Share on Facebook

Main News Page

ਆਪਣੇ ਹੀ ਪੁਰਾਣੇ ਸਾਥੀ ਦੀ ਪੱਗ ਰੋਲਣ ਵਾਲਾ ਬਾਦਲ ਸਮੁੱਚੀ ਦੁਨੀਆਂ ਵਿੱਚ ਸਿੱਖਾਂ ਦੀ ਪੱਗ ਕੀ ਬਚਾਏਗਾ?: ਪਰਮਜੀਤ ਸਿੰਘ ਸਰਨਾ

* ਜੇ ਸਿੱਖੀ ਦੇ ਘਰ ਪੰਜਾਬ ਵਿੱਚ ਹੀ ਸਿੱਖ ਦੀ ਪੱਗ ਮਹਿਫੂਜ਼ ਨਹੀਂ ਹੈ ਤਾਂ ਬਾਹਰਲੇ ਦੇਸ਼ਾਂ ਵਿੱਚ ਇਸ ਦੇ ਸਤਿਕਾਰ ਦੀ ਬਹਾਲੀ ਦੀ ਆਸ ਰੱਖਣੀ ਬੇਮਾਅਨੀ ਹੈ
* ਜਥੇਦਾਰਾਂ ਦੇ ਮਨ ਵਿੱਚ ਸਿੱਖ ਦੀ ਦਸਤਾਰ ਦੀ ਥੋਹੜੀ ਬਹੁਤ ਵੀ ਅਹਿਮਤ ਹੈ ਤਾਂ ਉਹ ਜਰੂਰ ਪੰਜਾਬ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਅਕਾਲ ਤਖ਼ਤ ’ਤੇ ਤਲਬ ਕਰਕੇ ਉਨ੍ਹਾਂ ਤੋਂ ਸਪਸ਼ਟੀਕਰਨ ਮੰਗਣ

ਬਠਿੰਡਾ, 12 ਨਵੰਬਰ (ਕਿਰਪਾਲ ਸਿੰਘ): ਆਪਣੇ ਹੀ ਪੁਰਾਣੇ ਸਾਥੀ ਦੀ ਪੱਗ ਰੋਲਣ ਵਾਲਾ ਬਾਦਲ ਸਮੁੱਚੀ ਦੁਨੀਆਂ ਵਿੱਚ ਸਿੱਖਾਂ ਦੀ ਪੱਗ ਕੀ ਬਚਾਏਗਾ? ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਪਰਮਜੀਤ ਸਿੰਘ ਸਰਨਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਕਮੇਟੀ ਦੇ ਸਾਬਕਾ ਮੈਂਬਰ ਟੇਕ ਸਿੰਘ ਧਨੌਲਾ ਦੀ ਪੁਲਿਸ ਵਲੋਂ ਪੱਗ ਉਤਾਰਨੀ ਅਤੇ ਕੇਸ ਫੜ ਕੇ ਘੜੀਸਣ ਦੀ ਵਾਪਰੀ ਮੰਦਭਾਗੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਕਹੇ। ਉਨ੍ਹਾਂ ਕਿਹਾ ਬਾਬਾ ਟੇਕ ਸਿੰਘ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸਮੇਂ ਤੋਂ ਪਿਛਲੇ 30 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਅਹਿਮ ਵਰਕਰ/ ਆਗੂ, ਲਗਾਤਾਰ 7 ਸਾਲ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਅਤੇ 6 ਸਾਲ ਇਸ ਦੀ ਕਾਰਜਕਾਰਨੀ ਕਮੇਟੀ ਦਾ ਮੈਂਬਰ ਰਿਹਾ ਹੈ।

ਉਸ ਸਮੇਂ ਬਾਦਲ ਨੂੰ ਉਸ ਵਿੱਚ ਕੋਈ ਨੁਕਸ ਨਹੀਂ ਦਿੱਸਿਆ ਪਰ ਹੁਣ ਜੇ ਕਿਸੇ ਮਤਭੇਦਾਂ ਕਾਰਣ ਉਹ ਬਾਦਲ ਦਲ ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਿਛਲੀਆਂ ਚੋਣਾਂ ਪੰਥਕ ਮੋਰਚੇ ਦੀ ਟਿਕਟ ’ਤੇ ਲੜਿਆ ਹੈ, ਤਾਂ ਸ: ਬਾਦਲ ਨੇ ਉਸ ਨੂੰ ਸਬਕ ਸਿਖਾਉਣ ਲਈ ਉਸ ਵਿਰੁੱਧ ਤਿੰਨ ਕੇਸ ਦਰਜ਼ ਕਰਵਾ ਦਿੱਤੇ ਅਤੇ ਇੱਕ ਕੇਸ ਦੀ ਤਫ਼ਤੀਸ਼ ਵਿੱਚ ਸ਼ਾਮਲ ਹੋਣ ਲਈ ਥਾਣੇ ਵਿਚ ਆਏ ਨੂੰ ਦੋ ਵਕੀਲਾਂ ਅਤੇ ਉਸ ਦੇ ਸਮਰਥਕਾਂ ਦੀ ਹਾਜਰੀ ਵਿੱਚ ਦੂਸਰੇ ਥਾਣੇ ਦੇ ਥਾਣੇਦਾਰ ਨੇ ਉਸ ਦੀ ਦਸਤਾਰ ਉਤਾਰ ਕੇ ਪੈਰਾਂ ਵਿੱਚ ਰੋਲ ਦਿੱਤੀ ਅਤੇ ਉਸ ਨੂੰ ਗੁਰੂ ਦੀ ਮੋਹਰ ਕੇਸ਼ਾਂ ਤੋਂ ਫੜ ਕੇ ਘਸੀਸਟਿਆ ਤੇ ਉਸ ਗੱਡੀ ਵਿੱਚ ਸੁੱਟ ਕੇ ਅਣਦੱਸੀ ਥਾਂ ਲੈ ਗਏ ਜਿਸ ਦੀ ਪਛਾਣ ਛੁਪਾਉਣ ਲਈ ਨੰਬਰ ਪਲੇਟਾਂ ’ਤੇ ਗਾਰਾ ਪੋਚਿਆ ਹੋਇਆ ਸੀ।

ਸ: ਸਰਨਾ ਨੇ ਕਿਹਾ ਕਿ ਬਾਦਲ ਦੀਆਂ ਹਦਾਇਤਾਂ ਹੋਣ ਕਾਰਣ ਬਰਨਾਲਾ ਜਿਲ੍ਹਾ ਪੁਲਿਸ ਨੇ ਹਾਈ ਕੋਰਟ ਦੀਆਂ ਇਨ੍ਹਾਂ ਹਦਾਇਤਾਂ ਦੀ ਵੀ ਕੋਈ ਪ੍ਰਵਾਹ ਨਹੀਂ ਕੀਤੀ ਕਿ ਉਸ ਨੂੰ 5 ਦਿਨਾਂ ਦੇ ਅਗਾਊਂ ਨੋਟਿਸ ਬਿਨਾਂ ਗ੍ਰਿਫ਼ਤਾਰ ਨਹੀ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਤਾਨਾਸ਼ਾਹ ਦੀ ਹਕੂਮਤ ਵਿੱਚ ਤਾਂ ਅਜੇਹਾ ਹੋ ਸਕਦਾ ਹੈ ਪਰ ਲੋਕਤੰਤਰਕ ਸਰਕਾਰ ਅਤੇ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦਿਆਂ ਐਸਾ ਵਾਪਰਨਾ ਬਹੁਤ ਹੀ ਦੁਖਦਾਇਕ ਹੈ। ਜੇ ਪੰਥਕ ਸਰਕਾਰ ਵਿੱਚ ਹੀ ਆਪਣੇ ਪੁਰਾਣੇ ਸਾਥੀ ਦੀ ਪੱਗ ਅਤੇ ਕੇਸ਼ਾਂ ਦੀ ਇਸ ਢੰਗ ਨਾਲ ਬੇਅਦਬੀ ਹੁੰਦੀ ਹੈ ਤਾਂ ਇਸ ਸਰਕਾਰ ਦੇ ਮੁਖੀ ਵਲੋਂ ਫਰਾਂਸ ਸਮੇਤ ਬਾਹਰਲੇ ਹੋਰਨਾਂ ਦੇਸ਼ਾਂ ਵਿੱਚ ਸਿੱਖ ਦੀ ਦਸਤਾਰ ਦਾ ਸਤਿਕਾਰ ਬਹਾਲ ਕਰਵਾਉਣ ਲਈ ਧਰਨੇ ਮਾਰਨੇ ਤੇ ਮੈਮੋਰੰਡਮ ਦੇਣੇ ਬੇਅਰਥ ਹਨ ਤੇ ਮਗਰ ਮੱਛ ਦੇ ਹੰਝੂ ਬਹਾਉਣ ਦੇ ਤੁਲ ਹੈ। ਸਰਨਾ ਨੇ ਕਿਹਾ ਕਿ ਸਿੱਖੀ ਸਰੂਪ ਵਾਲੇ ਸ: ਬਾਦਲ ਨੂੰ ਇਹ ਦੂਹਰਾ ਰੋਲ ਨਿਭਾਉਂਦਿਆਂ ਸ਼ਰਮ ਆਉਣੀ ਚਾਹੀਦੀ ਹੈ। ਉਨ੍ਹਾਂ ਸ: ਬਾਦਲ ਦੀ ਨੂੰਹ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਵੀ ਸੁਆਲ ਕੀਤਾ ਕਿ ਉਹ ਬਾਹਰਲੇ ਦੇਸ਼ਾਂ ਵਿੱਚ ਸਿੱਖ ਦੀ ਦਸਤਾਰ ਦੀ ਬਹਾਲੀ ਦੀ ਮੰਗ ਕਰਦਿਆਂ ਸੰਸਦ ਵਿੱਚ ਬਾਹਾਂ ਉਲਾਰ ਉਲਾਰ ਕੇ ਬੜਾ ਸੋਹਣਾ ਭਾਸ਼ਣ ਦੇਣ ਵਿੱਚ ਤਾਂ ਮਾਹਰ ਹੈ ਪਰ ਕੀ ਉਹ ਆਪਣੇ ਸਹੁਰੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਪਤੀ ਸੁਖਬੀਰ ਸਿੰਘ ਬਾਦਲ ਉਪ ਮੁਖ ਮੰਤਰੀ ਨੂੰ ਪੰਜਾਬ ਵਿੱਚ ਵੀ ਦਸਤਾਰ ਦੀ ਬਹਾਲੀ ਲਈ ਕੋਈ ਸਲਾਹ ਦੇਵੇਗੀ? ਉਨ੍ਹਾਂ ਬੀਬੀ ਹਰਸਿਮਰਤ ਕੌਰ ਨੂੰ ਚੇਤਾ ਕਰਵਾਇਆ ਕਿ ਜੇ ਸਿੱਖੀ ਦੇ ਘਰ ਪੰਜਾਬ ਵਿੱਚ ਹੀ ਸਿੱਖ ਦੀ ਪੱਗ ਮਹਿਫੂਜ਼ ਨਹੀਂ ਹੈ ਤਾਂ ਬਾਹਰਲੇ ਦੇਸ਼ਾਂ ਵਿੱਚ ਇਸ ਦੇ ਸਤਿਕਾਰ ਦੀ ਬਹਾਲੀ ਦੀ ਆਸ ਰੱਖਣੀ ਬੇਮਾਅਨੀ ਹੈ।

ਸ: ਸਰਨਾ ਨੇ ਅਕਾਲ ਤਖ਼ਤ ਸਮੇਤ ਬਾਕੀ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਵਲੋਂ ਇਸ ਮਸਲੇ ’ਤੇ ਧਾਰੀ ਚੁੱਪ ’ਤੇ ਹੈਰਾਨੀ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਵੀ ਅਪੀਲ ਕੀਤੀ ਕਿ ਜੇ ਉਨ੍ਹਾਂ ਦੇ ਮਨ ਵਿੱਚ ਸਿੱਖ ਦੀ ਦਸਤਾਰ ਦੀ ਥੋਹੜੀ ਬਹੁਤ ਵੀ ਅਹਿਮੀਅਤ ਹੈ ਤਾਂ ਉਹ ਜਰੂਰ ਪੰਜਾਬ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਅਕਾਲ ਤਖ਼ਤ ’ਤੇ ਤਲਬ ਕਰਕੇ ਉਨ੍ਹਾਂ ਤੋਂ ਸਪਸ਼ਟੀਕਰਨ ਮੰਗਣ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top