Share on Facebook

Main News Page

ਸਿਮਰਨਜੀਤ ਸਿੰਘ ਮਾਨ ਦੀ ਫੋਕੀ ਬੜ੍ਹਕ - ਸਾਡੀ ਜਾਨ ਤਾਂ ਜਾ ਸਕਦੀ ਹੈ ਪਰ ਅਡਵਾਨੀ ਨੂੰ ਪੰਜਾਬ ਦੀ ਧਰਤੀ’ਤੇ ਪੈਰ ਨਹੀਂ ਰੱਖਣ ਦੇਵਾਂਗੇ

* ਅਡਵਾਨੀ ਦਾ ਪੰਜਾਬ ’ਚ ਸੁਆਗਤ ਕਰਕੇ ਹਿੰਦੂ ਵੀਰ 1984 ਵਾਲੀ ਗਲਤੀ ਨਾ ਦੁਹਰਾਉਣ
* ਗੁਰੂਆਂ ਦੀ ਧਰਤੀ ਪੰਜਾਬ ਵਿੱਚ ਦੁਸ਼ਟਾਂ ਦੀ ਬਹਾਰ ਆਈ ਹੋਈ ਹੈ
* ਸਰਕਾਰੀ ਹੁਕਮਾਂ ਨਾਲ ਪੰਜਾਬ ਦੇ ਸਕੂਲਾਂ ਵਿੱਚ ਯੋਗਾ ਦੀ ਸਿਖਿਆ ਦੇਣੀ ਸਿੱਖੀ ਸਿਧਾਂਤ ਦਾ ਵਿਰੋਧ
* ਸਿੱਖਾਂ ਨਾਲ ਇਤਨੀਆਂ ਬੇਇਨਸਾਫ਼ੀਆਂ ਕੀਤੀਆਂ ਜਾ ਰਹੀਆਂ ਹਨ ਕਿ ਇਨ੍ਹਾਂ ਦਾ ‘ਖਾਲਸਤਾਨ’ ਤੋਂ ਬਿਨਾਂ ਕੋਈ ਗੁਜਾਰਾ ਨਹੀਂ
* ਸਰਕਾਰ ਸਿੱਖਾਂ ਨਾਲ ਦੋ ਹੀ ਸਲੂਕ ਕਰਦੀ ਹੈ- ਗ੍ਰਿਫ਼ਤਾਰ ਕਰਨਾ ਜਾਂ ਗੋਲੀ ਮਾਰ ਦੇਣਾ
* ਜੇ ਅਮਰਿੰਦਰ ਸਿੰਘ ਨੂੰ ਸਮਝ ਆ ਗਈ ਹੈ ਤਾਂ ਉਹ ਦੱਸੇ ਕਿ 5 ਸਾਲ ਦੇ ਰਾਜ ਦੌਰਾਨ ਉਸ ਨੇ ਇਜ਼ਹਾਰ ਆਲਮ ਨੂੰ ਸਜਾ ਕਿਉਂ ਨਹੀਂ ਦਿੱਤੀ

ਬਠਿੰਡਾ, 10 ਨਵੰਬਰ (ਕਿਰਪਾਲ ਸਿੰਘ): ਸਾਡੀ ਜਾਨ ਤਾਂ ਜਾ ਸਕਦੀ ਹੈ ਪਰ ਅਡਵਾਨੀ ਨੂੰ ਪੰਜਾਬ ਦੀ ਧਰਤੀ ’ਤੇ ਪੈਰ ਨਹੀਂ ਰੱਖਣ ਦੇਵਾਂਗੇ। ਇਹ ਸ਼ਬਦ ਅੱਜ ਇੱਥੇ ਸਰਕਟ ਹਾਊਸ ਵਿੱਚ ਪੱਤਰਕਾਰਾਂ ਨੂੰ ਸੁਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪਧਾਨ ਸ: ਸਿਮਰਨਜੀਤ ਸਿੰਘ ਮਾਨ ਨੇ ਕਹੇ। ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੀ ਪੰਜਾਬ ਵਿੱਚੋਂ ਦੀ ਨਿਕਲਣ ਵਾਲੀ ਰੱਥ ਯਾਤਰਾ ਦਾ ਭਰਵਾਂ ਵਿਰੋਧ ਕਰਨ ਹਿਤ ਲੋਕਾਂ ਨੂੰ ਲਾਮਬੰਦ ਕਰਨ ਲਈ ਉਹ ਇੱਥੇ ਪਹੁੰਚੇ ਹੋਏ ਸਨ।

ਉਨ੍ਹਾਂ ਕਿਹਾ ਗੁਰੂਆਂ ਦੀ ਧਰਤੀ ਪੰਜਾਬ ਵਿੱਚ ਅੱਜ ਕੱਲ੍ਹ ਦੁਸ਼ਟਾਂ ਦੀ ਬਹਾਰ ਆਈ ਹੋਈ ਹੈ। ਇੱਕ ਪਾਸੇ ਸਿੱਖਾਂ ਦੀ ਜਾਨ ਤੋਂ ਵੱਧ ਪਿਆਰੇ ਅਕਾਲ ਤਖ਼ਤ ’ਤੇ ’84 ’ਚ ਹਮਲਾ ਕਰਵਾਉਣ ਦੇ ਮੁੱਖ ਦੋਸ਼ੀ ਅਡਵਾਨੀ ਸਿੱਖਾਂ ਦੇ ਜਖ਼ਮਾਂ ’ਤੇ ਲੂਣ ਭੁੱਕਣ ਲਈ ਪੰਜਾਬ ਵਿੱਚ ਰੱਥ ਯਾਤਰਾ ਕੱਢ ਰਿਹਾ ਹੈ, ਜਿਸ ਦਾ ਸੁਆਗਤ ਕਰਨ ਲਈ ਸਿੱਖਾਂ ਦੀ ਨੁੰਮਾਇੰਦਾ ਜਥੇਬੰਦੀ ਅਖਵਾਉਣ ਵਾਲਾ ਬਾਦਲ ਦਲ ਪੱਬਾਂ ਭਾਰ ਹੋਇਆ ਬੈਠਾ ਹੈ ਤੇ ਦੂਸਰੇ ਪਾਸੇ ਆਲਮ ਸੈਨਾ ਬਣਾ ਕੇ ਸਿੱਖ ਨੌਜਵਾਨਾਂ ਦਾ ਸ਼ਿਕਾਰ ਖੇਡਣ ਵਾਲੇ ਇਜ਼ਹਾਰ ਆਲਮ ਨੂੰ ਬਾਦਲ ਦਲ ਵਲੋਂ ਟਿਕਟ ਦੇਣ ਦੇ ਐਲਾਨ ਕੀਤਾ ਜਾ ਰਿਹਾ ਹੈ।

ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਦਿੱਤੇ ਇਸ ਬਿਆਨ ਕਿ ਜੇ ਸਿਮਰਨਜੀਤ ਸਿੰਘ ਮਾਨ ਨੇ ਅਡਵਾਨੀ ਦੀ ਰੱਥਯਾਤਰਾ ਦਾ ਵਿਰੋਧ ਕੀਤਾ ਤਾਂ ਭਾਜਪਾ ਵਰਕਰਾਂ ਵਲੋਂ ਜਵਾਬੀ ਕਾਰਵਾਈ ਕੀਤੀ ਜਾਵੇਗੀ, ’ਤੇ ਪ੍ਰਤੀਕਰਮ ਕਰਦੇ ਹੋਏ ਸ: ਮਾਨ ਨੇ ਪੰਜਾਬ ਦੇ ਹਿੰਦੂ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਅਡਵਾਨੀ ਦੀ ਰੱਥ ਯਾਤਰਾ ਦੌਰਾਨ ਉਸ ਦਾ ਸੁਆਗਤ ਕਰਕੇ 1984 ਵਾਲੀ ਉਹ ਗਲਤੀ ਨਾ ਦੁਹਰਾਉਣ ਜਿਹੜੀ ਉਨ੍ਹਾਂ ਨੇ ਉਸ ਸਮੇਂ ਅਕਾਲ ਤਖ਼ਤ ’ਤੇ ਹੋਏ ਹਮਲੇ ਸਮੇਂ ਲੱਡੂ ਵੰਡ ਕੇ ਕੀਤੀ ਸੀ। ਜੇ ਉਨ੍ਹਾਂ ’84 ਵਾਲੀ ਗਲਤੀ ਦੁਹਰਾਈ ਤਾਂ ਪੰਜਾਬ ਵਿੱਚ ਖੂਨ ਦੀਆਂ ਨਦੀਆਂ ਵਹਿ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੈ ਇਸ ਲਈ ਇਸ ਵਿੱਚ ਹਿੰਦੂਆਂ ਵਲੋਂ ਵਾਰ ਵਾਰ ਦੁਹਰਾਈ ਗਈ ਗਲਤੀ ਦੇਸ਼ ਲਈ ਖ਼ਤਰਨਾਕ ਸਿੱਧ ਹੋਵੇਗੀ।

ਪੰਜਾਬ ਦੇ ਸਕੂਲਾਂ ਵਿੱਚ ਯੋਗਾ ਦੀ ਸਿਖਿਆ ਦੇਣ ਦੇ ਸਰਕਾਰੀ ਹੁਕਮਾਂ ਦੇ ਨਿਖੇਧੀ ਕਰਦੇ ਹੋਏ ਸ: ਮਾਨ ਨੇ ਕਿਹਾ ਕਿ ਇਹ ਸਿੱਖੀ ਸਿਧਾਂਤਾਂ ਦਾ ਵਿਰੋਧ ਹੈ ਕਿਉਂਕਿ ਗੁਰਬਾਣੀ ਵਿੱਚ ਯੋਗਾ ਦਾ ਭਰਵਾਂ ਖੰਡਨ ਕੀਤਾ ਹੋਇਆ ਹੈ।
ਅਕਾਲੀ ਭਾਜਪਾ ਸਰਕਾਰ ਵਲੋਂ ਵਿਸ਼ਵ ਕਬੱਡੀ ਕੱਪ ਦੇ ਉਦਘਾਟਨੀ ਸਮਾਰੋਹ ਦੌਰਾਨ ਸ਼ਾਹਰੁਖ ਖ਼ਾਨ ਨੂੰ ਬੁਲਾ ਕੇ ਅਧਨੰਗੀਆਂ ਕੁੜੀਆਂ ਤੋਂ ਨਾਚ ਕਰਵਾਉਣ ਨੂੰ ਸ: ਮਾਨ ਨੇ ਸਿੱਖ ਸਭਿਆਚਾਰ ’ਤੇ ਹਮਲਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪਹਿਲਾਂ ਜਨਤਕ ਤੌਰ ’ਤੇ ਸਟੇਜ ਉੱਤੇ ਹੀ ਬੀਬੀ ਜੰਗੀਰ ਕੌਰ ਨੇ ਮਨੋਰੰਜਨ ਕਾਲੀਆ ਨੂੰ ਆਪਣਾ ਹੱਥ ਫੜਾ ਕੇ ਅਤੇ ਹੁਣ ਹਿਰਸਮਰਤ ਕੌਰ ਨੇ ਸ਼ਾਹਰੁਖ ਖ਼ਾਨ ਨੂੰ ਉਨ੍ਹਾਂ ਨਾਲ ਫਿਲਮੀ ਅਦਾਵਾਂ ਕਰਨ ਦੀ ਖੁੱਲ੍ਹ ਦੇ ਕੇ, ਉਨ੍ਹਾਂ ਸਿੱਖਾਂ ਦੀ ਜ਼ਮੀਰ ਨੂੰ ਵੰਗਾਰਿਆ ਹੈ, ਜਿਹੜੇ ਵਿਦੇਸ਼ੀ ਹਮਲਾਵਰਾਂ ਤੋਂ ਹਿੰਦੂ ਕੁੜੀਆਂ ਨੂੰ ਛੁਡਵਾ ਕੇ ਬਾਇਜ਼ਤ ਉਨ੍ਹਾਂ ਦੇ ਘਰਾਂ ਵਿੱਚ ਪਹੁੰਚਾਉਂਦੇ ਰਹੇ ਹਨ। ਸ: ਮਾਨ ਨੇ ਕਿਹਾ ਕਿ ਪਰਦੇ ਪਿਛੇ ਨਿੱਜੀ ਤੌਰ ’ਤੇ ਤਾਂ ਜੰਗੀਰ ਕੌਰ ਅਤੇ ਹਰਸਿਮਰਤ ਕੌਰ ਕੁਝ ਵੀ ਕਰਨ ਦੀ ਖੁੱਲ੍ਹ ਲੈ ਸਕਦੀਆਂ ਹਨ ਪਰ ਜਨਤਕ ਤੌਰ ’ਤੇ ਅਜਿਹਾ ਕਰਨਾ ਸਿੱਖਾਂ ਨੂੰ ਵੰਗਾਰ ਹੈ ਜੋ ਕਿ ਨਾ-ਬਰਦਾਸ਼ਤਯੋਗ ਹੈ।

ਇਜ਼ਹਾਰ ਆਲਮ ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਿੱਖ ਨੌਜਵਾਨਾਂ ਦਾ ਕਾਤਲ ਦੱਸੇ ਜਾਣ ’ਤੇ ਪ੍ਰਤੀਕਰਮ ਕਰਦੇ ਹੋਏ ਸ: ਮਾਨ ਨੇ ਕਿਹਾ ਜੇ ਅਮਰਿੰਦਰ ਸਿੰਘ ਨੂੰ ਸਮਝ ਆਈ ਹੈ ਤੇ ਉਹ ਮੰਨਦਾ ਹੈ ਕਿ ਆਲਮ ਦੁਸ਼ਟ ਹੈ ਤਾਂ ਉਹ ਦੱਸੇ ਕਿ ਆਪਣੇ 5 ਸਾਲ ਦੇ ਰਾਜ ਦੌਰਾਨ ਉਸ ਨੇ ਇਜ਼ਹਾਰ ਆਲਮ ਨੂੰ ਸਜਾ ਕਿਉਂ ਨਹੀਂ ਦਿੱਤੀ। ਆਪਣੇ ਰਾਜ ਦੌਰਾਨ ਕੈਪਟਨ ਵਲੋਂ ਇਜ਼ਹਾਰ ਆਲਮ ਨੂੰ ਕੋਈ ਸਜਾ ਨਾ ਦੇਣੀ ਅਤੇ ਅਤੇ ਐੱਸਐੱਸ ਵਿਰਕ ਨੂੰ ਪੁਲਿਸ ਮੁਖੀ ਬਣਾਉਣਾ ਸਿੱਧ ਕਰਦਾ ਹੈ ਕਿ ਬੇਸ਼ਕ ਕਾਂਗਰਸ ਹੋਵੇ ਜਾਂ ਅਕਾਲੀ-ਭਾਜਪਾ ਸਰਕਾਰ ਹੋਵੇ ਉਹ ਹਮੇਸ਼ਾਂ ਸਿੱਖਾਂ ਦੇ ਕਾਤਲਾਂ ਨੂੰ ਹਲਾਸ਼ੇਰੀ ਦਿੰਦੇ ਹਨ।

ਸੁਪ੍ਰੀਮ ਕੋਰਟ ਵਲੋਂ ਦਵਿੰਦਰਪਾਲ ਸਿੰਘ ਭੁੱਲਰ ਦੀ ਅਪੀਲ ’ਤੇ ਕੀਤੀ ਗਈ ਟਿੱਪਣੀ ’ਤੇ ਪ੍ਰਤੀਕਰਮ ਕਰਦੇ ਹੋਏ ਸ: ਮਾਨ ਨੇ ਕਿਹਾ ਕਿ ਕੀ ਕਦੀ ਸੁਪਰੀਮ ਕੋਰਟ ਪ੍ਰੋ: ਭੁੱਲਰ ਸਾਹਿਬ ਦੇ ਪਰਿਵਾਰ ਤੇ ਹੋਏ ਜ਼ੁਲਮ ਦੀ ਕਹਾਣੀ ਸਬੰਧੀ ਵੀ ਅਜਿਹੀ ਟਿੱਪਣੀ ਕਰੇਗੀ? ਮਨੁੱਖੀ ਅਧਿਕਾਰ ਸੰਗਠਨ ਦੇ ਸ: ਜਸਵੰਤ ਸਿੰਘ ਖਾਲੜਾ ਅਤੇ 84 ’ਚ ਹੋਏ ਸਿੱਖ ਕਤਲੇਆਮ ਦੀ ਪੀੜਤ ਪ੍ਰਵਾਰਾਂ ਦੀ ਵੇਦਨਾਂ ਨੂੰ ਵੀ ਸਮਝਣ ਦੀ ਸੁਪ੍ਰੀਮ ਕੋਰਟ ਫੁਰਸਤ ਕੱਢੇਗੀ? ਉਨ੍ਹਾਂ ਕਿਹਾ ਕਿ ਹਿੰਦੁਸਤਾਨ ਦੇ ਸਮੁੱਚੇ ਪਸ਼ਾਸ਼ਨਕ ਅਮਲੇ ਸਮੇਤ ਨਿਆਇਕ ਪ੍ਰਣਾਲੀ ਵਲੋਂ ਸਿੱਖਾਂ ਨਾਲ ਜੋ ਬੇਇਨਸਾਫ਼ੀਆਂ ਕੀਤੀਆਂ ਜਾ ਰਹੀਆਂ ਹਨ ਉਸ ਨੇ ਸਾਬਤ ਕਰ ਦਿੱਤਾ ਹੈ ਕਿ ਇਨ੍ਹਾਂ ਦਾ ‘ਖਾਲਸਤਾਨ’ ਤੋਂ ਬਿਨਾਂ ਕੋਈ ਗੁਜਾਰਾ ਨਹੀਂ ਹੈ। ਇਹ ਵਰਨਣਯੋਗ ਹੈ ਕਿ ਦਵਿੰਦਰਪਾਲ ਸਿੰਘ ਭੁੱਲਰ ਦੀ ਅਪੀਲ ਦੀ ਸੁਣਵਾਈ ਕਰ ਰਹੇ ਸੁਪ੍ਰੀਮ ਕੋਰਟ ਦੇ ਬੈਂਚ ਵਲੋਂ ਇਹ ਟਿੱਪਣੀ ਕੀਤੀ ਗਈ ਸੀ ਕਿ ‘ਜੋ ਅਤਿਵਾਦੀਆˆ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ 'ਚ ਤਬਦੀਲ ਕਰਨ ਲਈ ਦਬਾਅ ਪਾ ਰਹੇ ਹਨ ਉਹ ਇਸ ਦੌਰਾਨ ਦਹਿਸ਼ਤ ਪੀੜਤ ਲੋਕਾˆ ਦੀ ਵੇਦਨਾ ਤੇ ਮਾਨਵੀ ਹੱਕਾˆ ਨੂੰ ਅਸਲੋˆ ਹੀ ਅਣਗੌਲਿਆ ਨਹੀਂ ਕਰ ਰਹੇ। ਕੀ ਕਦੇ ਹਿੰਸਾ ਤੋˆ ਪੀੜਤ ਲੋਕਾˆ ਦਾ ਮਨ ਸਮਝਣ ਦੀ ਕਿਸੇ ਕੋਲ ਫੁਰਸਤ ਹੈ?’

ਇਹ ਪੁੱਛੇ ਜਾਣ, ਕਿ ਕੀ ਤੁਹਡੇ ਅਤੇ ਭਾਜਪਾ ਵਲੋਂ ਅਪਣਾਈ ਨੀਤੀ ਦੇ ਚਲਦੇ ਸਰਕਾਰ ਵਲੋਂ ਤੁਹਾਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਸੰਭਾਵਨਾ ਹੈ, ਦੇ ਜਵਾਬ ’ਚ ਸ: ਮਾਨ ਨੇ ਕਿਹਾ ਕਿ ਸਰਕਾਰ ਸਿੱਖਾਂ ਨਾਲ ਦੋ ਹੀ ਸਲੂਕ ਕਰ ਸਕਦੀ ਹੈ- ਗ੍ਰਿਫ਼ਤਾਰ ਕਰਨਾ ਜਾਂ ਗੋਲੀ ਮਾਰ ਦੇਣਾ। ਸਰਕਾਰ ਇਨ੍ਹਾਂ ਵਿਚੋਂ ਕੁਝ ਵੀ ਕਰ ਸਕਦੀ ਹੈ ਪਰ ਮੈਂ ਸਰਕਾਰ ਦੀ ਹਰ ਕਾਰਵਾਈ ਦਾ ਖਿੜੇ ਮੱਥੇ ਸਾਹਮਣਾ ਕਰਨ ਲਈ ਤਿਆਰ ਹਾਂ। ਇਸ ਸਮੇਂ ਉਨ੍ਹਾਂ ਨਾਲ ਪਾਰਟੀ ਦੇ ਦੋਵੇਂ ਜਨਰਲ ਸਕੱਤਰ- ਗੁਰਸੇਵਕ ਸਿੰਘ ਜਵਾਰਕੇ ਅਤੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ, ਜਿਲ੍ਹਾ ਪ੍ਰੈੱਸ ਸਕਤਰ ਸੁਖਦੇਵ ਸਿੰਘ ਕਾਲਾ, ਜਿਲ੍ਹਾ ਯੂਥ ਪ੍ਰਧਾਨ ਸਿਮਰਨਜੋਤ ਸਿੰਘ ਖ਼ਾਲਸਾ, ਹਰਫੂਲ ਸਿੰਘ, ਗੁਰਸ਼ਰਨ ਸਿੰਘ ਮਾਨ, ਬਲਕਰਨ ਸਿੰਘ ਅਤੇ ਰਾਜਿੰਦਰ ਸਿੰਘ ਆਦਿ ਹਾਜ਼ਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top