Share on Facebook

Main News Page

ਇਜ਼ਹਾਰ ਆਲਮ ਵਰਗਾ ਆਦਮੀ ਜੇ ਕੱਲ੍ਹ ਨੂੰ ਐਮ.ਐਲ.ਏ ਜਾਂ ਹੋਮ ਮਨਿਸਟਰ ਬਣ ਜਾਂਦਾ ਹੈ, ਤਾਂ ਉਹ ਲੋਕਾਂ ਨੁੰ ਕਿਹੋ ਜਿਹਾ ਇਨਸਾਫ਼ ਦੇਵੇਗਾ: ਅਮਰ ਸਿੰਘ ਚਾਹਲ

* ਮੁਖ ਮੰਤਰੀ ਦੇ ਪਦ ਵਾਲਾ ਆਦਮੀ ਜੇ ਇਸ ਤਰ੍ਹਾਂ ਦੇ ਗੈਰਜਿੰਮੇਵਾਰ ਬਿਆਨ ਦੇਵੇ ਤਾਂ ਇਸ ਤੋਂ ਵੱਧ ਸ਼ਰਮ ਵਾਲੀ ਗੱਲ ਹੋਰ ਕਿਹੜੀ ਗੱਲ ਹੋ ਸਕਦੀ ਹੈ: ਚਾਹਲ
* ਜਾਇਜ਼ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਲੋਕਾਂ ਨੂੰ ਦਬਾਉਣ ਖ਼ਾਤਰ ਪੁਲਿਸ ਵਲੋਂ ਵਰਤੀ ਜਾ ਰਹੀ ਅੰਨ੍ਹੀ ਤਾਕਤ ਨਿੰਦਣਯੋਗ: ਸਾਬਕਾ ਡੀਜੀਪੀ ਔਜਲਾ
* ਜਦੋਂ ਸਾਨੂੰ ਮੁਖ ਮੰਤਰੀ ਦੀ ਹਾਜ਼ਰੀ ਵਿੱਚ ਹੀ ਪੁਲਿਸ ਵਲੋਂ ਬੇਰਹਿਮੀ ਕੁੱਟਮਾਰ ਕੀਤੀ ਗਈ ਹੈ, ਤਾਂ ਅਸੀਂ ਹੋਰ ਕਿਸੇ ਕੋਲ ਸ਼ਿਕਾਇਤ ਕਰੀਏ: ਬੇਰੁਜ਼ਗਾਰ ਲਾਈਨ ਮੈਨ

ਬਠਿੰਡਾ, 11 ਨਵੰਬਰ (ਕਿਰਪਾਲ ਸਿੰਘ): ਇਜ਼ਹਰ ਆਲਮ ਵਰਗਾ ਆਦਮੀ ਜੇ ਕੱਲ੍ਹ ਨੂੰ ਐਮ.ਐਲ.ਏ ਜਾਂ ਹੋਮ ਮਨਿਸਟਰ ਬਣ ਜਾਂਦਾ ਹੈ, ਤਾਂ ਉਹ ਲੋਕਾਂ ਨੂੰ ਕਿਹੋ ਜਿਹਾ ਇਨਸਾਫ਼ ਦੇਵੇਗਾ? ਇਹ ਸ਼ਬਦ ਮਨੁਖੀ ਅਧਿਕਾਰਾਂ ਦੇ ਵਕੀਲ ਸ: ਅਮਰ ਸਿੰਘ ਚਾਹਲ ਨੇ ਉਸ ਸਮੇਂ ਕਹੇ ਜਿਸ ਸਮੇਂ ਡੇ ਐਂਡ ਨਾਈਟ ਚੈੱਨਲ ਨੇ ਪਿਛਲੇ ਸਮੇਂ ਵਿਚ ਆਪਣੇ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਬੇਰੁਜ਼ਗਾਰ ਲਾਈਨਮੈੱਨ, ਕਿਸਾਨ ਜਥੇਬੰਦੀਆਂ, ਨਰਸਾਂ, ਡਾਕਟਰ, ਮੁਲਾਜ਼ਮ ਜਥੇਬੰਦੀਆਂ ਅਤੇ ਹੋਰ ਸੰਘਰਸ਼ ਚਲਾ ਰਹੀਆਂ ਜਥੇਬੰਦੀਆਂ ਦੇ ਕਾਰਕੁਨਾਂ ਦੀ ਪੰਜਾਬ ਪੁਲਿਸ ਵਲੋਂ ਬੇਰਹਿਮੀ ਨਾਲ ਕੀਤੀ ਕੁੱਟਮਾਰ ਦੀਆਂ ਵੀਡੀਓ ਕਲਿਪਿੰਗਜ਼ ਵਿਖਾ ਕੇ ਟੀਵੀ ਐਂਕਰ ਨੇ ਸ: ਚਾਹਲ ਦੇ ਵੀਚਾਰ ਜਾਨਣੇ ਚਾਹੇ।

ਸ: ਚਾਹਲ ਨੇ ਕਿਹਾ ਜਿਸ ਸਮੇਂ ਆਲਮ ਅੰਮ੍ਰਿਤਸਰ ਦਾ ਐੱਸਐੱਸਪੀ ਹੁੰਦਾ ਸੀ ਤਾਂ ਇਸ ਨੇ ਆਲਮ ਸੈਨਾ ਬਣਾ ਕੇ ਸੈਂਕੜੇ ਬੰਦੇ ਮਾਰੇ ਤੇ ਹਜਾਰਾਂ ਘਰ ਉਜਾੜੇ, ਉਹ ਬਾਅਦ ਵਿੱਚ ਏਡੀਜੀਪੀ ਬਣਿਆਂ ਤੇ ਸੇਵਾ ਮੁਕਤੀ ਬਾਅਦ ਹੁਣ ਉਸ ਨੂੰ ਐੱਮਐੱਲਏ ਬਣਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜੇ ਅਸੀਂ ਅੱਜ ਉਸ ਨੂੰ ਐੱਮਐੱਲਏ ਬਣਾ ਦਿੱਤਾ ਤਾਂ ਕੱਲ੍ਹ ਨੂੰ ਉਹ ਹੋਮ ਮਨਿਸਟਰ ਵੀ ਬਣ ਸਕਦਾ ਹੈ ਤਾਂ ਉਸ ਸਮੇਂ ਉਹ ਲੋਕਾਂ ਦੇ ਹੱਕਾਂ ਦੀ ਗੱਲ ਕਿਵੇਂ ਕਰੇਗਾ? ਉਹ ਤਾਂ ਹਮੇਸ਼ਾਂ ਪੁਲਿਸ ਦਾ ਪੱਖ ਹੀ ਪੂਰੇਗਾ ਭਾਵੇਂ ਉਹ ਕਿੰਨਾ ਵੀ ਗਲਤ ਕਿਉਂ ਨਾ ਹੋਣ। ਬੱਸ ਸਿਆਸੀ ਲੋਕਾਂ ਵਲੋਂ ਸੈੱਟ ਕੀਤਾ ਜਾ ਰਿਹਾ ਇਹ ਨਿਜ਼ਾਮ ਹੀ ਪੁਲਿਸ ਦੇ ਹੌਸਲੇ ਵਧਾ ਰਿਹਾ ਹੈ ਕਿ ਉਨ੍ਹਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੈ, ਸਗੋਂ ਉਨ੍ਹਾਂ ਵਲੋਂ ਲੋਕਾਂ ’ਤੇ ਜਿੰਨਾਂ ਵੱਧ ਤਸ਼ੱਦਦ ਢਾਹਿਆ ਗਿਆ ਉਤਨਾ ਹੀ ਵੱਡਾ ਇਨਾਮ ਉਨ੍ਹਾਂ ਨੂੰ ਮਿਲੇਗਾ।

ਇਸ ਦੌਰਾਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਇੱਕ ਵੀਡੀਓ ਕਲਿਪਿੰਗ ਵੀ ਵਿਖਾਈ ਗਈ ਜਿਸ ਵਿੱਚ ਉਹ ਕਹਿ ਰਹੇ ਸਨ ਕਿ ਜਿਸ ਸਮੇਂ ਕਿਸੇ ਦੇ ਘਰ ਵਿੱਚ ਵਿਆਹ ਦਾ ਸਮਾਗਮ ਚੱਲ ਰਿਹਾ ਹੋਵੇ ਉਸ ਸਮੇਂ ਕੋਈ ਬਾਹਰ ਦਾ ਬੰਦਾ ਆ ਕੇ ਫਰਨੀਚਰ ਦੀ ਭੰਨਤੋੜ ਕਰਨ ਲੱਗ ਜਾਵੇ ਤਾਂ ਉਸ ਨਾਲ ਕੀ ਸਲੂਕ ਕੀਤਾ ਜਾ ਸਕਦਾ ਹੈ? ਠੀਕ ਇਸੇ ਤਰ੍ਹਾਂ ਜਿਸ ਸਮੇਂ ਕੋਈ ਸਰਕਾਰੀ ਸਮਾਗਮ ਚੱਲ ਰਿਹਾ ਹੋਵੇ ਤੇ ਬਾਹਰ ਦੇ ਬੰਦੇ ਆ ਕੇ ਭੰਨ ਤੋੜ ਕਰਨ ਲੱਗ ਪੈਣ ਤਾਂ ਮੌਕੇ ’ਤੇ ਤਾਇਨਾਤ ਅਫ਼ਸਰਾਂ ਨੂੰ ਕੋਈ ਸਖ਼ਤ ਕਾਰਵਾਈ ਹੀ ਕਰਨੀ ਪੈਂਦੀ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਚੋਣਾਂ ਨੇੜੇ ਹੋਣ ਕਰਕੇ ਇਹ ਸਾਰੀ ਕਾਂਗਰਸ ਦੀ ਸਾਜਿਸ਼ ਹੈ ਤੇ ਉਹ ਸਾਜਿਸ ਅਧੀਨ ਅਜੇਹੇ ਮੁਜ਼ਾਹਰੇ ਕਰਵਾ ਰਹੀ ਹੈ। ਐਂਕਰ ਨੇ ਐੱਸਐੱਪੀ ਫਰੀਦਕੋਟ ਦਾ ਇੱਕ ਬਿਆਨ ਵੀ ਪੜ੍ਹ ਕੇ ਸੁਣਇਆ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਡੀਐੱਸਪੀ, ਲਾਈਨ ਮੈਨ ਨੂੰ ਢਾਹ ਕੇ ਠੁੱਡੇ ਨਹੀਂ ਸੀ ਮਾਰ ਰਿਹਾ ਸਗੋਂ ਉਸ ਨੇ ਤਾਂ ਅੱਗੇ ਵਧਣ ਤੋਂ ਰੋਕਣ ਲਈ ਲਾਈਨਮੈਨ ਨੂੰ ਦਬਾ ਕੇ ਹੀ ਰੱਖਿਆ ਸੀ। ਉਪ ਮੁੱਖ ਮੰਤਰੀ ਅਤੇ ਐੱਸਐੱਪੀ ਦੇ ਬਿਆਨਾਂ ’ਤੇ ਪ੍ਰਤੀਕਰਮ ਕਰਦੇ ਹੋਏ ਸ: ਚਾਹਲ ਨੇ ਕਿਹਾ ਇੱਡੇ ਉੱਚੇ ਉਪ ਮੁੱਖ ਮੰਤਰੀ ਦੇ ਪਦ ਵਾਲਾ ਆਦਮੀ ਜੇ ਇਸ ਤਰ੍ਹਾਂ ਦੇ ਗੈਰਜਿੰਮੇਵਾਰ ਬਿਆਨ ਦੇਵੇ ਤਾਂ ਇਸ ਤੋਂ ਵੱਧ ਸ਼ਰਮ ਵਾਲੀ ਹੋਰ ਕਿਹੜੀ ਗੱਲ ਹੋ ਸਕਦੀ ਹੈ? ਬੇਰੁਜ਼ਗਾਰ ਲਾਈਨਮੈਨ ਕਿਸੇ ਦੇ ਘਰ ਨਹੀਂ ਸਨ ਗਏ ਉਹ ਰੁਜ਼ਗਾਰ ਮੰਗਣ ਲਈ ਮੁੱਖ ਮੰਤਰੀ ਦੇ ਸੰਗਤ ਦਰਸ਼ਨ ਵਿੱਚ ਗਏ ਸਨ। ਰੁਜ਼ਗਾਰ ਮੰਗਣਾ ਕੋਈ ਗੁਨਾਹ ਨਹੀਂ ਹੈ। ਰੁਜ਼ਗਾਰ ਮੰਗ ਰਹਿਆਂ ਦੀ ਇਸ ਤਰ੍ਹਾਂ ਕੁੱਟਮਾਰ ਕਰਨੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ।

ਅਖ਼ਬਾਰੀ ਖ਼ਬਰਾਂ ਅਨੁਸਾਰ ਉਨ੍ਹਾਂ ਨੇ ਕੋਈ ਭੰਨਤੋੜ ਨਹੀਂ ਕੀਤੀ ਅਤੇ ਨਾ ਹੀ ਉਨ੍ਹਾਂ ਕੋਲ ਚਲਾਉਣ ਲਈ ਲਾਠੀਆਂ ਜਾਂ ਇੱਟਾਂ ਪੱਥਰ ਸਨ। ਉਨ੍ਹਾਂ ਦੇ ਸਿਰਫ ਕਾਲੇ ਬੈਜ਼ ਲੱਗੇ ਸਨ ਜਾਂ ਉਹ ਨਾਹਰੇ ਮਾਹਰ ਰਹੇ ਸਨ। ਇਹ ਉਨ੍ਹਾਂ ਦਾ ਲੋਕ ਤੰਤਰਕ ਹੱਕ ਹੈ। ਜਿਸ ਸਮੇਂ ਉਨ੍ਹਾਂ ਨੂੰ ਜਾਣ ਨਾ ਦਿੱਤਾ ਗਿਆ ਤਾਂ ਉਨ੍ਹਾਂ ਨੇ ਨਾਹਰੇ ਮਾਰ ਦਿਤੇ ਤਾਂ ਉਨ੍ਹਾਂ ’ਤੇ ਬੜੀ ਬੇਰਹਿਮੀ ਨਾਲ ਕੁਟਾਪਾ ਚਾੜ੍ਹਿਆ ਗਿਆ। ਸ: ਚਾਹਲ ਨੇ ਕਿਹਾ ਇਹ ਵੀ ਬੜੀ ਗੈਰ ਜਿੰਮੇਵਾਰੀ ਵਾਲਾ ਬਿਆਨ ਹੈ ਕਿ ਆਪਣੀ ਹਰ ਗਲਤੀ ਦਾ ਇਲਜ਼ਾਮ ਕਾਂਗਰਸ ਸਿਰ ਮੜ੍ਹ ਕੇ ਸੁਰਖੁਰੂ ਹੋਣ ਦਾ ਯਤਨ ਕੀਤਾ ਜਾਂਦਾ ਹੈ। ਸ: ਚਾਹਲ ਨੇ ਪੁੱਛਿਆ ਕੀ ਨਰਸਾਂ, ਡਾਕਟਰਾਂ, ਕਿਸਾਨਾਂ ਸਾਰਿਆਂ ਦਾ ਹੀ ਸੰਘਰਸ਼ ਕਾਂਗਰਸ ਦੀ ਸਾਜਿਸ਼ ਹੈ? ਉਨ੍ਹਾਂ ਕਿਹਾ ਉਸ ਤੋਂ ਵੱਧ ਮੰਦਭਾਗੀ ਗੱਲ ਇਹ ਹੈ ਕਿ ਪੁਲਿਸ ਨੇ ਇਸ ਦੀ ਕਬਰੇਜ਼ ਕਰ ਰਹੇ ਪੱਤਰਕਾਰਾਂ ਨੂੰ ਵੀ ਨਹੀਂ ਬਖ਼ਸ਼ਿਆ, ਉਨ੍ਹਾਂ ਦੇ ਕੈਮਰੇ ਖੋਹ ਲਏ ਤੇ ਕਈ ਪੱਤਰਕਾਰਾਂ ਨੂੰ ਪੁਲਿਸ ਵਲੋਂ ਬੰਦੀ ਬਣਾ ਲਿਆ ਗਿਆ।

ਸਭ ਤੋਂ ਵੱਧ ਮੰਦਭਾਗੀ ਗੱਲ ਇਹ ਹੈ ਕਿ ਜਿਸ ਸਮੇਂ ਪੱਤਰਕਾਰਾਂ ਨੇ ਇਹ ਮਾਮਲਾ ਮੁੱਖ ਮੰਤਰੀ ਸ: ਬਾਦਲ ਦੇ ਧਿਆਨ ਵਿੱਚ ਲਿਆਂਦਾ ਕਿ ਵੇਖੋ ਤੁਹਾਡੀ ਹਾਜ਼ਰੀ ਵਿੱਚ ਹੀ ਪੁਲਿਸ ਕਿੰਨਾ ਜ਼ੁਲਮ ਕਰ ਰਹੀ ਹੈ। ਤਾਂ ਮੁੱਖ ਮੰਤਰੀ ਨੇ ਪੁਲਿਸ ਨੂੰ ਕੋਈ ਹਦਾਇਤ ਕਰਨ ਦੇ ਬਜ਼ਾਏ ਉਲਟਾ ਉਨ੍ਹਾਂ ਦਾ ਮਜ਼ਾਕ ਉਡਾਇਆ। ਸ: ਚਾਹਲ ਨੇ ਕਿਹਾ ਇਸੇ ਤਰ੍ਹਾਂ ਐੱਸਐੱਸਪੀ ਬੈਠਾ ਹੀ ਝੂਠ ਮਾਰ ਰਿਹਾ ਹੈ ਕਿ ਡੀ ਐੱਸਐੱਸਪੀ ਕੁੱਟ ਨਹੀਂ ਸੀ ਰਿਹਾ, ਉਸ ਨੇ ਤਾਂ ਦਬਾ ਕੇ ਰੱਖਿਆ ਸੀ। ਸ: ਚਾਹਲ ਨੇ ਪੁੱਛਿਆ ਕਿ ਜਿਸ ਇੱਕ ਵਿਅਕਤੀ ਨੂੰ ਪਹਿਲਾਂ ਹੀ ਪੁਲਿਸ ਦੇ ਤਿੰਨ ਚਾਰ ਵਿਅਕਤੀ ਦਬਾ ਕੇ ਬੈਠੇ ਸਨ ਉਸ ਨੂੰ ਡੀਐੱਸਪੀ ਨੂੰ ਦਬਾ ਕੇ ਰੱਖਣ ਦੀ ਕੀ ਲੋੜ ਪੈ ਗਈ? ਵੀਡੀਓ ਵਿੱਚ ਸਪਸ਼ਟ ਤੌਰ ’ਤੇ ਉਸ ਨੂੰ ਬੇਰਹਿਮੀ ਨਾਲ ਠੁੱਡੇ ਮਾਰਦਾ ਵੇਖਿਆ ਜਾ ਸਕਦਾ ਹੈ, ਇਸ ਦੇ ਬਾਵਯੂਦ ਐੱਸਐੱਸਪੀ ਦੇ ਉੱਚ ਅਹੁੱਦੇ ਵਾਲਾ ਵਿਅਕਤੀ ਝੂਠ ਮਾਰ ਰਿਹਾ ਹੈ।

ਟੀਵੀ ਚੈੱਨਲ ਦੇ ਸਟੂਡੀਓ ਵਿੱਚ ਹੋਈ ਇਸ ਵਿਸ਼ੇਸ ਵਾਰਤਾਲਾਪ ਵਿੱਚ ਸ਼ਾਮਲ ਬੇਰੁਜ਼ਗਾਰ ਲਾਈਨਮੈੱਨ ਐਸੋਸੀਏਸ਼ਨ ਦੇ ਪ੍ਰੈੱਸ ਸਕੱਤਰ ਸ: ਨਿਰਮਲ ਸਿੰਘ ਅਤੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਨੂੰ ਜਦ ਪੁੱਛਿਆ ਗਿਆ ਕਿ ਕੀ ਉਹ ਕਾਂਗਰਸ ਦੇ ਈਸ਼ਾਰੇ ’ਤੇ ਆਪਣਾ ਸੰਘਰਸ਼ ਚਲਾ ਰਹੇ ਹਨ ਤਾਂ ਉਨ੍ਹਾਂ ਇਸ ਨੂੰ ਬਿਲਕੁਲ ਗਲਤ ਦਸਦੇ ਹੋਏ ਕਿਹਾ ਕਿ ਉਨ੍ਹਾਂ ਦਾ ਸੰਘਰਸ਼ ਪਿਛਲੇ 14 ਸਾਲਾਂ ਤੋਂ ਚੱਲ ਰਿਹਾ ਹੈ। ਕਾਂਗਰਸ ਸਰਕਾਰ ਦੌਰਾਨ ਉਨ੍ਹਾਂ ਨੂੰ ਅਕਾਲੀ ਦੱਸਿਆ ਜਾਂਦਾ ਹੈ ਤੇ ਅਕਾਲੀ ਰਾਜ ਦੌਰਾਨ ਉਨ੍ਹਾਂ ਨੂੰ ਕਾਂਗਰਸੀ ਕਹਿ ਦਿੱਤਾ ਜਾਂਦਾ ਹੈ। ਪਰ ਅਸੀਂ ਨਾ ਅਕਾਲੀ ਹਾਂ ਤੇ ਨਾ ਹੀ ਕਾਂਗਰਸੀ। ਅਸੀਂ ਵੀ ਇਸੇ ਦੇਸ਼ ਦੇ ਸ਼ਹਿਰੀ ਹਾਂ ਤੇ ਰੁਜ਼ਗਾਰ ਮੰਗਣਾ ਸਾਡਾ ਹੱਕ ਹੈ। ਉਨ੍ਹਾਂ ਦੱਸਿਆ ਕਿ ਬਿਜਲੀ ਮਹਿਕਮੇ ਵਿੱਚ ਲਾਈਨਮੈੱਨਾਂ ਦੀ ਬਹੁਤ ਸਾਰੀਆਂ ਅਸਾਮੀਆਂ ਖਾਲੀ ਵੀ ਪਈਆਂ ਹਨ ਤੇ ਅਸੀਂ ਅਸਾਮੀ ਲਈ ਪੂਰੀ ਯੋਗਤਾ ਰੱਖਦੇ ਹਾਂ ਤੇ ਕੋਰਸ ਕੀਤਾ ਹੈ। ਹਰ ਸਰਕਾਰ ਸਾਨੂੰ ਯੋਗ ਨੌਕਰੀਆਂ ਦੇਣ ਸਮੇਂ ਟਰਕਾਊ ਨੀਤੀ ਵਰਤਦੀ ਆ ਰਹੀ ਹੈ। ਜਿਸ ਸਮੇਂ ਕੋਈ ਸੰਘਰਸ਼ ਕਰਦੇ ਹਾਂ ਉਸ ਸਮੇਂ ਕੁਝ ਕਾਰਵਾਈ ਅਰੰਭੀ ਜਾਂਦੀ ਹੈ ਪਰ ਉਸ ਤੋਂ ਬਾਅਦ ਮੁੜ ਠੱਪ ਕਰ ਦਿੱਤੀ ਜਾਂਦੀ ਹੈ। ਹੁਣ ਭਰਤੀ ਪ੍ਰੀਕ੍ਰਿਆ ਦੀਆਂ ਸਾਰੀਆਂ ਕਾਰਵਾਈਆਂ ਪੂਰੀਆਂ ਹੋ ਚੁੱਕੀਆਂ ਹਨ ਤੇ ਸਿਰਫ ਸਾਨੂੰ ਨਿਯੁਕਤੀ ਪੱਤਰ ਹੀ ਦੇਣੇ ਹਨ। ਫਿਰ ਵੀ ਪਤਾ ਨਹੀਂ ਸਰਕਾਰ ਕਿਉਂ ਟਰਕਾ ਰਹੀ ਹੈ?

ਸ: ਨਿਰਮਲ ਸਿੰਘ ਜੋ ਅੰਮਿਤਧਾਰੀ ਹੈ, ਨੇ ਥਾਣਿਆਂ ਵਿੱਚ ਉਨ੍ਹਾਂ ਨਾਲ ਹੋ ਰਹੇ ਦੁਰਵਿਵਹਾਰ ਦੀ ਗੱਲਕਰਦਿਆਂ ਦੱਸਿਆ ਕਿ ਗ੍ਰਿਫ਼ਤਾਰੀ ਉਪ੍ਰੰਤ ਉਨ੍ਹਾਂ ਨੂੰ ਸਿੱਖੀ ਦੇ ਚਿੰਨ੍ਹ ਪੱਗ, ਕ੍ਰਿਪਾਨ ਅਤੇ ਕੜਾ ਉਤਾਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ ਤੇ ਮਸਾਲ ਦਿੱਤੀ ਜਾਂਦੀ ਹੈ ਕਿ ਇੱਥੇ ਤਾਂ ਫਲਾਨਾ ਸੰਤ ਆਇਆ ਸੀ, ਤਾਂ ਉਸ ਨੂੰ ਵੀ ਇਹ ਉਤਾਰਨੇ ਪਏ ਸਨ ਅਤੇ ਤੁਹਾਨੂੰ ਵੀ ਉਤਾਰਨੇ ਪੈਣਗੇ। ਸ: ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਨਾਂਹ ਕਰਨ ’ਤੇ ਉਨ੍ਹਾਂ ਨੂੰ ਦੋ ਦਿਨ ਰਾਤ ਹੱਥਕੜੀ ਲਾ ਕੇ ਮੰਜੇ ਨਾਲ ਬੰਨ੍ਹ ਕੇ ਰੱਖਿਆ ਗਿਆ। ਉਨ੍ਹਾਂ ਪੁੱਛਿਆ ਆਖਰ ਉਹ ਰੁਜ਼ਗਾਰ ਮੰਗ ਕੇ ਅਜੇਹਾ ਕਿਹੜਾ ਗੁਨਾਹ ਕਰ ਰਹੇ ਹਨ ਕਿ ਉਨ੍ਹਾਂ ਨਾਲ ਇਸ ਤਰ੍ਹਾਂ ਦਾ ਅਣਮਨੁੱਖੀ ਵਿਵਹਾਰ ਕੀਤਾ ਜਾਂਦਾ ਹੈ।

ਇਸ ਮੌਕੇ ਪੰਜਾਬ ਦੇ ਸਾਬਕਾ ਡੀਜੀਪੀ ਸ੍ਰੀ ਜੀ ਐੱਸ ਔਜਲਾ ਨੂੰ ਪੁਲਿਸ ਵਲੋਂ ਕੀਤੀਆਂ ਜਾ ਰਹੀਆਂ ਇਨ੍ਹਾਂ ਕੁਤਾਹੀਆਂ ’ਤੇ ਪ੍ਰਤੀਕਰਮ ਦੇਣ ਲਈ ਕਿਹਾ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਨੂੰ ਗਲਤ ਮੰਨਦੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਟ੍ਰੇਨਿੰਗ ਦੌਰਾਨ ਉਨ੍ਹਾਂ ਨੂੰ ਸ਼ਾਂਤਮਈ ਲੋਕ ਸੰਘਰਸ਼ਾਂ ਦੌਰਾਨ ਘੱਟ ਤੋਂ ਘੱਟ ਤਾਕਤ ਵਰਤਣ ਦੀ ਹਦਾਇਤ ਦਿੱਤੀ ਜਾਂਦੀ ਹੈ। ਪਰ ਮੌਕੇ ’ਤੇ ਤਾਇਨਾਤ ਅਫਸਰ ਕਈ ਵਾਰ ਗਲਤ ਫੈਸਲੇ ਲੈ ਲਏ ਜਾਂਦੇ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top