Share on Facebook

Main News Page

ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਦੇ ਭਾਈ ਅਵਤਾਰ ਸਿੰਘ ਮਿਸ਼ਨਰੀ ਅਤੇ ਬੀਬੀ ਹਰਸਿਮਰਤ ਕੌਰ ਖਾਲਸਾ ਵੱਲੋਂ ਸਿੰਘਾਪੁਰ ਵਿਖੇ ਕਥਾ-ਕੀਰਤਨ ਅਤੇ ਸੈਮੀਨਾਰਾਂ ਰਾਹੀਂ ਗੁਰਮਤਿ ਪ੍ਰਚਾਰ

ਜਸਵੰਤ ਸਿੰਘ ਸਿੰਘਾਪੁਰ ਅਤੇ ਸਿੱਖ ਸੈਂਟਰ ਸਿੰਘਾਪੁਰ ਦੇ ਪ੍ਰਬੰਧਕਾਂ ਦੇ ਸਹਿਯੋਗ ਸਦਕਾ 11 ਨਵੰਬਰ 2011 ਤੋਂ ਕਥਾ-ਕੀਰਤਨ ਅਤੇ ਗੁਰਮਤਿ ਵਿਚਾਰਾਂ ਦੀਆਂ ਕਲਾਸਾਂਅਤੇ ਸੈਮੀਨਾਰ ਚੱਲ ਰਹੇ ਹਨ। ਜਿਨ੍ਹਾਂ ਵਿੱਚ 11-12-2011 ਸ਼ਨੀਵਾਰ ਨੂੰ ਸਿੱਖ ਸੈਂਟਰ ਸਿੰਘਾਪੁਰ ਵਿਖੇ ਕਾਨਫਰੰਸ ਹਾਲ ਵਿਖੇ ਦੁਪਹਿਰੇ 2:30 ਤੋਂ 3:30 ਤੱਕ “ਕਿਵ ਸਚਿਆਰਾ ਹੋਵੀਐ” ਵਿਸ਼ੇ ਤੇ ਸੈਮੀਨਾਰ ਵਿੱਚ ਬੀਬੀ ਹਰਸਿਮਰਤ ਕੌਰ ਖਾਲਸਾ ਨੇ ਕੀਰਤਨ ਕਰਦੇ ਡੈਲੀਗੇਟਾਂ ਨੂੰ ਸੰਬੋਧਨ ਹੁੰਦੇ ਦੱਸਿਆ ਕਿ ਸਿੱਖ ਨੇ ਗੁਰਬਾਣੀ ਦਾ ਉਪਦੇਸ਼ ਰੂਪੀ ਅੰਮ੍ਰਿਤ ਛੱਕ, ਹੁਕਮ ਰਜ਼ਾਈ ਚੱਲ ਅਤੇ ਵਿਕਾਰਾਂ ਦਾ ਤਿਆਗ ਕਰਕੇ ਸਚਿਆਰੇ ਹੋਣਾ ਹੈ। ਅਖੌਤੀ ਕਸਟਮ ਛੱਡਣੇ ਹਨ ਜੋ ਸੱਚ ਦੇ ਪਾਂਧੀ ਨਹੀਂ ਬਣਨ ਦਿੰਦੇ।

ਇਸ ਤੋਂ ਬਾਅਦ ਭਾਈ ਅਵਤਾਰ ਸਿੰਘ ਨੇ ਆਏ ਜਗਿਆਸੂਆਂ ਨੁੰ, ਬੀਬੀ ਹਰਸਿਮਰਤ ਕੌਰ ਖਾਲਸਾ ਦੀ ਜਾਣ ਪਛਾਣ ਕਰਾਉਂਦੇ ਹੋਏ ਕਿਹਾ ਕਿ ਹਰਸਿਮਰਤ ਕੌਰ ਖਾਲਸਾ ਜਿਸ ਦਾ ਪਹਿਲਾ ਨਾਂ ਨੈਨਸੀ ਤੋਬਸਮੈਨ ਸੀ ਕਿਵੇਂ ਪੰਜਾਂ ਮਹੀਨਿਆਂ ਵਿੱਚ ਪੰਜਾਬੀ ਸਿੱਖ ਕੇ ਗੁਰਬਾਣੀ ਪੜ੍ਹਨੀ ਸਿੱਖੀ ਤੇ ਹੁਣ ਪੰਜਾਬੀਆਂ ਨੂੰ ਸਿੱਖਣ ਲਈ ਪ੍ਰੇਰ ਰਹੀ ਹੈ। ਭਾਈ ਅਵਤਾਰ ਸਿੰਘ ਜੀ ਨੇ ਕਿਵ ਸਚਿਆਰਾ ਤੇ ਬੋਲਦਿਆਂ ਦਰਸਾਇਆ ਕਿ ਪਹਿਲੇ ਸਚਿਆਰ ਬਣਨ ਭਾਵ ਰੱਬ ਨੂੰ ਪਾਉਣ ਲਈ ਵੱਖ-ਵੱਖ ਧਰਮ ਆਗੂਆਂ ਨੇ ਵੱਖ-ਵੱਖ ਰਾਹ ਦੱਸੇ ਜੋ ਬਾਅਦ ਵਿੱਚ ਕਰਮਕਾਂਡ ਬਣ ਗਏ ਜਿਵੇਂ ਸੁੱਚ-ਭਿੱਟ ਰੱਖਣਾ, ਭੁੱਖੇ ਰਹਿ ਤਿਆਗੀ ਬਣਨਾ, ਹਜਾਰਾਂ ਮਨ ਘੜਤ ਉਕਤੀਆਂ ਯੁਕਤੀਆਂ ਵਰਤਨੀਆਂ ਭਾਵ ਸੱਚੇ ਮਾਰਗ ਨੂੰ ਛੱਡ ਕੇ ਥੌਤੇ ਕਰਮਕਾਂਡਾਂ ਦੇ ਚੱਕਰ ਵਿੱਚ ਪੈ ਰਹਿਣਾ। ਭਾਈ ਸਾਹਿਬ ਨੇ ਹੋਰ ਕਿਹਾ ਕਿ ਅਜੋਕਾ ਡੇਰਾਵਾਦ ਵੀ ਸਿੱਖ ਦੇ ਸਚਿਆਰ ਬਣਨ ਦੇ ਰਸਤੇ ਦਾ ਰੋੜਾ ਹੈ। ਜੋ ਸ਼ਬਦ ਗਾਇਨ ਕੀਤੇ ਜਾਂ ਵਿਚਾਰੇ ਜਾਂਦੇ ਉਨ੍ਹਾਂ ਨੂੰ ਸਕਰੀਨ ਤੇ ਵੀ ਨਾਲੋ ਨਾਲ ਦਿਖਾਇਆ ਜਾਂਦਾ। ਜਗਿਆਸੂਆਂ ਦੇ ਸ਼ੰਕਿਆਂ ਦੇ ਉੱਤਰ ਵੀ ਦਿੱਤੇ ਗਏ। ਸਿੱਖ ਤੋਂ ਇਲਾਵਾ ਚਾਈਨਾ ਮੂਲ ਦੇ ਸਰ਼ਧਾਲੂ ਵੀ ਹਾਜਰੀ ਭਰਦੇ ਰਹੇ।

11-13-2011 ਦਿਨ ਐਤ ਵਾਰ ਨੂੰ “ਨਾਮ-ਸਿਮਰਨ” ਦੇ ਵਿਸ਼ੇ ਤੇ ਬਣੇ ਪ੍ਰੋਗ੍ਰਾਮ ਅਨੁਸਾਰ ਗੁਰਦੁਆਰਾ ਕਤੌਂਗ ਸਿੰਘਾਪੁਰ ਵਿਖੇ ਕਥਾ ਵਖਿਆਣ ਕੀਰਤਨ ਕੀਤਾ ਗਿਆ, ਪਹਿਲੇ ਭਾਈ ਅਵਤਾਰ ਸਿੰਘ ਨੇ ਨਾਮ ਸਿਮਰਨ ਦੀ ਸੰਖੇਪ ਵਿਆਖਿਆ ਕਰਕੇ ਸੰਗਤ ਨੂੰ ਦੱਸਿਆ ਕਿ ਸੰਸਾਰ ਦੇ ਕੰਮ ਧੰਦੇ ਕਰਦੇ ਹੋਏ ਸੱਚੇ ਦਿਲੋਂ ਪ੍ਰਮੇਸ਼ਰ ਦੀ ਯਾਦ ਨੂੰ ਹਿਰਦੇ ਵਿੱਚ ਵਸਾਈ ਰੱਖਣਾ ਹੀ ਸਿਮਰਨ ਹੈ। ਸਾਨੂੰ ਦੱਸੀਆਂ ਜਾ ਰਹੀਆਂ ਕਰਮਕਾਂਡੀ ਵਿਧੀਆਂ ਜਿਵੇਂ ਅੱਖਾਂ ਮੀਟਣਾ, ਗਿਣਤੀ ਦੀ ਮਾਲਾ ਫੇਰਨੀ, ਕਿਸੇ ਇੱਕ ਸ਼ਬਦ ਦਾ ਤੋਤਾ ਰਟਨ ਕਰਨਾ ਸਿਮਰਨ ਨਹੀਂ ਜਿਨ੍ਹਾਂ ਚਿਰ ਅਸੀਂ ਗੁਰ ਉਪਦੇਸ਼ ਨੂੰ ਕਮਾਉਂਦੇ ਨਹੀਂ - ਗਾਏ ਸੁਣੇ ਆਂਖੇ ਮੀਚੈਂ ਪਾਈਐ ਨਾ ਪਰਮ ਪਦ ਗੁਰ ਉਪਦੇਸ਼ ਗਹਿ ਜਉ ਲਉ ਨਾ ਕਮਾਈਐ॥(ਭਾ.ਗੁ.) ਭਾਈ ਸਾਹਿਬ ਨੇ ਇਹ ਵੀ ਦੱਸਿਆ ਕਿ ਸਿਮਰਨ ਦੀ ਵਿਧੀ ਗੁਰਬਾਣੀ ਅਨੁਸਾਰ ਬੜੀ ਸੁਖਾਲੀ ਹੈ ਜਿਵੇਂ ਆਨੀਲੇ ਕਾਗਦੁ ਕਾਟੀਲੇ ਗੂਡੀ ਅਕਾਸ਼ ਮਧੇ ਭਰਮੀਅਲੇ..॥(972) ਵਾਲੇ ਸ਼ਬਦ ਵਿੱਚ ਦਰਸਾਈ ਹੈ, ਕਿ ਜਿਵੇਂ ਬੱਚਾ ਪਤੰਗ ਉਡਾਂਦੇ ਸਮੇ ਸਾਥੀਆਂ ਨਾਲ ਗੱਲਾਂ ਕਰਦਾ ਹੋਇਆ ਆਪਣਾ ਧਿਆਨ ਡੋਰ ਵੱਲ ਰੱਖਦਾ ਹੈ ਕਿ ਕਿਤੇ ਦੂਸਰਾ ਉਸ ਦੀ ਡੋਰ ਨਾਂ ਕੱਟ ਦੇਵੇ, ਸਨਿਆਰਾ ਸੋਨਾ ਘੜਦਾ, ਗਾਹਕਾਂ ਨਾਲ ਗੱਲਾਂ ਕਰਦਾ, ਸਾਰਾ ਧਿਆਨ ਘਾੜਤ ਵੱਲ ਰੱਖਦਾ ਹੈ,ਪਾਣੀ ਦੇ ਘੜੇ ਸਿਰਾਂ ਤੇ ਚੁੱਕੀ ਆਉਂਦੀਆਂ ਕੁੜੀਆਂ ਸਹੇਲੀਆਂ ਨਾਲ ਗੱਲਾਂ ਕਰਦੀਆਂ ਧਿਆਨ ਘੜਿਆਂ ਵੱਲ ਰੱਖਦੀਆਂ ਹਨ, ਪੰਜ ਕੋਹ ਦੂਰ ਘਾਹ ਚਰਦੀ ਗਾਂ ਆਪਣਾਂ ਧਿਆਨ ਵੱਛੇ ਵੱਲ ਰੱਖਦੀ ਹੈ ਅਤੇ ਮਾਂ ਗੋਦੀ ਵਾਲੇ ਬੱਚੇ ਨੂੰ ਪਾਘੂੰੜੇ ਪਾ ਕੇ ਘਰ ਦੇ ਕੰਮਕਾਰ ਕਰਦੀ ਹੋਈ ਆਪਣਾ ਚਿੱਤ ਬੱਚੇ ਵੱਲ ਰੱਖਦੀ ਹੈ ਇਵੇਂ ਹੀ ਸਿੱਖ ਨੇ ਦੁਨੀਆਂਦਾਰੀ ਦੇ ਕਾਰ ਵਿਹਾਰ ਕਰਦੇ ਰੱਬ ਨੂੰ ਸਦਾ ਯਾਦ ਰੱਖਣਾ ਹੈ।

ਫਿਰ 10:30 ਤੋਂ 11 ਵਜੇ ਤੱਕ ਗੁਰਦੁਆਰਾ ਯਸੁਨ ਵਿਖੇ ਵੀ “ਨਾਮ-ਸਿਮਰਨ” ਤੇ ਹੀ ਕੀਰਤਨ ਵਖਿਆਨ ਕੀਤਾ ਗਿਆ। ਫਿਰ ਦੁਪਹਿਰੇ 2:30 ਤੋਂ 3:30 ਸਿੱਖ ਸੈਂਟਰ ਦੀ ਸਤਵੀਂ ਮੰਜ਼ਲ ਤੇ ਬਣੇ ਕਾਨਫਰੰਸ ਹਾਲ ਵਿੱਚ ਜਨਮ ਮਰਨ ਅਤੇ ਪੁਨਰ ਜਨਮ ਬਾਰੇ ਸੈਮੀਨਾਰ ਕੀਤਾ ਗਿਆ, ਇਸ ਸਮੇਂ ਕਾਨਫਰੰਸ ਹਾਲ ਭਰ ਗਿਆ, ਚੀਨੇ ਵੀ ਆਏ। ਪ੍ਰੋ. ਜਸਵੰਤ ਸਿੰਘ ਸਿੰਘਾਪੁਰ ਨੇ ਸਟੇਜ ਦੀ ਸੇਵਾ ਨਿਭਾਈ। ਪਹਿਲੇ ਭਾਈ ਅਵਤਾਰ ਸਿੰਘ ਨੇ ਗੁਰਬਾਣੀ ਦਾ ਹਵਾਲਾ ਦਿੰਦੇ ਦਰਸਾਇਆ ਕਿ ਜਿਵੇਂ ਇੱਕ ਰੁੱਖ ਨੂੰ ਫੁੱਲ ਅਤੇ ਫਲ ਲਗਦੇ ਹਨ ਪਰ ਕੋਈ ਹਨੇਰੀ ਜਾਂ ਬਿਮਾਰੀ ਕਰਕੇ ਕੱਚੇ, ਕੋਈ ਡੱਡਰੇ ਅਤੇ ਕੋਈ ਪੱਕ ਕੇ ਡਾਹਣਾਂ ਨਾਲੋਂ ਟੁੱਟ ਜਾਂਦੇ ਹਨ ਫਿਰ ਦੁਬਾਰਾ ਉਨ੍ਹਾਂ ਨੂੰ ਡਾਹਣਾਂ ਨਾਲ ਨਹੀਂ ਜੋੜਿਆ ਜਾ ਸਕਦਾ ਇਵੇਂ ਹੀ ਸੰਸਾਰ ਰੂਪੀ ਰੁੱਖ ਨੂੰ ਅਸੀਂ ਜੀਵਾਂ ਰੂਪੀ ਫਲ ਗੱਗੇ ਹੋਏ ਹਾਂ। ਕੋਈ ਬਚਪਨ, ਕੋਈ ਜਵਾਨੀ ਅਤੇ ਕੋਈ ਬੁਢੇਪੇ ਵਿੱਚ ਇਸ ਸੰਸਾਰ ਰੁੱਖ ਨਾਲੋਂ ਟੁੱਟ ਜਾਂਦਾ ਹੈ ਦੁਬਾਰਾ ਨਹੀਂ ਜੁੜਦਾ ਫੁਰਮਾਨ ਹੈ - ਕਬੀਰ ਮਾਨਸ ਜਨਮੁ ਦਲੰਭੁ ਹੈ ਹੋਇ ਨਾ ਬਾਰੈ ਬਾਰ॥ ਜਿਉਂ ਬਨ ਫਲ ਲਾਗੇ ਭੁਇਂ ਗਿਰਹਿ ਬਹੁਰ ਨਾ ਲਾਗਹਿ ਡਾਰਿ॥(1366) ਫਿਰ ਹਰਸਿਮਰਤ ਕੌਰ ਨੇ ਇਸੇ ਸ਼ਬਦ ਦਾ ਕੀਰਤਨ ਕਰਦੇ ਹੋਏ ਬੜੇ ਵਿਸਥਾਰ ਨਾਲ ਗੁਰਬਾਣੀ ਦੀਆਂ ਅਨੇਕਾਂ ਪੰਕਤੀਆਂ ਕੋਟ ਕਰਕੇ ਦਰਸਾਇਆ ਕਿ ਸਾਡਾ ਪਿਛਲਾ ਜਨਮ ਸਾਡੇ ਵੱਡੇ ਵਡੇਰੇ ਤੇ ਮਾਂ ਬਾਪ ਹਨ ਅਤੇ ਅਗਲਾ ਜਨਮ ਸਾਡੇ ਬੱਚੇ ਹਨ। ਸਾਡੇ ਸਰੀਰ ਦੇ ਜੀਨਸ ਅੱਗੇ ਪੀੜੀ ਦਰ ਪੀੜੀ ਚਲਦੇ ਰਹਿੰਦੇ ਹਨ ਮਰਦੇ ਨਹੀਂ। ਜਿਨ੍ਹਾ ਚਿਰ ਪ੍ਰਮਾਤਮਾਂ ਦੀ ਜੋਤ ਸਾਡੇ ਸਰੀਰ ਵਿੱਚ ਹੈ ਅਸੀਂ ਜਿੰਦਾ ਹਾਂ ਜਦੋਂ ਵੱਖ ਹੋ ਜਾਂਦੀ ਹੈ ਸਾਡੇ ਸਰੀਰ ਤੇ ਤੱਤ ਆਪੋ ਆਪਣੇ ਤੱਤਾਂ ਨਾਲ ਮਿਲ ਜਾਂਦੇ ਹਨ ਜਿਵੇ - ਪਵਣੈ ਮਹਿ ਪਵਣ ਸਮਾਇਆ॥ ਜੋਤੀ ਮਹਿ ਜੋਤਿ ਰਲ ਜਾਇਆ ਮਾਟੀ ਮਾਟੀ ਹੋਈ ਏਕ...॥(885) ਸਾਨੂੰ ਅਗਲੇ ਜਨਮ ਦੀਆਂ ਆਸਾਂ ਲਾ ਕੇ ਇਹ ਅਮੋਲਕ ਜਨਮ ਅਜਾਈਂ ਨਹੀਂ ਗਵਾਉਣਾ ਚਾਹੀਦਾ। ਨਰਕਾਂ ਦਾ ਡਰ ਅਤੇ ਸਵਰਗਾਂ ਦੇ ਸੁਖ ਦੇਣ ਦੇ ਲਾਰੇ ਲੌਣ ਵਾਲੇ ਪੰਡਤ, ਜੋਤਸ਼ੀ ਅਤੇ ਅਜੋਕੇ ਸਾਧ-ਸੰਤ ਲੋਕਾਈ ਨੂੰ ਲੁੱਟ ਰਹੇ ਹਨ। ਕਰਤੇ ਦੀ ਰਚਨਾ ਦਾ ਆਦਿ ਅੰਤ ਤਾਂ ਕਰਤਾ ਹੀ ਜਾਣਦਾ ਹੈ - ਨਾਨਕ ਕਰਤੇ ਕੀ ਜਾਨੈ ਕਰਤਾ ਰਚਨਾ॥(275) ਇਵੇਂ ਬਹੁਤੇ ਸਰੋਤਿਆਂ ਦੇ ਚਿਰਾਂ ਤੋਂ ਮਨ ਵਿੱਚ ਬੈਠਾਏ ਗਏ ਸ਼ੰਕਿਆਂ ਦਾ ਨਿਵਾਰਨ ਹੋਇਆ।

ਇਸ ਸੈਮੀਨਾਰ ਵਿੱਚ ਧਾਰਮਿਕ ਟੀਚਰ, ਗੁਰਦੁਆਰੇ ਦੇ ਪ੍ਰਬੰਧਕ ਅਤੇ ਕੁਝ ਸਟਾਫ ਵੀ ਸ਼ਾਮਲ ਹੋਇਆ। ਵਿਸ਼ੇਸ਼ ਕਰਕੇ ਸਿੱਖ ਸੈਂਟਰ ਸਿੰਘਾਪੁਰ ਦੇ ਚੇਅਰਮੈਨ ਸ੍ਰ. ਕ੍ਰਿਪਾਲ ਸਿੰਘ ਮੱਲ੍ਹੀ ਨੇ ਵੀ ਹਾਜਰੀ ਭਰੀ। ਸੰਗਤਾਂ ਪ੍ਰਭਾਵਤ ਹੋ ਕੇ ਅੱਗੇ ਹੋਰ ਪ੍ਰੋਗ੍ਰਾਮ ਬੁੱਕ ਕਰਵਾ ਰਹੀਆਂ ਹਨ ਜਿਨ੍ਹਾਂ ਦਾ ਵੇਰਵਾ ਬਾਅਦ ਵਿੱਚ ਦਿੱਤਾ ਜਾਵੇਗਾ। ਸੰਗਤਾਂ ਵਿੱਚ ਗੁਰਬਾਣੀ ਸਿੱਖਣ ਦੀ ਜਗਿਆਸਾ ਪੈਦਾ ਹੋ ਰਹੀ ਹੈ। ਸੰਗਤਾਂ ਸਿੱਖ ਸੈਂਟਰ ਸਿੰਘਾਪੁਰ ਵਿਖੇ ਗੁਰਬਾਣੀ ਦੀ ਸੰਥਿਆ ਅਤੇ ਗੁਰਬਾਣੀ ਵਿਆਕਰਣ ਦੀਆਂ ਕਲਾਸਾਂ ਬੜੇ ਉਤਸ਼ਾਹ ਨਾਲ ਲੈ ਰਹੀਆਂ ਹਨ। ਪ੍ਰੋ. ਜਸਵੰਤ ਸਿੰਘ ਸਿੰਘਾਪੁਰ ਗੁਰਬਾਣੀ ਸਿਖਲਾਈ ਦੀ ਸੇਵਾ ਬੜੇ ਸੁਚੱਜੇ ਢੰਗ ਨਾਲ ਨਿਭਾਅ ਰਹੇ ਹਨ। ਸਿੱਖ ਸੈਂਟਰ ਸਿੰਘਾਪੁਰ ਦੇ ਸੁਯੋਗ ਪ੍ਰਬੰਧਕਾਂ ਦਾ ਇਹ ਉਪਰਾਲਾ - ਗੁਰ ਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ॥(1329) ਵਾਲਾ ਹੈ।

ਭਾਈ ਅਵਤਾਰ ਸਿੰਘ ਅਤੇ ਬੀਬੀ ਹਰਸਿਮਰਤ ਕੌਰ ਖਾਲਸਾ

singhstudent@yahoo.com
65 82309421


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top