Share on Facebook

Main News Page

ਜਦੋਂ ਗਿਆਨੀ ਜਗਤਾਰ ਸਿੰਘ ਜਾਚਕ ਨੇ ‘ਅਡਵਾਨੀ’ ਨੂੰ ਸਿਰੋਪਾ ਦੇਣ ਤੋਂ ਕੀਤਾ ਇਨਕਾਰ

ਭਾਜਪਾ ਦੇ ਮੁਖੀ ਆਗੂ ਅਤੇ ਕਟੜ ਫਿਰਕਾਪ੍ਰਸਤ ‘ਅਡਵਾਨੀ’ ਦੀ 1990 ਵਾਲੀ ਪਹਿਲੀ ਰੱਥ ਯਾਤਰਾ ਦਾ ਮੁਖ ਮਨੋਰਥ, ਦੇਸ਼ ਭਰ ਦੇ ਹਿੰਦੂਆਂ ਨੂੰ ਬਾਬਰੀ ਮਸਜਦ ਢਾਅ ਕੇ ਰਾਮ ਮੰਦਰ ਦੀ ਉਸਾਰੀ ਲਈ ਉਤਸ਼ਾਹਤ ਕਰਦਿਆਂ ਭੜਕਾਅ ਕੇ ਆਪਣਾ ਵੋਟ ਬੈਂਕ ਪੱਕਾ ਕਰਨਾ ਸੀ । ਇਹ ਯਾਤਰਾ ਦਿੱਲੀ ਤੋਂ ਸ਼ੁਰੂ ਹੋਣੀ ਸੀ, ਇਸ ਲਈ ਭਾਜਪਾ ਦੀ ਪਤਨੀ ਬਣ ਚੁੱਕਾ ਸ਼੍ਰੋਮਣੀ ਅਕਾਲੀ ਦਲ ਬਾਦਲ ਚਾਹੁੰਦਾ ਸੀ ਕਿ ਅਡਵਾਨੀ ਨੂੰ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਤੋਂ ਸਿਰੋਪਾ ਦੇ ਕੇ ਤੋਰਿਆ ਜਾਏ, ਤਾਂ ਜੋ ਸਿੱਖ ਭਾਈਚਾਰਾ ਵੀ ਅਡਵਾਨੀ ਦੀ ਇਸ ਅੱਗ ਲਾਊ ਰੱਥ ਯਾਤਰਾ ਅਤੇ ਉਸ ਦੇ ਮਲੀਨ ਆਸ਼ਿਆਂ ਦੀ ਪੂਰਤੀ ਲਈ ਵੱਧ ਤੋਂ ਵੱਧ ਸਹਿਯੋਗੀ ਬਣੇ । ਭਾਜਪਾ ਦੀ ਸਰਕਾਰ ਬਣਨ ’ਤੇ ਇਸ ਚਾਪਲੂਸੀ ਬਦਲੇ ਸਰਕਾਰੀ ਅਹੁਦਿਆ ਦੀਆਂ ਕੁਝ ਬੁਰਕੀਆਂ ਸਾਨੂੰ ਵੀ ਮਿਲ ਜਾਣ।

ਉਸ ਵੇਲੇ ਗਿਆਨੀ ਜਗਤਾਰ ਸਿੰਘ ਜਾਚਕ ‘ਗੁਰਦੁਆਰਾ ਸੀਸ ਗੰਜ ਸਾਹਿਬ’ ਜੀ ਦੇ ਹੈਡ ਗ੍ਰੰਥੀ ਸਨ। ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਦਿੱਲੀ ਇਕਾਈ ਦੇ ਕੁਝ ਅਹੁਦੇਦਾਰ ਗਿਆਨੀ ਜਾਚਕ ਜੀ ਪਾਸ ਆਏ ਅਤੇ ਉਨ੍ਹਾਂ ਨੇ ਜਾਚਕ ਜੀ ਨੂੰ ਦੱਸਿਆ ਕਿ ਅਡਵਾਨੀ ਜੀ ਰੱਥ ਉਪਰ ਸਵਾਰ ਹੋਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਆਉਣਗੇ । ਅਸੀਂ ਚਾਹੁੰਦੇ ਹਾਂ ਕਿ ਉਸ ਵੇਲੇ ਉਨ੍ਹਾਂ ਨੂੰ ਸਿਰੋਪਾ ਬਖਸ਼ਿਸ਼ ਕੀਤਾ ਜਾਏ । ਗਿਆਨੀ ਜੀ ਨੇ ਸਪਸ਼ਟ ਲਫ਼ਜ਼ਾਂ ਵਿੱਚ ਆਖਿਆ ਕਿ “ਅਡਵਾਨੀ ਜੀ ਦੀ ਰੱਥ ਯਾਤਰਾ ਦਾ ਮਨੋਰਥ ਫਿਰਕਾਪ੍ਰਸਤੀ ਨੂੰ ਉਭਾਰ ਕੇ ਰਾਜਸੀ ਸੱਤਾ ਹਾਸਲ ਕਰਨਾ ਹੈ ਤਾਂ ਜੋ ਆਰ.ਆਰ, ਐਸ ਦੇ ਏਜੰਡੇ ਮੁਤਾਬਿਕ ਦੇਸ਼ ਨੂੰ ਭਗਵੇਂ ਰੰਗ ਵਿੱਚ ਰੰਗਦਿਆਂ ਘੱਟ ਗਿਣਤੀ ਕੌਮਾਂ ਨੂੰ ਹਿੰਦੂ ਅਖਵਾਉਣ ਲਈ ਮਜ਼ਬੂਰ ਕੀਤਾ ਜਾ ਸਕੇ । ਇਹ ਔਰੰਗਜ਼ੇਬੀ ਨੀਤੀ ਹੈ, ਜਿਸ ਦੇ ਵਿਰੋਧ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਇਸ ਅਸਥਾਨ ’ਤੇ ਆਪਣਾ ਸੀਸ ਲੁਹਾਇਆ ਸੀ । ਇਸ ਲਈ ਗੁਰਦੁਆਰਾ ਸੀਸ ਗੰਜ ਸਾਹਿਬ ਦੀ ਗੱਲ ਤਾਂ ਛੱਡੋ, ਹੋਰ ਵੀ ਕਿਸੇ ਗੁਰਅਸਥਾਨ ਤੋਂ ਅਡਵਾਨੀ ਨੂੰ ਸਿਰੋਪਾ ਨਹੀ ਦਿੱਤਾ ਜਾ ਸਕਦਾ । ਤਹਾਨੂੰ ਪਤਾ ਹੋਣ ਚਾਹੀਦਾ ਕਿ ਇਹ ਓਹੀ ਸਖਸ਼ ਹੈ, ਜਿਸ ਨੇ ਸ੍ਰੀ ਦਰਬਾਰ ਸਾਹਿਬ ਤੇ ਹੋਏ ਫੌਜੀ ਹਮਲੇ ਦੀ ਪ੍ਰੋੜਤਾ ਕਰਦਿਆਂ ਇੰਦਰਾ ਗਾਂਧੀ ਨੂੰ ਸਲਾਹਿਆ ਸੀ । ਇਸ ਦੇ ਸਾਥੀਆਂ ਖੁਸ਼ੀ ਵਿੱਚ ਲੱਡੂ ਵੀ ਵੰਡੇ ਸਨ।”

ਜਾਚਕ ਜੀ ਨੇ ਸਾਰੇ ਗ੍ਰੰਥੀ ਸਿੰਘਾਂ ਤੇ ਸੇਵਦਾਰਾਂ ਨੂੰ ਹਦਾਇਤ ਕਰ ਦਿੱਤੀ ਕਿ ਮੇਰੀ ਗੈਰ ਹਾਜ਼ਰੀ ਵਿੱਚ ਵੀ ਅਡਵਾਨੀ ਨੂੰ ਸਟੇਜ ਤੋਂ ਵਿਸ਼ੇਸ਼ ਸਿਰੋਪਾ ਬਖਸ਼ਿਸ਼ ਨਾ ਕੀਤਾ ਜਾਏ । ਅਡਵਾਨੀ ਜੀ ਦਾ ਗੁਰਦੁਆਰਾ ਸਾਹਿਬ ਵਿਖੇ ਦੁਪਹਿਰੇ 12 ਵਜੇ ਆਉਣ ਦਾ ਪ੍ਰੋਗਰਾਮ ਸੀ, ਪਰ ਉਹ ਨਾ ਆਇਆ । ਗਿਆਨੀ ਜੀ 3 ਤੋਂ 4 ਇਤਿਹਾਸ ਦੀ ਕਥਾ ਕਰਕੇ ਸ਼ਾਮ ਨੂੰ 5 ਵਜੇ ਆਪਣੇ ਘਰ ਗੁਰਦੁਆਰਾ ਰਕਾਬਗੰਜ ਨੂੰ ਚਲੇ ਗਏ । ਪਿਛੋਂ ਬਾਦਲ ਦਲ ਦਿੱਲੀ ਦਾ ਪ੍ਰਧਾਨ ਅਵਤਾਰ ਸਿੰਘ ਹਿੱਤ ਅਡਵਾਨੀ ਨੂੰ ਲੈ ਆਇਆ ਅਤੇ ਪ੍ਰਕਰਮਾ ਕਰਨ ਵੇਲੇ ਤਾਬਿਆ ਬੈਠੇ ਗ੍ਰੰਥੀ ਭਾਈ ਨੌਧ ਸਿੰਘ ਨੂੰ ਦਬਕਾਅ ਕੇ ਓਥੋਂ ਹੀ ਅਡਵਾਨੀ ਦੇ ਗਲ ਸਿਰੋਪਾ ਪਵਾ ਦਿੱਤਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾਕਟਰ ਜਸਪਾਲ ਸਿੰਘ, ਉਸ ਵੇਲੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕਤਰ ਸਨ । ਉਨ੍ਹਾਂ ਨੇ ਅਗਲੇ ਦਿਨ ਹੈਡ ਗ੍ਰੰਥੀ ਦੀ ਆਗਿਆ ਦਾ ਉਲੰਘਣ ਕਰਨ ਦਾ ਦੋਸ਼ ਲਾ ਕੇ ਸਿਰੋਪਾ ਦੇਣ ਵਾਲੇ ਗ੍ਰੰਥੀ ਨੂੰ ਸਸਪੈਂਡ ਕਰ ਦਿੱਤਾ । ਕਿਉਂਕਿ, ਸਿੰਘ ਸਾਹਿਬ ਜਥੇਦਾਰ ਪ੍ਰੋ: ਮਨਜੀਤ ਸਿੰਘ ਹੁਰਾਂ ਨੇ ਦਿੱਲੀ ਪਹੁੰਚ ਕੇ ਜਾਚਕ ਜੀ ਦੇ ਸਟੈਂਡ ਦੀ ਸ਼ਲਾਘਾ ਕਰਦਿਆਂ ਸਿਰੋਪਾ ਦੇਣ ਦੀ ਨਿਖੇਧੀ ਕਰ ਦਿੱਤੀ ਸੀ।

ਕਾਸ਼ ! ਹੁਣ ਜਦੋਂ ਅਡਵਾਨੀ ਆਪਣੀ ਛੇਵੀਂ ਰਥ ਯਾਤਰਾ ਤੇ ਚੜਿਆ ਹੋਇਆ ਹੈ ਅਤੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵੀ ਜਾ ਰਿਹਾ ਹੈ, ਸਾਰੇ ਗ੍ਰੰਥੀ ਸਿਘ, ਜਥੇਦਾਰ ਸਿੰਘ ਸਾਹਿਬਾਨ ਤੇ ਸਮੂਹ ਗੁਰਦੁਆਰਿਆਂ ਦੇ ਪ੍ਰਬੰਧਕ ਵੀ; ਜਾਚਕ ਜੀ, ਪ੍ਰੋ: ਮਨਜੀਤ ਸਿੰਘ ਅਤੇ ਡਾ: ਜਸਪਾਲ ਸਿੰਘ ਦੇ ਲਏ ਉਪਰੋਕਤ ਸਿਧਾਂਤਕ ਤੇ ਇਤਿਹਾਸਕ ਸਟੈਂਡ ਤੋਂ ਪ੍ਰੇਰਨਾ ਲੈਂਦੇ ਹੋਏ ਇਹ ਐਲਾਨ ਕਰ ਦੇਣ ਕਿ ਅਡਵਾਨੀ ਨੂੰ ਕਿਸੇ ਵੀ ਗੁਰਦੁਆਰੇ ਤੋਂ ਵਿਸ਼ੇਸ਼ ਸਨਮਾਨ ਵਜੋਂ ਸਿਰੋਪਾ ਦੇ ਕੇ ਨਹੀਂ ਨਿਵਾਜਿਆ ਜਾਏਗਾ। ਕਿਉਂਕਿ, ਉਹ ਆਪਣੀ ਲਿਖੀ ਪੁਸਤਕ ‘ਮਾਈ ਲਾਈਫ਼ ਮਾਈ ਕੰਟਰੀ’ ਵਿੱਚ ਖ਼ੁਦ ਮੰਨਿਆ ਹੈ ਕਿ ਇੰਦਰਾ ਨੂੰ ਹਮਲੇ ਲਈ ਮੈਂ ਪ੍ਰੇਰਿਆ ਤੇ ਪਾਰਟੀ ਵਲੋਂ ਉਸ ’ਤੇ ਰਾਜਸੀ ਦਬਾਅ ਵੀ ਬਣਾਇਆ ਗਿਆ ਸੀ।

ਦਲਜੀਤ ਸਿੰਘ ਨਿਉਡਾ, ਮੁਬਾਈਲ 9810215729
12 ਨਵੰਬਰ 2011


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top