Share on Facebook

Main News Page

ਨਾਗਪੁਰ  ਵਿਖੇ ਪ੍ਰਿੰ. ਗੁਰਬਚਨ ਸਿੰਘ ਜੀ ਥਾਈਲੈਂਡ ਵਾਲੇ ਅਤੇ ਭਾਈ ਗੁਰਸ਼ਰਨ ਸਿੰਘ ਜੀ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ

ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਨਾਗਪੁਰ ਦੀ ਸੰਗਤ ਵਲੋਂ ਕਰਵਾਏ ਗਏ ਗੁਰਮਤਿ ਸਮਾਗਮ ਸਫਲਤਾ ਪੂਰਵਕ ਸਮਾਪਤ ਹੋਏ। ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਗੁਰਬਚਨ ਸਿੰਘ ਜੀ ਥਾਈਲੈਂਡ ਵਾਲੇ ਅਤੇ ਭਾਈ ਗੁਰਸ਼ਰਨ ਸਿੰਘ ਜੀ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ।

ਪ੍ਰਿੰਸੀਪਲ ਜੀ ਨੇ ਦੀਵਾਨਾਂ ਵਿੱਚ ਕਿਹਾ ਕਿ ਗੁਰਪੁਰਬ ਮਨਾਉਣ ਦਾ ਅਰਥ ਹੈ ਸਵੈ ਪੜਚੋਲ ਕਰਨੀ। ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਉਨ੍ਹਾਂ ਦੀ ਬਾਣੀ ਦੇ ਅਧਾਰ ਤੇ ਹੈ ਨਾ ਕਿ ਕਰਾਮਾਤੀ ਕਹਾਣੀਆਂ ਦੇ ਅਧਾਰ 'ਤੇ। ਅੱਜ ਤੱਕ ਸਾਨੂੰ ਸਾਧਾਂ ਪਰਚਾਰਕਾਂ ਨੇ ਕੇਵਲ ਉਹ ਗਲ੍ਹਾਂ ਸੁਣਾਈਆਂ ਜੋ ਗੁਰੂ ਆਸ਼ੇ ਅਨੁਸਾਰ ਨਹੀਂ ਸੀ। ਜਿਨ੍ਹਾਂ ਗੱਲ੍ਹਾਂ ਦਾ ਫਾਇਦਾ ਅੱਜ ਦੇ ਅਖੌਤੀ ਸਾਧਾਂ ਨੇ ਉਠਾਇਆ ਤੇ ਭੋਲ਼ੀ-ਭਾਲ਼ੀ ਸੰਗਤ ਨੂੰ ਗੁਮਰਾਹ ਕਰਕੇ ਲੁਟਿਆ। ਅੱਜ ਗੁਰਬਾਣੀ ਦੀ ਵਿਚਾਰ ਨਾਲ਼ੋਂ ਤੋੜ ਕੇ ਸਾਨੂੰ ਤੋਤਾ ਰਟਨ ਵਾਲੇ ਪਾਸੇ ਲਾਇਆ ਜਾ ਰਿਹਾ ਹੈ।

ਭਾਈ ਗੁਰਸ਼ਰਨ ਸਿੰਘ ਨੇ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਦੂਜੇ ਧਰਮ ਸਥਾਨਾਂ 'ਤੇ ਜਾ ਕੇ ਵੀ ਸੱਚ ਦਾ ਹੋਕਾ ਦੇ ਆਏ। ਪਰ ਅੱਜ ਦੁਖਾਂਤ ਇਹ ਬਣ ਗਿਆ ਹੈ ਕਿ ਅਸੀਂ ਗੁਰੂ ਘਰਾਂ ਵਿੱਚ ਵੀ ਸੱਚ ਦਾ ਹੋਕਾ ਨਹੀਂ ਦੇ ਸਕਦੇ। ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਬਚਿਤ੍ਰ ਨਾਟਕ ਦਾ ਪ੍ਰਕਾਸ਼ ਸਾਡੇ ਤਖਤਾਂ 'ਤੇ ਹੋ ਚੁਕਾ ਹੈ। ਗੁਰੂ ਸਾਹਿਬ ਦੇ ਉਪਦੇਸ਼ ਦੁਆਰਾ ਪੁਜਾਰੀਆਂ ਨੇ ਮੱਥੇ ਦੇ ਤਿਲਕ (ਭੇਖ) ਸਾਫ ਕਰ ਦਿਤੇ, ਪਰ ਅੱਜ ਸਾਡੇ ਧਾਰਮਕ ਸਥਾਨਾਂ ਤੇ ਤਿਲਕ ਲਾਏ ਜਾ ਰਹੇ ਹਨ ਜੋ ਕਿ ਮੰਦਭਾਗੀ ਗੱਲ ਹੈ।

ਸੈਮੀਨਾਰ ਵਿੱਚ ਪ੍ਰਿੰਸੀਪਲ ਜੀ ਨੇ ਸੰਗਤਾਂ ਦੇ ਸਵਾਲਾਂ ਦੇ ਜਵਾਬ ਦਿਤੇ ਅਤੇ ਕੌਮ ਨੂੰ ਪੈ ਰਹੀਆਂ ਮਾਰਾਂ ਤੋਂ ਸੁਚੇਤ ਕੀਤਾ, ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਆਪ ਪੜਨ ਤੇ ਸਮਝਣ ਲਈ ਕਿਹਾ। ਇਸ ਸਾਰੇ ਸਮਾਗਮ ਦਾ ਸੰਗਤਾਂ ਵੱਲੋਂ ਭਾਰੀ ਸਮਰਥਨ ਕੀਤਾ ਗਿਆ ਅਤੇ ਸਮੇਂ ਸਮੇਂ 'ਤੇ ਸੈਮੀਨਾਰ ਕਰਨ ਦੀ ਮੰਗ ਵੀ ਕੀਤੀ ਗਈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top