Share on Facebook

Main News Page

ਗੁਰੂਆਂ ਦੀ ਧਰਤੀ ਅਤੇ ਅੱਜ ਦੀ ਸਿਆਸਤ: ਪ੍ਰੋ. ਦਰਸ਼ਨ ਸਿੰਘ ਖਾਲਸਾ

ਹਿੰਦੋਸਤਾਨ ਦੇ ਦੌਰੇ ਤੇ ਗਏ ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਲੁਧਿਆਣਾ ਪੰਜਾਬ ਤੋਂ ਈਮੇਲ ਰਾਹੀਂ ਭੇਜੇ ਪੈਸ ਨੋਟ ਵਿੱਚ ਅੱਜ ਪੰਜਾਬ ਦੀ ਸੌੜੀ ਸਿਆਸਤ ਬਾਰੇ ਕਿਹਾ ਕਿ, ਕਦੀ ਪੰਜਾਬ ਨੂੰ ਗੌਰਵ ਨਾਲ ਗੁਰੂਆਂ ਦੀ ਧਰਤੀ ਹੋਣ ਕਾਰਨ ਸਿੱਖ ਸਟੇਟ ਦੇ ਰੂਪ ਵਿੱਚ ਮੰਨਿਆਂ ਜਾਂਦਾ ਸੀ, ਪਰ ਬਦਕਿਸਮਤੀ ਕਿ ਬੀਤੇ ਤਿੰਨ ਦਹਾਕਿਆਂ ਵਿੱਚ ਸਿੱਖ ਵਿਰੋਧੀ ਜ਼ਾਲਮਾਨਾ ਸੋਚ ਨੇ ਸਿਆਸੀ ਭੁੱਖ ਨਾਲ ਮਿਲਕੇ, ਜ਼ਬਰ ਅਤੇ ਸਾਜਸ਼ ਦੇ ਹਥਿਆਰਾਂ ਨਾਲ ਕੌਮ ਦਾ ਅਰਬਾਂ ਰੁਪੈ ਦਾ ਸਰਮਾਇਆ, ਸੋਚ ਅਤੇ ਧਾਰਮਿਕ ਪਦਵੀਆਂ ਦੀ ਦੁਰਵਰਤੋਂ ਨਾਲ, ਬਹੁਤਾਤ ਸਿੱਖ ਨੌਜਵਾਨਾਂ ਨੂੰ ਸ਼ਰਾਬ ਦੀ ਬੋਤਲ ਅਤੇ ਪਤਿੱਤ ਪੁਣੇ ਦੇ ਖਾਰੇ ਸਮੁੰਦਰ ਵਿੱਚ ਗ਼ਰਕ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ। ਜਿਸਦਾ ਨਤੀਜਾ ਹੈ, ਕਿ ਜਿਸ ਧਰਤੀ ਦੇ ਵਸਨੀਕਾਂ ਨੂੰ ਕਦੀ ਗੁਰੂਆਂ ਨੇ ਸੰਪੂਰਣ ਕੇਸਾਧਾਰੀ ਰੂਪ ਬਖਸ਼ਿਆ ਸੀ, ਅੰਮ੍ਰਿਤ ਦੇ ਬਾਟੇ ਸਿਰਜੇ ਅਤੇ ਵੰਡੇ ਸਨ, ਜਿਸ ਸਿਧਾਂਤ ਅਤੇ ਸਰੂਪ ਦੀ ਰਾਖੀ ਲਈ ਹਜ਼ਾਰਾਂ ਕੁਰਬਾਨੀਆਂ ਕੀਤੀਆਂ ਗਈਆਂ, ਚਰਖੜੀਆਂ ‘ਤੇ ਚੜ੍ਹੇ ਖੋਪਰੀਆਂ ਲੁਹਾਈਆਂ, ਪਰ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ, ਅੱਜ ਉਸ ਧਰਤੀ ਦੇ ਵਿਹੜੇ ਵਿੱਚ ਨਜ਼ਰ ਮਾਰ ਕੇ ਦੇਖੋ ਤਾਂ ਇਸ ਧਰਤੀ ਨੂੰ ਸਿੱਖ ਸਟੇਟ ਕਹਿਦਿਆਂ ਸ਼ਰਮ ਆਉਂਦੀ ਹੈ।

ਉਨ੍ਹਾਂ ਕਿਹਾ ਕਿ, ਇਹੋ ਕਾਰਨ ਹੈ ਕਿ ਅੱਜ ਪੰਜਾਬ ਦੀ ਸਿਆਸਤ ਵਿੱਚ ਵਿਚਰਨ ਵਾਲਾ ਹਰ ਸਿੱਖ, ਗੈਰ ਸਿੱਖ ਸਿਆਸੀ ਧੜਾ ਸਿੱਖ ਸਿਧਾਂਤ ਅਤੇ ਘੱਟ ਗਿਣਤੀ ਸਿੱਖ ਕੌਮ ਦੀਆਂ ਜੁੰਮੇਵਾਰੀਆਂ ਨੂੰ ਤਿਲਾਂਜਲੀ ਦੇ ਕੇ, ਅੱਗੇ ਵੱਧ ਰਿਹਾ ਹੈ, ਤਾਂਕਿ ਗੈਰ ਸਿੱਖ ਵੋਟ ਬੈਂਕ ਬਣਿਆ ਰਹੇ, ਉਸ ਗੈਰ ਸਿੱਖ ਵੋਟ ਬੈਂਕ ਨੂੰ ਖੁਸ਼ ਰੱਖਣ ਲਈ ਇਸ ਧਰਤੀ ‘ਤੇ ਆਏ ਦਿਨ ਗੁਰੂ ਦੀ ਬੇਅਦਬੀ ਹੋ ਰਹੀ ਹੈ, ਸਿੱਖ ਧਰਮ ਸਥਾਨਾਂ ਅਤੇ ਧਾਰਮਿਕ ਪਦਵੀਆਂ ਦੀ ਦੁਰਵਰਤੋਂ ਹੋ ਰਹੀ ਹੈ। ਸਿੱਖ ਸੋਚ ਨੂੰ ਜੇਲਾਂ ਵਿੱਚ ਰੱਖ ਕੇ ਮਾਰੂ ਹਮਲੇ ਕਰਕੇ, ਜਾਂ ਪੁਲਿਸ ਦੇ ਜ਼ਬਰ ਰਾਹੀਂ ਦਬਾਇਆ ਜਾ ਰਿਹਾ ਹੈ, ਪਰ ਸਿੱਖੀ ਦੀ ਉੱਚੀ ੳਡਾਰੀ ਰਹਿਤ ਨਿਰਪੰਖ ਹੋ ਚੁਕੀ, ਇਸ ਗੁਲਾਮ ਜ਼ਿੰਦਗੀ ਨੂੰ ਕੁੱਝ ਸਿਆਸੀ ਲੀਡਰ ਸਿੱਖੀ ਦਾ ਵਿਰਸਾ ਦੱਸ ਕੇ, ਦਿਲ ਬਹਿਲਾ ਰਹੇ ਹਨ। ਹਰ ਧੜੇ ਵਲੋਂ ਵੱਡੀਆਂ ਵੱਡੀਆਂ ਰੈਲੀਆਂ ਅਤੇ ਯਾਤਰਾਵਾਂ ਕੱਢ ਕੇ ਲੱਖਾਂ ਦਾ ਇਕੱਠ ਦਿਖਾਕੇ, ਸਾਬਿਤ ਕੀਤਾ ਜਾ ਰਿਹਾ ਹੈ ਕਿ ਇਸ ਧਰਤੀ ਦੇ ਮਨੁੱਖ ਇਹ ਲੋਕ, ਅਨਿਆਏ ਅਤੇ ਜ਼ੁਲਮ ਤੋਂ ਸਹਿਮੇ ਹੋਏ, ਗਰੀਬੀ ਤੋਂ ਘਬਰਾਏ ਹੋਏ, ਰੱਜ ਰੋਟੀ ਦੀ ਮੰਗ ਲੈ ਕੇ, ਸਾਡੇ ਦਰਵਾਜ਼ੇ ਤੇ ਆਸ ਲਾਈ ਬੈਠੇ ਹਨ।

ਉਨ੍ਹਾਂ ਬੜੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ, ਕੌੜੀ ਸਚਾਈ ਹੈ ਕਿ ਵੋਟਾਂ ਦੀ ਖਾਤਰ ਇਨ੍ਹਾਂ ਦੇ ਸਾਹਮਣੇ ਇਨ੍ਹਾਂ ਲਈ ਮਗਰਮੱਛ ਦੇ ਅਥਰੂ ਭੀ ਵਹਾਏ ਜਾਂਦੇ ਹਨ, ਪਰ ਜਾਗਰਤ ਹੋਕੇ ਇਹ ਗੱਲ ਸੋਚਣ ਦੀ ਲੋੜ ਹੈ, ਕਿ ਜਿਸ ਸਿਆਸਤ ਨੇ ਪੰਜਾਬ ਦਾ ਗੁਰੂਆਂ ਦੀ ਧਰਤੀ ਅਤੇ ਸਿੱਖ ਸਟੇਟ ਹੋਣ ਦਾ ਮਾਣ ਨਹੀਂ ਰਹਿਣ ਦਿੱਤਾ, ਅੱਜ ਹਰ ਸਿਆਸੀ ਕੁਰਸੀ ‘ਤੇ ਬੈਠਣ ਵਾਲਾ ਗੈਰ ਸਿੱਖ ਵੋਟ ਦਾ ਸਹਾਰਾ ਲੈ ਰਿਹਾ ਹੈ, ਹੋਰ ਤੇ ਹੋਰ ਧਰਮ ਖੇਤਰ ਵਿਚ ਭੀ, ਤਾਂ ਇਨ੍ਹਾਂ ਕੋਲੋਂ ਸਿੱਖੀ ਦੇ ਭਵਿੱਖ ਦੀ, ਕੀ ਆਸ ਰੱਖੀ ਜਾ ਸਕਦੀ ਹੈ?

ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਕਿਹਾ ਕਿ ਅੱਜ ਲੋੜ ਹੈ, ਪੰਜਾਬ ਨੂੰ ਗੁਰੂਆਂ ਦੀ ਧਰਤੀ ਜਾਂ ਸਿੱਖ ਸਟੇਟ ਸਾਬਿਤ ਕਰਨ ਲਈ, ਹਰ ਸਿੱਖ ਨੂੰ “ਇਕਾ ਬਾਣੀ ਇਕ ਗੁਰੁ ਇਕੋ ਸਬਦੁ ਵਿਚਾਰ” ਵਿੱਚ ਰਹਿਕੇ, ਸਿੱਖ ਸਰੂਪ ਅਤੇ ਸਿੱਖ ਸਿਧਾਂਤ ਦਾ ਪਹਿਰੇਦਾਰ ਬਣਨਾ ਪਵੇਗਾ। ਪੰਜਾਬ ਸ਼ੇਰਾਂ ਦੀ ਧਰਤੀ ਹੈ, ਜਦੋਂ ਇਥੋਂ ਦਾ ਵਸਨੀਕ ਸਿੰਘ ਬਣਕੇ ਵਿਚਰੇਗਾ, ਭੇਡਾਂ ਆਪੇ ਹੀ ਨਹੀਂ ਦਿਸਣਗੀਆਂ, ਫਿਰ ਵੋਟ ਬੈਂਕ ਦੇ ਲੋੜਵੰਦ ਭੀ ਸਿੱਖੀ ਲਈ ਸੋਚਣ ਵਾਸਤੇ ਮਜਬੂਰ ਹੋਣਗੇ। ਇਉਂ ਹੀ ਸਿੱਖੀ ਦਾ ਭਵਿੱਖ ਬਚਾਇਆ ਜਾ ਸਕਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top