Share on Facebook

Main News Page

ਭਾਈ ਜਗਤਾਰ ਸਿੰਘ ਹਵਾਰਾ ਨੂੰ ‘ਬਾਜ ਸਿੰਘ ਐਵਾਰਡ’ ਦੇਣ ਦਾ ਐਲਾਨ

ਨਿਊਯਾਰਕ ਵਿਚ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਦੀ ਇਕ ਮੀਟਿੰਗ ਵਿਚ ਸਿੱਖ ਕੌਮ ਦੇ ਮਹਾਨ ਯੋਧੇ ਭਾਈ ਜਗਤਾਰ ਸਿੰਘ ਹਵਾਰਾ ਨੂੰ ‘ਬਾਜ ਸਿੰਘ ਐਵਾਰਡ’ ਦੇਣ ਦਾ ਫੈਸਲਾ ਕੀਤਾ ਗਿਆ ਹੈ। ਮੀਟਿੰਗ ਉਪਰੰਤ ਜਾਰੀ ਇਸ ਬਿਆਨ ਵਿਚ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਦੇ ਆਗੂਆਂ ਭਾਈ ਟਹਿਲ ਸਿੰਘ, ਭਾਈ ਰਾਜਿੰਦਰ ਸਿੰਘ, ਭਾਈ ਗੁਰਭਾਗ ਸਿੰਘ, ਭਾਈ ਅਜੀਤ ਸਿੰਘ ਆਦਿ ਨੇ ਕਿਹਾ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਅਜੋਕੇ ਸਮੇਂ ਦਾ ‘ਭਾਈ ਬਾਜ ਸਿੰਘ’ ਹੀ ਹੈ, ਜਿਸਨੇ 11 ਨਵੰਬਰ ਨੂੰ ਚੰਡੀਗੜ੍ਹ ਵਿਖੇ ਇਕ ਹਿੰਦੂ ਜਥੇਬੰਦੀ ਦੇ ਕੁਝ ਕਾਰਕੁੰਨਾਂ ਵੱਲੋਂ ਹਮਲਾ ਕੀਤੇ ਜਾਣ ਮੌਕੇ ‘ਭਾਈ ਬਾਜ ਸਿੰਘ’ ਵਾਲੀ ਬਹਾਦਰੀ ਮੁੜ ਤੋਂ ਵਿਖਾਈ ਹੈ।

ਇਤਿਹਾਸ ਵਿਚੋਂ ਹਵਾਲਾ ਦਿੰਦਿਆਂ ਇਨ੍ਹਾਂ ਆਗੂਆਂ ਨੇ ਕਿਹਾ ਕਿ ਜਦੋਂ 1716 ਈ. ਵਿਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਉਸ ਵੇਲੇ ਦੇ ਮੁਗਲ ਬਾਦਸ਼ਾਹ ਫਰੁਖਸੀਅਰ ਨੇ ਭਾਈ ਬਾਜ ਸਿੰਘ ਦੀ ਬਹਾਦਰੀ ਨੂੰ ਵੰਗਾਰਿਆ ਸੀ, ਤਾਂ ਭਾਈ ਬਾਜ ਸਿੰਘ ਨੇ ਫਰੁਖਸੀਅਰ ਨੂੰ ਹੱਥਕੜੀਆਂ ਖੋਲ੍ਹਕੇ ਦੋ ਹੱਥ ਕਰਨ ਲਈ ਲਲਕਾਰਿਆ ਸੀ। ਜਦੋਂ ਫਰੁਖਸੀਅਰ ਨੇ ਇਹ ਸਮਝਕੇ ਭਾਈ ਬਾਜ ਸਿੰਘ ਦੀਆਂ ਹੱਥਕੜੀਆਂ ਖੋਲ੍ਹਣ ਦਾ ਐਲਾਨ ਕੀਤਾ, ਕਿ ਕਈ ਮਹੀਨਿਆਂ ਤੋਂ ਭੁੱਖਾ ਭਾਈ ਬਾਜ ਸਿੰਘ ਕਿੰਨੀ ਕੁ ਦਲੇਰੀ ਵਿਖਾ ਸਕੇਗਾ ਤਾਂ ਹੱਥਕੜੀਆਂ ਖੁੱਲ੍ਹਣ ਦੀ ਦੇਰ ਸੀ ਕਿ ਭਾਈ ਬਾਜ ਸਿੰਘ ਨੇ ਬਿਜਲੀ ਦੀ ਫੁਰਤੀ ਨਾਲ ਇਕ ਮੁਗਲ ਸਿਪਾਹੀ ਕੋਲੋਂ ਉਸਦੀ ਤਲਵਾਰ ਖੋਹਕੇ 7 ਮੁਗਲ ਸਿਪਾਹੀ ਝਟਕਾ ਦਿਤੇ। ਭਾਈ ਬਾਜ ਸਿੰਘ ਦੀ ਇਸ ਫੁਰਤੀ ਤੋਂ ਘਬਰਾਏ ਫਰੁਖਸੀਅਰ ਨੇ ਉਸਨੂੰ ਤੁਰੰਤ ‘ਸ਼ਹੀਦ ਕਰਨ’ ਦਾ ਹੁਕਮ ਦੇ ਦਿਤਾ ਸੀ।

ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਦੇ ਆਗੂਆਂ ਨੇ ਕਿਹਾ ਕਿ ਇਹੀ ਫੁਰਤੀ ਸਿੱਖ ਕੌਮ ਨੂੰ 11 ਨਵੰਬਰ 2011 ਨੂੰ ਚੰਡੀਗੜ੍ਹ ਵਿਚ ਉਦੋਂ ਨਜ਼ਰ ਆਈ, ਜਦੋਂਕਿ ਦਿੱਲੀ ਦੀ ਤਿਹਾੜ ਜੇਲ੍ਹ ਵਿਚੋਂ ਚੰਡੀਗੜ੍ਹ ਪੇਸ਼ੀ ਤੇ ਲਿਆਂਦੇ ਸਿੱਖ ਕੌਮ ਦੇ ਮਹਾਨ ਯੋਧਿਆਂ ਭਾਈ ਜਗਤਾਰ ਸਿੰਘ ਹਵਾਰਾ ਤੇ ਭਾਈ ਪਰਮਜੀਤ ਸਿੰਘ ਭਿਉਰਾ ਉਪਰ ਹਿੰਦੂ ਸੁਰੱਕਸ਼ਾ ਸਮਿਤੀ ਦੇ ਕੁਝ ਕਾਰਕੁੰਨਾਂ ਨੇ ਹਮਲਾ ਕੀਤਾ। ਇਸ ਮੌਕੇ ਇਤਿਹਾਸ ਦੇ ਪੰਨਿਆਂ ਨੂੰ ਮੁੜ ਤੋਂ ਰੌਸ਼ਨ ਕਰਦਿਆਂ ਜਿਥੇ ਭਾਈ ਜਗਤਾਰ ਸਿੰਘ ਹਵਾਰਾ ਨੇ ਹਿੰਦੂ ਸੁਰੱਕਸ਼ਾ ਸਮਿਤੀ ਦੇ ਕਾਰਕੁੰਨਾਂ ਨੂੰ ਕਰਾਰਾ ਜਵਾਬ ਦਿਤਾ, ਉਥੇ ਭਾਰਤੀ ਹਕੂਮਤ ਨੂੰ ਇਹ ਸੁਨੇਹਾ ਵੀ ਦਿਤਾ ਕਿ ‘ਸਿੰਘਾਂ ਨੂੰ ਲਲਕਾਰਨ ਵਾਲਿਆਂ ਦੀ ਇਸੇ ਤਰ੍ਹਾਂ ਹੀ ਭੁਗਤ ਸਵਾਰੀ ਜਾਵੇਗੀ’! ਭਾਈ ਜਗਤਾਰ ਸਿੰਘ ਹਵਾਰਾ ਤੇ ਭਾਈ ਪਰਮਜੀਤ ਸਿੰਘ ਭਿਉਰਾ ਦੀ ਬਹਾਦਰੀ ਦੀ ਪ੍ਰਸ਼ੰਸਾ ਕਰਦਿਆਂ ਇਨ੍ਹਾਂ ਆਗੂਆਂ ਨੇ ਕਿਹਾ ਹੈ ਕਿ ਇਹ ਸਿੰਘ ਸਿੱਖ ਕੌਮ ਦੇ ਅਨਮੋਲ ਹੀਰੇ ਹਨ, ਜਿਨ੍ਹਾਂ ਅਜੋਕੇ ਸਮੇਂ ਵਿਚ ਸਿੱਖ ਕੌਮ ਦੀ ਅਣਖ-ਇੱਜ਼ਤ ਨੂੰ ਬਰਕਰਾਰ ਰੱਖਿਆ ਹੋਇਆ ਹੈ।

ਸੰਨ 1995 ਵਿਚ ਹਜ਼ਾਰਾਂ ਸਿੱਖਾਂ ਦੇ ਕਾਤਲ ਪੰਜਾਬ ਦੇ ਜ਼ਾਲਮ ਮੁੱਖਮੰਤਰੀ ਬੇਅੰਤ ਸਿੰਘ ਨੂੰ ਸੋਧਣ ਦਾ ਇਨ੍ਹਾਂ ਸਿੰਘਾਂ ਦਾ ਕਾਰਨਾਮਾ ਸਿੱਖ ਇਤਿਹਾਸ ਦੀ ਅਹਿਮ ਘਟਨਾ ਹੈ, ਜਦੋਂਕਿ ਲਗਭਗ 300 ਸਾਲ ਦੇ ਵਕਫੇ ਮਗਰੋਂ ਕਿਸੇ ਸੂਬੇਦਾਰ ਨੂੰ ਸਿੰਘਾਂ ਵੱਲੋਂ ਸੋਧੇ ਜਾਣ ਦਾ ਇਤਿਹਾਸ ਮੁੜ ਤੋਂ ਦੁਹਰਾਇਆ ਗਿਆ ਸੀ। ਇਸ ਤੋਂ ਪਹਿਲਾਂ ਸੰਨ 1710 ਵਿਚ ਭਾਈ ਬਾਜ ਸਿੰਘ ਤੇ ਭਾਈ ਫਤਿਹ ਸਿੰਘ ਨੇ ਚੱਪੜਚਿੜੀ ਦੇ ਮੈਦਾਨ ਵਿਚ ਸਾਹਿਬਜ਼ਾਦਿਆਂ ਸਮੇਤ ਸੈਂਕੜੇ ਸਿੱਖਾਂ ਦੇ ਕਾਤਲ ਸਰਹਿੰਦ ਦੇ ਸੂਬੇਦਾਰ ਵਜੀਦ ਖਾਂ ਨੂੰ ਮੌਤ ਦੇ ਘਾਟ ਉਤਾਰਿਆ ਸੀ। ਉਸ ਵੇਲੇ ਇਤਿਹਾਸ ਦਾ ਇਹ ਪੰਨਾ ਭਾਈ ਬਾਜ ਸਿੰਘ ਤੇ ਭਾਈ ਫਤਿਹ ਸਿੰਘ ਰਾਹੀਂ ਰੌਸ਼ਨ ਹੋਇਆ ਸੀ, ਜਦਕਿ ਹੁਣ ਇਸਦਾ ਸਿਹਰਾ ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਉਰਾ, ਭਾਈ ਦਿਲਾਵਰ ਸਿੰਘ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਆਦਿ ਸਿੰਘਾਂ ਨੂੰ ਜਾਂਦਾ ਹੈ, ਜਿਨ੍ਹਾਂ ਨੇ ਪਾਪੀ ਬੇਅੰਤੇ ਦਾ ਭੋਗ ਪਾ ਕੇ ਸਿੱਖਾਂ ਦੀ ਡਿੱਗੀ ਪੱਗ ਨੂੰ ਮੂੜ ਤੋਂ ਸਿਰ ਤੇ ਰੱਖਿਆ।

ਇਨ੍ਹਾਂ ਸਮੂਹ ਸਿੰਘਾਂ ਦੀ ਬਹਾਦਰੀ ਨੂੰ ਪ੍ਰਣਾਮ ਕਰਦਿਆਂ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਦੇ ਸਮੂਹ ਆਗੂਆਂ ਨੇ ਇਹ ਐਲਾਨ ਕੀਤਾ ਹੈ ਕਿ ਉਹ ਭਾਈ ਜਗਤਾਰ ਸਿੰਘ ਹਵਾਰਾ ਦੇ ਪਰਿਵਾਰਕ ਮੈਂਬਰਾਂ ਨੂੰ ‘ਬਾਜ ਸਿੰਘ ਐਵਾਰਡ’ ਨਾਲ ਸਨਮਾਨਤ ਕਰਨਗੇ। ਇਹ ਐਵਾਰਡ ਸੁਸਾਇਟੀ ਵੱਲੋਂ ਭਾਈ ਜਗਤਾਰ ਸਿੰਘ ਹਵਾਰਾ ਦੇ ਪਰਿਵਾਰਕ ਮੈਂਬਰਾਂ ਨੂੰ ਜਲਦੀ ਹੀ ਦਿਤਾ ਜਾਵੇਗਾ। ਇਸ ਮੌਕੇ ਜਥੇਬੰਦੀ ਦੇ ਕੁਝ ਹੋਰ ਅਹੁਦੇਦਾਰ ਵੀ ਹਾਜ਼ਰ ਸਨ, ਜਿਨ੍ਹਾਂ ਵਿਚ ਕੁਲਦੀਪ ਸਿੰਘ ਨਿਊਜਰਸੀ, ਅਵਤਾਰ ਸਿੰਘ, ਸੁਰਜੀਤ ਸਿੰਘ ਕੁਲਾਰ, ਕੁਲਦੀਪ ਸਿੰਘ, ਲਾਲ ਸਿੰਘ, ਸਤਪ੍ਰਕਾਸ਼ ਸਿੰਘ, ਅਮਰੀਕ ਸਿੰਘ, ਚਰਨਜੀਤ ਸਿੰਘ ਸਮਰਾ, ਦਰਬਾਰਾ ਸਿੰਘ, ਪਰਮਜੀਤ ਸਿੰਘ ਹਰਿਆਣਾ, ਸੁਖਵੀਰ ਸਿੰਘ ਸੁੱਖਾ, ਨਰਦੀਪ ਸਿੰਘ, ਓਂਕਾਰ ਸਿੰਘ, ਬੁੱਧ ਸਿੰਘ ਖੇੜਾ, ਸਤਨਾਮ ਸਿੰਘ ਖੇੜਾ, ਅਮਰਜੀਤ ਸਿੰਘ, ਸਤਨਾਮ ਸਿੰਘ, ਗੁਰਦੀਪ ਸਿੰਘ ਵਿੱਕੀ, ਕਸ਼ਮੀਰ ਸਿੰਘ, ਮਨਜੀਤ ਸਿੰਘ, ਵਰਿੰਦਰ ਸਿੰਘ, ਦਲੀਪ ਸਿੰਘ, ਨਿਰਮਲ ਸਿੰਘ ਖਾਲਸਾ, ਦੇਸਰਾਜ ਸਿੰਘ, ਨਸੀਬ ਸਿੰਘ ਹਰਿਆਣਾ, ਬਲਰਾਜ ਸਿੰਘ, ਦਰਸ਼ਨ ਸਿੰਘ, ਪਰਮਿੰਦਰ ਸਿੰਘ ਧਾਲੀਵਾਲ, ਵੀਰ ਸਿੰਘ ਮਾਂਗਟ, ਗੁਰਚਰਨ ਸਿੰਘ, ਇੰਦਰਜੀਤ ਸਿੰਘ ਧਾਲੀਵਾਲ, ਕੁਲਦੀਪ ਸਿੰਘ ਭੋਗਲ, ਲਖਵਿੰਦਰ ਸਿੰਘ ਸਲੇਮਪੁਰ, ਰਘਬੀਰ ਸਿੰਘ ਦਸੂਹਾ, ਜਤਿੰਦਰ ਸਿੰਘ ਤੇ ਅਮਰਿੰਦਰ ਸਿੰਘ ਆਦਿ ਸ਼ਾਮਲ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top