Share on Facebook

Main News Page

ਅਮਿਤਾਭ ਬੱਚਨ ਅਤੇ ਹੇਮਾ ਮਾਲਿਨੀ ਸਬੰਧੀ ਜਥੇਦਾਰਾਂ ਨੇ ਧਾਰੀ ਚੁੱਪ

* ਅਖੌਤੀ ਪੰਥਕ ਸਰਕਾਰ ਦੇ ਕਾਰੇ- ਉਚ ਕੋਟੀ ਦੇ ਰਾਗੀਆਂ ਦੀ ਥਾਂ ਹਿੰਦੀ ਗਾਇਕਾਂ ਨੂੰ ਬੁਲਾਇਆ

* ਪੰਥਕ ਸ਼ਖਸੀਅਤਾਂ ਦੀ ਜਗ੍ਹਾ ਐਕਟਰਾਂ ਜਿਸ ਵਿਚ ਸਿੱਖਾਂ ਦਾ ਕਾਤਿਲ ਅਮਿਤਾਬ ਵੀ ਸ਼ਾਮਿਲ ਹੈ ਨੂੰ ਬੁਲਾਇਆ, ਮਾਮਲਾ ਗਰਮਾਇਆ

ਆਨੰਦਪੁਰ ਸਾਹਿਬ, (19 ਨਵੰਬਰ, ਪੀ.ਐਸ.ਐਨ): ਖਾਲਸੇ ਦੀ ਜਨਮ ਭੂਮੀ ਆਨੰਦਪੁਰ ਸਾਹਿਬ ਵਿਰਾਸਤ ਏ ਖਾਲਸਾ ਦੇ ਉਦਘਾਟਨੀ ਸਮਾਰੋਹ ਮੌਕੇ ਹਿੰਦੀ ਗਾਣਿਆਂ ਦੀ ਮਸ਼ਹੂਰ ਗਾਇਕਾ ਆਸ਼ਾ ਭੌਸਲੇ ਵਲੋਂ "ਦੇਹਿ ਸ਼ਿਵਾ ਪਰ ਮੋਹੇ ਇਹੈ", ਦਾ ਗਾਇਨ ਕਰਨਾ ਤੇ ਸਿੱਖ ਕੌਮ ਲਈ ਵਿਵਾਦਾ ਗ੍ਰਸਤ ਐਕਟਰ ਅਮਿਤਾਭ ਬੱਚਨ ਅਤੇ ਹੇਮਾ ਮਾਲਿਨੀ ਨੂੰ ਸਮਾਰੋਹ ਵਿਚ ਸ਼ਾਮਲ ਹੋਣ ਲਈ ਦਿੱਤੇ ਵਿਸ਼ੇਸ਼ ਸੱਦਾ ਪੱਤਰ ਚਰਚਾ ਦਾ ਵਿਸ਼ਾ ਬਣੇ ਹੋਏ ਹਨ, ਤੇ ਸਿੱਖ ਹਲਕਿਆਂ 'ਚ ਇਹ ਮਾਮਲਾ ਗਰਮਾਉਂਦਾ ਨਜ਼ਰ ਆ ਰਿਹਾ ਹੈ।

ਇਸ ਸਬੰਧੀ ਅੱਜ ਜਦੋਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਕੋਲੋਂ ਆਨੰਦਪੁਰ ਸਾਹਿਬ ਵਿਖੇ ਹੋਏ ਸਮਾਰੋਹ ਤੋਂ ਬਾਅਦ ਪੁੱਛਿਆ ਗਿਆ ਤਾਂ ਦੋਵਾਂ ਜਥੇਦਾਰਾਂ ਨੇ ਕੋਈ ਠੋਸ ਜਵਾਬ ਤਾਂ ਨਹੀਂ ਦਿੱਤਾ ਪਰੰਤੂ ਇੱਕ ਦੂਜੇ ਵੱਲ ਹੈਰਾਨੀਜਨਕ ਤਰੀਕੇ ਨਾਲ ਵੇਖਦੇ ਹੋਏ ਘੁਸਰ ਮੁਸਰ ਜ਼ਰੂਰ ਸ਼ੁਰੂ ਕਰ ਦਿੱਤੀ। ਜਦੋਂ ਪੱਤਰਕਾਰਾਂ ਨੇ ਗਿਆਨੀ ਗੁਰਬਚਨ ਸਿੰਘ ਨੂੰ ਸਵਾਲ ਕੀਤਾ ਕਿ ਉਚ ਕੋਟੀ ਦੇ ਮੰਨੇ ਪ੍ਰਮੰਨੇ ਸੰਸਾਰ ਪ੍ਰਸਿੱਧ ਰਾਗੀ ਜੱਥਿਆਂ ਨੂੰ ਅੱਖੋਂ ਪਰੋਖੇ ਕਰਕੇ ਹਿੰਦੀ ਗਾਇਕਾਂ ਤੋਂ ਸ਼ਬਦ ਗਾਇਨ ਕਿਉਂ ਕਰਵਾਇਆ ਜਾ ਰਿਹਾ ਹੈ ਤਾਂ ਉਨ੍ਹਾਂ ਆਖਿਆ ਕਿ ਮੈਨੂੰ ਇਸ ਬਾਰੇ 'ਚ ਕੁਝ ਵੀ ਪਤਾ ਨਹੀਂ।

ਜਦੋਂ ਅਮਿਤਾਭ ਬੱਚਨ ਅਤੇ ਹੇਮਾ ਮਾਲਿਨੀ ਦੀ ਸ਼ਮੂਲੀਅਤ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਚੁੱਪ ਵੱਟੀ ਰੱਖੀ। ਇਨ੍ਹਾਂ ਦੋਵਾਂ ਜਥੇਦਾਰਾਂ ਦੀ ਚੁੱਪ ਨੂੰ ਉਥੇ ਮੌਜੂਦ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਭੋਰ ਨੇ ਤੋੜਿਆ ਤੇ ਆਖਿਆ ਕਿ ਅਸਲ 'ਚ ਇਹ ਸਮਾਗਮ ਇੱਕ ਸਰਕਾਰੀ ਸਮਾਗਮ ਹੈ ਤੇ ਸ਼੍ਰੋਮਣੀ ਕਮੇਟੀ ਧਾਰਮਿਕ ਦੀਵਾਨ, ਲੰਗਰ ਤੇ ਰਿਹਾਇਸ਼ ਆਦਿ ਦਾ ਪ੍ਰਬੰਧ ਹੀ ਕਰ ਰਹੀ ਹੈ। ਇਸ ਤੋਂ ਪਹਿਲਾ ਗਿਆਨੀ ਗੁਰਬਚਨ ਸਿੰਘ, ਗਿਆਨੀ ਤਰਲੋਚਨ ਸਿੰਘ ਤੇ ਸੁਖਦੇਵ ਸਿੰਘ ਭੋਰ ਵਿਚਾਲੇ ਲੰਮਾ ਸਮਾਂ ਬੰਦ ਕਮਰਾ ਮੀਟਿੰਗ ਚੱਲੀ, ਪਰੰਤੂ ਇਸ ਮੁੱਦੇ ਸਬੰਧੀ ਕੁਝ ਵੀ ਆਖਣ ਦੀ ਥਾਂ, ਪੰਥਕ ਮੁੱਦਿਆਂ ਸਬੰਧੀ ਵਿਚਾਰ ਕੀਤੀ ਆਖ ਕੇ ਪੱਲਾ ਝਾੜ ਲਿਆ ਗਿਆ। ਜੋ ਵੀ ਹੋਵੇ ਅਜਿਹੇ ਗੰਭੀਰ ਮਸਲਿਆਂ ਸਬੰਧੀ ਕੌਮ ਦੀਆਂ ਮਹਾਨ ਸ਼ਖਸੀਅਤਾਂ, ਕੌਮ ਦੇ ਜਥੇਦਾਰਾਂ ਦੀ ਚੁੱਪ ਗੰਭੀਰ ਚਿੰਤਾ ਦਾ ਵਿਸ਼ਾ ਹੈ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top