Share on Facebook

Main News Page

ਵਿਰਾਸਤ-ਏ-ਖ਼ਾਲਸਾ ਦੇ ਉਦਘਾਟਨ ਲਈ ਫਿਲਮ ਸਟਾਰਾਂ ਨੂੰ ਸੱਦਣਾ 
ਗੁਰੂ ਗੋਬਿੰਦ ਸਿੰਘ ਜੀ ਦੇ ਸਿਧਾਂਤ ਦੇ ਮੂੰਹ ਤੇ ਥੱਪੜ ਮਾਰਨਾ ਨਹੀਂ ਤਾਂ ਹੋਰ ਕੀ ਹੈ?

ਵਿਰਾਸਤ-ਏ-ਖ਼ਾਲਸਾ ਦੇ ਜਸ਼ਨਾਂ ਰਾਹੀਂ 25 ਨਵੰਬਰ 2011 ਨੂੰ ਉਦਘਾਟਨੀ ਸਮਾਗਮ ਨਹੀਂ ਸਗੋਂ ਖ਼ਾਲਸੇ ਦੇ ਮੂੰਹ ਤੇ ਚਪੇੜ ਮਾਰੀ ਜਾ ਰਹੀ ਹੈ !

ਜਦੋਂ ਸਿੱਖ ਇਖਲਾਕ ਦਾ ਮਟਿਆ ਮੇਲ ਸਿੱਖੀ ਦੇ ਨਾਮ ਤੇ ਹੀ ਹੋਣ ਲੱਗ ਜਾਵੇ ਤਾਂ ਫਿਰ ਪੰਥ ਦੀ ਅਜਾਦ ਹਸਤੀ ਤਾਂ ਆਪਣੇ ਆਪ ਹੀ ਕਬਰਾਂ ਵਿੱਚ ਪਹੁੰਚ ਜਾਂਦੀ ਹੈ। ਅਜਿਹਾ ਹੀ ਕੁਝ ਹੁਣ ਵਿਰਾਸਤ-ਏ-ਖ਼ਾਲਸਾ ਦੇ ਉਦਘਾਟਨ ਸਮਾਗਮਾਂ ਵੇਲੇ ਕੀਤਾ ਜਾ ਰਿਹਾ ਹੈ। ਆਪਣੇ ਬਿਆਨ ਵਿੱਚ ਸਾਬਕਾ ਐਮ. ਪੀ. ਅਤਿੰਦਰ ਪਾਲ ਸਿੰਘ ਖ਼ਾਲਸਤਾਨੀ ਨੇ ਆਪਣੇ ਲਿਖਤ ਬਿਆਨ ਵਿਚ ਪੰਥਕ ਸਤਾ ਤੇ ਕਾਬਜ਼ ਲੋਕਾਂ ਨੂੰ ਬੜੇ ਸਖ਼ਤ ਲਹਿਜੇ ਵਿੱਚ ਪੰਥਕ ਸਵੇਮਾਨ ਅਣਖ ਅਤੇ ਇਜੱਤ ਨੂੰ ਸਰੇਬਾਜ਼ਾਰ ਰੌਲਣ ਅਤੇ ਪੰਥਕ ਜ਼ਜ਼ਬਾਤਾਂ ਨਾਲ ਗੱਦਾਰੀਆਂ ਕਰਨ ਤੋਂ ਬਾਜ਼ ਆਉਣ ਲਈ ਕਿਹਾ।

ਉਨ੍ਹਾਂ ਕਿਹਾ ਕਿ ਖ਼ਾਲਸੇ ਦੀ ਵਿਰਾਸਤ ਦੀ ਸ਼ਾਨਾਮੱਤਾ ਯਾਦਗਾਰ ਦਾ ਉਦਘਾਟਨ ਖ਼ਾਲਸਾਈ ਸਭਿਅਤਾ ਅਤੇ ਸਭਿਆਚਾਰ ਰਾਹੀਂ ਹੀ ਹੋਣੀ ਚਾਹੀਦੀ ਹੈ। ਫ਼ਿਲਮ ਸਟਾਰਾਂ ਨਾਲ ਨਹੀਂ ਕਿਉਂਕਿ ਇਹ ਫ਼ਿਲਮਸਾਜ਼ ਤਾਂ ਪੈਸੇ ਲੈ ਕੇ ਮੁੱਲ ਦੀ ਤੀਵੀ ਵਾਲੇ ਗੈਰ ਇਖਲਾਕੀ ਸਭਿਆਚਾਰ ਦੇ ਪਰਛਾਂਵੇਂ ਹਨ। ਇਸ ਢੰਗ ਨਾਲ ਕੀਤੇ ਜਾ ਰਹੇ ਉਦਘਾਟਨੀ ਸਮਾਗਮਾਂ ਦਾ ਹਰ ਸਿੱਖ ਮਾਈ ਭਾਈ ਨੂੰ ਡਟਵਾਂ ਵਿਰੋਧ ਕਰਨਾ ਚਾਹੀਦਾ ਹੈ।

ਸਾਬਕਾ ਐਮ.ਪੀ. ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਖ਼ਾਲਸਤਾਨੀ ਨੇ ਕਿਹਾ ਕਿ ਇਨ੍ਹਾਂ ਸਮਾਗਮਾਂ ਵਿੱਚ ਸਿੱਖ ਨਸਲ ਘਾਤ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਫਿਲਮ ਸਟਾਰਾਂ ਤੋਂ ਇਲਾਵਾ ਸਭ ਘੋਨ-ਮੋਨ ਸ਼ਖ਼ਸੀਅਤਾਂ ਨੂੰ “ਖ਼ਾਲਸੇ” ਦੇ ਜਸ਼ਨਾਂ ਲਈ ਬੁਲਾਵਾ ਦੇ ਕੇ ਪਤਾ ਨਹੀ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਨੇ ਤੇ ਬਾਕੀ ਦੇ ਜਥੇਦਾਰਾਂ ਨੇ ਪੰਥ ਦਾ ਕਿਹੜਾ ਭਲਾ ਕੀਤਾ ਹੈ ? ਪਰ ਇਕ ਗੱਲ ਸਪਸ਼ਟ ਹੈ ਕਿ ਇੰਝ ਉਸ ਗੁਰਮੁਖ ਖ਼ਾਲਸੇ ਨੂੰ ਸਿੱਖਾਂ ਅੰਦਰਲੀਆਂ ਹੀ ਸੱਤਾਧਾਰੀ ਤਾਕਤਾਂ ਨੇ ਕਤਲ ਕਰ ਦਿੱਤਾ ਹੈ ਜੋ ਹਾਲੇ ਤਕ ਪੰਥ ਲਈ ਜੂਝਣ ਦਾ ਮਾੜਾ ਮੋਟਾ ਵੀ ਹੀਆ ਰੱਖਦੇ ਸਨ। ਜਦੋਂ ਧਰਮ ਦੇ ਨਾਮ ਤੇ ਵੀ ਸਿਆਸਤ ਕਰਨ ਦੀ ਬੁਰਛਾਗਰਦੀ ਸਿਰ ਚੜ ਬੋਲਦੀ ਹੈ ਤਾਂ ਓਦੋਂ ਇੰਝ ਹੀ ਹੁੰਦਾ ਹੈ। ਇਹ ਸਿੱਖਾਂ ਦੇ ਇਖਲਾਕ ਅਤੇ ਧਾਰਮਿਕ ਸਵੈਮਾਨ ਤੋਂ ਡਿੱਗ ਕੇ ਰਸਾਤਲ ਵਿੱਚ ਧੁੱਸ ਜਾਣ ਦੀ ਅੰਤਮ ਸੀਮਾਂ ਹੈ। ਮੈਂ ਸੰਸਾਰ ਭਰ ਦੇ ਸਿੱਖਾਂ ਨੂੰ ਸਨਿਮਰ ਬੇਨਤੀ ਕਰਦਾ ਹਾਂ ਕਿ ਉਹ ਇਸ ਦਾ ਡੱਟ ਕੇ ਵਿਰੋਧ ਕਰਨ ਅਤੇ ਇੰਝ ਹੋਣ ਤੋਂ ਰੋਕਣ ਲਈ ਆਪਣਾ ਪੂਰਾ ਤਾਣ ਲਾ ਦੇਣ। 

ਖ਼ਾਲਸੇ ਦੀ ਵਿਰਾਸਤ ਦੇ ਉਦਘਾਟਨ ਵਿੱਚ ਕੇਵਲ ਸਾਬਤ ਸੂਰਤ ਸਿੱਖ ਸ਼ਖ਼ਸੀਅਤਾਂ ਨੂੰ ਹੀ ਸੱਦਣਾ ਤੇ ਮਾਣ ਸਨਮਾਨ ਦੇਣਾ ਚਾਹੀਦਾ । ਇਸ ਨੂੰ ਸਰਕਾਰੀ ਸਿਆਸਤ ਅਤੇ ਦਲ ਗਤ ਸਿਆਸਤ ਤੋਂ ਦੂਰ ਰੱਖਣਾ ਹੀ ਉਚਿਤ ਹੋਵੇਗਾ। ਚੰਗਾ ਹੁੰਦਾ ਜੇ ਇਸ ਦੇ ਉਦਘਾਟਨੀ ਸਮਾਗਮਾਂ ਵੇਲੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੇ ਪੈਰੋਕਾਰ ਵਕਤ ਦੀ ਹਕੂਮਤ ਦੀ ਚਾਪਲੂਸੀ ਅਤੇ ਪੈਰਾ ਦੀ ਜੁੱਤੀ ਬਣਨ ਦੀ ਬਜਾਏ ਉਸ ਨੂੰ ਗੁਰੂ ਨਾਨਕ ਦੀ ਲਲਕਾਰ ਸੁਣਾ ਸਕਦੇ “ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨ੍‍ ਬੈਠੇ ਸੁਤੇ ॥ ਚਾਕਰ ਨਹਦਾ ਪਾਇਨ੍‍ ਘਾਉ ॥ ਰਤੁ ਪਿਤੁ ਕੁਤਿਹੋ ਚਟਿ ਜਾਹੁ ॥” ਖ਼ਾਲਸੇ ਦੀ ਪ੍ਰਭੁ ਸਤਾ ਨੂੰ ਬਰਕਰਾਰ ਰੱਖਣ ਲਈ ਪੰਜਵੀਂ ਪਾਤਸ਼ਾਹੀ ਦੇ ਢਾਡੀਆਂ ਦੀ ਵਿਰਾਸਤ ਨੂੰ ਜਿਉਂਦਾ ਕਰਨ ਵਾਲੇ ਢਾਡੀ ਦਰਬਾਰ ਬੁਲਾ ਕੇ ਖ਼ਾਲਸੇ ਦੀ ਸਭਿਅਤਾ ਨੂੰ ਬਚਾਉਣ ਹਿਤ ਟੁੰਡੇ ਅਸ ਰਾਜੇ ਦੀ ਧੁਨੀ ਵਿੱਚ ਆਸਾ ਦੀ ਵਾਰ ਦਾ ਗਾਇਣ ਕਰਨ ਵਾਲੇ ਅਤੇ ਭਾਈ ਗੁਰਦਾਸ ਜੀ ਨੂੰ ਜੀਵਤ ਕਰਨ ਵਾਲੇ “ਕਲ ਕਾਤੀ ਕੁਤੇ ਮੁਹੀ ਖ਼ਾਜ ਹੋਇਆ ਮੁਰਦਾਰ ਗੁਸਾਈ। ਰਾਜੇ ਪਾ ਕਮਾਂਵਦੇ, ਉਲਟੀ ਵਾੜ ਖੇਤ ਕੋ ਖਾਈ” ਦਾ ਗਾਇਨ ਕਰਨ ਵਾਲੇ ਵਿਦਵਾਨਾਂ ਦਾ ਇਕੱਠ ਸਦਿਆ ਜਾਣਾ ਚਾਹੀਦਾ ਹੈ। ਜੋ ਕੌਮ ਨੂੰ ਇੱਕਮੁੱਠ ਅਤੇ ਭਵਿੱਖ ਦਰਸ਼ੀ ਬਣਾਉਣ ਹਿਤ ਆਪਣੀਆਂ ਰਾਵਾਂ ਦੇਣ। ਖ਼ਾਲਸੇ ਦੇ ਦਰਬਾਰ ਦੇ ਬਵੰਜ੍ਹਾਂ ਕਵੀਆਂ ਦਾ ਵਿਰਸਾ ਉਨ੍ਹਾਂ ਦੇ ਵਾਰਸਾਂ ਰਾਹੀਂ ਜਿਉਂਦਾ ਕੀਤਾ ਜਾਵੇ ਜੋ ਲਲਕਾਰ ਕੇ ਕਹਿੰਦੇ ਹਨ :

“ਮੈਂ ਕਰ ਕਰ ਸੁੱਟਾਂ ਡੱਕਰੇ, ਸਬ ਤੇਰੀ ਢਾਣੀ

ਮੈਂ ਚੁੰਘ ਚੁੰਘ ਡੋਕੇ ਬੋਰੀਆਂ, ਦੇ ਚੜੀ ਜਵਾਨੀ

ਮੈਂ ਲੜ ਲੜ ਨਾਲ ਬਹਾਦਰਾਂ, ਦੇ ਹੋਈ ਸਿਆਣੀ

ਮੈਂ ਸੀਹਣੀ ਪੰਜ ਦਰਿਆ ਦੀ, ਮੈਨੂੰ ਕਲੀ ਨਾ ਜਾਣੀ।”

ਅੱਜ ਲੋੜ ਹੈ ਅਨੰਦਪੁਰ ਦੀ ਧਰਤੀ ਤੋਂ ਖ਼ਾਲਸੇ ਦੀ ਪ੍ਰਭੂ ਸਤਾ ਨੂੰ ਬੁਲੰਦ ਕਰਨ ਤੇ ਬਚਾਉਣ ਦੀ ਕਿਉਂ ਕੀ :

“ਕੱਠੇ ਹੋਏ ਰੰਘੜ, ਰਾਜਪੂਤ, ਗੁੱਜਰ ਨਾਲ ਸਿੰਘਾਂ ਦੇ ਜੋਰ ਅਜ਼ਮਾਨ ਆਏ

ਨਿਕਲ ਆਏ ਪਹਾੜ ਦੀ ਦੂਨ ਵਿਚੋਂ ਅਨੰਦਪੁਰ ਦੇ ਵਿੱਚ ਮੈਦਾਨ ਆਏ”।

ਮੈਂ ਬੇਨਤੀ ਕਰਦਾ ਹਾਂ ਕਿ ਤਖ਼ਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਅਕਾਲੀ ਸਰਕਾਰ ਆਪਣਾ ‘ਗੁਲਾਬ ਸਿੰਹੁ-ਤੇਜ ਸਿਹੁੰ ਵਾਲਾ’ ਕਿਰਦਾਰ ਨਾ ਹੰਢਾਏ ਕਿਉਂਕਿ ਬਾਕੀ ਹਿੰਦੁਸਤਾਨੀਆਂ ਨੇ ਸਿੱਖ ਵਿਰਸੇ, ਖ਼ਾਲਸਤਾਈ ਵਿਰਾਸਤ ਅਤੇ ਦੇਸ਼ ਪੰਜਾਬ ਨਾਲ ਹਮੇਸ਼ਾਂ ਹੀ ਦੁਸ਼ਮਣਾ ਵਾਲਾ ਵਿਵਹਾਰ ਕੀਤਾ ਹੈ। ਇਹ ਉਹ ਲੋਕ ਨੇ ਜਿਨ੍ਹਾਂ “ਸਰਕਾਰ ਏ ਖ਼ਾਲਸਾ” ਦੀ ਪ੍ਰਭੂ ਸਤਾ 68 ਲੱਖ ਰੁਪਏ ਵਿੱਚ ਹੀ ਵਿਦੇਸ਼ੀਆਂ ਤੇ ਅੰਗ੍ਰੇਜਾਂ ਨੂੰ ਵੇਚ ਦਿੱਤੀ ਸੀ। ਇਹ ਉਹ ਲੋਕ ਹਨ ਜਿਨ੍ਹਾਂ ਨੇ ਇਸ ਤੋਂ ਵੀ ਪਹਿਲਾਂ ਦੇਸ਼ ਪੰਜਾਬ ਨੂੰ ਆਪਣੇ ਹੱਥੀ ਲਿਖਤ ਸਮਝੌਤਾ ਕਰਕੇ ਹਿੰਦੁਸਤਾਨ ਨਾਲੋਂ ਹਮੇਸ਼ਾਂ ਲਈ ਜੁਦਾ ਕਰਕੇ ਨਾਦਰਸ਼ਾਹ ਨੂੰ ਦੇ ਦਿੱਤਾ ਸੀ। ਦੇਸ਼ ਪੰਜਾਬ ਦੀ ਧਰਤੀ ਦਾ ਕੁਦਰਤੀ ਵਾਰਸ ਪੁੱਤਰ ਸਿਰਫ਼ ਤੇ ਕੇਵਲ ਖ਼ਾਲਸਾ ਹੈ। ਇਸ ਲਈ ਖ਼ਾਲਸੇ ਦੀ ਵਿਰਾਸਤ ਦੇ ਜਸ਼ਨਾਂ ਵਿੱਚ ਖ਼ਾਲਸੇ ਦੇ ਗੱਦਾਰਾਂ ਅਤੇ ਦੇਸ਼ ਪੰਜਾਬ ਨੂੰ ਵੇਚਣ ਵਾਲਿਆਂ ਦੀ ਸ਼ਮੂਲੀਅਤ ਰੋਕਣ ਲਈ ਖੁਦ ਖ਼ਾਲਸੇ ਨੂੰ ਹੀ ਅੱਗੇ ਆਉਣਾ ਪਵੇਗਾ । ਸਿੱਖ ਸਮਾਜ ਦਾ ਹਾਲ ਤਾਂ ਅੱਜ ਕਲ ਇਹ ਹੋ ਚੁਕਾ ਹੈ :

“ਅਜ ਹੋਵੇ ਸਰਕਾਰ ਤਾਂ ਮੁਲ ਪਾਵੇ, ਜੇਹੜੀਆਂ ਖ਼ਾਲਸੇ ਨੇ ਤੇਗਾਂ ਮਾਰੀਆਂ ਜੀ

ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ, ਫੌਜਾਂ ਜਿਤ ਕੇ ਅੰਤ ਨੂੰ ਹਾਰੀਆਂ ਜੀ।”

ਸਿੱਖਾਂ ਨੂੰ ਵਕਤ ਰਹਿੰਦੇ ਸੰਭਲ ਜਾਣਾ ਚਾਹੀਦਾ ਹੈ। ਮੈਂ ਅੱਜ ਦੇ ਸਤਾ ਧਾਰੀ ਅਕਾਲੀਆਂ ਅਤੇ ਤਖ਼ਤਾਂ ਦੇ ਜਥੇਦਾਰਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਨੂੰ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਜੇ ਉਹ ਇੰਝ ਹੀ ਸਿਰਫ਼ ਚੌਧਰ ਅਤੇ ਸਰਕਾਰੀ ਮਿਜਾਜਪੁਰਸ਼ੀ ਕਰਕੇ ਆਪਾ ਵੇਚਣ ਤੇ ਲੱਗੇ ਰਹੇ ਤਾਂ ਜੋ ਲਾਹਨਤਾਂ ਸ਼ਾਹ ਮੁਹੰਮਦ ਨੇ ਲਾਹੌਰ ਅਰਥਾਤ ਖ਼ਾਲਸੇ ਦੀ ਰਾਜਧਾਨੀ ਤੇ ਪ੍ਰਭੂ ਸਤਾ ਦਾ ਕੇਂਦਰ ਛੱਡਣ ਵੇਲੇ ਜਿੰਮੇ ਵਾਰਾਂ ਨੂੰ ਪਾਈਆਂ ਸਨ ਉਹੀ ਫਿਟਕਾਰਾਂ ਤੇ ਲਾਹਨਤਾਂ ਤੁਹਾਨੂੰ ਉਨ੍ਹਾਂ ਹੀ ਲਫ਼ਜ਼ਾਂ ਵਿੱਚ ਫਿਰ ਮਿਲਨਗੀਆਂ :

“ਸੁਖੀ ਵਸਦਾ ਸ਼ਹਿਰ ਲਾਹੌਰ ਸਾਰਾ (ਇੱਥੇ ਹੁਣ ਪੰਥ ਸਾਰਾ ਕਰ ਲਓ)

ਸਗੋਂ ਕੁੰਜੀਆਂ ਹੱਥ ਫੜਾ ਆਏ

ਸ਼ਾਹ ਮੁਹੰਮਦਾ ਕਹਿੰਦੇ ਲੋਕ ਸਿੰਘ ਜੀ,

ਤੁਸੀ ਚੰਗੀਆਂ ਪੂਰੀਆਂ ਪਾ ਆਏ”


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top