Share on Facebook

Main News Page

ਜਥੇਦਾਰ ਦਾ ਗੋਲ-ਮੋਲ ਜਵਾਬ: ਕਿਸੇ ਵੀ ਪੰਥ ਵਿਰੋਧੀ ਨੂੰ ਸੱਦਾ ਦੇ ਕੇ ਨਹੀਂ ਬੁਲਾਇਆ ਗਿਆ ਪਰ ਸੰਗਤੀ ਰੂਪ ਵਿੱਚ ਕੋਈ ਵੀ ਆ ਸਕਦਾ ਹੈ

‘ਵਿਰਾਸਤ-ਏ-ਖ਼ਾਲਸਾ’ ਦਾ ਉਦਘਾਟਨੀ ਸਮਾਰੋਹ ਹੋਵੇਗਾ ਪੰਥਕ ਰਵਾਇਤਾਂ ਅਨੁਸਾਰ: ਗਿਆਨੀ ਗੁਰਬਚਨ ਸਿੰਘ

ਬਠਿੰਡਾ, 22 ਨਵੰਬਰ (ਕਿਰਪਾਲ ਸਿੰਘ) ਅਕਾਲੀ ਭਾਜਪਾ ਸਰਕਾਰ ਵਲੋਂ ‘ਵਿਰਾਸਤ-ਏ-ਖ਼ਾਲਸਾ’ ਦੇ 25 ਨਵੰਬਰ ਨੂੰ ਉਦਘਾਟਨੀ ਸਮਾਰੋਹ ਮੌਕੇ ਫਿਲਮੀ ਅਦਾਕਾਰਾਂ ਖਾਸਕਰ ਅਮਿਤਾਬ ਬਚਨ ਅਤੇ ਆਰਐੱਸਐੱਸ/ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਅਤੇ ਭਾਜਪਾ ਪ੍ਰਧਾਨ ਨਿਤਿਨ ਗਡਕਰੀ ਆਦਿ ਨੂੰ ਬੁਲਾਏ ਜਾਣ ਦਾ ਪੰਥਕ ਜਥੇਬੰਦੀਆਂ ਵਲੋਂ ਭਾਰੀ ਵਿਰੋਧ ਕੀਤੇ ਜਾਣ ’ਤੇ ਜਥੇਦਾਰ ਅਕਾਲ ਤਖ਼ਤ ਗਿਆਨੀ ਗੁਰਬਚਨ ਸਿੰਘ ਨੂੰ ਆਪਣੀ ਚੁੱਪ ਤੋੜਨ ਲਈ ਮਜ਼ਬੂਰ ਹੋਣਾ ਪਿਆ ਹੈ। ਲੰਬੀ ਚੁੱਪ ਤੋੜਦਿਆਂ ਅੱਜ ਉਨ੍ਹਾਂ ਨੂੰ ਅੰਮ੍ਰਿਤਸਰ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਇਹ ਕਹਿਣਾ ਪਿਆ ਕਿ ‘ਵਿਰਾਸਤ-ਏ-ਖ਼ਾਲਸਾ’ ਦਾ ਉਦਘਾਟਨੀ ਸਮਾਰੋਹ ਪੰਥਕ ਰਵਾਇਤਾਂ ਅਨੁਸਾਰ ਹੋਵੇਗਾ, ਪਰ ਇਸ ਦੇ ਨਾਲ ਹੀ ਚੋਰਮੋਰੀ ਰੱਖਦਿਆਂ ਕਿਹਾ ਕਿ ਕਿਸੇ ਵੀ ਪੰਥ ਵਿਰੋਧੀ ਨੂੰ ਸੱਦਾ ਦੇ ਕੇ ਨਹੀਂ ਬੁਲਾਇਆ ਗਿਆ ਪਰ ਸੰਗਤੀ ਰੂਪ ਵਿੱਚ ਕੋਈ ਵੀ ਆ ਸਕਦਾ ਹੈ, ਉਸ ’ਤੇ ਰੋਕ ਨਹੀਂ ਲਾਈ ਜਾ ਸਕਦੀ।

ਇਹ ਦੱਸਣਯੋਗ ਹੈ ਕਿ ਬੀਤੇ ਕੱਲ੍ਹ ਮਨਜੀਤ ਸਿੰਘ ਕਲਕੱਤਾ ਨੇ 3 ਸਫਿਆਂ ਦਾ ਪੱਤਰ ਲਿਖ ਕੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਚੇਤਾ ਕਰਵਾਇਆ ਸੀ ਕਿ ‘ਅਮਿਤਾਬ ਬਚਨ ਉਹ ਫਿਲਮੀ ਕਲਾਕਾਰ ਹੈ ਜੋ ਗੁਜਰਾਤ ਸਰਕਾਰ ਦਾ ਬਰਾਂਡ ਰਾਜਦੂਤ ਹੈ, ਜਿਸਦੇ ਭਾਜਪਾ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਹੱਥ ਅਨਗਿਣਤ ਮੁਸਲਮਾਨਾਂ ਦੇ ਖੂਨ ਨਾਲ ਰੰਗੇ ਹੋਏ ਹਨ। 1984 ਵਿਚ ਇਹੀ ਅਮਿਤਾਬ ਬਚਨ, ਗਾਂਧੀ ਪ੍ਰੀਵਾਰ ਦੇ ਕਾਫੀ ਨੇੜੇ ਸੀ ਅਤੇ ਇੰਦਰਾਗਾਂਧੀ ਦੇ ਕਤਲ ਸਮੇਂ, ‘ਖੂਨ ਕਾ ਬਦਲਾ ਖੂਨ ਸੇ ਲੇਂਗੇ, ਜਿਸਕੇ ਛੀਂਟੇ ਇਨਕੇ ਘਰ ਮੇਂ ਪੜੇਂਗੇ’ ਵਰਗੇ ਭੜਕਾਊ ਨਾਅਰੇ ਲਾਣ; ਤੇ ਲਵਾਉਣ ਦਾ ਦੋਸ਼ੀ ਹੈ, ਜਿਸ ਤੋਂ ਨਵੰਬਰ 84 ਵਿਚ ਸਿੱਖਾਂ ਦੀ ਨਸਲਕੁਸ਼ੀ ਦੀ ਸ਼ੁਰੂਆਤ ਹੋਈ।’

ਉਨ੍ਹਾਂ ਹੋਰ ਲਿਖਿਆ ਕਿ ‘ਜਿਸ ਖਾਲਸਾ ਪੰਥ ਦੀ ਤੀਸਰੀ ਸਿਰਜਣਾ ਸ਼ਤਾਬਦੀ ਦੀ ਯਾਦ ਵਿਚ ਇਹ ਕੰਪਲੈਕਸ ਉਸਾਰਿਆ ਗਿਆ ਹੈ ਉਸਦੇ ਸਿਰਜਣਹਾਰ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਰਐੱਸਐੱਸ/ਭਾਜਪਾ ਸੰਸਥਾਵਾਂ, ਹਿੰਦੂ ਧਰਮ ਦੀ ਰਾਖੀ ਕਰਨ ਵਾਲੇ ਮਹਾਰਾਣਾ ਪ੍ਰਤਾਪ ਅਤੇ ਸ਼ਿਵ ਜੀ ਮਰਹੱਟਾ ਤੋਂ ਵੱਧ ਕੁਝ ਵੀ ਤਸੱਵਰ ਨਹੀ ਕਰਦੀਆਂ। ਇਸ ਦੇ ਆਗੂਆਂ ਨੇ ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ਉਪਰ ਹੋਏ ਫੌਜੀ ਹਮਲੇ ਲਈ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਮਜਬੂਰ ਕਰਕੇ ਹਮਲਾ ਕਰਾਉਣ ਵਿਚ ਆਪਣੀ ਪਾਰਟੀ ਦੀ ਸ਼ਾਨ ਜਰੂਰ ਦਰਸਾਈ ਹੈ’।

ਆਰਟ ਆਫ ਲਿਵਿੰਗ ਦੇ ਸ੍ਰੀ ਸ੍ਰੀ ਰਵੀ ਸਬੰਧੀ ਸ: ਮਨਜੀਤ ਸਿੰਘ ਕਲਕੱਤਾ ਨੇ ਲਿਖਿਆ: ‘ਜਦੋਂ ਸਾਲ 2004 ਵਿਚ ਇਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 400 ਸਾਲਾ ਪਹਿਲੇ ਪ੍ਰਕਾਸ਼ ਦਿਵਸ ਮੌਕੇ ਬੁਲਾਇਆ ਗਿਆ ਤਾਂ ਇਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਰੱਬੀ ਬਾਣੀ ਜਾਂ ਪ੍ਰਭ ਕੀ ਬਾਣੀ ਨਾ ਕਹਿਕੇ ਵੇਦ ਬਾਣੀ ਦਾ ਸਰਲ ਭਾਸ਼ਾ ਵਿਚ ਤਰਜ਼ਮਾ ਅਰਥਾਤ ਨਕਲ ਦੱਸਿਆ ਸੀ’

ਸ: ਕਲਕੱਤਾ ਜਿਨ੍ਹਾਂ ਨੇ ਆਪਣਾ 21 ਨਵੰਬਰ ਵਾਲਾ ਪੱਤਰ ਅੱਜ ਪ੍ਰੈੱਸ ਨੂੰ ਰੀਲੀਜ਼ ਕੀਤਾ ਜਿਸ ਵਿੱਚ ਸਵਾਲ ਕੀਤਾ, ‘ਕੀ ਇਨ੍ਹਾਂ ਸਿੱਖ ਤੇ ਸਿੱਖੀ ਵਿਰੋਧੀ ਹਸਤੀਆਂ ਤੋਂ ਬਿਨ੍ਹਾਂ ਖਾਲਸਾ ਵਿਰਾਸਤ ਕੰਪਲੈਕਸ ਦਾ ਉਦਘਾਟਨ ਨਹੀ ਹੋ ਸਕਦਾ?’ ਸ: ਕਲਕੱਤਾ ਤੋਂ ਇਲਾਵਾ ਸ਼੍ਰੋਮਣੀ ਖ਼ਾਲਸਾ ਪੰਚਾਇਤ ਦੇ ਕਨਵੀਨਰ ਭਾਈ ਚਰਨਜੀਤ ਸਿੰਘ ਚੰਨੀ, ਆਲ ਇੰਡੀਆ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ, ਅਤੇ 1984 ਦੀ ਸਿੱਖ ਨਸਲਕੁਸ਼ੀ ਦੀ ਪੀੜਤ ਵਿਧਵਾ ਬੀਬੀ ਜਗਦੀਸ਼ ਕੌਰ ਨੇ ਵੀ ਜਥੇਦਾਰ ਅਕਾਲ ਤਖ਼ਤ ਨੂੰ ਪੱਤਰ ਸੌਂਪ ਕੇ ਉਕਤ ਵਿਅਕਤੀਆਂ ਨੂੰ ‘ਵਿਰਾਸਤ-ਏ-ਖ਼ਾਲਸਾ’ ਦੇ ਉਦਘਾਟਨੀ ਸਮਾਰੋਹ ਮੌਕੇ ਬੁਲਾਏ ਜਾਣ ਦਾ ਭਾਰੀ ਵਿਰੋਧ ਕੀਤਾ ਹੈ। ਬੀਬੀ ਜਗਦੀਸ਼ ਕੌਰ ਨੇ ਕਿਹਾ ਕਿ ਜੇ ਅਮਿਤਾਬ ਬਚਨ, ਜਿਸ ਵਲੋਂ ’84 ਵਿੱਚ ਦਿੱਤੇ ਅਣਸੁਖਾਵੇਂ ਬਿਆਨਾਂ ਅਤੇ ਨਿਭਾਏ ਰੋਲ ਸਦਕਾ ਸਿੱਖਾਂ ’ਤੇ ਕਹਿਰ ਦੀ ਹਨੇਰੀ ਝੁਲੀ ਸੀ, ਜੇ ਕਰ ‘ਵਿਰਾਸਤ-ਏ-ਖ਼ਾਲਸਾ’ ਦੇ ਉਦਘਾਟਨੀ ਸਮਾਰੋਹ ਮੌਕੇ ਪਹੁੰਚਦਾ ਹੈ ਤਾਂ ਉਹ ਸਮਾਰੋਹ ਦੇ ਸਾਹਮਣੇ ਧਰਨਾ ਦੇ ਕੇ ਆਪਣਾ ਵਿਰੋਧ ਜਤਾਏਗੀ।

ਸ਼੍ਰੋ.ਅ.ਦ. (ਖ਼ਾਲਸਤਾਨੀ) ਦੇ ਪ੍ਰਧਾਨ ਸ: ਅਤਿੰਦਰਪਾਲ ਸਿੰਘ ਖ਼ਾਲਸਤਾਨੀ, ਅੰਤ੍ਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ, ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ, ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਸ਼੍ਰੋ.ਅ.ਦ. (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਸ਼੍ਰੋ.ਅ.ਦ. (ਪੰਚ ਪ੍ਰਧਾਨੀ) ਦੇ ਵਿਸ਼ੇਸ਼ ਸਕਤਰ ਭਾਈ ਬਲਦੇਵ ਸਿੰਘ ਸਿਰਸਾ, ਸ਼੍ਰੋ.ਅ.ਦ. (ਦਿੱਲੀ) ਪੰਜਾਬ ਇਕਾਈ ਦੇ ਪ੍ਰਧਾਨ ਸ: ਜਸਵਿੰਦਰ ਸਿੰਘ ਬਲੀਏਵਾਲ, ਅਤੇ ਸ਼੍ਰੋ.ਅ.ਦ. (1920) ਦੇ ਰਘਵੀਰ ਸਿੰਘ ਰਾਜਾਝਾਂਸੀ ਪਹਿਲਾਂ ਹੀ ਉਕਤ ਪੰਥ ਵਿਰੋਧੀ ਵਿਅਕਤੀਆਂ ਨੂੰ ਸੱਦਾ ਦਿੱਤੇ ਜਾਣ ਦਾ ਭਾਰੀ ਵਿਰੋਧ ਕਰ ਚੁੱਕੇ ਹਨ। ਸੋ ਸਮੁੱਚੀਆਂ ਪੰਥਕ ਜਥੇਬੰਦੀਆਂ ਵਲੋਂ ਕੀਤੇ ਜਾ ਰਹੇ ਇਸ ਵਿਰੋਧ ਸਦਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਅੱਜ ਵਿਸ਼ੇਸ਼ ਤੌਰ ’ਤੇ ਕਾਨਫਰੰਸ ਕਰਕੇ ਪੰਥਕ ਸਫਾਂ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top