Share on Facebook

Main News Page

ਮੈਂ ਨਾ ਗਨੇਸ਼ਹਿ ਪ੍ਰਿਥਮ ਮਨਾਉ ...” ਦੇ ਪਿੱਛੇ ਅਸਲ ਸਾਜਸ਼ ਸਿੱਖਾਂ ਨੂੰ ਅਕਾਲਪੁਰਖ ਨਾਲੋਂ ਤੋੜ ਕੇ ਮਦਿਰਾ ਤੇ ਭੰਗ ਛੱਕਣ ਵਾਲੇ ਮਹਾਂਕਾਲ ਨਾਲ ਜੋੜਨ ਦੀ: ਸ. ਸੁਰਿੰਦਰ ਸਿੰਘ ਫ਼ਰੀਦਾਬਾਦ

13 ਨਵੰਬਰ 2011 ( ਸਤਨਾਮ ਕੌਰ ਫ਼ਰੀਦਾਬਾਦ)

ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇਥੇ ਕਾਲਾ ਦਿਵਸ ਮਨਾਉਂਦਿਆਂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ (ਬੱਚਿਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ ਦੇ ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਫ਼ਰੀਦਾਬਾਦ ਨੇ ਕੀਤਾ। ਉਨ੍ਹਾਂ ਦਸਿਆ ਕਿ ਕਿਸ ਤਰ੍ਹਾਂ ਅਖੌਤੀ ਦਸਮ ਗ੍ਰੰਥ ਦੇ ਹਮਾਇਤੀ ਝੂਠ ਤੇ ਕੁਫਰ ਤੋਲ ਕੇ ਸਿੱਖ ਸੰਗਤਾਂ ਨੂੰ ਗੁਮਰਾਹ ਕਰਦੇ ਹਨ । ਉਨ੍ਹਾਂ ਜਾਣਕਾਰੀ ਦਿੰਦਿਆ ਕਿਹਾ ਕਿ ਅਖੌਤੀ ਦਸਮ ਗ੍ਰੰਥ ਵਿਚੋਂ ਇਕ-ਦੋ ਪੰਗਤੀਆਂ ਸੁਣਾ ਕੇ ਇਹ ਸਾਬਤ ਕਰਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਹ ਸਾਕਤ ਮਤੀਏ ਦੇਵੀ ਪੂਜਕ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਹੈ।

ਉਨ੍ਹਾਂ ਕਿਹਾ ਕਿ ਅਕਸਰ ਸਿੱਖਾਂ ਨੂੰ ਗੁਮਰਾਹ ਕਰਨ ਲਈ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਦੇ 24 ਅਵਤਾਰ ਦੇ ਕ੍ਰਿਸ਼ਨ ਅਵਤਾਰ ਵਿਚੋਂ “ਮੈਂ ਨਾ ਗਨੇਸ਼ਹਿ ਪ੍ਰਿਥਮ ਮਨਾਉ ...” ਦੀਆਂ ਅਧੂਰੀਆਂ ਪੰਗਤੀਆਂ ਸੁਣਾ ਕੇ ਇਸ ਨੂੰ ਗੁਰੂ ਦੀ ਮਤਿ ਨਾਲ ਜੋੜਨ ਦਾ ਕੋਝਾ ਜਤਨ ਕਰ ਕੇ ਸਿੱਖ ਸੰਗਤਾਂ ਨੂੰ ਗੁਮਰਾਹ ਕੀਤਾ ਜਾਂਦਾ ਹੈ ਜਦਕਿ ਇਸ ਪਿੱਛੇ ਅਸਲ ਸੱਚਾਈ ਸਿੱਖਾਂ ਨੂੰ ਮਹਾਂਕਾਲ ਰੂਪੀ ਦੇਵਤੇ ਨਾਲ ਜੋੜਨ ਦੀ ਹੁੰਦੀ ਹੈ ਜਿਸ ਦਾ ਸਿੱਖ ਬਣਨ ਲਈ ਮਦਿਰਾ ਤੇ ਸ਼ਰਾਬ ਪੀਣੀ ਜ਼ਰੂਰੀ ਹੈ ਅਤੇ ਇਹ ਸਭ ਕੁਝ ਅਖੌਤੀ ਦਸਮ ਗ੍ਰੰਥ ਵਿਚ ਸਪਸ਼ਟ ਲਿਖਿਆ ਹੈ। ਉਨ੍ਹਾਂ ਦਸਿਆ ਕਿ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਵਿਚ 24 ਅਵਤਾਰ ਵਿਚੋਂ ਕ੍ਰਿਸ਼ਨ ਅਵਤਾਰ 309 ਤੋਂ 570 ਪੰਨਾ ਤਕ ਦਰਜ਼ ਹੈ ਜੋ ਕਿ ਭਾਗਵਤ ਪੁਰਾਣ ਦੇ ਦਸਮ ਸਕੰਧ ਅਰਥਾਤ ਦਸਵੇਂ ਅਧਿਆਇ ਦੀ ਕਥਾ ਹੈ।

ਕਵੀ ਲਿਖਦਾ ਹੈ ਕਿ ਮੈ ਗਨੇਸ਼ ਕਿਸ਼ਨ ਬਿਸ਼ਨ ਨਹੀਂ ਧਿਆਉਂਦਾ ਕੰਨਾਂ ਨਾਲ ਸੁਣੇ ਹਨ ਪਰ ਪਛਾਣਦਾ ਨਹੀਂ । ਬੜੀ ਹੈਰਾਨੀ ਦੀ ਗੱਲ ਹੈ ਜਦ ਕਵੀ ਕਿਸ਼ਨ ਬਿਸ਼ਨ ਧਿਆਉਂਦਾ ਹੀ ਨਹੀਂ ਹੈ ਤਾਂ ਉਸ ਦੀ ਉਸਤਤਿ ਵਿਚ ਕ੍ਰਿਸ਼ਨ ਅਵਤਾਰ ਲਿਖ ਕੇ ਇੰਨੇ ਸਾਰੇ ਪੰਨੇ ਕਾਲੇ ਕਿਉਂ ਕੀਤੇ ਹਨ ? ਫਿਰ ਕ੍ਰਿਸ਼ਨ ਅਵਤਾਰ ਇੰਨੇ ਵਿਸਤਾਰ ਨਾਲ ਕਿਉਂ ਲਿਖ ਰਿਹਾ ਹੈ? ਖੈਰ ਇਹ ਸਭ ਤਾਂ ਕਵੀ ਹੀ ਜਾਣੇ। ਆਪਣੇ ਇਸ਼ਟ ਦਾ ਸਰੂਪ ਬਿਆਨ ਕਰਦਾ ਕਵੀ ਲਿਖਦਾ ਹੈ, ਹੇ ਮਹਾਕਾਲ ! ਤੂੰ ਹੀ ਸਾਡਾ ਰਖਵਾਲਾ ਹੈ, ਹੇ ਮਹਾਂ ਲੋਹ ! ਮੈਂ ਤੇਰਾ ਸੇਵਕ ਹਾਂ, ਮੇਰੀ ਲਿਵ ਤੇਰੇ ਚਰਨਾਂ ਵਿਚ ਲਗੀ ਹੈ, ਮੈਨੂੰ ਅਪਣਾ ਸਮਝ, ਮੇਰੀ ਰਖਿਆ ਕਰ, ਮੇਰੀ ਬਾਂਹ ਫੜ ਸਭ ਤੋਂ ਪਹਿਲਾਂ ਮੈਂ ਭਗਵਤੀ ਦਾ ਧਿਆਨ ਧਰਦਾ ਹਾਂ ਅਤੇ ਫਿਰ ਕਈ ਤਰ੍ਹਾਂ ਦੀ ਕਵਿਤਾ ਲਿਖਦਾ ਹੈ ਜਿਤਨੀ ਕੁ ਮੇਰੀ ਅਕਲ ਹੈ ਉਸ ਮੁਤਾਬਕ ਕ੍ਰਿਸ਼ਨ ਚਰਿਤਰ ਉਚਾਰਦਾ ਹਾਂ ਜੇ ਕਿਤੇ ਕੋਈ ਭੁੱਲ ਹੋ ਗਈ ਹੋਵੇ ਤਾਂ ਹੇ ਮੇਰੇ ਸਾਥੀਓ ਕਵੀ ਜਨੋ ਆਪੇ ਸੁਧਾਰ ਕਰ ਲੈਣਾ।

ਕਵੀ ਕਬੂਲ ਕਰਦਾ ਹੈ ਕਿ ਉਹ ਭੁਲਣਹਾਰ ਹੈ ਪਰ ਅਸੀਂ ਦਸਵੇਂ ਨਾਨਕ ਨੂੰ ਭੁਲਣਹਾਰ ਨਹੀਂ ਮੰਨ ਸਕਦੇ ਗੁਰੂ ਗ੍ਰੰਥ ਸਾਹਿਬ ਜੀ ਮੁਤਾਬਕ ਗੁਰੂ ਤੇ ਅਕਾਲਪੁਰਖ ਅਭੁਲ ਹਨ। ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਜਿਸ ਮਹਾਕਾਲ ਨੂੰ ਬਚਿੱਤਰ ਨਾਟਕ ਦਾ ਕਵੀ ਅਪਣਾ ਰਖਿਅਕ, ਰਾਜਨ ਕੇ ਰਾਜਾ ਕਹਿੰਦਾ ਹੈ ਅੱਗੇ ਜਾ ਕੇ ਪੰਨਾ 1210 ਦੇ 266 ਚਰਿਤ੍ਰ ਵਿਚ ਉਹ ਉਸ ਦੇ ਕਿਰਦਾਰ ਨੂੰ ਵੀ ਬਿਆਨ ਕਰਦਾ ਦੱਸਦਾ ਹੈ ਕਿ ਮਹਾਕਾਲ ਦਾ ਸਿੱਖ ਬਣਨ ਲਈ ਮਦਿਰਾ ਤੇ ਭੰਗ ਪੀਣੀ ਜ਼ਰੂਰੀ ਹੈ : “ਇਹ ਛਲ ਸੋ ਸਿਮਰਹਿ ਛਲਾ ਪਾਹਨ ਦਏ ਬਹਾਇ ॥ ਮਹਾਕਾਲ ਕੋ ਸਿਖਯ ਕਰਿ ਮਦਿਰਾ ਭਾਂਗ ਪਿਵਾਇ ॥” ਉਨ੍ਹਾਂ ਅਫਸੋਸ ਜਤਾਉਂਦਿਆਂ ਕਿਹਾ ਕਿ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਦਾ ਲਿਖਾਰੀ ਕਵੀ ਰਾਮ, ਸਿਆਮ ਪੁਕਾਰ ਪੁਕਾਰ ਕੇ ਅਪਣੇ ਆਪ ਨੂੰ ਦੇਵੀ ਪੂਜਕ ਤੇ ਮਹਾਕਾਲ ਦਾ ਉਪਾਸ਼ਕ ਦੱਸ ਰਿਹਾ ਹੈ ਪਰ ਸਿੱਖੀ ਵਿਚ ਘੁਸਪੈਠ ਕਰ ਚੁੱਕੀ ਪੁਜਾਰੀ ਸ਼੍ਰੇਣੀ ਅਤੇ ਕੇਸਾਧਾਰੀ ਬ੍ਰਾਹਮਣਾਂ ਨੇ ਤਾਂ ਜਿਵੇਂ ਸਹੁੰ ਖਾਦੀ ਹੋਈ ਹੈ ਕਿ ਭਾਵੇਂ ਕੁਝ ਵੀ ਹੋ ਜਾਵੇ ਅਸੀਂ ਤਾਂ ਇਹ ਸਾਬਤ ਕਰ ਕੇ ਹੀ ਦਮ ਲੈਣਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਹੀ ਬਚਿੱਤਰ ਨਾਟਕ ਦੇ ਲ਼ਿਖਾਰੀ ਹਨ ।

ਇਸ ਮੌਕੇ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਸਾਹਿਬ, ਡਬੂਆ ਕਾਲੌਨੀ ਫ਼ਰੀਦਾਬਾਦ ਦੇ ਸਟੇਜ ਸਕੱਤਰ ਸ. ਜਗਜੀਤ ਸਿੰਘ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਗੁਰਦੁਆਰਿਆਂ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਭੰਗ ਤੇ ਸ਼ਰਾਬ ਪੀਣ ਵਾਲੇ ਮਹਾਂਕਾਲ ਦੇਵਤਾ ਦੀ ਉਸਤਤਿ ਹੁੰਦੀ ਹੈ ਤੇ ਭੋਲੀਆਂ ਭਾਲੀਆਂ ਸਿੱਖ ਸੰਗਤਾਂ ਝੂਮ ਝੂਮ ਕੇ ਅਨੰਦ ਮਾਣਦੀਆਂ ਹਨ ਜੋ ਕਿ ਬੇਹਦ ਸ਼ਰਮਨਾਕ ਘਟਨਾ ਹੈ । ਲੋੜ ਹੈ ਅਖੌਤੀ ਦਸਮ ਗ੍ਰੰਥ ਦੀ ਸੱਚਾਈ ਨੂੰ ਸਿੱਖ ਸੰਗਤਾਂ ਤਕ ਪੁਜਾ ਕੇ ਜਾਗਰੂਕ ਕਰਣ ਦੀ ਤਾਂ ਜੁ ਗੁਰਦੁਆਰਿਆਂ ਵਿਚ ਭੰਗ ਤੇ ਸ਼ਰਾਬ ਪੀਣ ਵਾਲੇ ਮਹਾਂਕਾਲ ਵਰਗੇ ਦੇਵਤਿਆਂ ਦੀ ਉਸਤਤਿ ਨੂੰ ਬੰਦ ਕਰਵਾਇਆ ਜਾ ਸਕੇ । ਯੰਗ ਸਿੱਖ ਐਸੋਸਿਏਸ਼ਨ ਫਰੀਦਾਬਾਦ ਵੱਲੋਂ ਅਖੌਤੀ ਦਸਮ ਗ੍ਰੰਥ ਦੀ ਸੱਚਾਈ ਦੱਸਣ ਵਾਲਾ ਇਸ਼ਤਿਹਾਰ ਵੀ ਸੰਗਤਾਂ ਵਿਚ ਵੰਡਿਆ ਗਿਆ। ਇਸ ਮੌਕੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ, ਗੁਰਸਿੱਖ ਫੈਮਿਲੀ ਕਲੱਬ ਫ਼ਰੀਦਾਬਾਦ, ਖਾਲਸਾ ਨਾਰੀ ਮੰਚ ਫਰੀਦਾਬਾਦ, ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ, ਦੁਰਮਤਿ ਸੋਧਕ ਗੁਰਮਤਿ ਲਹਿਰ, ਗੁਰਮਤਿ ਪ੍ਰਚਾਰ ਜੱਥਾ ਦਿੱਲੀ, ਆਦਿ ਜੱਥੇਬੰਦੀਆਂ ਦੇ ਨੁੰਮਾਇਦੇ ਹਾਜ਼ਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top