ਅੰਮ੍ਰਿਤਸਰ (22 ਨਵੰਬਰ,
ਰਜਿੰਦਰ ਬਾਠ):- ਪੰਜਾਬ ਦੀ ਪੰਥਕ ਕਹਾਈ ਜਾਣ ਵਾਲੀ ਸਰਕਾਰ ਨੇ ਜਿਸ ਤਰੀਕੇ ਨਾਲ, ਸਿੱਖ ਰਵਾਇਤਾਂ
ਤੇ ਪਰੰਪਰਾ ਦੀ ਤਲਾਂਜਲੀ ਦੇ ਕੇ ਪੱਛਮ ਦੀ ਲੱਚਰ ਸੱਭਿਅਤਾ ਨੂੰ ਸਾਡੇ ਧਾਰਮਿਕ ਤੇ ਰਾਜਸੀ ਸਮਾਗਮ
ਦੀ ਸ਼ੋਭਾ ਵਧਾ ਕੇ, ਪੰਜਾਬ ਦੇ ਅਮੀਰ ਕਹਾਏ ਜਾਣ ਵਾਲੇ ਵਿਰਸੇ ਨੂੰ ਢਾਹ ਲਾਈ, ਉਸ ਸੰਬੰਧੀ ਸਮੁੱਚੇ
ਸਿੱਖ ਜਗਤ ਵਿਚ ਇਕ ਬਹੁਤ ਵੱਡੀ ਰੋਸ ਦੀ ਲਹਿਰ ਦੌੜ ਗਈ। ਬਠਿੰਡੇ ਦੇ ਕੱਬਡੀ ਮੈਚ ਦੇ ਉਦਘਾਟਨ ਸਮੇਂ
ਅਦਾਕਾਰ ਸ਼ਾਹਰੁੱਖ ਖਾਨ ਨਾਲ ਅੱਧ ਨੰਗੀਆਂ ਕੁੜੀਆਂ ਨਚਾ ਕੇ, ਪੰਜਾਬੀ ਸੱਭਿਅਤਾ ਦਾ ਸਾਰੀ ਦੁਨੀਆਂ
ਵਿਚ ਜਨਾਜ਼ਾ ਕੱਢ ਕੇ ਰੱਖ ਦਿੱਤਾ ਗਿਆ। ਜਿਸ ਦਾ ਪੰਜਾਬ ਦੇ ਸਮੁੱਚੇ ਦੇਸ਼ ਵਿਦੇਸ਼ ਵਿਚਲੇ ਸਿੱਖ
ਜਗਤ ਵਲੋਂ ਭਾਰੀ ਵਿਰੋਧ ਕੀਤਾ ਗਿਆ। ਦੇਸ਼ ਤੇ ਵਿਦੇਸ਼ ਦੀਆਂ ਸਿੱਖ ਅਖਬਾਰਾਂ ਨੇ ਇਸ ਉਦਘਾਟਨ
ਸਮਾਰੋਹ ਵਿਚ ਫਿਲਮੀ ਹਸਤੀਆਂ ਦੀ ਆਮਦ ਨੂੰ ਲੈ ਕੇ ਭਾਰੀ ਰੋਸ ਜਿਤਾਇਆ। ਅਜੇ ਇਹ ਲੋਕ ਲਹਿਰ ਨੇ
ਪ੍ਰਚੰਡ ਰੂਪ ਧਾਰਨ ਕੀਤਾ ਹੀ ਸੀ ਕਿ ਬਾਦਲ ਨੇ ਲੁਧਿਆਣੇ ਵਿਖੇ ਕੱਬਡੀ ਦੇ ਅੰਤਿਮ ਸਮਾਰੋਹ ਵਿਚ
ਫਿਰ ਫਿਲਮੀ ਕਲਾਕਾਰਾਂ ਤੋਂ ਉਹੀ ਬਠਿੰਡੇ ਦੇ ਸਮਾਗਮ ਵਾਲੀ ਗਲਤੀ ਦੁਹਰਾਈ।
ਇਸੇ ਹੀ ਸਮੇਂ ਦੌਰਾਨ ੨੫ ਨਵੰਬਰ ਨੂੰ ਸ਼੍ਰੀ ਅਨੰਦਪੁਰ ਸਾਹਿਬ
ਵਿਖੇ ਹੋਣ ਵਾਲੇ "ਵਿਰਾਸਤ-ਏ-ਖਾਲਸਾ" ਸਮਾਗਮ, ਜੋ ਕਿ ਸਿੱਖਾਂ ਲਈ ਇਕ ਬਣਾਏ ਗਏ ਅਜੂਬੇ ਦਾ
ਉਦਘਾਟਨ ਸਮਾਰੋਹ ਸੀ, ਵਿਚ ਫਿਲਮੀ ਅਦਾਕਾਰ ਅਮਿਤਾਬ ਬੱਚਨ, ਹੇਮਾ ਮਾਲਿਨੀ ਤੇ ਹੋਰ ਫਿਲਮੀ
ਸੈਲੀਬਰਟਿਜ਼ ਨੂੰ ਸੱਦ ਕੇ, ਇਕ ਨਵੇਂ ਵਿਵਾਦ ਨੂੰ ਜਨਮ ਦੇ ਦਿੱਤਾ ਗਿਆ। ਖਾਲਸੇ ਦੇ ਜਨਮਦਾਤੇ ਦੀ
ਇਸ ਧਰਤੀ ਤੇ ਇਸ ਸਮਾਗਮ ਵਿਚ, ਉਸ ਅਮਿਤਾਬ ਬੱਚਨ ਨੂੰ ਸੱਦਿਆ ਗਿਆ, ਜਿਸ ਤੇ ੧੯੮੪ ਵਿਚ ਸਿੱਖਾਂ
ਦੀ ਨਸਲਕੁਸ਼ੀ ਦੇ ਇਲਜ਼ਾਮ ਲੱਗੇ ਸਨ। ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਵਲੋਂ ਇਸ ਗੱਲ ਦਾ ਵਿਰੋਧ
ਵੀ ਕੀਤਾ ਗਿਆ ਕਿ ਧਾਰਮਿਕ ਸਮਾਗਮਾਂ ਮੌਕੇ ਸਿਰਫ ਧਾਰਮਿਕ ਹਸਤੀਆਂ ਨੂੰ ਹੀ ਬੁਲਾ ਕੇ ਧਾਰਮਿਕ
ਪ੍ਰੋਗਰਾਮ ਹੀ ਪੇਸ਼ ਕਰਨੇ ਚਾਹੀਦੇ ਹਨ।
ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ
ਜੀ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ "ਵਿਰਾਸਤ-ਏ-ਖਾਲਸਾ" ਦੇ ਧਾਰਮਿਕ ਸਮਾਗਮ ੫ ਸਿੰਘ
ਸਾਹਿਬਾਨ ਦੀ ਦੇਖ-ਰੇਖ ਵਿਚ ਹੀ ਹੋਣੇ ਚਾਹੀਦੇ ਹਨ।ਦੇਸ਼ ਵਿਦੇਸ਼ ਤੋਂ ਸੰਗਤਾਂ ਦੇ ਰੋਹ ਦੇ ਪ੍ਰਚੰਡ
ਨੂੰ ਦੇਖਦੇ ਹੋਏ, ਅੱਜ ਤਖਤ ਸ਼੍ਰੀ ਅੰਮ੍ਰਿਤਸਰ ਦੇ ਜਥੇਦਾਰ, ਗਿਆਨੀ ਗੁਰਬਚਨ ਸਿੰਘ ਨੇ ਪ੍ਰੈੱਸ
ਕਾਨਫਰੰਸ ਸੱਦ ਕੇ ਇਹ ਐਲਾਨ ਕੀਤਾ ਕਿ ਚਾਰੇ ਪਾਸੇ ਤੋਂ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਤੇ
ਧਾਰਮਿਕ ਜਥੇਬੰਦੀਆਂ ਤੇ ਲੋਕਾਂ ਦੇ ਰੋਹ ਨੂੰ ਦੇਖਦੇ ਹੋਏ ਪੰਜ ਸਿੰਘ ਸਾਹਿਬਾਨ ਵਲੋਂ ਇਹ ਫੈਂਸਲਾ
ਲਿਆ ਗਿਆ ਹੈ ਕਿ ਇਸ ਵਿਰਾਸਤ-ਏ-ਖਾਲਸਾ ਦੇ ਸਮਾਗਮ ਸਮੇਂ ਫਿਲਮੀ ਕਲਾਕਾਰ ਅਮਿਤਾਬ ਬੱਚਨ ਤੇ ਹੋਰ
ਫਿਲਮੀ ਹਸਤੀਆਂ ਨੂੰ ਇਸ ਧਾਰਮਿਕ ਸਮਾਗਮ ਵਿਚ ਮਹਿਮਾਨ ਦੇ ਤੌਰ ਤੇ ਆਉਣ ਦੀ ਆਗਿਆ ਨਹੀਂ ਹੋਵੇਗੀ।
ਉਹਨਾਂ ਕਿਹਾ ਕਿ ਇਸ ਸਮਾਰੋਹ ਵਿਚ ਸ਼ਰਧਾਲੂ ਦੇ ਤੌਰ ਤੇ ਕੋਈ ਵੀ ਆ ਕੇ ਮੱਥਾ ਟੇਕ ਸਕਦਾ ਹੈ।ਇਸ
ਸਮਾਰੋਹ ਵਿਚ ਸਾਰੇ ਧਰਮਾਂ ਦੇ ਮੁੱਖੀਆਂ ਤੇ ਸੰਗਤਾਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਹੈ।ਉਹਨਾਂ
ਨੇ ਕਿਹਾ ਕਿ ਇਸ ਸਮਾਰੋਹ ਦੇ ਸਾਰੇ ਪ੍ਰੋਗਰਾਮ ਨਿਰੋਲ ਧਾਰਮਿਕ ਤੇ ਗੁਰ ਮਰਿਯਾਦਾ ਅਨੁਸਾਰ ਹੀ
ਹੋਣਗੇ। ਇਸ ਸਮਾਰੋਹ ਵਿਚ ਹਜ਼ੂਰੀ ਰਾਗੀਆਂ ਦੇ ਕੀਰਤਨ ਤੋਂ ਇਲਾਵਾ ਕੇਵਲ ਧਾਰਮਿਕ ਪ੍ਰੋਗਰਾਮ ਹੀ
ਪੇਸ਼ ਕੀਤੇ ਜਾਣਗੇ।ਉਹਨਾਂ ਨੇ ਸਮੁੱਚੇ ਸਿੱਖ ਜਗਤ ਨੂੰ ਇਸ ਸਮਾਗਮ ਵਿਚ ਪਹੁੰਚਣ ਦੀ ਅਪੀਲ ਵੀ ਕੀਤੀ।