Share on Facebook

Main News Page

ਬਾਬਾ ਟੇਕ ਸਿੰਘ ਧਨੌਲਾ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ

* ਹਾਈਕੋਰਟ ਦੇ ਵਕੀਲਾਂ ਦੀ ਹਾਜ਼ਰੀ 'ਚ ਪੁਲਸ ਨੇ ਥਾਣੇ ਵਿਚ ਹੀ ਪੱਗ ਉਤਾਰ ਕੇ ਬਾਬਾ ਧਨੌਲਾ ਨੂੰ ਕੇਸਾਂ ਤੋਂ ਧੂਹ ਕੇ ਗੱਡੀ 'ਚ ਸੁੱਟਿਆ

ਬਰਨਾਲਾ, 5 ਨਵੰਬਰ (ਜਗਸੀਰ ਸਿੰਘ ਸੰਧੂ): ਬਰਨਾਲਾ ਪੁਲਿਸ ਨੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਅੰਤ੍ਰਿੰਗ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦਲ (ਲੌਂਗੋਵਾਲ) ਦੇ ਮੀਤ ਪ੍ਰਧਾਨ ਬਾਬਾ ਟੇਕ ਸਿੰਘ ਧਨੌਲਾ ਨੂੰ ਜਬਰਦਾਸਤੀ ਹਿਰਾਸਤ ਵਿਚ ਲੈ ਲਿਆ ਹੈ। ਹਾਈਕੋਰਟ ਦੇ ਦੋ ਵਕੀਲਾਂ ਸਾਹਮਣੇ ਹੀ ਬਰਨਾਲਾ ਪੁਲਿਸ ਨੇ ਬਾਬਾ ਧਨੌਲਾ ਦੀ ਪੱਗ ਉਤਾਰ ਦਿੱਤੀ ਅਤੇ ਉਹਨਾਂ ਨੂੰ ਕੇਸ਼ਾਂ ਤੋਂ ਫੜਕੇ ਜਬਰਦਸਤੀ ਇਕ ਪ੍ਰਾਈਵੇਟ ਗੱਡੀ ਵਿਚ ਸੁੱਟ ਕੇ ਅਣਦੱਸੀ ਥਾਂ ਉਪਰ ਲੈ ਗਈ। ਬਾਬਾ ਟੇਕ ਸਿੰਘ ਧਨੌਲਾ ਅੱਜ ਸਵੇਰੇ ਇਕ ਕੇਸ ਦੀ ਤਫਤੀਸ ਵਿਚ ਆਪਣੇ ਆਪ ਸ਼ਾਮਲ ਹੋਣ ਲਈ ਐਸ.ਐਸ. (ਡੀ) ਜਗਤਾਰ ਸਿੰਘ ਕੈਂਣ ਦੇ ਦਫ਼ਤਰ ਵਿਚ ਪੇਸ ਹੋਇਆ। ਇਸ ਸਮੇਂ ਬਾਬਾ ਧਨੌਲਾ ਦੇ ਨਾਲ ਹਾਈਕੋਰਟ ਦੇ ਦੋ ਵਕੀਲ ਅਨੰਤਵੀਰ ਸਿੰਘ ਸਿੱਧੂ ਅਤੇ ਜੇ.ਐਸ. ਧਾਲੀਵਾਲ ਵੀ ਹਾਜ਼ਰ ਸਨ।

ਐਸ.ਪੀ. (ਡੀ) ਨੇ ਬਾਬਾ ਧਨੌਲਾ ਨੂੰ ਥਾਣਾ ਕੋਤਵਾਲੀ ਵਿਚ ਭੇਜ ਦਿੱਤਾ, ਜਿਥੇ ਐਸ.ਐਚ.ਓ. ਦੇ ਦਫ਼ਤਰ ਵਿਚ ਪੁਲਿਸ ਨੇ ਹਾਈਕੋਰਟ ਦੇ ਵਕੀਲਾਂ ਦੇ ਸਾਹਮਣੇ ਇਕ ਸੌ ਦੇ ਕਰੀਬ ਸਵਾਲਾਂ ਦੇ ਜਵਾਬ ਬਾਬਾ ਧਨੌਲਾ ਕੋਲੋਂ ਪੁੱਛੇ ਅਤੇ ਕਰੀਬ ਚਾਰ ਘੰਟੇ ਪੁਲਸ ਨੇ ਬਾਬਾ ਧਨੌਲਾ ਨੂੰ ਬੰਦ ਕਮਰੇ ਵਿਚ ਬਿਠਾਈ ਰੱਖਿਆ, ਇਸ ਦਰਮਿਆਨ ਥਾਣਾ ਧਨੌਲਾ ਦੇ ਐਸ.ਐਚ.ਓ. ਹਰਵਿੰਦਰ ਸਿੰਘ ਵਿਰਕ ਆਪਣੇ ਸਿਵਲ ਕੱਪੜਿਆਂ ਵਾਲੇ ਸਾਥੀਆਂ ਸਮੇਤ ਥਾਣਾ ਕੋਤਵਾਲੀ ਦੇ ਗੇਟ ਉਪਰ ਪਹੁੰਚ ਗਿਆ ਅਤੇ ਉਸ ਨੇ ਆਪਣੀ ਪ੍ਰਾਈਵੇਟ ਬਲੈਰੋ ਗੱਡੀ ਦੀ ਨੰਬਰ ਪਲੇਟ ਉਪਰ ਚਿੱਕੜ ਲਗਾਇਆ ਹੋਇਆ ਸੀ। ਬਾਬਾ ਟੇਕ ਸਿੰਘ ਧਨੌਲਾ ਜਿਉਂ ਹੀ ਥਾਣਾ ਕੋਤਵਾਲੀ ਵਿਚੋਂ ਬਾਹਰ ਨਿਕਲਿਆ ਤਾਂ ਬਾਹਰ ਸਿਵਲ ਕੱਪੜਿਆਂ ਵਿਚ ਖੜ੍ਹੀ ਥਾਣਾ ਧਨੌਲਾ ਦੀ ਪੁਲਸ ਨੇ ਧਾਵਾ ਕਰਕੇ ਧੱਕੇ ਨਾਲ ਬਾਬਾ ਧਨੌਲਾ ਨੂੰ ਚੁੱਕ ਕੇ ਗੱਡੀ ਵਿਚ ਸੁੱਟ ਲਿਆ।

ਇਸ ਧੱਕੇਸ਼ਾਹੀ ਵਿਚ ਬਾਬਾ ਧਨੌਲਾ ਦੀ ਪੱਗ ਵੀ ਲਹਿ ਗਈ ਅਤੇ ਪੁਲਸ ਨੇ ਉਹਨਾਂ ਨੂੰ ਵਾਲਾਂ ਤੋਂ ਫੜ ਕੇ ਗੱਡੀ ਵਿਚ ਸੁੱਟਿਆ ਅਤੇ ਗੱਡੀ ਭਜਾ ਲਈ। ਇਥੇ ਇਹ ਵੀ ਵਰਨਣਯੋਗ ਹੈ ਕਿ ਇਹ ਘਟਨਾ ਥਾਣਾ ਕੋਤਵਾਲੀ ਦੇ ਐਸ.ਐਚ.ਓ. ਦੇ ਸਾਹਮਣੇ ਵਾਪਰੀ ਜਦੋਂ ਕਿ ਥਾਣਾ ਕੋਤਵਾਲੀ ਦੇ ਰੋਜਨਾਮਚੇ ਵਿਚ ਬਾਬਾ ਧਨੌਲਾ ਦੀ ਤਫਤੀਸ ਤੋਂ ਬਾਅਦ ਸਹੀ ਸਲਾਮਤ ਵਾਪਸੀ ਦਰਸਾਈ ਗਈ ਹੈ।

ਇਸ ਸਮੇਂ ਬਾਬਾ ਧਨੌਲਾ ਦੇ ਕੁਝ ਸਮਰਥਕਾਂ ਵੱਲੋਂ ਪੁਲਸ ਦੀ ਇਸ ਕਾਰਵਾਈ ਦਾ ਵਿਰੋਧ ਵੀ ਕੀਤਾ ਗਿਆ, ਪਰ ਪੁਲਸ ਨੇ ਉਹਨਾਂ ਨਾਲ ਵੀ ਧੱਕਾਮੁੱਕੀ ਕੀਤੀ। ਇਹ ਸਾਰਾ ਘਟਨਾਕ੍ਰਮ ਹਾਈਕੋਰਟ ਦੇ ਦੋ ਵਕੀਲਾਂ ਦੇ ਸਾਹਮਣੇ ਵਾਪਰਿਆ ਅਤੇ ਮੌਕੇ 'ਤੇ ਮੌਜੂਦ ਹਾਈਕੋਰਟ ਦੇ ਵਕੀਲਾਂ ਅਨੰਤਵੀਰ ਸਿੰਘ ਸਿੱਧੂ ਅਤੇ ਜੇ.ਐਸ. ਧਾਲੀਵਾਲ ਨੇ ਕਿਹਾ ਕਿ ਹਾਈਕੋਰਟ ਵੱਲੋਂ ਬਾਬਾ ਧਨੌਲਾ ਨੂੰ ਇਸ ਵਿਚ ਜਮਾਨਤ ਮਿਲੀ ਹੋਈ ਹੈ ਅਤੇ ਹੋਰ ਨਵਾਂ ਕੇਸ ਦਰਜ ਹੋਣ ਦੀ ਸੂਰਤ ਵਿਚ ਪੰਜ ਦਿਨਾਂ ਦਾ ਨੋਟਿਸ ਦੇਣ ਸਬੰਧੀ ਆਦੇਸ ਜਾਰੀ ਕੀਤੇ ਹੋਏ ਹਨ, ਪਰ ਪੁਲਸ ਨੇ ਮਾਣਯੋਗ ਹਾਈਕੋਟ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ, ਇਹ ਅੱਜ ਜਿਸ ਤਰਾਂ ਬਾਬਾ ਧਨੌਲਾ ਨੂੰ ਗ੍ਰਿਫ਼ਤਾਰ ਕੀਤਾ, ਉਹ ਬਰਨਾਲਾ ਪੁਲਸ ਦੀ ਗੁੰਡਾਗਰਦੀ ਹੈ।

ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਦੀ ਪ੍ਰਧਾਨ ਬੀਬੀ ਸੁਰਜੀਤ ਕੌਰ ਬਰਨਾਲਾ ਨੇ ਇਸ ਕਾਰਵਾਈ ਨੂੰ ਪੁਲਸ ਦੀ ਸ਼ਰੇਆਮ ਗੁੰਡਾਗਰਦੀ ਦੱਸਦਿਆਂ ਕਿਹਾ ਕਿ ਇਹ ਸਾਰਾ ਕੁੱਝ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਕਹਿਣ 'ਤੇ ਹੋ ਰਿਹਾ ਹੈ, ਕਿਉਂਕਿ ਬਾਬਾ ਟੇਕ ਸਿੰਘ ਧਨੌਲਾ ਨੇ ਢੀਂਡਸਾ ਉਪਰ ਹਾਈਕੋਰਟ ਵਿਚ ਕੇਸ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਪੰਥਕ ਕਹਾਉਂਦੀ ਸਰਕਾਰ ਦੀ ਪੁਲਸ ਨੇ ਬਾਬਾ ਧਨੌਲਾ ਨੂੰ ਗ੍ਰਿਫ਼ਤਾਰ ਕਰਨ ਸਮੇਂ ਪੱਗ ਅਤੇ ਕੇਸ਼ਾਂ ਦੀ ਬੇਅਦਬੀ ਕਰਕੇ ਬਾਦਲ ਅਤੇ ਢੀਂਡਸਾ ਦੇ ਸਿੱਖ ਵਿਰੋਧੀ ਚਿਹਰਾ ਵੀ ਨੰਗਾ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਦੇ ਜਨਰਲ ਸਕੱਤਰ ਰੁਪਿੰਦਰ ਸਿੰਘ ਸੰਧੂ ਨੇ ਕਿਹਾ ਹੈ ਕਿ ਉਹਨਾਂ ਦੀ ਪਾਰਟੀ ਇਸ ਮਾਮਲੇ ਨੂੰ ਲੈ ਕੇ ਐਸ.ਐਸ.ਪੀ. ਬਰਨਾਲਾ ਦਾ ਅਣਮਿਥੇ ਸਮੇਂ ਲਈ ਘਿਰਾਓ ਕਰੇਗੀ। ਇਸ ਘਟਨਾ ਸਬੰਧੀ ਬਰਨਾਲਾ ਪੁਲਸ ਨੇ ਬਿਲਕੁਲ ਚੁੱਪੀ ਧਾਰੀ ਹੋਈ ਹੈ ਅਤੇ ਐਸ.ਐਸ.ਪੀ. ਬਰਨਾਲਾ ਦੇ ਦੋਵੇਂ ਮੋਬਾਇਲ ਨੰਬਰ ਬੰਦ ਹੋਣ ਕਾਰਨ ਉਹਨਾਂ ਨਾਲ ਵੀ ਸੰਪਰਕ ਨਹੀਂ ਹੋ ਸਕਿਆ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top