Share on Facebook

Main News Page

ਹਿੰਸਾ, ਫਿਰ ਕਦੇ ਨਹੀਂ! ਯੁਧ, ਫਿਰ ਕਦੇ ਨਹੀਂ! ਦਹਿਸ਼ਤਮਈ ਫ਼ਸਾਦ, ਫਿਰ ਕਦੇ ਨਹੀਂ!
ਵਾਹਿਗੁਰੂ ਕਰੇ, ਸਾਰੇ ਧਰਮ ਰਲ ਕੇ ਸੰਸਾਰ ਨੂੰ ਇਨਸਾਫ਼, ਸ਼ਾਂਤੀ, ਖਿਮਾਂ, ਜੀਵਨ ਅਤੇ ਪ੍ਰੇਮ ਦੀ ਦਾਤ ਬਖ਼ਸ਼ਣ: ਪੋਪ ਬੈਨੇਡਿਕਟ

* ਅਸੀਂ ਮਨੁਖਤਾ ਦੀਆਂ ਵਖਰੀਆਂ, ਵਖਰੀਆਂ ਜਾਤਾਂ, ਧਰਮਾਂ ਅਤੇ ਸਭਿਆਚਾਰਕ ਸੰਗਠਨਾਂ ਨੂੰ ਇਕ ਦੂਸਰੇ ਦਾ ਮਾਨ ਸਤਿਕਾਰ ਕਰਨ ਅਤੇ ਸਾਂਝੀਵਾਲਤਾ ਨਾਲ ਜੀਉਣ ਦੀ ਸਿਖਿਆ ਦੇਵਾਂਗੇ: ਡਾ. ਤਰੁਨਜੀਤ ਸਿੰਘ

ਬਠਿੰਡਾ, 4 ਨਵੰਬਰ (ਕਿਰਪਾਲ ਸਿੰਘ): ਈਮੇਲ ਰਾਹੀ ਮਿਲੇ ਪ੍ਰੈੱਸ ਨੋਟ ਤੋਂ ਮਿਲੀ ਜਾਣਕਾਰੀ ਅਨੁਸਾਰ, ਪੋਪ ਬੈਨੇਡਿਕਟ ਸੋਲਵੇਂ ਵਲੋਂ, ਸੰਸਾਰ ਦੇ ਧਰਮਾਂ ਦੇ ਨੁੰਮਾਇਦਿਆਂ ਦੀ ਇਕਤ੍ਰਤਾ ਵਿਚ ਸ਼ਾਮਲ ਹੋਣ ਦੇ ਮਿਲੇ ਸੱਦਾ-ਪਤੱਰ ’ਤੇ ਸਿੱਖ ਡੈਲੀਗੇਸ਼ਨ ਨੇ ਵੈਟੀਕਨ ਵਿਖੇ ਵਿਸ਼ਵ ਸ਼ਾਂਤੀ ਲਈ ਅਰਦਾਸ ਦੇ ਦਿਹਾੜੇ ਦੀ ਪੰਜੀਵੀਂ ਵਰ੍ਹੇ-ਗੰਢ ਵਿਚ ਹਿੱਸਾ ਲਿਆ। ਇਹ ਪੁਨਰ-ਸੋਚ-ਵਿਚਾਰ, ਗੋਸ਼ਟੀ ਅਤੇ ਜਗਤ ਵਿਚ ਸ਼ਾਂਤੀ ਤੇ ਇਨਸਾਫ਼ ਲਈ ਅਰਦਾਸ ਕਰਨ ਵਾਲਾ ਦਿਨ ਸੀ ਜੋ "ਸੱਚ ਦੇ ਤੀਰਥ ਯਾਤ੍ਰੀ, ਸ਼ਾਂਤੀ ਦੇ ਤੀਰਥ ਯਾਤ੍ਰੀ" ਦੀ ਵਿਚਾਰਧਾਰਾ ਤੇ ਅਧਾਰਿਤ ਹੈ। ਇਹ ਇਤਿਹਾਸਿਕ ਇਕੱਠ, ਪੰਜੀਹ ਸਾਲ ਪਹਿਲਾਂ ਪੋਪ ਜਾਨ ਪਾਲ ਵਲੋਂ ਸੱਦੇ ਗਏ 1986 ਦੇ ਇਕੱਠ ਦੀ ਯਾਦ ਵਿੱਚ, ਅਕਤੂਬਰ 27, 2011 ਨੂੰ ਇਟਲੀ ਦੇ ਸ਼ਹਿਰ -ਅਸੀਸੀ ਵਿਖੇ ਕੀਤਾ ਗਿਆ। ਸਿੱਖ ਡੈਲੀਗੇਸ਼ਨ ਦੇ ਸਾਰੇ ਮੈਂਬਰਾਂ, ਜੋ ਕਕਾਰਾਂ ਸਮੇਤ ਪੁੱਜੇ ਸਨ, ਦਾ ਪੋਪ ਬੈਨੇਡਿਕਟ ਸੋਲਵੇਂ ਵਲੋਂ ਨਿੱਘਾ ਸੁਆਗਤ ਕੀਤਾ ਗਿਆ। ਸਿੱਖ ਡੈਲੀਗੇਸ਼ਨ ਦੀ ਅਗਵਾਈ, ਸ੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ਸਾਹਿਬ, ਪੰਜਾਬ ਦੇ ਪ੍ਰਤਿਨਿਧ, ਡਾਕਟਰ ਜਸਵੰਤ ਸਿੰਘ ਜੀ (ਦਿੱਲੀ ਵਾਲਿਆਂ) ਨੇ ਕੀਤੀ।

ਵਿਸ਼ਵ ਸਿੱਖ ਕੌਂਸਲ-ਅਮੈਰਿਕਾ ਖੇਤ੍ਰ ਦੀ ਪ੍ਰਤੀਨਿਧਤਾ ਇਸ ਦੇ ਮੁੱਖ ਸਕੱਤਰ, ਡਾਕਟਰ ਤਰੁਨਜੀਤ ਸਿੰਘ ਨੇ ਕੀਤੀ। ਡਾਕਟਰ ਤਰੁਨਜੀਤ ਸਿੰਘ ਨੇ ਇਸ ਇਕੱਤਰਤਾ ਵਿੱਚ ਦਿੱਤੇ ਬਿਆਨ ਵਿਚ ਕਿਹਾ, ‘ਜਦ ਸਾਰੀ ਦੁਨਿਆ ਨਸਲੀ ਵਿਤਕਰੇ, ਧਰਮ ਅਤੇ ਰੁਤਬਿਆਂ ਦੇ ਅਭਿਮਾਨ ਕਾਰਣ ਵੰਡੀ ਪਈ ਹੈ, ਅਸੀਸੀ ਇਕਤਰਤਾ ਦੀ ਪੰਜੀਵੀਂ ਵਰ੍ਹੇ-ਗੰਢ, ਸਾਰੇ ਸੰਸਾਰ ਦੇ ਧਰਮਾਂ ਦੀ ਇਕਸੁਰਤਾ ਦੇ ਰਾਹ ਦਾ ਇਕ ਐਸਾ ਮਹੱਤਵਪੂਰਣ ਮੀਲਪੱਥਰ ਹੈ, ਜਿਸ ਨੇ ਸਾਨੂੰ ਵਿਚਾਰ-ਵਟਾਂਦਰੇ ਰਾਹੀਂ ਸ਼ਾਂਤੀ ਅਤੇ ਇਨਸਾਫ਼ ਦੇ ਰਾਹ ’ਤੇ ਤੁਰਨ ਲਈ ਵਚਨ ਬਧ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਸਿੱਖ ਕਕਾਰਾਂ ਦੀ ਮਹਤਤਾ ਅਤੇ ਸਨਮਾਨ ਨੂੰ ਸਮਝਦੇ ਹੋਏ, ਸਮੁਚੇ ਇਕੱਠ ਦੇ ਦੌਰਾਨ ਅਤੇ ਪੋਪ ਬੈਨੇਡਿਕਟ ਨੂੰ ਮਿਲਣ ਵੇਲੇ ਵੀ, ਕਿਸੇ ਕਿਸਮ ਦੀ ਪਾਬੰਦੀ ਨਾ ਲਾਉਣੀ, ਅਤਿਅੰਤ ਸ਼ਲਾਘਾਯੋਗ ਕਦਮ ਸੀ।’ ਸਾਨੂੰ ਯਾਦ ਹੈ, ਅਪ੍ਰੈਲ 2008 ਵਿਚ ਵਿਸ਼ਵ ਸਿੱਖ ਕੌਂਸਲ-ਅਮੈਰਿਕਾ ਖੇਤ੍ਰ ਦੇ ਪ੍ਰਤਿਨਿਧ, ਅਮੈਰਿਕਨ ਸੀਕ੍ਰਿਟ ਸਰਵਿਸ ਵਲੋਂ ਕਿਰਪਾਨ ਤੇ ਲੱਗੀ ਪਾਬੰਦੀ ਦੇ ਕਾਰਣ, ਪੋਪ ਬੈਨੇਡਿਕਟ ਯੜੀ ਵਲੋਂ ਸੱਦੀ ਗਈ ਸਾਰੇ ਧਰਮਾਂ ਦੀ ਸਾਂਝੀ ਇਕਤਰਤਾ ਵਿਚ ਸ਼ਾਮਿਲ ਹੋਣ ਤੋਂ ਅਸਮਰਥ ਰਹੇ ਸਨ।

ਡਾ: ਤਰੁਨਜੀਤ ਸਿੰਘ ਨੇ ਕਿਹਾ: " ਅਸੀਂ ਜ਼ੁੰਮੇਵਾਰੀ ਲੈਂਦੇ ਹੋਏ ਵਾਇਦਾ ਕਰਦੇ ਹਾਂ ਕਿ ਅਸੀਂ ਮਨੁਖਤਾ ਦੀਆਂ ਵਖਰੀਆਂ, ਵਖਰੀਆਂ ਜਾਤਾਂ, ਧਰਮਾਂ ਅਤੇ ਸਭਿਆਚਾਰਕ ਸੰਗਠਨਾਂ ਨੂੰ ਇਕ ਦੂਸਰੇ ਦਾ ਮਾਨ ਸਤਿਕਾਰ ਕਰਨ ਅਤੇ ਸਾਂਝੀਵਾਲਤਾ ਨਾਲ ਜੀਉਣ ਦੀ ਸਿਖਿਆ ਦੇਵਾਂਗੇ ਤਾਂ ਜੋ ਸਭ ਏਕਤਾ ਅਤੇ ਅਮਨ ਅਮਾਨ ਨਾਲ ਰਹਿ ਸਕਣ ॥" ਇਸ ਉਪਰੰਤ ਪੋਪ ਬੈਨੇਡਿਕਟ ਨੇ ਕਿਹਾ "ਹਿੰਸਾ, ਫਿਰ ਕਦੇ ਨਹੀਂ! ਯੁਧ, ਫਿਰ ਕਦੇ ਨਹੀਂ! ਦਹਿਸ਼ਤਮਈ ਫ਼ਸਾਦ, ਫਿਰ ਕਦੇ ਨਹੀਂ! ਵਾਹਿਗੁਰੂ ਕਰੇ, ਸਾਰੇ ਧਰਮ ਰਲ ਕੇ ਸੰਸਾਰ ਨੂੰ ਇਨਸਾਫ਼, ਸ਼ਾਂਤੀ, ਖਿਮਾਂ, ਜੀਵਨ ਅਤੇ ਪ੍ਰੇਮ ਦੀ ਦਾਤ ਬਖ਼ਸ਼ਣ।’

ਪਿਛਲੇ ਪੰਜ ਸਾਲਾਂ ਤੋਂ ਵਿਸ਼ਵ ਸਿੱਖ ਕੌਂਸਲ - ਅਮੈਰਿਕਾ ਖੇਤ੍ਰ ਦੀ ਇੰਟਰ ਫ਼ੇਥ ਕਮੇਟੀ ਅਤੇ ਯੂ. ਐਸ. ਕਾਨਫ਼ਰੈਂਸ ਆਫ਼ ਕੈਥੋਲਿਕ ਬਿਸ਼ੱਪਸ ਸੈਕਟੇਰਿਅਟ ਫ਼ੌਰ ਐਕਯੂਮੈਨਕਿਲ ਐਂਡ ਇੰਨਟਰ-ਰੈਲੀਜਸ ਅਫ਼ੇਅਰਜ਼ ਰੱਲ ਕੇ ਸਿੱਖ-ਕੈਥੋਲਿਕ ਵਿਚਾਰ ਗੋਸ਼ਟੀ ਦੀਆਂ ਇਕਤ੍ਰਤਾਵਾਂ ਦਾ ਪ੍ਰਬੰਧ ਕਰਦੀ ਰਹੀ ਹੈ। ਅਜਿਹੀ ਵਿਚਾਰ ਗੋਸ਼ਟੀ ਸਭ ਤੋਂ ਪਹਿਲਾਂ ਮਈ 2006 ਵਿਚ, ਰੈਲੀਜਨਸ ਫ਼ੌਰ ਪੀਸ ਦੇ ਪ੍ਰਬੰਧ ਹੇਠ, ਨਿਊ ਯਾਰਕ ਸ਼ਹਿਰ ਦੇ ਚਰਚ ਸੈਂਟਰ ਫ਼ੌਰ ਯੂ.ਐਨ. ਵਿਖੇ ਹੋਈ ਸੀ। ਇਸ ਤੋਂ ਅਗਲੀ ਗੋਸ਼ਟੀ ਰੀਟ੍ਰੀਟ ਦੇ ਰੂਪ ਵਿਚ ਅਕਤੂਬਰ 2006 ਨੂੰ ਹੰਟਿੰਗਟਨ, ਨਿਊ ਯਾਰਕ ਵਿਖੇ "ਧਾਰਮਿਕਤਾ, ਮਨੁਖਮਾਤ੍ਰ ਦੀ ਭਲਾਈ ਅਤੇ ਰੱਬੀ ਰਚਨਾ" ਦੇ ਉਦੇਸ਼ ’ਤੇ ਹੋਈ। ਦੂਜੀ ਰੀਟ੍ਰੀਟ ਸਿਤੰਬਰ 2007 ਵਿਚ "ਧਾਰਮਿਕ ਬੰਦਸ਼ਾਂ ਤੋਂ ਬਗੈਰ ਪਵਿਤਰਤਾ ਦਾ ਸਨਮਾਨ" ਦੇ ਉਦੇਸ਼ ਨੂੰ ਮੁਖ ਰਖ ਕੇ ਵਾਸ਼ਿੰਗਟਨ, ਡੀ.ਸੀ. ਵਿਖੇ ਹੋਈ। ਤੀਜੀ ਰੀਟ੍ਰੀਟ ਮਈ 2009 ਵਿਚ ਕੋਲੰਬਸ, ਔਹਾਈਓ ਵਿਖੇ ਹੋਈ, ਜਿਸ ਦਾ ਉਦੇਸ਼ ਸੀ "ਵਾਹਿਗੁਰੂ ਦੀ ਰੂਪ ਰੇਖਾ: ਸਮਾਨਤਾ, ਭਿੰਨਤਾ ਅਤੇ ਸਾਡੇ ਰੁਹਾਨੀ ਰਸਤੇ"। ਅਗਲੀ ਰੀਟ੍ਰੀਟ ਮਾਰਚ, 2012 ਵਿਚ ਕਰਨ ਦੀ ਵਿਓਂਤਬੰਦੀ ਕੀਤੀ ਜਾ ਰਹੀ ਹੈ ਜੋ "ਜ਼ਿੰਦਗੀ, ਜਦੋਜਹਿਦ, ਧਾਰਮਿਕ ਸੋਝੀ ਅਤੇ ਤਜਰਬੇ" ਦੀ ਥੀਮ ਤੇ ਅਧਾਰਿਤ ਹੋਵੇਗੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top