* ਮਾਨ ਵਲੋਂ
ਆਪਣੇ ਲੀਡਰਾਂ ਨੂੰ ਰੂਪੋਸ਼ ਹੋਣ ਦੇ ਹੁਕਮ ਤਾਂ ਕੇ ਭੱਗਵੇਂ ਅੱਤਵਾਦ ਵਿਰੋਧ ਕੀਤਾ ਜਾ ਸਕੇ
* ਭਾਈ ਹਵਾਰਾ 'ਤੇ ਹਮਲੇ ਮਗਰੋਂ
ਪੁਲੀਸ ਨੇ ਚੌਕਸੀ ਵਧਾਈ
ਬਠਿੰਡਾ,
(12 ਨਵੰਬਰ,ਪੀ.ਐਸ.ਐਨ)ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਤੇ ਸਾਬਕਾ ਗ੍ਰਹਿ ਮੰਤਰੀ
ਐਲ.ਕੇ.ਅਡਵਾਨੀ ਦੀ ਜਨ ਚੇਤਨਾ ਯਾਤਰਾ ਭਲਕੇ ਬਠਿੰਡਾ ਜ਼ਿਲ੍ਹੇ ਤੋਂ ਸ਼ੁਰੂ ਹੋ ਰਹੀ ਹੈ। ਉਨ੍ਹਾਂ
ਦੀ ਯਾਤਰਾ ਸਖਤ ਸੁਰੱਖਿਆ ਘੇਰੇ 'ਚ ਹੋਵੇਗੀ। ਇਹ ਯਾਤਰਾ ਬਠਿੰਡਾ ਜ਼ਿਲ੍ਹੇ ਦੇ ਪਿੰਡ ਡੂਮਵਾਲੀ
ਤੋਂ ਪੰਜਾਬ 'ਚ ਦਾਖਲ ਹੋਵੇਗੀ। ਪੰਜਾਬ 'ਚ ਦਾਖਲੇ ਸਮੇਂ ਉਨ੍ਹਾਂ ਦਾ ਵੱਡੀ ਪੱਧਰ 'ਤੇ ਸਵਾਗਤ
ਕੀਤਾ ਜਾ ਰਿਹਾ ਹੈ। ਅਡਵਾਨੀ ਦੀ ਯਾਤਰਾ ਦਾ ਸਵਾਗਤ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੰਸਦ
ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ, ਕੈਬਨਿਟ ਮੰਤਰੀ ਤੀਕਸ਼ਣ ਸੂਦ ਅਤੇ ਭਾਜਪਾ ਨੇਤਾਵਾਂ ਵਲੋਂ ਕੀਤਾ
ਜਾਵੇਗਾ। ਸਵਾਗਤ ਮੌਕੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਗੈਰ
ਹਾਜ਼ਰ ਹੋਣਗੇ ਜਿਸ ਤੋਂ ਅੰਦਰੋਂ ਅੰਦਰੀ ਚਰਚਾ ਵੀ ਸ਼ੁਰੂ ਹੋ ਗਈ ਹੈ।
ਬਠਿੰਡਾ ਪੁਲੀਸ ਵੱਲੋਂ ਸਖਤ ਸੁਰੱਖਿਆ ਘੇਰੇ 'ਚ ਅਡਵਾਨੀ ਦੀ ਯਾਤਰਾ ਨੂੰ
ਲਿਜਾਇਆ ਜਾਵੇਗਾ। ਅੱਜ ਤੋਂ ਹੀ ਜ਼ਿਲ੍ਹਾ ਬਠਿੰਡਾ 'ਚ ਪੁਲੀਸ ਦੀ ਤਾਇਨਾਤੀ ਹੋ ਗਈ ਹੈ। ਸ਼ਾਮ ਵਕਤ
ਪੁਲੀਸ ਵੱਲੋਂ ਅਡਵਾਨੀ ਦੀ ਯਾਤਰਾ ਦੇ ਰੂਟ 'ਤੇ ਰਿਹਰਸਲ ਵੀ ਕੀਤੀ ਗਈ ਹੈ। ਬਠਿੰਡਾ ਸ਼ਹਿਰ ਦੀਆਂ
ਹੱਦਾਂ 'ਤੇ ਪੁਲੀਸ ਦੀ ਤਾਇਨਾਤੀ ਹੋ ਗਈ ਹੈ। ਬਠਿੰਡਾ ਜ਼ੋਨ ਦੇ ਅੱਧੀ ਦਰਜਨ ਜ਼ਿਲ੍ਹਿਆ 'ਚੋਂ
ਪੁਲੀਸ ਬੁਲਾ ਲਈ ਗਈ ਹੈ। ਸ੍ਰੀ ਅਡਵਾਨੀ 'ਤੇ ਸੁਰੱਖਿਆ ਲਈ 1200 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ
ਜਾ ਰਹੇ ਹਨ। ਯਾਤਰਾ ਦੇ ਰੂਟ 'ਤੇ ਚੱਪੇ ਚੱਪੇ 'ਤੇ ਪੁਲੀਸ ਦਾ ਪਹਿਰਾ ਲਾਇਆ ਜਾ ਰਿਹਾ ਹੈ।
ਐਸ.ਐਸ.ਪੀ ਬਠਿੰਡਾ ਯਾਤਰਾ ਦੇ ਨਾਲ ਨਾਲ ਰਹਿਣਗੇ। ਪੁਲੀਸ ਅਫਸਰਾਂ ਤੋਂ ਇਲਾਵਾ ਪੰਜ ਪੁਲੀਸ
ਥਾਣੇਦਾਰ ਸ੍ਰੀ ਅਡਵਾਨੀ ਦੀ ਯਾਤਰਾ ਦੇ ਨਾਲ ਰਹਿਣਗੇ। ਕਾਫਲੇ ਨਾਲ 150 ਪੁਲੀਸ ਮੁਲਾਜ਼ਮ ਚੱਲੇਗਾ।
ਕਾਫਲੇ ਨਾਲ ਮਹਿਲਾ ਪੁਲੀਸ ਵੀ ਹੋਵੇਗੀ। ਜਨ ਚੇਤਨਾ ਯਾਤਰਾ ਕਰੀਬ 10.30 ਵਜੇ ਹਰਿਆਣਾ 'ਚੋਂ
ਪੰਜਾਬ ਵਿੱਚ ਦਾਖਲ ਹੋਣੀ ਹੈ। ਭਾਜਪਾ ਵਰਕਰਾਂ ਵੱਲੋਂ ਜੋਧਪੁਰ ਰੋਮਾਣਾ ਤੇ ਗਿਆਨੀ ਜ਼ੈਲ ਸਿੰਘ
ਕਾਲਜ ਕੋਲ ਯਾਤਰਾ ਦਾ ਸਵਾਗਤ ਕੀਤਾ ਜਾਣਾ ਹੈ। ਬਠਿੰਡਾ ਦੇ ਹਨੂੰਮਾਨ ਚੌਕ ਵਿੱਚ ਰੈਲੀ ਕੀਤੀ ਜਾਣੀ
ਹੈ।
ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਸ੍ਰੀ ਅਡਵਾਨੀ
ਦੀ ਯਾਤਰਾ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਗੁਰੀਲਾ ਐਕਸ਼ਨ ਕਰਕੇ ਯਾਤਰਾ ਵਿੱਚ ਵਿਘਨ ਪਾਉਣ ਦਾ
ਐਲਾਨ ਕੀਤਾ ਹੋਇਆ ਹੈ। ਜ਼ਿਲ੍ਹਾ ਪੁਲੀਸ ਕਪਤਾਨ ਡਾ. ਸੁਖਚੈਨ ਸਿੰਘ ਗਿੱਲ ਦਾ ਕਹਿਣਾ ਸੀ ਕਿ ਇਕ
ਹਜ਼ਾਰ ਦੇ ਕਰੀਬ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਤੇ ਕਾਫਲੇ ਦੇ ਨਾਲ ਵੱਡੀ ਗਿਣਤੀ ਵਿੱਚ
ਪੁਲੀਸ ਚੱਲੇਗੀ। ਉਨ੍ਹਾਂ ਦੱਸਿਆ ਕਿ ਕਈ ਜ਼ਿਲ੍ਹਿਆਂ 'ਚੋਂ ਪੁਲੀਸ ਬੁਲਾਈ ਗਈ ਹੈ। ਉਨ੍ਹਾਂ ਦੱਸਿਆ
ਕਿ ਯਾਤਰਾ ਤੋਂ ਪਹਿਲਾਂ ਕਿਸੇ ਨੂੰ ਗ੍ਰਿਫਤਾਰ ਕਰਨ ਦੀ ਕੋਈ ਯੋਜਨਾ ਨਹੀਂ ਤੇ ਜੇ ਕੋਈ ਯਾਤਰਾ
ਵਿੱਚ ਵਿਘਨ ਪਾਏਗਾ ਤਾਂ ਫੌਰੀ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਅਡਵਾਨੀ ਦੀ ਯਾਤਰਾ ਦੇ
ਨਾਲ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਦੀਆਂ 50 ਦੇ ਕਰੀਬ ਗੱਡੀਆਂ ਚੱਲਣਗੀਆਂ। ਅੱਜ ਜ਼ਿਲ੍ਹਾ ਪੁਲੀਸ
ਪੂਰਾ ਦਿਨ ਯਾਤਰਾ ਦੀ ਤਿਆਰੀ ਦੇ ਪ੍ਰਬੰਧਾਂ ਵਿੱਚ ਉਲਝੀ ਰਹੀ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਡਿਊਟੀ ਮੈਜਿਸਟਰੇਟ ਲਾ ਦਿੱਤੇ ਗਏ ਹਨ। ਭਾਜਪਾ
ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਗੁਲਸ਼ਨ ਵਧਵਾ ਦਾ ਕਹਿਣਾ ਸੀ ਕਿ ਸ੍ਰੀ ਅਡਵਾਨੀ ਦੀ ਯਾਤਰਾ ਦੇ ਸਵਾਗਤ
ਲਈ ਸਾਰੇ ਪ੍ਰਬੰਧ ਮੁਕੰਮਲ ਹਨ।
ਭਾਜਪਾ ਰੈਲੀ ਦੀ ਜਗ੍ਹਾ ਬਦਲੀ: ਇਸੇ ਦੌਰਾਨ ਬਠਿੰਡਾ 'ਚ ਭਾਜਪਾ ਰੈਲੀ ਦੀ
ਜਗ੍ਹਾਂ ਐਨ ਮੌਕੇ 'ਤੇ ਬਦਲ ਦਿੱਤੀ ਗਈ ਹੈ। ਇਸ ਨਾਲ ਬਠਿੰਡਾ ਪੁਲੀਸ ਨੇ ਸੁੱਖ ਦਾ ਸਾਹ ਲਿਆ ਹੈ।
ਭਾਜਪਾ ਵੱਲੋਂ ਬਠਿੰਡਾ ਸ਼ਹਿਰ ਦੇ ਪੀਰਖਾਨੇ ਲਾਗੇ ਰੈਲੀ ਕੀਤੇ ਜਾਣ ਦਾ ਪ੍ਰੋਗਰਾਮ ਸੀ ਜਿਸ ਦਾ
ਮੁਸਲਮਾਨ ਭਾਈਚਾਰੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ। ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਭਾਜਪਾ ਨੂੰ ਆਖ
ਦਿੱਤਾ ਸੀ ਕਿ ਰੈਲੀ ਦੀ ਜਗ੍ਹਾ ਸੁਰੱਖਿਆ ਦੀ ਨਜ਼ਰ ਤੋਂ ਤਬਦੀਲ ਕਰ ਦਿੱਤੀ ਜਾਵੇ।
ਹਵਾਰਾ ਕਾਂਡ ਮਗਰੋਂ ਪੁਲੀਸ ਚੌਕਸ:ਹਿੰਦੂ ਸੰਗਠਨਾਂ ਵੱਲੋਂ ਚੰਡੀਗੜ੍ਹ 'ਚ
ਹਵਾਰਾ 'ਤੇ ਹਮਲਾ ਕੀਤੇ ਜਾਣ ਮਗਰੋਂ ਬਠਿੰਡਾ ਪੁਲੀਸ ਦੀ ਸਿਰਦਰਦੀ ਵਧ ਗਈ ਹੈ। ਪੁਲੀਸ ਨੂੰ ਡਰ
ਹੈ ਕਿ ਕਿਤੇ ਸਿੱਖ ਸੰਗਠਨ ਚੰਡੀਗੜ੍ਹ ਕਾਂਡ ਦੇ ਬਦਲੇ ਵਜੋਂ ਕੋਈ ਕਦਮ ਨਾ ਉਠਾ ਲੈਣ।
ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਰੂਪੋਸ਼:
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸ੍ਰੀ ਅਡਵਾਨੀ ਦੀ ਯਾਤਰਾ ਦੇ ਵਿਰੋਧ ਵਿੱਚ
ਅੱਜ ਗੁਪਤ ਰੂਪ ਵਿੱਚ ਪ੍ਰੋਗਰਾਮ ਉਲੀਕੇ ਗਏ ਹਨ। ਪਤਾ ਲੱਗਾ ਹੈ ਕਿ ਪੁਲੀਸ ਦੇ ਡਰੋਂ ਅੱਜ ਪਾਰਟੀ
ਦੇ ਲੀਡਰ ਰੂਪੋਸ਼ ਵੀ ਹੋ ਗਏ ਹਨ ਤਾਂ ਜੋ ਉਹ ਯਾਤਰਾ ਦਾ ਵਿਰੋਧ ਪ੍ਰੋਗਰਾਮ ਕਾਮਯਾਬ ਕਰ ਸਕਣ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿ੍ਰਤਸਰ) ਦੇ ਪ੍ਰਧਾਨ ਸ੍ਰੀ ਸਿਮਰਨਜੀਤ ਸਿੰਘ ਮਾਨ ਨੇ ਅੱਜ ਪਾਰਟੀ
ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਰੂਪੋਸ਼ ਹੋ ਜਾਣ ਤੇ ਯਾਤਰਾ ਦਾ ਸ਼ਾਂਤਮਈ ਤਰੀਕੇ ਨਾਲ
ਵਿਰੋਧ ਕਰਨ ਵਾਸਤੇ ਮੈਦਾਨ 'ਚ ਕੁੱਦਣ। ਪਤਾ ਲੱਗਾ ਹੈ ਕਿ ਦਲ ਦੇ ਆਗੂ ਅੱਜ ਰੂਪੋਸ਼ ਹੋ ਗਏ ਹਨ ਤੇ
ਉਨ੍ਹਾਂ ਨੇ ਆਪਣੇ ਮੋਬਾਈਲ ਬੰਦ ਕਰ ਲਏ ਹਨ।