Share on Facebook

Main News Page

ਮਨਜੀਤ ਸਿੰਘ ਕਲਕੱਤਾ ਵਲੋਂ ਬਾਦਲ ਦੇ ਗੁਲਾਮ ਝੂਠੇਦਾਰ ਗੁਰਬਚਨ ਸਿੰਘ ਦੇ ਨਾਂ ਖੁੱਲਾ ਪੱਤਰ

ਮਿਤੀ 21ਨਵੰਬਰ 2011

ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ,
ਜਥੇਦਾਰ, ਸ੍ਰੀ ਅਕਾਲ ਤਖਤ ਸਾਹਿਬ ,
ਅੰਮ੍ਰਿਤਸਰ

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥

ਸਿੱਖ ਪੰਥ ਦਾ ਇਕ ਨਿਮਾਣਾ ਜਿਹਾ ਸੇਵਾਦਾਰ ਹੋਣ ਦੇ ਨਾਤੇ ਮੈਂ ਆਪ ਜੀ ਦਾ ਧਿਆਨ ਅਖਬਾਰਾਂ ਵਿਚ ਛੱਪੀਆਂ ਉਨ੍ਹਾਂ ਖਬਰਾਂ ਵੱਲ ਦਿਵਾਉਣਾ ਚਾਹੁੰਦਾ ਹੈ, ਜਿਨ੍ਹਾਂ ਵਿਚ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਉਸਾਰੇ ਗਏ ਵਿਰਾਸਤ-ਏ-ਖਾਲਸਾ ਕੇਂਦਰ ਦੇ 25 ਨਵੰਬਰ 2011 ਨੂੰ ਹੋ ਰਹੇ ਉਦਘਾਟਨ ਸਮਾਰੋਹ ਵਿਚ ਫਿਲਮੀ ਕਲਾਕਾਰ ਤੇ ਹੋਰ ਸਿੱਖ ਵਿਰੋਧੀ ਸ਼ਖਸ਼ੀਅਤਾਂ ਦੀ ਸ਼ਮੂਲੀਅਤ ਦੀ ਗਲ ਕੀਤੀ ਗਈ ਹੈ। ਇਸ ਉਦਘਾਟਨ ਸਮਾਰੋਹ ਨੂੰ ਲੈਕੇ ਸਿੱਖ ਚਿੰਤਕਾਂ, ਵਿਦਵਾਨਾਂ ਅਤੇ ਪੰਥ ਪ੍ਰਸਤਾਂ ਨੇ ਵਿਰੋਧ ਵੀ ਜਿਤਾਇਆ ਹੈ। ਮੈਂ ਵੀ ਇਸ ਪੱਤਰ ਰਾਹੀਂ ਇਸ ਉਦਘਾਟਨ ਮੌਕੇ ਸਿੱਖ ਸਿਧਾਤਾਂ ਅਤੇ ਪੰਥਕ ਪ੍ਰੰਪਰਾਵਾਂ ਦੇ ਹੋ ਰਹੇ ਘਾਣ ਪ੍ਰਤੀ ਜਾਣੂ ਕਰਵਾਉਣਾ ਚਾਹੁੰਦਾ ਹਾਂ।

ਖਾਲਸਾ ਸਿਰਜਣਾ ਦੇ 300 ਸਾਲਾ ਇਤਿਹਾਸਕ ਪੁਰਬ ਸਮਾਗਮਾਂ ਦੀ ਤਿਆਰੀ ਵੇਲੇ ਹੀ ਇਹ ਫੈਸਲਾ ਲੈ ਲਿਆ ਗਿਆ ਸੀ ਕਿ ਮਹਾਨ ਸਿੱਖ ਸਿਧਾਂਤਾਂ ਅਤੇ ਸਿੱਖ ਪੰਥ ਦੀਆਂ ਇਤਿਹਾਸਕ ਪ੍ਰਾਪਤੀਆਂ ਨੂੰ ਮੂਰਤੀ ਮਾਨ ਕਰਦਾ ਐਸਾ ਕਲਾਤਮਿਕ ਵਿਰਾਸਤੀ ਕੰਪਲੈਕਸ ਉਸਾਰਿਆ ਜਾਵੇ ਜੋ ਸਮੁਚੇ ਵਿਸ਼ਵ ਲਈ ਇਕ ਅਜੂਬਾ ਵੀ ਹੋਵੇ ਅਤੇ ਆਉਣ ਵਾਲੀਆਂ ਪੀੜੀਆਂ ਆਪਣੇ ਮਹਾਨ ਵਿਰਸੇ ਬਾਰੇ ਇਸਤੋਂ ਸੇਧ ਵੀ ਲੈ ਸਕਣ।

ਇਹ ਸਿੱਖ ਕੌਮ ਦਾ ਦੁਖਾਂਤ ਅਤੇ ਦੁਰਭਾਗ ਹੀ ਹੈ ਕਿ ਖਾਲਸਾ ਪੰਥ ਦੇ ਮਹਾਨ ਇਤਿਹਾਸਕ ਵਿਰਾਸਤੀ ਕੰਪਲੈਕਸ ਦਾ ਉਦਘਾਟਨ ਕਰਨ ਲਈ ਜਿਨ੍ਹਾਂ ਵਿਅਕਤੀਆਂ ਨੂੰ ਵਿਸ਼ੇਸ਼ ਤੌਰ ਤੇ ਬੁਲਾਇਆ ਗਿਆ ਹੈ, ਉਨ੍ਹਾਂ ਵਿਚੋਂ ਕੋਈ ਇਕ ਵੀ ਐਸਾ ਨਹੀ ਹੈ ਜਿਸਦੀ ਸਿੱਖ ਧਰਮ ਵਿਚ ਆਸਥਾ ਹੋਵੇ; ਜਾਂ ਉਹ ਸਿੱਖ ਗੁਰੂ ਸਾਹਿਬਾਨ ਦੀ ਪੈਗੰਬਰੀ ਹਸਤੀ ਨੂੰ ਪ੍ਰਵਾਨ ਕਰਦਾ ਹੋਵੇ; ਸਿੱਖ ਧਰਮ ਨੂੰ ਸਨਾਤਨੀ ਧਰਮ ਦੀ ਸ਼ਾਖਾ ਦੇ ਬਜਾਏ ਸੁਤੰਤਰ ਧਰਮ ਸਮਝਣ ਵਾਲਾ; ਜਾਂ ਸਿੱਖ ਇਤਿਹਾਸ ਤੋਂ ਪ੍ਰਭਾਵਿਤ ਹੋਇਆ ਹੋਵੇ।

ਆਰਟ ਆਫ ਲਿਵਿੰਗ ਦੇ ਸ੍ਰੀ ਸ੍ਰੀ ਰਵੀ ਇਕ ਸਤਿਕਾਰਤ ਵਿਅਕਤੀ ਹਨ ਲੇਕਿਨ ਜਦੋਂ ਸਾਲ 2004 ਵਿਚ ਇਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 400 ਸਾਲਾ ਪਹਿਲੇ ਪ੍ਰਕਾਸ਼ ਦਿਵਸ ਮੌਕੇ ਬੁਲਾਇਆ ਗਿਆ ਤਾਂ ਇਹਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਰੱਬੀ ਬਾਣੀ ਜਾਂ ਪ੍ਰਭ ਕੀ ਬਾਣੀ ਨਾ ਕਹਿਕੇ ਵੇਦ ਬਾਣੀ ਦਾ ਸਰਲ ਭਾਸ਼ਾ ਵਿਚ ਤਰਜ਼ਮਾ ਅਰਥਾਤ ਨਕਲ ਦੱਸਿਆ। ਇਸ ਵਾਰ ਵੀ ਵਧੇਰੇ ਬੁਲਾਏ ਗਏ ਆਗੂ ਆਰ.ਐਸ.ਐਸ.ਅਤੇ ਭਾਜਪਾ ਨਾਲ ਸਬੰਧਤ ਹਨ ਅਤੇ ਇਹ ਦੋਨੋਂ ਜਥੇਬੰਦੀਆਂ ਸਿੱਖ ਗੁਰੂ ਸਾਹਿਬਾਨ ਨੂੰ ਮਧਕਾਲੀਨ ਭਗਤੀ ਲਹਿਰ ਦੇ ਸੰਤ ਭਗਤ ਵਜੋਂ ਹੀ ਸਵੀਕਰਦੀਆਂ ਹਨ।

ਜਿਸ ਖਾਲਸਾ ਪੰਥ ਦੀ ਤੀਸਰੀ ਸਿਰਜਣਾ ਸ਼ਤਾਬਦੀ ਦੀ ਯਾਦ ਵਿਚ ਇਹ ਕੰਪਲੈਕਸ ਉਸਾਰਿਆ ਗਿਆ ਹੈ ਉਸਦੇ ਸਿਰਜਣਹਾਰ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇਹ ਸੰਸਥਾਵਾਂ ਹਿੰਦੂ ਧਰਮ ਦੀ ਰਾਖੀ ਕਰਨ ਵਾਲੇ ਮਹਾਰਾਣਾ ਪ੍ਰਤਾਪ ਅਤੇ ਸ਼ਿਵ ਜੀ ਮਰਹੱਟਾ ਤੋਂ ਵੱਧ ਕੁਝ ਵੀ ਤਸੱਵਰ ਨਹੀ ਕਰਦੀਆਂ। ਇਸ ਦੇ ਆਗੂਆਂ ਨੇ ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ਉਪਰ ਹੋਏ ਫੌਜੀ ਹਮਲੇ ਲਈ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਮਜਬੂਰ ਕਰਕੇ ਹਮਲਾ ਕਰਾਉਣ ਵਿਚ ਆਪਣੀ ਪਾਰਟੀ ਦੀ ਸ਼ਾਨ ਜਰੂਰ ਦਰਸਾਈ ਹੈ। ਸਿੰਘ ਸਭਾ ਲਹਿਰ, ਗੁਰਦੁਆਰਾ ਸੁਧਾਰ ਲਹਿਰ ਤਹਿਤ ਗੁਰਦੁਆਰਿਆਂ ਨੂੰ ਮਹੰਤਾਂ ਦੀ ਜਾਤੀ ਜਕੜ ਤੋਂ ਅਜਾਦ ਕਰਾਉਣ ਲਈ ਹੋਂਦ ਵਿਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਥ ਦੇਣ ਦੀ ਬਜਾਏ ਇਨ੍ਹਾਂ ਜਥੇਬੰਦੀਆਂ ਨੇ ਸਿੱਖਾਂ ਦੇ ਕਾਤਲ ਮਹੰਤ ਨਰੈਣੂ ਦੀ ਪੈਰਵਾਈ ਕੀਤੀ।

ਅੱਜ ਅਮਿਤਾਬ ਬਚਨ ਇਕ ਬਹੁਤ ਵੱਡਾ ਫਿਲਮੀ ਕਲਾਕਾਰ ਹੈ ਅਤੇ ਗੁਜਰਾਤ ਸਰਕਾਰ ਦਾ ਬਰਾਂਡ ਰਾਜਦੂਤ ਹੈ ਜਿਸਦੇ ਭਾਜਪਾ ਮੁਖ ਮੰਤਰੀ ਨਰਿੰਦਰ ਮੋਦੀ ਦੇ ਹੱਥ ਅਨਗਿਣਤ ਮੁਸਲਮਾਨਾਂ ਦੇ ਖੂਨ ਨਾਲ ਰੰਗੇ ਹੋਏ ਹਨ। 1984 ਵਿਚ ਇਹੀ ਅਮਿਤਾਬ ਬਚਨ, ਗਾਂਧੀ ਪ੍ਰੀਵਾਰ ਦੇ ਕਾਫੀ ਨੇੜੇ ਸੀ ਅਤੇ ਇੰਦਰਾਗਾਂਧੀ ਦੇ ਕਤਲ ਸਮੇਂ, ‘ਖੂਨ ਕਾ ਬਦਲਾ ਖੂਨ ਸੇ ਲੇਂਗੇ, ਜਿਸਕੇ ਛੀਂਟੇ ਇਨਕੇ ਘਰ ਮੇਂ ਪੜੇਂਗੇ’ ਵਰਗੇ ਭੜਕਾਊ ਨਾਅਰੇ ਲਾਣ ਤੇ ਲਵਾਉਣ ਦਾ ਦੋਸ਼ੀ ਹੈ, ਜਿਸ ਤੋਂ ਨਵੰਬਰ 84 ਵਿਚ ਸਿੱਖਾਂ ਦੀ ਨਸਲਕੁਸ਼ੀ ਦੀ ਸ਼ੁਰੂਆਤ ਹੋਈ।

ਖਾਲਸਾ ਵਿਰਾਸਤੀ ਕੰਪਲੈਕਸ ਦੇ ਉਦਘਾਟਨ ਸਮਾਗਮ ਵਿਚ ਸ਼ਾਮਿਲ ਹੋਣ ਲਈ ਬੁਲਾਈ ਗਈ ਫਿਲਮੀ ਕਲਾਕਾਰ ਹੇਮਾ ਮਾਲਿਨੀ ਵੀ ਭਾਜਪਾ ਵਲੋਂ ਰਾਜ ਸਭਾ ਮੈਂਬਰ ਹੈ, ਜਦਕਿ ਨਿਤਨ ਗਡਕਰੀ ਭਾਜਪਾ ਦੇ ਕੌਮੀ ਪ੍ਰਧਾਨ ਹਨ।

ਸਵਾਲ ਤਾਂ ਇਹ ਹੈ ਕੀ ਇਨ੍ਹਾਂ ਸਿੱਖ ਤੇ ਸਿੱਖੀ ਵਿਰੋਧੀ ਹਸਤੀਆਂ ਤੋਂ ਬਿਨ੍ਹਾਂ ਖਾਲਸਾ ਵਿਰਾਸਤ ਕੰਪਲੈਕਸ ਦਾ ਉਦਘਾਟਨ ਨਹੀ ਹੋ ਸਕਦਾ?

ਚਾਹੀਦਾ ਤਾਂ ਇਹ ਹੈ ਕਿ ਇਹ ਸਮੁਚਾ ਸਮਾਗਮ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਹੋਵੇ ਤੇ ਇਸ ਵਿਚ ਵਿਸ਼ਵ ਭਰ ਦੇ ਨਾਮਵਰ ਸਿੱਖ ਵਿਦਵਾਨ, ਇਤਿਹਾਸਕਾਰ, ਵਿਗਿਆਨਕ, ਸਾਬਕਾ ਫੌਜੀ ਜਰਨੈਲ, ਖਿਡਾਰੀ ਸੱਦੇ ਜਾਣ, ਜਿਨ੍ਹਾਂ ਆਪਣੀਆਂ ਪ੍ਰਾਪਤੀਆਂ ਦੁਆਰਾ ਸਿੱਖ ਕੌਮ ਦਾ ਨਾਮ ਉਚਾ ਕੀਤਾ ਹੋਵੇ ਤਾਂ ਜੋ ਅਸੀਂ ਨੌਜੁਆਨ ਪੀੜ੍ਹੀ ਲਈ ਕੋਈ ਸਾਬਤ ਸੂਰਤ ਰੋਲ ਮਾਡਲ ਵੀ ਪੇਸ਼ ਕਰ ਸਕੀਏ। ਮੌਜੂਦਾ ਹਾਲਾਤਾਂ ਵਿਚ ਕੀਤੀ ਜਾ ਰਹੀ ਤਿਆਰੀ ਤੋਂ ਤਾਂ ਗੁਰੂ ਮਹਾਰਾਜ ਦਾ ਇਹ ਅਮਰ ਵਾਕ ਸੱਚ ਹੋ ਰਿਹਾ ਹੈ , ‘ਜਿਸਨੋ ਆਪ ਖੁਆਏ ਕਰਤਾ ਖੁਸ ਲਏ ਚੰਗਿਆਈ’

ਇਥੇ ਇਹ ਦੱਸਣਾ ਕੁਥਾਵਾਂ ਨਹੀ ਹੋਵੇਗਾ ਕਿ ਖਾਲਸਾ ਪੰਥ ਦੀ ਤੀਸਰੀ ਸਿਰਜਣਾ ਸ਼ਤਾਬਦੀ ਮਨਾਉਣ ਵੇਲੇ ਜਦੋਂ ਭਾਜਪਾ ਤੇ ਆਰ.ਐਸ.ਐਸ. ਜਲੂਸ ਦੀ ਸ਼ਕਲ ਵਿਚ ਅਨੰਦਪੁਰ ਸਾਹਿਬ ਪੁਜੇ, ਉਸ ਵੇਲੇ ਮੁਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਬਗੈਰ ਕਰਾਏ ਇਕ ਸਮਾਗਮ ਵਿਚ ਇਨ੍ਹਾਂ ਆਗੂਆਂ ਨੂੰ ਸਿਰੋਪਾਉ ਬਖਸ਼ਿਸ਼ ਕਰਨ ਲਈ ਤਤਕਾਲੀਨ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਪ੍ਰੋ:ਮਨਜੀਤ ਸਿੰਘ ਨੂੰ ਕਿਹਾ ਸੀ ਲੇਕਿਨ ਉਨ੍ਹਾ ਸਾਫ ਇਨਕਾਰ ਕਰ ਦਿੱਤਾ। ਖਾਲਸਾ ਸਿਰਜਣਾ ਦੀ ਤੀਸਰੀ ਸ਼ਤਾਬਦੀ ਤਿਆਰੀ ਇਕਤਰਤਾ ਮੌਕੇ ਭਾਜਪਾ ਆਗੂ ਮਦਨ ਲਾਲ ਖੁਰਾਨਾ ਨੇ ਹਿੰਦੂ ਤੇ ਸਿੱਖ ਨੂੰ ਇਕ ਪ੍ਰੀਵਾਰ ਦੇ ਦੋ ਪੁੱਤ ਦਸਦੇ ਪੈਂਫਲੈਂਟ ਛਪਵਾ ਕੇ ਵੰਡਣ ਦੀ ਸਲਾਹ ਦਿੱਤੀ ਸੀ ਲੇਕਿਨ ਤਤਕਾਲੀਨ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੋਹੜਾ ਨੇ ਸਾਫ ਕਹਿ ਦਿੱਤਾ ਸੀ, ‘ਸਿਰਜਣਾ ਦਿਵਸ ਖਾਲਸੇ ਦਾ ਹੈ; ਮਨਾਉਣਾ ਅਸੀਂ ਹੈ, ਜਿਹੜੇ ਲੋਕ ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਦਸਦੇ ਹਨ ਉਨ੍ਹਾਂ ਪਾਸੋਂ ਸਲਾਹ ਲੈਣ ਦੀ ਲੋੜ ਨਹੀ ਹੈ’।

ਹੁਣ ਤਾਂ ਇੰਝ ਜਾਪਦਾ ਹੈ ਜਿਵੇਂ ਸਿੱਖਾਂ ਵਿਚ ਸੰਵੇਦਨਸ਼ੀਲਤਾ ਬੁਰੀ ਤਰ੍ਹਾਂ ਬੇਨਿਆਜ਼ ਹੈ। ਜੇਕਰ ਸਰਕਾਰੀ ਖਜ਼ਾਨੇ ਨਾਲ ਕਬੱਡੀ ਮੈਚ ਕਰਵਾਏ ਜਾਂਦੇ ਹਨ ਤਾਂ ਦਿਨ ਚੁਣਿਆ ਜਾਂਦਾ ਹੈ 1 ਨਵੰਬਰ ਦਾ, ਜਿਸ ਦਿਨ 1984 ਵਿਚ ਸਿੱਖਾਂ ਦੀ ਨਸਲਕੁਸ਼ੀ ਹੋਈ ਤੇ ਜਿਸ ਨਸਲਕੁਸ਼ੀ ਦੀ ਗੱਲ ਸ੍ਰ. ਬਾਦਲ ਤੇ ਉਨ੍ਹਾਂ ਦੀ ਪਾਰਟੀ ਸੂਬੇ ਦੀ ਹਰ ਚੋਣ ਵੇਲੇ ਕਰਦੇ ਹਨ। ਆਪਣੀ ਧਰਮ ਪਤਨੀ ਦੇ ਦੇਹਾਂਤ ਕਾਰਣ ਸ੍ਰ ਪ੍ਰਕਾਸ਼ ਸਿੰਘ ਬਾਦਲ ਦਿਵਾਲੀ ਤਾਂ ਨਹੀ ਮਨਾਉਂਦੇ ਲੇਕਿਨ ਸਿੱਖਾਂ ਦੀ ਨਸਲਕੁਸ਼ੀ ਦੇ ਦਿਨ ਦੀਪਮਾਲਾ, ਆਤਿਸ਼ਬਾਜੀ ਤੇ ਅਸਭਿਅਕ ਨਾਚ ਕਰਾਉਣ ਤੇ ਵੇਖਣ ਤੋਂ ਗੁਰੇਜ ਨਹੀ ਕਰਦੇ।

ਇਹ ਵੀ ਖਬਰ ਛੱਪੀ ਹੈ ਕਿ ਆਪ ਜੀ ਨੇ ਕਿਹਾ ਹੈ ਕਿ ਆਪ ਸਮਾਗਮ ਮੌਕੇ ਜਾਕੇ ਹੀ ਵੇਖੋਗੇ ਕਿ ਸਹੀ ਕੀ ਹੈ ਤੇ ਗਲਤ ਕੀ, ਲੇਕਿਨ ਇਹ ਸਭ ਕੁਝ ਈਦ ਤੋਂ ਬਾਅਦ ਤੰਬਾ ਫੂਕਣ ਵਾਲੀ ਕਹਾਵਤ ਸੱਚ ਕਰਨ ਬਰਾਬਰ ਹੋਵੇਗਾ। ਤੁਸੀਂ ਕਿਸੇ ਇਕ ਪਾਰਟੀ ਦੇ ਜਥੇਦਾਰ ਨਹੀ ਹੋ, ਸਮੁਚੀ ਕੌਮ ਦੇ ਹੋ, ਤੁਸੀਂ ਆਦੇਸ਼ ਦੇ ਕੇ ਵੀ ਇਹ ਸਮਾਗਮ ਸਿੱਖ ਰਹੁ ਰੀਤਾਂ ਤੇ ਵਿਧੀ ਵਿਧਾਨ ਅਨੁਸਾਰ ਕਰਵਾ ਸਕਦੇ ਹੋ। ਪੰਜਾਬ ਸਰਕਾਰ ਦੀ ਅਗਵਾਈ ਕਰਨ ਵਾਲੇ ਮੁਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਸੂਬੇ ਦੀ ਅਕਾਲੀ ਕਹਾਉਣ ਵਾਲੀ ਸਰਕਾਰ ਤੋਂ ਇਲਾਵਾ ਅਕਾਲੀ ਪਾਰਟੀ ਦੇ ਕਰਮਵਾਰ ਸ੍ਰਪਰਸਤ ਅਤੇ ਪ੍ਰਧਾਨ ਵੀ ਹਨ ਅਤੇ ਇਸੇ ਹੀ ਦਲ ਦੇ ਹੁਕਮਾਂ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਲ ਰਹੀ ਹੈ।

ਜੇਕਰ ਕੋਈ ਹੁਕਮ ਨਹੀ ਮੰਨਦਾ ਤਾਂ ਤੁਸੀਂ ਖੁਦ, ਸਾਥੀ ਜਥੇਦਾਰ ਸਾਹਿਬਾਨ ਸਮੇਤ ਇਸ ਸਮਾਗਮ ਵਿਚ ਸ਼ਮੂਲੀਅਤ ਤੋਂ ਕਿਨਾਰਾ ਕਰ ਸਕਦੇ ਹੋ । ਫੈਸਲਾ ਆਪ ਜੀ ਦੇ ਹੱਥ ਵਿਚ ਹੈ ।

ਖਾਲਸਾ ਪੰਥ ਦੀ ਚੜ੍ਹਦੀ ਕਲਾ ਦੀ ਲੋਚਾ ਨਾਲ ।

ਗੁਰੂ ਪੰਥ ਦਾ ਦਾਸ

ਮਨਜੀਤ ਸਿੰਘ ਕਲਕੱਤਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top