Share on Facebook

Main News Page

ਮਾਮਲਾ ਹੈਰੀਟੇਜ ਕੰਪਲੈਕਸ ਦੇ ਉਦਘਾਟਨ ਲਈ ਮੁੱਖ ਮਹਿਮਾਨ ਬਣਾਉਣ ਦਾ
ਡਾ. ਕਲਾਮ ਦੇ ਖਾਲਸਾ ਹੈਰੀਟੇਜ ਕੰਪਲੈਕਸ ਦਾ ਉਦਘਾਟਨ ਨਾ ਆਉਣ ਦੇ ਫੈਸਲੇ ਕਾਰਨ ਪੰਜਾਬ ਸਰਕਾਰ ਨੂੰ ਨਮੋਸ਼ੀ

* ਡਾ: ਕਲਾਮ ਨੇ ਸੁਣਾਈ ਦੋ ਟੁੱਕ ਗੱਲ: ਸੱਤਾਧਾਰੀ ਪਾਰਟੀ ਚੋਣਾਂ ਤੋ ਪਹਿਲਾਂ ਇਸ ਦਾ ਲਾਹਾ ਲੈਣ ਦਾ ਯਤਨ ਕਰਦੀ ਹੈ
* ਅਮਿਤਾਭ ਬਚਨ ਨੂੰ ਸੱਦਾ ਦੇ ਕੇ ਪੰਜਾਬ ਸਰਕਾਰ ਨੇ ਨਵਾਂ ਵਿਵਾਦ ਛੇੜਿਆ

ਬਠਿੰਡਾ, 20 ਨਵੰਬਰ (ਕਿਰਪਾਲ ਸਿੰਘ): ਖਾਲਸਾ ਹੈਰੀਟੇਜ ਕੰਪਲੈਕਸ ਦੇ ਉਦਘਾਟਨ ਲਈ ਮੁੱਖ ਮਹਿਮਾਨ ਬਣਾਉਣ ਨੂੰ ਲੈ ਕੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਸਰਕਾਰ ਨੂੰ ਭਾਰੀ ਨਾਮੋਸ਼ੀ ਦਾ ਸਾਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਸ੍ਰੋਮਣੀ ਅਕਾਲੀ ਦਲ ਨੇ ਇਨ੍ਹਾਂ ਸਮਾਗਮਾਂ ਵਿਚ ਸ਼ਿਰਕਤ ਕਰਨ ਲਈ ਭਾਰਤ ਦੇ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਨੂੰ ਸੱਦਾ ਦਿੱਤਾ ਸੀ। ਡਾ. ਮਨਮੋਹਨ ਸਿੰਘ ਵਲੋਂ ਇਨ੍ਹਾਂ ਸਮਾਗਮਾਂ ਵਿਚ ਆਉਣ ਤੋਂ ਨਾਂਹ ਕਰਨ ’ਤੇ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਪ੍ਰਦੇਸ਼ ਕਾˆਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ’ਤੇ ਦੋਸ਼ ਲਗਾਇਆ ਕਿ ਉਨ੍ਹਾਂ ਵਲੋਂ ਵਿਰੋਧ ਕਰਨ ’ਤੇ ਡਾ ਮਨਮੋਹਨ ਸਿੰਘ ਖਾਲਸਾ ਹੈਰੀਟੇਜ ਕੰਪਲੈਕਸ ਸਮਾਗਮ ਵਿਚ ਸ਼ਿਰਕਤ ਨਹੀˆ ਕਰ ਰਹੇ ਹਨ।

ਇਸ ਉਪ੍ਰੰਤ ਸਰਕਾਰ ਨੇ ਪਹਿਲਾਂ ਬੜੇ ਜੋਰ ਸ਼ੋਰ ਨਾਲ ਐਲਾਨ ਕੀਤਾ ਸੀ ਕਿ ਭਾਰਤ ਦੇ ਸਾਬਕਾ ਰਾਸ਼ਟਰਪਤੀ ਅਤੇ ਉੱਘੇ ਸਾਇੰਸਦਾਨ ਡਾ: ਏ ਪੀ ਜੇ ਅਬਦੁੱਲ ਕਲਾਮ ਹੈਰੀਟੇਜ ਕੰਪਲੈਕਸ ਦੇ ਉਦਘਾਟਨੀ ਸਮਾਗਮਾਂ ਵਿਚ ਸ਼ਿਰਕਤ ਕਰਨਗੇ। ਪਰ ਹੁਣ ਡਾ. ਕਲਾਮ ਨੇ ਵੀ ਸਪਸ਼ਟ ਕਰ ਦਿੱਤਾ ਹੈ ਕਿ ਉਹ 25 ਨਵੰਬਰ ਨੂੰ ਖਾਲਸਾ ਹੈਰੀਟੇਜ ਕੰਪਲੈਕਸ ਦੇ ਉਦਘਾਟਨੀ ਸਮਾਰੋਹ ਵਿਚ ਸ਼ਾਮਲ ਨਹੀˆ ਹੋਣਗੇ। ਡਾ: ਕਲਾਮ ਨੇ ਸਪਸ਼ਟ ਸ਼ਬਦਾਂ ਵਿੱਚ ਕਹਿ ਦਿੱਤਾ ਹੈ ਕਿ ਸੱਤਾਧਾਰੀ ਪਾਰਟੀ ਚੋਣਾਂ ਤੋ ਪਹਿਲਾਂ ਇਸ ਦਾ ਲਾਹਾ ਲੈਣ ਦਾ ਯਤਨ ਕਰਦੀ ਹੈ ਇਸ ਲਈ ਉਹ ਇਨ੍ਹਾਂ ਸਮਾਗਮਾਂ ਵਿੱਚ ਸ਼ਿਰਕਤ ਨਹੀˆ ਕਰਨਗੇ। ਸੂਤਰਾਂ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਨੇ ਡਾ ਕਲਾਮ ਨੂੰ ਸੱਦਾ ਦੇਣ ਦੀ ਜਿੰਮੇਵਾਰੀ ਸਾਬਕਾ ਐਮ ਪੀ ਤਰਲੋਚਨ ਸਿੰਘ ਦੀ ਲਗਾਈ ਸੀ।

ਹੁਣ ਜਦੋ ਡਾ. ਕਲਾਮ ਨੇ ਖ਼ਾਲਸਾ ਹੈਰੀਟੇਜ ਕੰਪਲੈਕਸ ਵਿਚ ਸ਼ਾਮਲ ਹੋਣ ਤੋਂ ਜਵਾਬ ਦੇ ਦਿੱਤਾ ਹੈ ਤਾਂ ਸਰਕਾਰ ਫਿਲਮੀ ਐਕਟਰਾਂ ਨੂੰ ਸੱਦ ਕੇ ਲੋਕਾਂ ਦਾ ਮਨਪ੍ਰਚਾਵਾ ਕਰਨ ਬਾਰੇ ਸੋਚ ਰਹੀ ਹੈ। ਪੰਜਾਬ ਦੀ ਖਜ਼ਾਨਾ ਮੰਤਰੀ ਡਾ ਉਪਿੰਦਰਜੀਤ ਕੌਰ ਨੇ ਹਾਲ ਹੀ ਵਿੱਚ ਇਹ ਬਿਆਨ ਦਿੱਤਾ ਹੈ ਕਿ ਵਿਰਾਸਤ ਏ ਖਾਲਸਾ ਦੇ ਉਦਘਾਟਨੀ ਸਮਾਗਮਾਂ ਵਿੱਚ ਅਮਿਤਾਭ ਬਚਨ ਸ਼ਿਰਕਤ ਕਰਨਗੇ। ਪੰਜਾਬ ਸਰਕਾਰ ਵੱਲੋ ਅਮਿਤਾਭ ਬਚਨ ਨੂੰ ਇਨ੍ਹਾਂ ਸਮਾਗਮਾਂ ਵਿੱਚ ਸੱਦਾ ਦੇਣ ਕਰਨ ਨਵਾਂ ਵਿਵਾਦ ਪੈਦਾ ਹੋ ਗਿਆ ਹੈ। ਕਿਉਂਕਿ ਸਿੱਖਾਂ ਵਿੱਚ ਇਸ ਗੱਲ ਦਾ ਅਜੇ ਵੀ ਰੋਸ ਹੈ ਕਿ ਅਮਿਤਾਭ ਬਚਨ ਜੋ ਕਿਸੇ ਸਮੇਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾˆਧੀ ਦੇ ਨਜ਼ਦੀਕ ਰਹੇ ਹਨ, ਦੀ 1984 ਦੇ ਸਿੱਖ ਕਤਲੇਆਮ ਸਮੇਂ ਨਕਾਰਾਤਮਕ ਭੂਮਿਕਾ ਰਹੀ ਹੈ। ਇਸ ਕਾਰਣ ਸ਼੍ਰੋਮਣੀ ਅਕਾਲੀ ਦਲ (ਖ਼ਾਲਸਤਾਨੀ) ਦੇ ਪ੍ਰਧਾਨ ਅਤੇ ਸਾਬਕਾ ਸ਼ਾਂਸਦ ਅਤਿੰਦਰਪਾਲ ਸਿੰਘ ਅਤੇ ਗੁਰਮਤਿ ਦੇ ਪ੍ਰਸਿੱਧ ਅੰਤਰਾਸ਼ਟਰੀ ਮਿਸ਼ਨਰੀ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ‘ਵਰਾਸਤ-ਏ-ਖ਼ਾਲਸਾ’ ਵਿੱਚ ਬਣਨ ਵਾਲੇ ‘ਨਿਸ਼ਾਨ-ਏ-ਖ਼ਾਲਸਾ’ 300 ਫੁੱਟ ਉੱਚੇ ਖੰਡੇ ਵਾਲੇ ਨਿਸ਼ਾਨ ਸਾਹਿਬ ਦੀ ਹਣਹੋਂਦ ਅਤੇ ਸਿੱਖ ਸਭਿਆਚਾਰ ਦੇ ਉਲਟ ਫਿਲਮੀ ਅਦਾਕਾਰਾਂ ਖਾਸ ਕਰਕੇ 1984 ਵਿੱਚ ਸਿੱਖ ਵਿਰੋਧੀ ਦਿੱਤੇ ਬਿਆਨਾਂ ਸਦਕਾ ਅਮਿਤਾਬ ਬਚਨ ਅਤੇ 1984 ’ਚ ਵਾਪਰੇ ਦੁਖਾਂਤ ਦੇ ਮੁੱਖ ਜਿੰਮੇਵਾਰ ਅਡਵਾਨੀ ਅਤੇ ਉਸ ਦੀ ਪਾਰਟੀ ਭਾਜਪਾ ਦੇ ਪ੍ਰਧਾਨ ਗਡਕਰੀ ਨੂੰ ਬੁਲਾਏ ਜਾਣ ਦਾ ਸਖ਼ਤ ਵਿਰੋਧ ਕਰਦੇ ਹੋਏ ਕੌਮ ਨੂੰ ਸੱਦਾ ਦਿੱਤਾ ਹੈ ਕਿ ਜੇ ਪੰਜਾਬ ਸਰਕਾਰ ਨੇ 21 ਨਵੰਬਰ ਤੱਕ ਆਪਣੀ ਗਲਤੀ ਨਾ ਸੁਧਾਰੀ ਤਾਂ ਪੰਜਾਬ ਸਰਕਾਰ ਵਲੋਂ ਖ਼ਾਲਸੇ ਨੂੰ ਚਿੜਾਉਣ ਵਾਲੇ ਉਦਘਾਟਨੀ ਸਮਾਰੋਹਾਂ ਦਾ ਬਾਈਕਾਟ ਕੀਤਾ ਜਾਵੇ।

ਇਹ ਵੀ ਜ਼ਿਕਰਯੋਗ ਹੈ ਕਿ ਕੁਝ ਸਮੇਂ ਪਹਿਲਾਂ ਜਦੋ ਪੰਜਾਬ ਸਰਕਾਰ ਨੇ ਸ਼ਾਹਰੁੱਖ ਖਾਨ ਨੂੰ ਬਠਿੰਡਾ ਵਿਖੇ ਵਿਸ਼ਵ ਕਬੱਡੀ ਕੱਪ ਦੇ ਉਦਘਾਟਨੀ ਸਮਾਗਮ ਵਿਚ ਸ਼ਿਰਕਤ ਕਰਨ ਲਈ ਬੁਲਾਇਆ ਸੀ ਤਾˆ ਸ਼੍ਰੋਮਣੀ ਅਕਾਲੀ ਦਲ ਦੀ ਇਸ ਲਈ ਭਾਰੀ ਨੁਕਤਾਚੀਨੀ ਹੋਈ ਕਿ ਸਰਕਾਰ ਨੇ ਅਧ ਨਗਨ ਕੁੜੀਆˆ ਸਟੇਜ ਤੇ ਨਚਾਈਆˆ ਸਨ। ਹੁਣ ਦੁਬਾਰਾ ਅਮਿਤਾਬ ਬਚਨ ਵਰਗੇ ਅਦਾਕਾਰ ਨੂੰ ਬੁਲਾਏ ਜਾਣ ਦੀ ਤਜ਼ਵੀਜ਼ ਤੋਂ ਲਗਦਾ ਹੈ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਆਪਣੀ ਪਹਿਲੀ ਗਲਤੀ ਤੋਂ ਸਬਕ ਸਿੱਖਣ ਵਾਲੇ ਨਹੀਂ ਹਨ।


ਜਦੋਂ ਸਿੱਖੀ ਸਿਧਾਂਤ ’ਤੇ ਪਹਿਰਾ ਦੇਣ ਵਾਲੀ ਸਮਝੀ ਜਾ ਰਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਆਪਣਾ ਪ੍ਰਤੀਕਰਮ ਦੇਣ ਲਈ ਕਿਹਾ ਤਾਂ ਉਨ੍ਹਾਂ ਖਿਝ ਕੇ ਕਿਹਾ ਮੈਨੂੰ ਕੀ ਪਤਾ ਐ, ਇਸ ਸਬੰਧੀ ਤੁਸੀਂ ਪੰਜਾਬ ਸਰਕਾਰ ਤੋਂ ਪੁੱਛੋ। ਜਦੋਂ ਮੁੱਖ ਮੰਤਰੀ ਦੇ ਸਲਾਹਕਾਰ ਦਲਜੀਤ ਸਿੰਘ ਚੀਮਾ ਨਾਲ ਗੱਲ ਕਰਨ ਦਾ ਯਤਨ ਕੀਤਾ ਤਾ ਪਹਿਲਾਂ ਤਾਂ ਉਨ੍ਹਾਂ ਦਾ ਇਹ ਸੰਦੇਸ਼ ਆਇਆ ਕਿ ਉਹ ਕੋਰ ਕਮੇਟੀ ਦੀ ਮੀਟਿੰਗ ਵਿੱਚ ਬੈਠੇ ਹਨ, ਇੱਕ ਘੰਟੇ ਤੋਂ ਬਾਅਦ ਵਿਹਲੇ ਹੋਣਗੇ। ਸਵਾ ਘੰਟੇ ਬਾਅਦ ਦੁਬਾਰਾ ਸੰਪਰਕ ਕੀਤਾ ਤਾਂ ਚੀਮਾ ਸਾਹਿਬ ਨੇ ਕਿਹਾ ਕਿ ਉਹ ਇਸ ਵੇਲੇ ਲੁਧਿਆਣਾ ਸਟੇਡੀਅਮ ’ਚ ਕਬੱਡੀ ਦਾ ਮੈਚ ਵੇਖ ਰਹੇ ਹਨ ਬਾਅਦ ਵਿੱਚ ਗੱਲ ਕਰਨਾ। ਸ: ਮੱਕੜ ਅਤੇ ਸ: ਚੀਮਾ ਦੇ ਗੱਲ ਕਰਨ ਦੇ ਢੰਗ ਤੋਂ ਜਾਪਦਾ ਹੈ ਕਿ ਇਸ ਮੁੱਦੇ ਨੂੰ ਲੈ ਕੇ ਉਹ ਕਾਫੀ ਘਬਰਾਹਟ ਵਿੱਚ ਹਨ ਤੇ ਕੋਈ ਜਵਾਬ ਨਾ ਸੁਝਣ ਕਾਰਨ ਜਵਾਬ ਦੇਣ ਤੋਂ ਟਲਣ ਲਈ ਬਹਾਨੇ ਲੱਭ ਰਹੇ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top