Share on Facebook

Main News Page

ਆਲਮ ਕਵੀ ਦੀ ਰਚਨਾ ਰਾਗਮਾਲਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਰਾਗਾਂ ਦੇ ਸਰੂਪ ਨੂੰ ਵਿਗਾੜ ਕੇ ਪੇਸ਼ ਕਰਦੀ ਹੈ: ਸ੍ਰ. ਉਪਕਾਰ ਸਿੱਘ ਫ਼ਰੀਦਾਬਾਦ

* ਪੰਥਕ ਫੈਸਲਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਰੋਸ਼ਨਾਈ ਵਿਚ ਹੱਲ ਕਰਦੇ ਹੋਏ ਪੁਜਾਰੀ ਸ਼੍ਰੇਣੀ ਦੇ ਫੈਸਲਿਆਂ ਦਾ ਇੰਤਜ਼ਾਰ ਨਹੀਂ ਕਰਣਾ ਚਾਹੀਦਾ

(15 ਨਵੰਬਰ 2011 ਸਤਨਾਮ ਕੌਰ ਫਰੀਦਾਬਾਦ)
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ੍ਰ.ਉਪਕਾਰ ਸਿੱਘ ਫ਼ਰੀਦਾਬਾਦ ਨੇ ਕੀਤਾ। ਉਨ੍ਹਾਂ ਸਪੋਕਸਮੈਨ ਵਿਚ ਛੱਪੀ ਖਬਰ ਜਿਸ ਵਿਚ ਬੀਬੀ ਸੁਖਵਿੰਦਰ ਕੌਰ ਵੱਲੋਂ ਰਾਗਮਾਲਾ ਤੋਂ ਬਗੈਰ ਗੁਰੂ ਗ੍ਰੰਥ ਸਾਹਿਬ ਜੀ ਦੀ ਹਸਤਲਿਖਤ ਬੀੜ ਤਿਆਰ ਕਰਨ ਦੇ ਨਿਰਣੇ ਨੂੰ ਇਕ ਸ਼ਲਾਘਾਯੋਗ ਕਦਮ ਦਸਦਿਆਂ ਕਿਹਾ ਕਿ 1945 ਵਿਚ ਬਣੀ ਮਰਿਆਦਾ ਵਿਚ ਇਹ ਨਿਰਣਾ ਲੈ ਲਿਆ ਗਿਆ ਸੀ ਕਿ ਸਥਾਨਕ ਰੀਤ ਮੁਤਾਬਕ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਸਮੇਂ ਰਾਗਮਾਲਾ ਪੜੀ ਜਾਂ ਨਹੀਂ ਪੜ੍ਹੀ ਜਾ ਸਕਦੀ ਪਰ ਇਸ ਤੋਂ ਬਾਅਦ ਇਹ ਕਹਿ ਦੇਣਾ ਕਿ ਪੰਥਕ ਫੈਸਲਾ ਨਾ ਹੋਣ ਤਕ ਕੋਈ ਵੀ ਰਾਗਮਾਲਾ ਛਾਪਣ ਦਾ ਹੀਆ ਨਾ ਕਰੇ ਆਖ ਕੇ ਕੀਤੀ ਗੱਲ ਨੂੰ ਆਪ ਕੱਟ ਦਿੱਤਾ ਅਤੇ 1945 ਤੋਂ ਬਾਦ ਅੱਜ ਤਕ ਕਿਸੇ ਪੰਥ ਵੱਲੋਂ ਰਾਗਮਾਲਾ ਦੇ ਵਿਵਾਦ ਨੂੰ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਵਿਚ ਦਰਜ਼ ਰਾਗਮਾਲਾ ਗੁਰਬਾਣੀ ਦਾ ਹਿੱਸਾ ਨਾ ਹੋਣ ਤੋਂ ਬਾਅਦ ਵੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਵਿਚ ਜ਼ਬਰਨ ਛਾਪੀ ਜਾ ਰਹੀ ਹੈ। ਜਦ ਕਿ ਰਾਗਮਾਲਾ ਵਿਚ ਦਰਜ਼ ਰਾਗਾਂ ਦੀ ਬਣਤਰ ਅਤੇ ਗੁਰੂ ਗ੍ਰੰਥ ਸਾਹਿਬ ਵਿਚ ਆਏ ਰਾਗਾਂ ਦਾ ਵੇਰਵਾ ਇਸ ਤੋਂ ਬਿਲਕੁਲ ਉਲਟ ਹੈ।

ਸਭ ਤੋਂ ਪਹਿਲੀ ਗੱਲ ਤਾਂ ਇਸ ਰਚਨਾ ਵਿਚੋਂ ਰਚੈਤਾ ਦਾ ਨਾਂ ਹੀ ਗਾਇਬ ਹੈ। ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਨੇ ਵੀ ਆਪਣੀ ਕ੍ਰਿਤ “ਗੁਰਮਤਿ ਸੁਧਾਕਰ” ਵਿਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ “ਰਾਗਮਾਲਾ ਗੁਰਬਾਣੀ ਨਹੀਂ ਇਹ ਆਲਮ ਕਵੀ ਦੀ ਰਚਨਾ ਹੈ। ”ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਥਮ ਰਾਗ ਸਿਰੀ ਰਾਗੁ ਹੈ ਜਦ ਕਿ ਆਲਮ ਕਵੀ ਦੀ ਰਚਨਾ ਰਾਗਮਾਲਾ ਵਿਚ ਪ੍ਰਥਮ ਰਾਗ ਭੈਰਵ ਹੈ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਨੂੰ ਝੁਠਲਾ ਦਿੰਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ 31 ਰਾਗਾਂ ਵਿਚ ਬਾਣੀ ਦਰਜ਼ ਹੈ ਪਰੰਤੂ ਰਾਗਮਾਲਾ ਵਿਚ ਮੁੱਖ ਰਾਗਾਂ ਦੀ ਗਿਣਤੀ 6 ਹੈ। ਜਿਸ ਵਿਚੋਂ ਤਿੰਨ ਰਾਗ ਮਾਲਕਉਸਕ, ਮੇਘ, ਤੇ ਦੀਪਕ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ਼ ਹੀ ਨਹੀਂ ਹਨ। ਉਨ੍ਹਾਂ ਦਸਿਆ ਕਿ ਰਾਗਮਾਲਾ ਵਿਚ ਦੱਸੇ ਰਾਗਾਂ ਨੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਰਾਗਾਂ ਨੂੰ ਵਿਗਾੜ ਕੇ ਪੇਸ਼ ਕੀਤਾ ਹੈ ਜਿਵੇਂ ਕਲਿਆਨ ਨੂੰ ਕਲ੍ਹਾਨਾ, ਕਾਨੜਾ ਨੂੰ ਕਾਨਰਾ ਗਉੜੀ ਨੂੰ ਗਵਰੀ ਆਦਿ।

ਇੰਨ੍ਹਾਂ ਸਭ ਕੁਝ ਸਪਸ਼ਟ ਹੋਣ ਦੇ ਬਾਵਜੂਦ ਵੀ ਅੱਜ ਤਕ ਕਥਿਤ ਪੰਥ ਨੇ ਇਸ ਉਤੇ ਅਪਣਾ ਨਿਰਣਾ ਨਹੀਂ ਦਿੱਤਾ ਅਤੇ ਮਸਲੇ ਨੂੰ ਲਮਕਾ ਕੇ ਰਖਿਆ ਹੈ ਪਰੰਤੂ ਜਾਗਰੂਕ ਸਿੱਖਾਂ ਦੇ ਮਨਾਂ ਵਿਚ ਇਹ ਸਵਾਲ ਹਮੇਸ਼ਾਂ ਬਣਿਆ ਰਹਿੰਦਾ ਹੈ ਕਿ ਕਿੰਨਾ ਚਿਰ ਹੋਰ ਪੰਥਕ ਮਸਲਿਆਂ ਵਿਚ ਸੁਧਾਰ ਲਈ ਇੰਤਜ਼ਾਰ ਕਰਣਾ ਪਵੇਗਾ ? ਸ. ਉਪਕਾਰ ਸਿੰਘ ਨੇ ਕਿਹਾ ਕਿ ਜਿਸ ਨੂੰ ਅਸੀਂ ਪੰਥ ਮੰਨੀ ਬੈਠੇ ਹਾਂ ਉਹ ਪੰਥਕ ਮਸਲਿਆਂ ਪ੍ਰਤੀ ਕਿੰਨੇ ਸੁਹਿਰਦ ਹਨ ਇਸ ਦਾ ਸਬੂਤ ਦੇਣ ਦੀ ਲੋੜ ਨਹੀਂ ਕਿਉਂਕਿ ਸਮੁੱਚਾ ਸਿੱਖ ਜਗਤ ਇਸ ਪੰਥ ਅਖਵਾਉਂਦੀ ਪੁਜਾਰੀ ਸ਼੍ਰੇਣੀ ਦੇ ਫੈਸਲੇ ਨੂੰ ਰੱਦੀ ਦੀ ਟੋਕਰੀ ਵਿਚ ਸੁੱਟਦਾ ਆ ਰਿਹਾ ਹੈ ਜਿਸ ਦਾ ਪ੍ਰਤੱਖ ਪ੍ਰਮਾਣ ਨਾਨਕਸ਼ਾਹੀ ਕੈਲੰਡਰ ਬਾਰੇ ਦਿੱਤਾ ਫੈਸਲਾ, ਅਖੌਤੀ ਦਸਮ ਗ੍ਰੰਥ, ਅਤੇ ਹੋਰ ਕਈ ਪੰਥਕ ਫੈਸਲਿਆਂ ਨੂੰ ਪੁਜਾਰੀ ਸ਼੍ਰੇਣੀ ਵੱਲੋਂ ਆਪਣੇ ਆਕਾਵਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਪੰਥ ਉਤੇ ਥੋਪੀ ਜਾਣਾ।ਉਨ੍ਹਾਂ ਕਿਹਾ ਕਿ ਬੀਬੀ ਸੁਖਵਿੰਦਰ ਕੋਰ ਵੱਲੋਂ ਚੁੱਕੇ ਇਸ ਕਦਮ ਤੋਂ ਜਾਗਰੂਕ ਧਿਰਾਂ ਨੂੰ ਸੇਧ ਲੈਣੀ ਚਾਹਦੀ ਹੈ ਅਤੇ ਪੰਥਕ ਫੈਸਲਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਰੋਸ਼ਨੀ ਵਿਚ ਹੱਲ ਕਰਦੇ ਹੋਏ ਪੁਜਾਰੀ ਸ਼੍ਰੇਣੀ ਦੇ ਫੈਸਲਿਆਂ ਦਾ ਇੰਤਜ਼ਾਰ ਨਹੀਂ ਕਰਣਾ ਚਾਹੀਦਾ ਇਹੀ ਪੰਥਕ ਸੱਮਸਿਆਵਾਂ ਦਾ ਇਕੋ ਇਕ ਹੱਲ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top