Share on Facebook

Main News Page

ਖ਼ਾਲਸਾ-ਪੰਥ ਨੂੰ ‘ਵਿਰਾਸਤ-ਏ-ਖ਼ਾਲਸਾ’ ਦੇ ਬਿਪਰਵਾਦੀ ਉਦਘਾਟਨੀ ਸਮਾਰੋਹ ਦਾ ਬਾਈਕਾਟ ਕਰਨਾ ਚਾਹੀਦਾ ਹੈ: ਗਿਆਨੀ ਜਾਚਕ

ਨਿਊਯਾਰਕ 12 ਨਵੰਬਰ (ਤ੍ਰਿਲੋਚਨ ਸਿੰਘ ਦਪਾਲਪੁਰ): ਜੇਕਰ 21 ਨਵੰਬਰ ਸ਼ਾਮ ਤੱਕ ਸੱਤਾਧਾਰੀ ਬਿਪਰਵਾਦੀ ਬਾਦਲ ਕੇ ‘ਵਿਰਾਸਤ-ਏ-ਖ਼ਾਲਸਾ’ ਭਵਨ ਵਿੱਚੋਂ ਗਾਇਬ ਕੀਤਾ ਖ਼ਾਲਸਈ ਨਿਸ਼ਾਨ ‘ਖੰਡਾ’ ਮੁੜ ਸਥਾਪਤ ਕਰਨ ਅਤੇ ਪੰਥ ਵਿਰੋਧੀ ਭਾਜਪਾਈ ਆਗੂਆਂ ਤੇ ਫ਼ਿਲਮੀ ਐਕਟਰਾਂ ਨੂੰ ਦਿੱਤੇ ਸੱਦੇ ਵਾਪਸ ਲੈਣ ਦਾ ਐਲਾਨ ਕਰਦਿਆਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਰਾਹੀਂ ਪੰਥ ਨੂੰ ਭਰੋਸੇ ਵਿੱਚ ਨਹੀਂ ਲੈਂਦੇ; ਤਾਂ ਦੇਸ਼-ਵਿਦੇਸ਼ ਦੇ ਜਿਊਂਦੀ ਜ਼ਮੀਰ ਵਾਲੇ ਸਿੱਖ ਆਗੂਆਂ ਨੂੰ ਚਾਹੀਦਾ ਹੈ ਕਿ ਉਹ ‘ਵਿਰਾਸਤ-ਏ-ਖ਼ਾਲਸਾ’ ਦੇ 25 ਦਸੰਬਰ ਨੂੰ ਹੋਣ ਵਾਲੇ ‘ਬਿਪਰਵਾਦੀ ਉਦਘਾਟਨੀ ਸਮਾਰੋਹ ਦੇ ਬਾਈਕਾਟ ਦਾ ਐਲਾਨ ਕਰਦੇ ਹੋਏ ਕੌਮ ਨੂੰ ਸਮਾਗਮ ਵਿੱਚ ਸ਼ਾਮਲ ਨਾ ਹੋਣ ਦੀ ਅਪੀਲ ਕਰਨ। ਇਹ ਲਫ਼ਜ਼ ਗਿਆਨੀ ਜਗਤਾਰ ਸਿੰਘ ਜਾਚਕ ਨੇ ਆਪਣੇ ਲਿਖਤੀ ਪ੍ਰੈਸਨੋਟ ਵਿੱਚ ਕਹੇ।

ਉਨ੍ਹਾਂ ਕਿਹਾ ਕਿ ਸਾਨੂੰ ਭੁੱਲਣਾ ਨਹੀਂ ਚਾਹੀਦਾ ਆਰ.ਐਸ.ਐਸ. ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪੰਥ ਵਿਰੋਧੀ ਜਮਾਤ ਐਲਾਨਿਆ ਜਾ ਚੁੱਕਾ ਹੈ। ਭਾਜਪਾ ਉਸ ਦਾ ਰਾਜਸੀ ਵਿੰਗ ਹੈ ਅਤੇ ਗਡਕਰੀ ਉਸ ਦਾ ਪ੍ਰਧਾਨ, ਜਿਸ ਨੇ ‘ਸਰਹਿੰਦ ਫ਼ਤਹਿ ਦਿਵਸ’ ਦੇ ਸ਼ਤਾਬਦੀ ਸਮਾਰੋਹ ਵਿੱਚ ਫ਼ਤਹਿਗੜ ਸਾਹਿਬ ਵਿਖੇ ਖ਼ਾਲਸਾ ਪੰਥ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੂੰ ‘ਵੈਰਾਗੀ’ ਕਹਿ ਕੇ ਸੰਬੋਧਨ ਕੀਤਾ ਸੀ । ਇਨ੍ਹਾਂ ਦਾ ਪ੍ਰਮੁਖ ਆਗੂ ਅਡਵਾਨੀ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਦਾ ਮੁਖ ਦੋਸ਼ੀ ਹੈ। ‘ਰਵੀ ਸ਼ੰਕਰ’ ਉਹ ਦੰਭੀ-ਗੁਰੂ ਹੈ, ਜਿਸ ਨੇ ਗੁਰੂ ਗ੍ਰੰਥ ਸ਼ਤਾਬਦੀ ਸਮਾਰੋਹ ਵਿੱਚ ਗੁਰਬਾਣੀ ਨੂੰ ਵੇਦ-ਬਾਣੀ ਦਾ ਸਰਲ ਤਰਜ਼ਮਾ ਆਖਿਆ ਸੀ।

ਜਾਚਕ ਜੀ ਨੇ ਕੌਮ ਨੂੰ ਸੁਚੇਤ ਕਰਦਿਆਂ ਇਹ ਵੀ ਆਖਿਆ ਹੈ ਕਿ ਜੇਕਰ ਬਾਦਲ ਤੇ ਭਾਜਪਾਈ ਗੱਠਜੋੜ ਇਸੇ ਤਰ੍ਹਾਂ ਪੰਥ ਤੇ ਪੰਜਾਬ ਦੀ ਸੱਤਾ ਤੇ ਕਾਬਜ਼ ਰਹੇ ਤਾਂ ਉਹ ਦਿਨ ਦੂਰ ਨਹੀਂ, ਜਦੋਂ ਗੁਰਾਂ ਦੇ ਨਾਮ ਤੇ ਵੱਸਣ ਵਾਲੇ ਪੰਜਾਬ ਵਿੱਚ ਖ਼ਾਲਸਈ ਵਿਰਾਸਤ ਵਿੱਚਲੀ ਦਸ-ਗੁਰੂ ਸਾਹਿਬਾਨ ਤੇ ਸਿੱਖ ਸ਼ਹੀਦਾਂ ਦੀ ਕੋਈ ਵੀ ਉਹ ਇਤਿਹਾਸਕ ਨਿਸ਼ਾਨੀ ਕਾਇਮ ਨਹੀਂ ਰਹੇਗੀ, ਜਿਹੜੀ ਸਿੱਖੀ ਦੀ ਪ੍ਰੇਰਨਾ ਸ਼੍ਰੋਤ ਬਣ ਸਕਦੀ ਹੋਵੇ। ‘ਵਿਰਾਸਤ-ਏ-ਖ਼ਾਲਸਾ’ ਭਵਨ ਵਿੱਚ 300 ਫੁੱਟ ਉੱਚਾ ਖੰਡਾ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਸਿੱਖ ਯੂਨੀਵਰਸਿਟੀ ਦੇ ਨਾਮ ਵਿਚੋਂ ‘ਸਿੱਖ’ ਲਫ਼ਜ਼ ਅਤੇ ਗੁਰੂ ਨਾਨਕ ਖੇਡ ਸਟੇਡੀਅਮ ਬਠਿੰਡਾ ਦੇ ਬੋਰਡ ਤੋਂ ‘ਗੁਰੂ ਨਾਨਕ’ ਨਾਮ ਗਾਇਬ ਹੋਣੇ ਇਸ ਖ਼ਤਰੇ ਦੀਆਂ ਕੁਝ ਪ੍ਰਤੱਖ ਨਿਸ਼ਾਨੀਆਂ ਹਨ। ਸ੍ਰੀ ਅਨੰਦਪੁਰ ਸਾਹਿਬ ਤੇ ‘ਨੈਣਾ ਦੇਵੀ ਮੰਦਰ’ ਨੂੰ ਰੋਪ-ਵੇਅ ਪੁਲ ਦੁਆਰਾ ਜੋੜਣ ਦੇ ਯਤਨਾਂ ਪਿੱਛੇ ਵੀ ਉਹੀ ਸ਼ਕਤੀ ਕੰਮ ਰਹੀ ਹੈ, ਜਿਹੜੀ ਖ਼ਾਲਸਈ ਸਿਰਜਨਾ ਸਥਾਨ ਸ੍ਰੀ ਕੇਸਗੜ ਸਾਹਿਬ ਨੂੰ ਨੈਣਾਦੇਵੀ ਮੰਦਰ ਦਾ ਇੱਕ ਹਿੱਸਾ ਬਣਾ ਦੇਣਾ ਚਾਹੁੰਦੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top