Share on Facebook

Main News Page

ਕੁਰਸੀ ਬਦਲੇ ਬਾਦਲ ਨੇ ਸਿੱਖਾਂ ਦੀ ਜ਼ਮੀਰ ਮਾਰ ਦਿੱਤੀ ਹੈ: ਬਲਦੇਵ ਸਿੰਘ ਸਿਰਸਾ

* ਅਡਵਾਨੀ ਅਤੇ ਇਸ ਦੀ ਮੁੱਖ ਪਾਰਟੀ ਆਰਐੱਐੱਸ/ਭਾਜਪਾ ਦੀਆਂ ਨੀਤੀਆਂ ਨੂੰ ਵੇਖਦੇ ਹੋਏ ਜੇ ਘੱਟਗਿਣਤੀ ਕੌੰਮਾਂ ਮੁਸਲਮਾਨ, ਸਿੱਖ, ਈਸਾਈਆਂ ਨੇ ਭਾਰਤ ਵਿੱਚ ਆਪਣੀ ਹੋਂਦ ਬਚਾਉਣੀ ਹੈ ਤਾਂ ਉਨ੍ਹਾਂ ਨੂੰ ਇੱਕ ਪਲੇਟਫਾਰਮ ’ਤੇ ਇਕੱਠੇ ਹੋ ਕੇ ਇਸ ਫਾਸ਼ੀਵਾਦੀ ਪਾਰਟੀ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ

ਬਠਿੰਡਾ, 13 ਨਵੰਬਰ (ਕਿਰਪਾਲ ਸਿੰਘ): ਕੁਰਸੀ ਬਦਲੇ ਬਾਦਲ ਨੇ ਸਿੱਖਾਂ ਦੀ ਜ਼ਮੀਰ ਮਾਰ ਦਿੱਤੀ ਹੈ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਵਿਸ਼ੇਸ਼ ਸਕੱਤਰ ਭਾਈ ਬਲਦੇਵ ਸਿੰਘ ਸਿਰਸਾ ਨੇ ਅਕਾਲੀ ਦਲ ਬਾਦਲ ਦੇ ਆਗੂਆਂ ਨੂੰ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੀ ਜਨ ਚੇਤਨਾ ਰੈਲੀ ਦੇ ਬਠਿੰਡਾ ਵਿਖੇ ਪਹੁੰਚਣ ’ਤੇ ਸਵਾਗਤ ਲਈ ਪੱਬਾਂ ਭਾਰ ਹੋਇਆਂ ਨੂੰ ਵੇਖ ਕੇ ਕਹੇ। ਉਨ੍ਹਾਂ ਕਿਹਾ ਇਹ ਉਹ ਅਡਵਾਨੀ ਹੈ ਜਿਸ ਦੀ ਪਾਰਟੀ ਨੇ ਪੰਜਾਬੀ ਸੂਬੇ ਦੀ ਮੰਗ ਅਤੇ ਉਸ ਪਿੱਛੋਂ ਪੰਜਾਬ ਦੀ ਹਰ ਮੰਗ ਦਾ ਵਿਰੋਧ ਕੀਤਾ ਜਿਸ ਕਾਰਣ ਕੇਂਦਰ ਦੀ ਸਰਕਾਰ ਨੂੰ ਪੰਜਾਬ ਅਤੇ ਪੰਥ ਲਈ ਹਰ ਅਨਿਆਂ ਕਰਨ ਲਈ ਹੋਰ ਬਲ ਮਿਲਿਆ। ਇਨ੍ਹਾਂ ਮੰਗਾਂ ਦੀ ਪੂਰਤੀ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਧਰਮ ਯੁਧ ਮੋਰਚਾ ਲਾਉਣਾ ਪਿਆ ਪਰ ਅਡਵਾਨੀ ਦੀ ਜਨਸੰਘ ਪਾਰਟੀ ਵਲੋਂ ਉਸ ਦਾ ਜਬਰਦਸਤ ਵਿਰੋਧ ਕੀਤਾ ਗਿਆ ਜਿਸ ਕਾਰਣ ਹਾਲਾਤ ਨੀਲਾ ਤਾਰਾ ਸਾਕਾ ਵਰਤਾਉਣ ਤੱਕ ਪਹੁੰਚਾਉਣ’ਚ ਇਸ ਨੇ ਆਪਣਾ ਪੂਰਾ ਯੋਗਦਾਨ ਪਾਇਆ।

ਆਪਣੀ ਕਿਤਾਬ ‘ਮਾਈ ਕੰਟਰੀ ਮਾਈ ਲਾਈਫ’ ਵਿਚ ਅਡਵਾਨੀ ਨੇ ਬੜੇ ਬੇਸ਼ਰਮੀ ਭਰੇ ਮਾਣ ਨਾਲ ਕਿਹਾ ਹੈ ਕਿ ਜੂਨ 1984 ਵਿਚ ਸ੍ਰੀ ਹਰਿਮੰਦਰ ਸਾਹਿਬ ’ਤੇ ਭਾਰਤ ਸਰਕਾਰ ਦੀ ਫੌਜੀ ਕਾਰਵਾਈ ਵਿੱਚ ਉਸ ਦਾ ਹੀ ਹੱਥ ਸੀ, ਜਿਸ ਸਦਕਾ ਅਕਾਲ ਤਖਤ ਸਾਹਿਬ ਨੂੰ ਢਾਹ ਦਿੱਤਾ ਗਿਆ ਸੀ, ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਸ਼ਰਧਾਲੂ ਮਾਰੇ ਗਏ ਸੀ। ਇਸ ਤੋਂ ਬਾਅਦ ਸਿੱਖਾਂ ਦੇ ਖਿਲਾਫ ਸਮੁੱਚੇ ਭਾਰਤ ਵਿਚ ਹਿੰਸਾ ਦੀ ਲਹਿਰ ਚੱਲੀ। ਇਸ ਦੇ ਰੋਸ ਵਜੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਜਿਸ ਨੇ ਸਿੱਖ ਵਿਰੋਧੀ ਹਿੰਦੂਤਵੀ ਤਾਕਤਾਂ ਨੇ ਦਿੱਲੀ ਅਤੇ ਹੋਰਨਾ ਸ਼ਹਿਰਾਂ ਵਿੱਚ ਸਿੱਖਾਂ ਦਾ ਬੇਰਹਿਮੀ ਨਾਲ ਸਮੂਹਿਕ ਕਤਲੇਆਮ ਕਰਨ ਦਾ ਮੌਕਾ ਮੁਹੱਈਆ ਕਰਵਾਇਆ। ਇੱਕ ਦਹਾਕੇ ਤੋਂ ਵੀ ਵਧ ਸਮਾਂ ਸਿੱਖਾਂ ਵਿਰੁੱਧ ਹਿੰਸਾ ਦੀ ਲਹਿਰ ਜਾਰੀ ਰਹੀ। ਇਸ ਤਰ੍ਹਾਂ ਸਿੱਖਾਂ ਦੇ ਕਤਲੇਆਮ ਲਈ ਮੁਖ ਤੌਰ ’ਤੇ ਅਡਵਾਨੀ ਅਤੇ ਇਸ ਦੀ ਪਾਰਟੀ ਹੀ ਜਿੰਮੇਵਾਰ ਹੈ। ਭਾਈ ਸਿਰਸਾ ਨੇ ਕਿਹਾ ਕਿ ਅਡਵਾਨੀ ਵਰਗੇ ਬੰਦੇ ਨੂੰ ਪੰਜਾਬ ਵਿੱਚ ਪੈਰ ਧਰਨ ਦੀ ਇਜ਼ਾਜਤ ਨਹੀਂ ਦੇਣੀ ਚਾਹੀਦੀ ਸੀ ਪਰ ਜਿਸ ਤਰ੍ਹਾਂ ਕੁਰਸੀ ਦੀ ਖ਼ਾਤਰ ਬਾਦਲ ਨੇ ਸਿੱਖਾਂ ਦੀ ਜ਼ਮੀਰ ਮਾਰ ਦਿੱਤੀ ਹੈ ਉਸ ਦਾ ਨਮੂਨਾ ਇਹ ਸੀ ਕਿ ਬਾਦਲ ਦਲ ਦੇ ਆਗੂ ਅਡਵਾਨੀ ਦੇ ਸਵਾਗਤ ਲਈ ਫੁੱਲਾਂ ਦੇ ਹਾਰ ਚੁੱਕੀ ਨੱਠੇ ਫਿਰਦੇ ਸਨ।

ਭਾਈ ਸਿਰਸਾ ਨੇ ਕਿਹਾ ਅਡਵਾਨੀ ਨੇ ਸਿਰਫ ਸਿੱਖਾਂ ਦਾ ਹੀ ਨੁਕਸਾਨ ਨਹੀਂ ਕਰਵਾਇਆ ਬਲਕਿ ਹਰ ਧਾਰਮਿਕ ਘੱਟਗਿਣਤੀਆਂ ਦੇ ਖਿਲਾਫ ਹਿੰਸਾ ਨੂੰ ਭੜਕਾਉਣਾ ਦਾ ਉਸ ਦਾ ਇਤਿਹਾਸ ਰਿਹਾ ਹੈ। 1992 ਵਿਚ ਅਡਵਾਨੀ ਦੀ ਰੱਥ ਯਾਤਰਾ ਦਾ ਹੀ ਸਿੱਟਾ ਸੀ ਜਿਸ ਦੇ ਕਾਰਨ ਬਾਬਰੀ ਮਸਜਿਦ ਢਾਹ ਦਿੱਤੀ ਗਈ ਸੀ ਤੇ 2002 ਵਿਚ ਗੁਜਰਾਤ ਵਿਚ ਮੁਸਲਮਾਨਾਂ ਦੀਆਂ ਹਤਿਆਵਾਂ ਹੋਈਆਂ। 2008 ਵਿਚ ਇਸਾਈਆਂ ਦੇ ਕਤਲੇਆਮ ਲਈ ਉਸ ਦੀ ਪਾਰਟੀ ਹੀ ਜ਼ਿੰਮੇਵਾਰ ਹੈ। ਭਾਈ ਸਿਰਸਾ ਨੇ ਕਿਹਾ ਕਿ ਅਡਵਾਨੀ ਅਤੇ ਇਸ ਦੀ ਮੁੱਖ ਪਾਰਟੀ ਆਰਐੱਐੱਸ/ਭਾਜਪਾ ਦੀਆਂ ਨੀਤੀਆਂ ਨੂੰ ਵੇਖਦੇ ਹੋਏ ਜੇ ਘੱਟਗਿਣਤੀ ਕੌੰਮਾਂ ਮੁਸਲਮਾਨ, ਸਿੱਖ, ਈਸਾਈਆਂ ਨੇ ਭਾਰਤ ਵਿੱਚ ਆਪਣੀ ਹੋਂਦ ਬਚਾਉਣੀ ਹੈ ਤਾਂ ਉਨ੍ਹਾਂ ਨੂੰ ਇੱਕ ਪਲੇਟਫਾਰਮ ’ਤੇ ਇਕੱਠੇ ਹੋ ਕੇ ਇਸ ਫਾਸ਼ੀਵਾਦੀ ਪਾਰਟੀ ਦਾ ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top