Share on Facebook

Main News Page

ਉਸ ਬਾਣੀ ਪੜ੍ਹੀ ਸੁਣੀ ਦਾ ਹੀ ਲਾਹਾ ਹੈ, ਜਿਸ ਨੂੰ ਆਪਣੇ ਜੀਵਨ ਵਿੱਚ ਕਮਾ ਲਿਆ: ਪ੍ਰਿੰ. ਗੁਰਬਚਨ ਸਿੰਘ

ਬਠਿੰਡਾ, 20 ਨਵੰਬਰ (ਕਿਰਪਾਲ ਸਿੰਘ): ਉਸ ਬਾਣੀ ਪੜ੍ਹੀ ਸੁਣੀ ਦਾ ਹੀ ਲਾਹਾ ਹੈ ਜਿਸ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਕਮਾ ਲਿਆ। ਇਹ ਸ਼ਬਦ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਿੰ. ਗੁਰਬਚਨ ਸਿੰਘ ਪੰਨਵਾਂ ਨੇ ਅੱਜ ਸਵੇਰੇ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਗੁਰੂ ਗ੍ਰੰਥ ਸਾਹਿਬ ਦੀ ਚੱਲ ਰਹੀ ਲੜੀਵਾਰ ਕਥਾ ਦੌਰਾਨ ਕਹੇ।

ਉਨ੍ਹਾਂ ਕਿਹਾ ਵਿਖਾਵੇ ਦੇ ਤੌਰ ’ਤੇ ਜਾਂ ਆਪਣੇ ਮਨ ਨੂੰ ਧੀਰਜ ਦੇਣ ਲਈ ਅਸੀਂ ਬਹੁਤ ਸਾਰੀ ਬਾਣੀ ਪੜ੍ਹਦੇ ਹਾਂ, ਅਖੰਡ ਪਾਠ ਦੀਆਂ ਇਕੋਤਰੀਆਂ, ਕੀਰਤਨ, ਕਥਾ ਆਦਿ ਕਰਦੇ ਅਤੇ ਸੁਣਦੇ ਹਾਂ ਪਰ ਗੁਰਬਾਣੀ ਦੇ ਭਾਵ ਅਰਥਾਂ ਨੂੰ ਕਦੇ ਸਮਝਣ ਅਤੇ ਆਪਣੇ ਜੀਵਨ ਵਿੱਚ ਕਮਾਉਣ ਦਾ ਕਦੀ ਯਤਨ ਨਹੀਂ ਕੀਤਾ। ਇਹੋ ਕਾਰਣ ਹੈ ਕਿ ਗੁਰੂ ਨਾਨਕ ਸਾਹਿਬ ਜੀ ਤਾਂ ਮੰਦਰਾਂ ’ਚ ਪੰਡਿਤਾਂ ਕੋਲ, ਪਹਾੜਾਂ ਦੀਆਂ ਚੋਟੀਆਂ ’ਤੇ ਜੋਗੀਆਂ ਸਿੱਧਾਂ ਕੋਲ ਅਤੇ ਮਸਜਦਾਂ ਵਿੱਚ ਮੁੱਲਾਂ ਮੁਲਾਣਿਆਂ ਕੋਲ ਜਾ ਕੇ ਆਪਣੀ ਗੱਲ ਉਨ੍ਹਾਂ ਨੂੰ ਸਮਝਾ ਆਏ ਪਰ ਅੱਜ ਅਸੀਂ ਗੁਰੂ ਨਾਨਕ ਦੀ ਗੱਲ ਗੁਰਦੁਆਰਿਆਂ ਵਿੱਚ ਗੁਰੂ ਦੇ ਸਿੱਖਾਂ ਕੋਲ ਵੀ ਨਹੀਂ ਕਰ ਸਕਦੇ। ਗੁਰਦੁਆਰਿਆਂ ਵਿੱਚ ਗੁਰੂ ਨਾਨਕ ਦੀ ਗੱਲ ਨਾ ਕੀਤੇ ਜਾਣ ਦਾ ਹੀ ਕਾਰਣ ਹੈ ਕਿ ਗੁਰੂ ਨਾਨਕ ਦੀ ਵੀਚਾਰਧਾਰਾ ਨੂੰ ਕੱਟਣ ਵਾਲੇ ਪਹਿਲਾਂ ਨਿਰੰਕਾਰੀ, ਰਾਧਾ ਸਵਾਮੀ ਤੇ 1877 ਵਿੱਚ ਆਰੀਆ ਸਮਾਜੀ ਗੁਰੁਦਆਰਿਆਂ ਵਿੱਚੋਂ ਹੀ ਪੈਦਾ ਹੋਏ, ਫਿਰ ਪਿਆਰੇ ਭਨਿਆਰੇ, ਨੂਰਮਹਿਲੀਏ, ਸਿਰਸੇ ਵਾਲੇ ਅਤੇ ਸਿੱਖੀ ਭੇਸ ਵਿੱਚ ਸੰਤ ਬਾਬੇ ਪੈਦਾ ਹੋਏ ਹੁਣ ਯੋਗ ਮੱਤ ਪੈਦਾ ਹੋ ਰਿਹਾ ਹੈ। ਆਪਣੀ ਇਸ ਗੱਲ ਦੀ ਪ੍ਰੋੜਤਾ ਲਈ ਉਨ੍ਹਾਂ ਕਬੀਰ ਸਾਹਿਬ ਜੀ ਦਾ ਇੱਕ ਸਲੋਕ:

ਕਬੀਰ ਕੀਚੜਿ ਆਟਾ ਗਿਰਿ ਪਰਿਆ ਕਿਛੂ ਨ ਆਇਓ ਹਾਥ ॥ ਪੀਸਤ ਪੀਸਤ ਚਾਬਿਆ ਸੋਈ ਨਿਬਹਿਆ ਸਾਥ ॥215॥’ (ਪੰਨਾ 1376)

ਸੁਣਾਉਂਦਿਆਂ ਕਿਹਾ ਕਿ ਇਹ ਸਲੋਕ ਸਾਨੂੰ ਤਕਰੀਬਨ ਸਾਰਿਆਂ ਨੂੰ ਜੁਬਾਨੀ ਯਾਦ ਹੈ, ਮਹਿੰਗੇ ਤੋਂ ਮਹਿੰਗੇ ਰਾਗੀ ਬੁਲਾ ਕੇ ਉਨ੍ਹਾਂ ਤੋਂ ਮਿੱਠੀ ਸੁਰ ਵਿੱਚ ਕੀਰਤਨ ਵੀ ਸੁਣ ਲਿਆ ਜਾਂਦਾ ਹੈ, ਕਥਾਵਾਚਕ ਇਸ ਦੇ ਅਰਥ ਕਰਕੇ ਵੀ ਸੁਣਾਂ ਜਾਂਦੇ ਹਨ :- ‘ਕਬੀਰ, ਆਟਾ ਗਾਰੇ ਵਿੱਚ ਡਿਗ ਪਿਆ ਹੈ ਅਤੇ ਪ੍ਰਾਣੀ ਦੇ ਹੱਥ ਵਿੱਚ ਕੁਝ ਭੀ ਨਹੀਂ ਲੱਗਾ। ਪਰ ਪੀਹਦਿਆਂ ਪੀਹਦਿਆਂ ਜਿਹੜਾ ਚੱਬ ਲਿਆ ਗਿਆ ਹੈ, ਕੇਵਲ ਉਸੇ ਦਾ ਹੀ ਪ੍ਰਾਣੀ ਨੂੰ ਲਾਭ ਹੈ’। ਪਰ ਕੀ ਇੰਨਾਂ ਸੁਣਨ ਜਾਂ ਸਮਝਣ ਨਾਲ ਅਸੀਂ ਇਸ ਦਾ ਕੋਈ ਲਾਹਾ ਖੱਟ ਸਕਦੇ ਹਾਂ।

ਪ੍ਰਿੰ. ਗੁਰਬਚਨ ਸਿੰਘ ਨੇ ਕਿਹਾ ਕਿ ਅਸਲ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਭਾਵ ਅਰਥ ਕੁਝ ਹੋਰ ਸੀ ਅਤੇ ਉਸ ਭਾਵ ਅਰਥ ਨੂੰ ਮੁੱਖ ਰੱਖ ਕੇ ਹੀ ਗੁਰੂ ਸਾਹਿਬ ਜੀ ਨੇ ਇਸ ਸਲੋਕ ਨੂੰ ਸਾਡੀ ਅਗਵਾਈ ਲਈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ਼ ਕੀਤਾ ਸੀ। ਉਨ੍ਹਾਂ ਸਪਸ਼ਟ ਕਰਦਿਆਂ ਕਿਹਾ ਕਿ ਅਸਲ ਵਿੱਚ ਗੁਰਬਾਣੀ ਪੜ੍ਹਨੀ ਸੁਣਨੀ ਚੱਕੀ ’ਤੇ ਆਟਾ ਪੀਸਣਾ ਹੈ। ਜਿਸ ਗੁਰਬਾਣੀ ਦੇ ਭਾਵ ਅਰਥ ਸਮਝ ਕੇ ਆਪਣੇ ਜੀਵਨ ਵਿੱਚ ਕਮਾ ਲਿਆ ਉਸ ਨੂੰ ਪੀਹਦਿਆਂ ਪੀਹਦਿਆਂ ਚੱਬਣਾ ਹੈ ਅਤੇ ਇਸੇ ਦਾ ਜੀਵਨ ਵਿੱਚ ਲਾਹਾ ਹੈ ਪਰ ਜਿਸ ਨੂੰ ਬਿਨਾਂ ਸਮਝਿਆਂ ਹੀ ਜਾਂ ਮੋਹ ਦੇ ਕਾਰਣ ਮਨ ਤੋਂ ਵੀਸਾਰ ਦਿੱਤਾ ਉਹ ਹੈ ਮੋਹ ਦੇ ਚਿੱਕੜ ਵਿੱਚ ਆਟਾ ਡਿੱਗ ਜਾਣ ਦੇ ਬਰਾਬਰ ਹੈ, ਜਿਸ ਦਾ ਕੋਈ ਲਾਹਾ ਨਹੀਂ ਹੈ।

ਉਨ੍ਹਾਂ ਮਿਸਾਲ ਦਿੱਤੀ ਕਿ ਜੇ ਇੱਕ ਖੇਡ ਅਫਸਰ ਹੈ, ਉਸ ਨੇ 5 ਖਿਡਾਰੀਆਂ ਦੀ ਚੋਣ ਕਰਨੀ ਹੈ, ਪਰ ਉੱਥੇ ਪਹੁੰਚ ਜਾਂਦੇ ਹਨ 100 ਖਿਡਾਰੀ ਅਤੇ ਉਨ੍ਹਾਂ ਵਿੱਚ ਇੱਕ ਉਸਦਾ ਭਤੀਜਾ ਵੀ ਹੈ। ਸਾਰੇ ਟੈਸਟ ਲੈਣ ਪਿੱਛੋਂ ਉਸ ਦਾ ਭਤੀਜਾ ਛੇਵੇਂ ਨੰਬਰ ’ਤੇ ਆਇਆ। ਜੇ ਖੇਡ ਅਫਸਰ ਨੇ ਗੁਰਬਾਣੀ ਦੇ ਉਪਦੇਸ਼ ਨੂੰ ਚੇਤੇ ਰੱਖਿਆ ਹੁੰਦਾ ਉਹ ਆਪਣੇ ਭਤੀਜੇ ਨੂੰ ਛੱਡ ਦਿੰਦਾ ਤੇ ਉਪਰਲੇ 5 ਦੀਆਂ ਚੋਣ ਕਰ ਲੈਂਦਾ। ਪਰ ਜੇ ਉਹ ਭਤੀਜੇ ਦੇ ਮੋਹ ਦੇ ਚਿੱਕੜ ਵਿੱਚ ਫਸ ਗਿਆ ਤੇ ਕਿਸੇ ਇੱਕ ਬੱਚੇ ਦਾ ਹੱਕ ਮਾਰ ਕੇ ਆਪਣੇ ਭਤੀਜੇ ਨੂੰ ਟੀਮ ਵਿੱਚ ਸ਼ਾਮਲ ਕਰਨਾ ਚਾਹੁੰਦਾ ਹੈ, ਤਾਂ ਉਹ ਬੱਚਿਆਂ ਨੂੰ ਕਹੇਗਾ ਕਿ ਤੁਹਾਡੀ ਚੋਣ ਹੋ ਗਈ ਹੈ, ਪਰ ਇਹ ਫਾਇਲ ਪੂਰੀ ਕਰ ਕੇ ਲਿਆਓ। ਕਾਗਜ਼ੀ ਕਾਰਵਾਈ ਵਿੱਚ ਉਹ ਇੱਕ ਬੱਚੇ ਨੂੰ ਐਸਾ ਉਲਝਾਏਗਾ ਕਿ ਉਸ ਦੇ ਗੇੜੇ ਲਵਾਈ ਜਾਵੇਗਾ ਤੇ ਅਖੀਰ ’ਤੇ ਆਪਣੇ ਭਤੀਜੇ ਨੂੰ ਟੀਮ ਵਿੱਚ ਸ਼ਾਮਲ ਕਰ ਲਵੇਗਾ ਤੇ ਜਦ ਅਸਲੀ ਯੋਗ ਬੱਚਾ ਆਏਗਾ ਤਾਂ ਉਸ ਨੂੰ ਕਹੇਗਾ ਕਿ ਕਾਕਾ ਹੁਣ ਤਾਂ ਤੂੰ ਬਹੁਤ ਲੇਟ ਹੋ ਗਿਆ ਹੈਂ। ਹੁਣ ਤਾਂ ਤੇਰੀ ਥਾਂ ਅਗਲੇ ਬੱਚੇ ਦੀ ਚੋਣ ਕਰਕੇ ਭੇਜ ਦਿੱਤਾ ਗਿਆ ਹੈ। ਪ੍ਰਿੰ. ਪੰਨਵਾਂ ਨੇ ਕਿਹਾ ਜੇ ਉਹ ਖੇਡ ਅਫਸਰ ਐਸਾ ਕਰਦਾ ਹੈ ਤੇ ਲੋਕਾਂ ਵਿੱਚ ਆਪਣੇ ਆਪ ਨੂੰ ਧਰਮੀ ਵਿਖਾਉਣ ਲਈ ਅਖੰਡਪਾਠ ਵੀ ਕਰਾ ਲੈਂਦਾ ਹੈ ਤਾਂ ਇਉਂ ਸਮਝੋ ਕਿ ਉਸ ਦੀ ਗੁਰਬਾਣੀ ਪੜ੍ਹੀ ਸੁਣੀ ਤੇ ਧਾਰਮਕ ਕੰਮ ਕੀਤੇ ਮੋਹ ਦੇ ਚਿੱਕੜ ਵਿੱਚ ਆਟੇ ਵਾਂਗ ਡਿੱਗ ਪੈਣਾ ਹੈ ਜਿਸ ਵਿੱਚੋ ਹੱਥ ਪੱਲੇ ਕੁਝ ਵੀ ਨਹੀਂ ਪੈਣਾ।

ਪ੍ਰਿੰ. ਪੰਨਵਾਂ ਨੇ ਕਿਹਾ ਜਪੁਜੀ ਸਾਹਿਬ ’ਚ ਗੁਰੂ ਨਾਨਕ ਸਾਹਿਬ ਜੀ ਨੇ ਯੋਗ ਮੱਤ ਨੂੰ ਤਾਂ ਰੱਦ ਕਰਦਿਆਂ ਯੋਗੀਆਂ ਨੂੰ ਸਮਝਾ ਦਿੱਤਾ:

ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ॥
: ਸੰਤੋਖ ਨੂੰ ਆਪਣੀਆਂ ਮੁੰਦ੍ਰਾਂ, ਮਿਹਨਤ ਨੂੰ ਆਪਦਾ ਮੰਗਣ ਵਾਲਾ ਖੱਪਰ ਤੇ ਥੈਲਾ ਅਤੇ ਸਾਹਿਬ ਦੇ ਸਿਮਰਨ ਨੂੰ ਆਪਣੀ ਸੁਆਹ ਬਣਾ।

ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ॥
: ਮੌਤ ਦਾ ਖਿਆਲ ਤੇਰੀ ਗੋਦੜੀ, ਕੁਮਾਰੀ ਕੰਨਿਆਂ ਦੇ ਸਰੀਰ ਵਰਗੀ ਪਵਿੱਤ੍ਰਤਾ ਤੇਰੀ ਜੀਵਨ ਰਹੁ-ਰੀਤੀ ਅਤੇ ਵਾਹਿਗੁਰੂ ਵਿੱਚ ਭਰੋਸਾ ਤੇਰਾ ਸੋਟਾ ਹੋਵੇ।

ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ॥
: ਸਾਰਿਆਂ ਨਾਲ ਭਾਈਚਾਰੇ ਨੂੰ ਯੋਗਾਮਤ ਦਾ ਸਰੋਮਣੀ ਭੇਖ ਬਣਾ ਅਤੇ ਆਪਣੇ ਆਪ ਦੇ ਜਿੱਤਣ ਨੂੰ ਜਗਤ ਦੀ ਜਿੱਤ ਖਿਆਲ ਕਰ।

ਆਦੇਸੁ ਤਿਸੈ ਆਦੇਸੁ॥
: ਨਿਮਸਕਾਰ, ਮੇਰੀ ਨਿਮਸ਼ਕਾਰ ਹੈ ਉਸ ਸਾਹਿਬ ਨੂੰ।

ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ॥28॥
: ਉਹ ਮੁਢਲਾ ਪਵਿੱਤਰ ਆਰੰਭ ਰਹਿਤ ਅਵਿਨਾਸ਼ੀ ਅਤੇ ਸਮੂਹ ਯੁਗਾਂ ਅੰਦਰ ਉਸੇ ਇਕੋ ਲਿਬਾਸ ਵਾਲਾ ਹੈ।

ਪਰ ਕੀ ਜਪੁਜੀ ਸਾਹਿਬ ਦੇ ਲੱਖਾਂ ਪਾਠ ਕਰਨ ਅਤੇ ਕਰਵਾਉਣ ਵਾਲੇ ਸੰਤ ਬਾਬੇ ਇਸ ਤੋਂ ਸੇਧ ਲੈ ਕੇ ਆਪਣੇ ਜੀਵਨ ਵਿੱਚ ਸੰਤੋਖ, ਮਿਹਨਤ, ਆਦਿ ਗੁਣਾਂ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਇੱਕ ਅਕਾਲ ਪੁਰਖ ’ਤੇ ਭਰੋਸਾ ਰੱਖਦੇ ਹਨ ਤੇ ਆਪਣੇ ਚੇਲਿਆਂ ਨੂੰ ਇੱਕ ’ਤੇ ਭਰੋਸਾ ਰੱਖਣ ਦਾ ਉਪਦੇਸ਼ ਦਿੰਦੇ ਹਨ? ਕੀ ਸਾਰਿਆਂ ਨੂੰ ਆਪਣਾ ਭਾਈਚਾਰਾ ਸਮਝਦੇ ਹਨ? ਬਿਲਕੁਲ ਨਹੀਂ ਉਨ੍ਹਾਂ ਨੇ ਆਪਣੇ ਆਪ ਨੂੰ ਯੋਗ ਮੱਤ ਦੇ ਉਚੇ ਫਿਰਕੇ ਦਾ ਦਰਸਾਉਣ ਵਾਂਗ ਪਿੰਡੇ ’ਤੇ ਸੁਆਹ ਮਲਣੀ ਤਾਂ ਛੱਡ ਦਿੱਤੀ ਪਰ ਆਪ ਆਪ ਨੂੰ ਸਰਬਸ੍ਰੇਸ਼ਟ ਦਰਸਾਉਣ ਲਈ ਵਿਸ਼ੇਸ਼ ਕਿਸਮ ਦਾ ਚੋਲ਼ਾ ਪਹਿਨ ਲਿਆ, ਮਿਹਨਤ ਕਰਕੇ ਰੋਟੀ ਕਮਾਉਣ ਦੀ ਜੁਗਤ ਸਿੱਖੀ ਨਹੀਂ, ਜੀਵਨ ਵਿੱਚ ਸੰਤੋਖ ਆਇਆ ਕੋਈ ਨਹੀਂ, ਆਪਣੀ ਐਸ਼ੋ ਇਸ਼ਰਤ ਲਈ ਮੰਗਣਾ ਜਾਰੀ ਰੱਖਿਆ ਹੈ, ਆਮ ਲੋਕਾਂ ਨੂੰ ਆਪਣੇ ਭਾਈ ਸਮਝਦੇ ਨਹੀਂ, ਜਿਨਾਂ ਗ੍ਰਿਸਤੀਆਂ ਦੇ ਘਰੋਂ ਮੰਗਦੇ ਹਨ ਉਨ੍ਹਾਂ ਨੂੰ ਅਪਵਿੱਤਰ ਤੇ ਆਪਣੇ ਆਪ ਨੂੰ ਗ੍ਰਿਸਤ ਦੇ ਤਿਆਗੀ ਦੱਸ ਕੇ ਬਹੁਤ ਹੀ ਪਵਿੱਤਰ ਅਤੇ ਉਚੇ ਸਮਝ ਰਹੇ ਹਨ ਪਰ ਵਿਕਾਰ ਛੱਡੇ ਕੋਈ ਨਹੀਂ, ਤਾਂ ਸਮਝੋ ਉਨ੍ਹਾਂ ਵਲੋਂ ਜਪੁਜੀ ਦੇ ਕੀਤੇ ਗਏ ਅਨੇਕਾਂ ਪਾਠ ਮਾਨੋ ਚਿੱਕੜ ਵਿਚ ਆਟਾ ਡਿੱਗ ਕੇ ਵਿਅਰਥ ਜਾਣ ਵਾਂਗ ਅਜਾਂਈ ਹੀ ਗਏ। ਪ੍ਰਿੰ. ਪੰਨਵਾਂ ਨੇ ਕਿਹਾ ਕਿ ਇਹੋ ਕਾਰਣ ਹੈ ਕਿ ਅੱਜ ਗੁਰੂ ਨਾਨਕ ਦੀ ਵੀਚਾਰਧਾਰਾ ਗੁਰਦੁਆਰਿਆਂ ਤੋਂ ਹੀ ਦੂਰ ਹੋਣ ਕਰਕੇ ਅਸੀਂ ਮੁੜ ਯੋਗੀਆਂ ਨੂੰ ਆਪ ਸੱਦਾ ਦੇ ਕੇ ਗੁਰੁਆਰਿਆਂ ਵਿੱਚ ਇਸ ਦਾ ਪ੍ਰਚਾਰ ਕਰਾ ਰਹੇ ਹਾਂ ਤੇ ਉਨ੍ਹਾਂ ਨੂੰ ਗੁਰੂ ਨਾਨਕ ਦੀ ਵੀਚਾਰਧਾਰਾ ਨੂੰ ਗੰਧਲਾ ਕਰਨ ਬਦਲੇ ਸਨਮਾਨਤ ਕਰ ਰਹੇ ਹਾਂ।

Watch the recording on http://www.gurbani.co/katha_bs.php


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top