Share on Facebook

Main News Page

ਬਾਦਲ ਪ੍ਰੀਵਾਰ ਵਲੋਂ ਕਰਵਾਇਆ ਜਾ ਰਿਹਾ ਕਬੱਡੀ ਵਰਲਡ ਕੱਪ, ਕੇਵਲ ਸਿਆਸੀ ਲਾਹਾ ਲੈਣ ਲਈ ਹੈ: ਗੁਰਿੰਦਰਪਾਲ ਸਿੰਘ ਧਨੌਲਾ

ਬਠਿੰਡਾ, 9 ਨਵੰਬਰ (ਕਿਰਪਾਲ ਸਿੰਘ) ਬਾਦਲ ਪ੍ਰੀਵਾਰ ਵਲੋਂ ਕਰਵਾਇਆ ਜਾ ਰਿਹਾ ਦੂਜਾ ਵਿਸਵ ਕਬੱਡੀ ਕੱਪ ਸੱਚੇ ਦਿਲੋ ਕਬੱਡੀ ਜਾਂ ਖੇਡਾਂ ਨੂੰ ਉਤਸ਼ਾਹਿਤ ਕਰਨਾ ਨਹੀ ਸਗੋ ਕੁੰਨਬਾਪਰਵਰ ਰਾਜ ਨੂੰ ਪੱਕੇ ਕਰਨ ਲਈ ਇੱਕ ਸਿਆਸੀ ਛੜਿਯੰਤਰ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆ ਸ੍ਰੋਮਣੀ ਅਕਾਲੀ ਦਲ (ਅ) ਦੇ ਕੌਮੀ ਜਨਰਲ ਸਕੱਤਰ ਜਥੇਦਾਰ ਗੁਰਿੰਦਰਪਾਲ ਸਿੰਘ ਧਨੌਲਾ ਨੇ ਕਿਹਾ ਕਿ ਜੇਕਰ ਬਾਦਲ ਪ੍ਰੀਵਾਰ ਜਾਂ ਪੰਜਾਬ ਸਰਕਾਰ ਸੱਚਮੁੱਚ ਹੀ ਖੇਡਾਂ ਪ੍ਰਤੀ ਸੁਹਿਰਦ ਹੁੰਦੇ ਤਾਂ ਪੰਜਾਬ ਵਿੱਚ ਖੇਡਾਂ ਦੇ ਪ੍ਰਬੰਧਕੀ ਢਾਂਚੇ ਅਤੇ ਸਿਖਾਂਦਰੂਆਂ ਦੇ ਸੁਧਾਰ ਲਈ ਜਰੂਰ ਅਸਰਦਾਰ ਕਦਮ ਚੁਕਦੇ।

ਉਨ੍ਹਾਂ ਕਿਹਾ ਕਿ ਖੇਡਾਂ ਦੇ ਨਾਂ ਤੇ ਬਾਦਲ ਪ੍ਰੀਵਾਰ 13 ਖੇਡ ਸਟੇਡੀਅਮ ਉਸਾਰਨ ਲਈ 150 ਕਰੋੜ ਰੁਪੈ ਖਰਚ ਕਰਨ ਦੇ ਅਤੇ ਵਿਸ਼ਵ ਕਬੱਡੀ ਤੇ ਕਰੋੜਾਂ ਰੂਪੈ ਦਾ ਖ਼ਰਚਾ ਕਰਨ ਦੇ ਦਮਗਜੇ ਮਾਰ ਰਿਹਾ ਹੈ, ਜਦੋਂ ਕਿ ਖੇਡ ਵਿਭਾਗ ਅਧੀਨ ਕੰਮ ਕਰਦੇ ਕੋਚਾਂ ਨੂੰ ਸਤੰਬਰ ਅਤੇ ਅਕਤੂਬਰ ਮਹੀਨੇ ਦੀ ਤਨਖ਼ਾਹ ਨਹੀਂ ਦਿੱਤੀ ਗਈ। ਬਹੁਤ ਸਾਰੇ ਕੋਚ ਜਿਨ੍ਹਾਂ ਨੇ ਐਨ. ਈ. ਐਸ. ਪਾਸ ਕੀਤੀ ਹੋਈ ਹੈ, ਉਨ੍ਹਾਂ ਨੂੰ ਠੇਕੇ ਤੇ ਭਰਤੀ ਕੀਤਾ ਗਿਆ ਹੈ। ਜਥੇਦਾਰ ਧਨੌਲਾ ਨੇ ਇਹ ਵੀ ਕਿਹਾ ਕਿ ਡਾਇਰੈਕਟਰ ਸਪੋਰਟਸ ਡੀ. ਐਸ. ਪੀ. ਪੰਜਾਬ ਪੁਲੀਸ ਹੋਣ ਕਰਕੇ ਤਜ਼ਰਬੇਕਾਰ ਕੋਚਾਂ ਦੀ ਥਾਂ ਤੇ ਪੁਲੀਸ ਚੋਂ ਕੁੱਝ ਖਿਡਾਰੀਆਂ ਨੂੰ ਲੈਕੇ ਅੱਗੋਂ ਨਵਂੇ ਖਿਡਾਰੀਆਂ ਨੂੰ ਕੋਚਿੰਗ ਦਿੱਤੀ ਜਾ ਰਹੀ ਹੈ। ਨੀਮ ਹਕੀਮ ਖਤਰਾ ਏ ਜਾਨ ਦੀ ਕਹਾਵਤ ਵਾਂਗੂ ਅਣ ਤਜਰਬੇਕਾਰ ਕੋਚ ਨੂੰ ਇਹ ਪਤਾ ਨਹੀਂ ਹੁੰਦਾ ਕਿ ਕਿਸ ਉਮਰ ਦੇ ਬੱਚੇ ਦੀਆਂ ਹੱਡੀਆਂ ਕਿੰਨਾ ਦਬਾਅ ਝੱਲ ਸਕਦੀਆਂ ਹਨ। ਦੂਸਰਾ ਨੁਕਸਾਨ ਇਹ ਹੈ ਕਿ ਜੇ ਕੋਚ ਤਜ਼ਰਬੇਕਾਰ ਨਹੀਂ ਤਾਂ ਖਿਡਾਰੀ ਤੋਂ ਕੀ ਆਸ ਕੀਤੀ ਜਾ ਸਕਦੀ ਹੈ।

ਜਥੇਦਾਰ ਧਨੌਲਾ ਨੇ ਕਿਹਾ ਕਿ ਸਭ ਤੋ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਬਾਦਲ ਸਰਕਾਰ ਨੇ ਅਪਣੇ ਕੁੱਝ ਚਹੇਤਿਆਂ ਦੀ ਨਿੱਜੀ ਕੰਪਨੀ ਨੂੰ ਖੇਡ ਵਿਭਾਗ ਵਿੱਚ ਠੇਕੇ ਤੇ ਰੱਖੇ ਕੋਚਾਂ ਦੀ ਤਨਖ਼ਾਹ ਬਣਾਉਣ ਦੀ ਜਿੰਮੇਵਾਰੀ ਦਿੱਤੀ ਹੋਈ ਹੈ। ਇਹ ਕੰਪਨੀ 7 ਪ੍ਰਤੀਸ਼ਤ ਕਮਿਸ਼ਨ ਸਿੱਧੇ ਤੌਰ ‘ਤੇ ਅਤੇ 12 ਪ੍ਰਤੀਸ਼ਤ ਟੈਕਸ ਕੱਟਕੇ ਖੇਡ ਵਿਭਾਗ ਨੂੰ ਚੂੰਨਾ ਲਾ ਰਹੀ ਹੈ। ਜੇਕਰ ਸਿੱਧੀ ਭਰਤੀ ਕਰ ਲਈ ਜਾਵੇ ਤਾਂ ਲੱਖਾਂ ਰੂਪੈ ਇਸ ਕੰਪਨੀ ਦੀ ਲੁੱਟ ਤੋ ਬਚਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਵੱਖ ਵੱਖ ਸਕੀਮਾਂ ਅੰਦਰ ਚਲਾਏ ਜਾ ਰਹੇ ਕੋਚਿੰਗ ਸੈਟਰਾਂ ਵਿਚ ਲੱਗਭਗ 80 ਦੇ ਕਰੀਬ ਸਿਖਿਅਤ ਅਤੇ ਅਣਸਿਖਿਅਤ ਕੋਚ ਠੇਕੇ ਤੇ ਕੰਮ ਕਰ ਰਹੇ ਹਨ ਤੇ 85 ਸੌ ਤੋ ਵੱਧ ਰਜਿਸਟਰਡ ਅਤੇ ਅਣਰਜਿਸਟਰਡ ਖਿਡਾਰੀ ਖਿਡਾਰਨਾਂ ਕੋਚਿੰਗ ਲੈ ਰਹੇ ਹਨ। ਜਿਨ੍ਹਾਂ ਵਿਚ 15 ਸੌ ਦੇ ਕਰੀਬ ਨੈਸ਼ਨਲ ਖਿਡਾਰੀ ਵੀ ਹਨ। ਉਨ੍ਹਾਂ ਕਿਹਾ ਕਿ ਰੈਗੂਲਰ ਕੋਚਾਂ ਦੀ ਗਿਣਤੀ ਇਸ ਸਮੇਂ ਆਟੇ ਵਿਚ ਲੂਣ ਦੇ ਬਰਾਬਰ ਹੈ। ਫਿਰ ਪੰਜਾਬ ਵਿਚ ਚੰਗੇ ਖਿਡਾਰੀ ਕਿਵੇ ਪੈਦਾ ਕੀਤੇ ਜਾ ਸਕਦੇ ਹਨ।

ਜਥੇਦਾਰ ਧਨੌਲਾ ਨੇ ਕਿਹਾ ਕਿ ਖੇਡ ਪ੍ਰੇਮੀਆਂ ਦੀਆਂ ਕੋਸਿਸ਼ਾ ਸਦਕਾ ਖੇਡ ਵਿਭਾਗ ਨੇ 30 ਸਾਲਾਂ ਬਾਦ ਕੁੱਝ ਅਸਾਮੀਆਂ ਕੱਢੀਆਂ ਸਨ। ਪਰ ਸਰਕਾਰ ਅਤੇ ਖੇਡ ਵਿਭਾਗ ਦੇ ਉਚ ਅਫਸਰਾਂ ਦੀ ਖਿੱਚੋ ਤਾਣ ਅਤੇ ਪੱਖਪਾਤੀ ਰਵਈਏ ਕਰਕੇ ਸਿਖਿਅਤ ਕੋਚਾਂ ਨੂੰ ਵਿਭਾਗ ਵਿਚ ਵੜਣ ਤੋ ਰੋਕਣ ਲਈ ਵੱਖਰੀ ਕਿਸਮ ਦੇ ਨਵੇ ਨਿਯਮ ਘੜ ਦਿੱਤੇ ਗਏ। ਉਨ੍ਹਾਂ ਕਿਹਾ ਕਿ ਖੇਡ ਵਿਭਾਗ ਦੇ ਇੱਕ ਡਿਪਟੀ ਡਾਇਰੈਕਟਰ ਰੈਕ ਦੇ ਅਧਿਕਾਰੀ ਦੇ ਨਾਂਹ ਪੱਖੀ ਰਵਈਏ ਕਰਕੇ ਖੇਡ ਵਿਭਾਗ ਧਰਾਤਲ ਤੱਕ ਜਾ ਡਿਗਿਆ ਹੈ। ਇਸ ਲਈ ਸਰਕਾਰ ਨੂੰ ਵਰਲਡ ਕੱਪ ਦੇ ਨਾਲ ਖੇਡ ਵਿਭਾਗ, ਕੋਚਾਂ ਅਤੇ ਖ਼ਿਡਾਰੀਆਂ ਪ੍ਰਤੀ ਵੀ ਸੰਜੀਦਾ ਹੋਣਾ ਚਾਹੀਦਾ ਹੈ। ਫਿਰ ਪੰਜਾਬ ਕਈ ਖੇਤਰਾਂ ਵਿਚ ਵੱਡੀਆਂ ਮੱਲਾਂ ਮਾਰ ਸਕੇਗਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top