਰਦਿਆਂ ਬੱਚੇ ਵੱਲ ਰਹਿੰਦਾ ਹੈ। ਇਵੇਂ ਹੀ ਕਿਰਤ ਕਮਾਈ ਕਰਦੇ ਹੋਏ ਸਾਡਾ ਧਿਆਨ ਮੋਹ ਮਾਇਆ ਤੋਂ ਉੱਪਰ ਉੱਠ ਕੇ, ਹੱਥ ਕਾਰ ਵੱਲ ਅਤੇ ਚਿੱਤ ਯਾਰ ਵੱਲ ਹੋਣਾ ਚਾਹੀਦਾ ਹੈ, ਨਾਂ ਕਿ ਕਿਸੇ ਇੱਕ ਸ਼ਬਦ ਦਾ ਵਾਰ-2 ਗਿਣਤੀ ਕਰਕੇ ਜਾਪ ਕਰਨਾ।

ਇਸ ਤੋਂ ਅਗਲੇ ਦਿਨ ਜੌਹਰ ਬਾਰੂ ਦੇ ਸੁਲਤਾਨ ਇਬਰਾਹਿਮ ਦਾ ਜਨਮ ਦਿਨ ਸੀ ਇਥੇ ਹਰ ਸਾਲ ਸੁਲਤਾਨ ਦੇ ਜਨਮ ਦਿਨ ਤੇ ਛੁੱਟੀ ਹੁੰਦੀ ਹੈ। ਜਿੱਥੇ ਬਾਕੀ ਲੋਕ ਘਰ ਬਾਰਾਂ ਅਤੇ ਬਜਾਰਾਂ ਦੀ ਸਜਾਵਟ ਕਰਕੇ ਆਪੋ ਆਪਣੇ ਘਰਾਂ, ਸਮਾਜਿਕ ਅਤੇ ਧਾਰਮਿਕ ਥਾਵਾਂ ਤੇ ਸੁਲਤਾਨ ਦਾ ਜਨਮ ਦਿਨ ਮਨਾਉਂਦੇ ਹਨ ਓਥੇ ਸਿੱਖ ਸੰਗਤਾਂ ਗੁਰਦੁਆਰੇ ਇਕੱਠੇ ਹੋ ਗੁਰਬਾਣੀ ਦਾ ਪਾਠ, ਕੀਰਤਨ ਅਤੇ ਕਥਾ ਕਰਕੇ ਮਨਾਉਂਦੀ ਹੋਈ ਆਪਣੇ ਹਰਮਨ ਪਿਆਰੇ ਸੁਲਤਾਨ ਦੀ ਲੰਬੀ ਉਮਰ, ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਕਰਦੀ ਹੈ। ਭਾਈ ਸਾਹਿਬ ਨੇ ਵੀ ਗੁਰਬਾਣੀ ਚੋਂ ਹਵਾਲੇ ਦੇ ਕੇ “ਤੂੰ ਸੁਲਤਾਨ ਕਹਾਂ ਹਊਂ ਮੀਆਂ ਅਤੇ ਕਿਆ ਸੁਲਤਾਨ ਸਲਾਮ ਵਿਹੂਣਾਂ” ਦੀ ਵਿਆਖਿਆ ਕਰਕੇ ਦੱਸਿਆ ਕਿ ਅਸਲ ਵਿੱਚ ਅੱਲ੍ਹਾ ਤਾਲਾ, ਰਾਮ, ਰਹੀਮ,ਅਕਾਲ ਪੁਰਖ, ਗਾਡ ਹੀ ਸਭ ਦਾ ਸੁਲਤਾਨ ਹੈ ਜਿਸ ਦਾ ਜਨਮ ਹਰ ਵੇਲੇ ਹੈ ਭਾਵ ਉਹ ਸਦਾ ਹੀ ਨੀਤ ਨਵਾਂ ਹੈ “ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਸਤਾਰ” ਭਾਈ ਸਾਹਿਬ ਨੇ ਇਹ ਵੀ ਪ੍ਰੇਰਨਾਂ ਕੀਤੀ ਜਿਵੇਂ ਇੱਥੇ ਮੁਸਮਿਲ ਭਾਈਆਂ ਦੇ ਬੱਚੇ ਪੰਜ ਦਿਨ ਸਕੂਲ ਤੋਂ ਬਾਅਦ ਦੋ ਘੰਟੇ ਮਦਰੱਸੇ ਵਿੱਚ ਧਰਮ ਵਿਦਿਆ ਸਿਖਦੇ ਹਨ ਇਵੇਂ ਹੀ ਤੁਸੀਂ ਵੀ ਆਪਣੇ ਬੱਚਿਆਂ ਨੂੰ ਸਕੂਲ ਤੋਂ ਬਾਅਦ ਧਰਮ ਵਿਦਿਆ ਗੁਰਬਾਣੀ ਇਤਿਹਾਸ ਦੀ ਕਲਾਸ ਲਗਾਇਆ ਕਰੋ ਤਾਂ ਕਿ ਤੁਹਾਡੇ ਬੱਚੇ ਵੀ ਧਰਮ ਵਿਦਿਆ ਸਿੱਖ ਕੇ ਗੁਰਸਿੱਖ ਬਣ ਸਕਣ। ਹਰਸਿਮਰਤ ਨੇ ਜਿੱਥੇ “ਦੁਖ ਭੰਜਨ ਤੇਰਾ ਨਾਮ” ਦਾ ਰਸ ਭਿੰਨਾ ਕੀਰਤਨ ਕੀਤਾ ਓਥੇ ਗੁਰਬਾਣੀ ਨਾਮ ਨੂੰ ਹੀ ਦੁੱਖਾਂ ਦਾ ਦਾਰੂ ਦਰਸਾਉਂਦਿਆਂ ਦੱਸਿਆ ਕਿ ਸਰੀਰਕ ਦੁੱਖ ਡਾਕਟਰ ਵੈਦ ਕੋਲੋਂ ਦਵਾਈ ਲੈ ਕੇ ਪ੍ਰਹੇਜ ਨਾਲ ਖਾਣ ਤੇ ਦੂਰ ਹੁੰਦੇ ਹਨ ਅਤੇ ਮਾਨਸਕ ਦੁੱਖ ਰੋਗ ਗੁਰੂ ਵੈਦ ਦੀ ਸਿਖਿਆ ਰੂਪ ਬਾਣੀ ਤੇ ਅਮਲ ਕਰਨ ਨਾਲ ਨਸਦੇ ਹਨ। ਸਾਨੂੰ ਗੁਰੂ ਵੈਦ ਨੂੰ ਛੱਡ ਕੇ ਨੀਮ ਹਕੀਮਾਂ ਰੂਪੀ ਪਾਖੰਡੀ ਸਾਧਾਂ ਦੇ ਡੇਰਿਆਂ ਤੇ ਨਹੀਂ ਜਾਣਾ ਚਾਹੀਦਾ ਉਹ ਤਾਂ ਸਗੋਂ ਵਹਿਮਾਂ ਭਰਮਾਂ ਦੇ ਹੋਰ ਰੋਗ ਲਾ ਦਿੰਦੇ ਹਨ।

ਗੁਰਮਤਿ ਦੇ ਨਿਰੋਲ ਪ੍ਰਚਾਰ ਨੂੰ ਲਾਈਕ ਕਰਕੇ ਜਿੱਥੇ ਪ੍ਰਬੰਧਕਾਂ ਨੇ ਬਹੁਤ ਸੰਨਮਾਨ ਕੀਤਾਂ ਓਥੇ ਦੁਪਹਿਰ ਦੇ ਇਸਤਰੀ ਸਤਸੰਗ ਦੀਵਾਨ ਵਿੱਚ ਵੀ ਸੁਖਮਨੀ ਸਾਹਿਬ ਤੋਂ ਬਾਅਦ ਆਪਣਾ ਸਾਰਾ ਸਮਾਂ ਬੀਬੀਆਂ ਨੇ ਬੀਬੀ ਹਰਸਿਮਰਤ ਕੌਰ ਅਤੇ ਭਾਈ ਅਵਤਾਰ ਸਿੰਘ ਨੂੰ ਹੀ ਦੇ ਦਿੱਤਾ ਜਿਸ ਵਿੱਚ ਬੱਚੇ ਦੇ ਜਨਮ ਦਿਨ ਦੇ ਨਾਲ ਨਾਲ ਭਾਈ ਸਾਹਿਬ ਅਤੇ ਬੀਬਾ ਜੀ ਨੇ ਇਸਤਰੀਆਂ ਦੇ ਬਰਾਬਰ ਦੇ ਹੱਕਾਂ ਤੇ ਕਥਾ ਵਖਿਆਣ ਕਰਦਿਆਂ ਦਰਸਾਇਆ ਕਿ ਸਿੱਖ ਧਰਮ ਵਿੱਚ ਮਰਦ ਅਤੇ ਔਰਤਾਂ ਬਾਰਬਰ ਹਨ। ਹਰ ਧਰਮ ਕਰਮ ਵਿੱਚ ਬੀਬੀਆਂ ਵੀ ਬਰਾਬਰ ਹਿੱਸੇਦਾਰ ਹਨ। ਲੰਬਾ ਸਮਾਂ ਸਾਨੂੰ ਬ੍ਰਾਹਮਣੀ ਸਮਾਜ ਵਿੱਚ ਰਹਿਣ ਕਰਕੇ ਅਸੀਂ ਕਈ ਬ੍ਰਾਹਮਣੀ ਰਹੁ ਰੀਤਾਂ ਅਪਣਾਅ ਲਈਆਂ ਹਨ। ਸਾਡੇ ਧਰਮ ਦੇ ਮੋਢੀ ਬਾਬਾ ਨਾਨਕ ਜੀ ਨੇ ਤਾਂ ਬੁਲੰਦ ਬਾਂਗ ਕਹਿ ਦਿੱਤਾ ਸੀ “ਸੋ ਕਿਉਂ ਮੰਦਾ ਆਖੀਐ ਜਿਤਿ ਜੰਮੈ ਰਾਜਾਨ” ਨਾਲੇ ਜੋ ਸਿਖਿਆ ਮਾਵਾਂ ਬੀਬੀਆਂ ਬੱਚਿਆਂ ਨੂੰ ਦੇ ਸਕਦੀਆਂ ਹਨ ਪਿਤਾ ਪੁਰਖ ਨਹੀਂ ਦੇ ਸਕਦੇ।

ਬੀਬੀ ਹਰਸਿਮਰਤ ਕੌਰ ਨੇ ਵਿਅੰਗ ਵਿੱਚ ਕਿਹਾ ਕਿ ਜੇ ਮੈਂ ਗੋਰੀ ਹੋ ਕੇ ਗੁਰਬਾਣੀ ਪੜ੍ਹ, ਗਾ ਅਤੇ ਵਿਚਾਰ ਸਕਦੀ ਹਾਂ ਤੁਸੀਂ ਕਿਉਂ ਨਹੀਂ ਤੁਹਾਡੀ ਤਾਂ ਮਾਂ ਬੋਲੀ ਪੰਜਾਬੀ ਹੈ। ਇਸ ਤਕਰੀਰ ਦਾ ਬੀਬੀਆਂ ਤੇ ਇਨਾਂ ਅਸਰ ਹੋਇਆ ਕਿ ਉਨ੍ਹਾਂ ਨੇ ਅਰਾਦਸ ਤੋਂ ਬਾਅਦ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਦੇ ਜਥੇ ਦਾ ਜਿੱਥੇ ਬੇਹੱਦ ਮਾਨ ਤਾਨ ਸਿਰੋਪਾ ਦੇ ਕੇ ਕੀਤਾ ਓਥੇ ਸੰਗਤ ਵਿੱਚ ਪ੍ਰਣ ਕੀਤਾ ਕਿ ਅੱਗੇ ਤੋਂ ਅਸੀਂ ਨਿਰਾ ਸੁਖਮਨੀ ਦਾ ਪਾਠ ਹੀ ਨਹੀਂ ਕਰਾਂਗੀਆਂ ਸਗੋਂ ਹਰ ਅਸ਼ਟਪਦੀ ਦੇ ਇੱਕ ਇੱਕ ਬੰਦ ਦੀ ਵਿਆਖਿਆ ਵੀ ਕਰਿਆ ਕਰਾਂਗੀਆਂ। ਡਾ. ਦਇਆ ਸਿੰਘ ਜੀ ਕੋਲੋਂ ਇਹ ਵੀ ਪਤਾ ਲੱਗਿਆ ਕਿ ਇੱਥੇ ਕੁਝ ਭਾਈ ਅਤੇ ਬੀਬੀਆਂ ਡਾਕ ਰਾਹੀਂਸਿੱਖ ਮਿਸ਼ਨਰ ਕੋਰਸ ਵੀ ਕਰ ਰਹੇ ਹਨ।

ਪ੍ਰਬੰਧਕਾਂ ਅਤੇ ਬੀਬੀਆਂ ਨੇ ਹੋਰ ਰੁਕਣ ਲਈ ਕਿਹਾ ਪਰ ਸਾਡੇ ਕੋਲ ਸਮਾਂ ਨਾਂ ਹੋਣ ਕਰਕੇ ਇਹ ਵਾਧਾ ਕੀਤਾ ਕਿ ਅੱਗੇ ਤੋਂ ਜਦੋਂ ਵੀ ਸਮਾਂ ਮਿਲਿਆ ਖੁੱਲ੍ਹਾਂ ਸਮਾਂ ਪ੍ਰਚਾਰ ਸੇਵਾ ਕਰਾਂਗੇ। ਤਿੰਨੇ ਦਿਨ ਲੰਗਰ ਅਤੁੱਟ ਵਰਤਿਆ। ਡਾ. ਦਇਆ ਸਿੰਘ ਸੋਢੀ ਅਤੇ ਉਨ੍ਹਾਂ ਦੇ ਪ੍ਰਵਾਰ ਨੇ ਸਾਨੂੰ ਸਿੰਘਾਪੁਰ ਤੋਂ ਮਲੇਸ਼ੀਆ ਲੈ ਜਾਣ, ਆਪਣੇ ਘਰ ਵਿਖੇ ਰਹਾਇਸ਼ ਅਤੇ ਲੰਗਰ ਪਾਣੀ ਦੀ ਪ੍ਰਵਾਰ ਵਾਂਗ ਸੇਵਾਕਰਨ ਅਤੇ ਵਾਪਸ ਸਿੰਘਾਪੁਰ ਛੱਡਣ ਦੀ ਸੇਵਾ ਬੜੇ ਉਤਸ਼ਾਹ ਨਾਲ ਕੀਤੀ। ਅਸੀਂ ਅਰਦਾਸ ਕਰਦੇ ਹਾਂ ਕਿ ਅਕਾਲ ਪੁਰਖ ਇਸ ਗੁਰਮੁਖ ਪ੍ਰਵਾਰ ਨੂੰ ਸਦਾ ਚੜ੍ਹਦੀਆਂ ਕਲਾਂ ਬਖਸ਼ੇ।

ਗੁਰਦੁਆਰੇ ਜੌਹਰ ਬਾਰੂ ਦੇ ਸਕੱਤਰ ਸ੍. ਹਰਦਿਆਲ ਸਿੰਘ ਮੋਗਾ, ਪ੍ਰਧਾਨ ਸ੍. ਟਹਿਲ ਸਿੰਘ, ਡਾ. ਦਇਆ ਸਿੰਘ ਮੁਖੀ ਪੰਜਾਬੀ ਸਕੂਲ ਅਤੇ ਇਸਤਰੀ ਸਤਸੰਗ ਦੇ ਪ੍ਰਧਾਨ ਬੀਬੀ ਗੁਰਦੀਪ ਕੌਰ ਅਤੇ ਬਾਕੀ ਮੈਂਬਰ ਬੀਬੀਆਂ ਭਾਈ ਅਵਤਾਰ ਸਿੰਘ ਮਿਸ਼ਨਰੀ ਅਤੇ ਬੀਬੀ ਹਰਸਿਮਰਤ ਕੌਰ ਦਾ ਸਨਮਾਨ ਕਰਦੇ ਹੋਏ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top