Share on Facebook

Main News Page

ਸ਼੍ਰੋਮਣੀ ਕਮੇਟੀ ਦੇ ਦੋ ਮੁਲਾਜਮ ਸ਼ਰਾਬੀ ਹਾਲਤ ਵਿਚ ਲੋਕਾਂ ਨੇ ਫੜੇ

* ਮੁਲਾਜਮ ਪੁਲਿਸ ਹਵਾਲੇ ਕੀਤੇ ; ਪੁਲਿਸ ਨੇ ਮੁਲਾਜਮਾਂ ਦਾ ਡਾਕਟਰੀ ਮੁਆਇਨਾ ਕਰਵਾਇਆ
* ਪੰਥਕ ਧਿਰਾਂ ਨੇ ਮੱਕੜ ਨੂੰ ਘੇਰਿਆ ; ਮੱਕੜ ਦਾ ਅਸਤੀਫਾ ਮੰਗਿਆ ਅਤੇ ਗੁਰਦੁਆਰਾ ਸ੍ਰੀ ਫ਼ਤਹਿਗੜ ਸਾਹਿਬ ਦੇ ਪ੍ਰਬੰਧ ਦੀ ਤਲਦੀਲੀ ਮੰਗੀ

ਲੋਕਾਂ ਵੱਲੋ ਸ਼ਰਾਬੀ ਸ਼੍ਰੋਮਣੀ ਕਮੇਟੀ ਮੁਲਾਜਮਾਂ ਤੋ ਫੜੀ ਗਈ

2 ਸ਼ਰਾਬੀ ਹਾਲਤ ਵਿਚ ਫੜੇ ਮੁਲਾਜਮ


ਚੰਡੀਗੜ, 2 ਨਵੰਬਰ (ਗੁਰਪ੍ਰੀਤ ਮਹਿਕ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਚਲਾਏ ਜਾ ਰਹੇ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਕੰਮ ਕਰਦੇ ਦੋ ਮੁਲਾਜਮ ਜਿਨ੍ਹਾਂ ਨੇ ਗਾਤਰੇ ਵੀ ਪਾਏ ਸਨ, ਅੱਜ ਕਥਿਤ ਸ਼ਰਾਬੀ ਹਾਲਤ ਵਿਚ ਲੋਕਾਂ ਨੇ ਫੜ ਕੇ ਪੁਲਿਸ ਹਵਾਲੇ ਕਰ ਦਿੱਤੇ। ਪੁਲਿਸ ਵੱਲੋ ਫੜੇ ਗਏ ਇਨ੍ਹਾਂ ਦੋ ਮੁਲਾਜਮਾਂ ਨੂੰ ਡਾਕਟਰੀ ਮੁਆਇਨੇ ਲਈ ਤੁਰੰਤ ਫ਼ਤਹਿਗੜ ਸਾਹਿਬ ਦੇ ਸਿਵਲ ਹਸਪਤਾਲ ਵਿਖੇ ਲੈ ਕੇ ਜਾਂਦਾ ਗਿਆ, ਜਿੱਥੇ ਡਾਕਟਰਾਂ ਨੇ ਇਨ੍ਹਾਂ ਮੁਲਾਜਮਾਂ ਦੀ ਡਾਕਟਰੀ ਮੁਆਇਨਾ ਕੀਤਾ। ਜਦੋ ਇਨ੍ਹਾਂ ਮੁਲਾਜਮਾਂ ਨੂੰ ਡਾਕਟਰੀ ਮੁਆਇਨੇ ਲਈ ਹਸਪਤਾਲ ਲੈ ਕੇ ਜਾਂਦਾ ਗਿਆ ਤਾਂ ਹਸਪਤਾਲ ਵਿੱਚ ਲੋਕਾਂ ਦਾ ਕਾਫੀ ਭੀੜ ਇੱਕਤਰ ਹੋ ਗਈ।

ਜਿਕਰਯੋਗ ਹੈ ਕਿ ਸਥਾਨਕ ਗੁਰਦੁਆਰਾ ਸਾਹਿਬ ਸ਼੍ਰੋਮਣੀ ਕਮੇਟੀ ਦੇ ਏ ਸੈਕਸ਼ਨ ਦੇ ਗੁਰਦੁਆਰਿਆਂ ਵਿਚੋ ਇੱਕ ਹੈ। ਮਾਤਾ ਗੁਜਰੀ ਅਤੇ ਛੋਟੇ ਸਾਹਿਬਜਾਦਿਆਂ ਦੀ ਯਾਦ ਨੂੰ ਸਮਰਪਿਤ ਇਸ ਗੁਰਦੁਆਰੇ ਦੇ ਮੁਲਾਜਮਾਂ ਦੇ ਸ਼ਰਾਬੀ ਹਾਲਤ ਵਿੱਚ ਫੜੇ ਜਾਣ ਕਾਰਨ ਸ਼੍ਰੋਮਣੀ ਕਮੇਟੀ ਕਸੂਤੀ ਸਥਿਤੀ ਵਿਚ ਫਸ ਗਈ ਹੈ। ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਅਤੇ ਦਲ ਖਾਲਸਾ ਆਦਿ ਜਥੇਬੰਦੀਆਂ ਦੇ ਨੁਮਾਇੰਦਆਂ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਦਾ ਤੁਰੰਤ ਅਸਤੀਫਾ ਮੰਗਿਆ ਹੈ ਅਤੇ ਕਿਹਾ ਹੈ ਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਦੀ ਤੁਰੰਤ ਤਬਦੀਲੀ ਕੀਤੀ ਜਾਵੇ ਅਤੇ ਪ੍ਰਬੰਧ ਤਗੜਾ ਕਰਕੇ ‘ਵਿਗੜੇ' ਹੋਏ ਮੁਲਾਜਮਾਂ ਤੇ ਲਗਾਮ ਕੱਸਣ ਜਾਵੇ।

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਅੱਜ ਸ਼ਾਮ ਇਹ ਦੋ ਮੁਲਾਜਮ ਸ਼੍ਰੋਮਣੀ ਕਮੇਟੀ ਦੀ ਗੱਡੀ ਵਿਚ ਸਵਾਰ ਹੋ ਕੇ ਸਰਹਿੰਦ ਤੋ ਫ਼ਤਹਿਗੜ ਸਾਹਿਬ ਵੱਲ ਜਾ ਰਹੇ ਹਨ। ਉਨ੍ਹਾਂ ਸ਼ਰਾਬ ਦੇ ਨਸ਼ੇ ਵਿਚ ਰੋਡ ਤੇ ਗੱਡੀਆਂ ਦਾ ਜਾਮ ਲਗਾ ਦਿੱਤਾ, ਜਿਸ ਤੋ ਬਾਅਦ ਇਨ੍ਹਾਂ ਸਿੰਘਾਂ ਦੀ ਹਾਲਤ ਲੋਕਾਂ ਨੂੰ ਪਤਾ ਲੱਗ ਗਈ। ਗੁੱਸੇ ਵਿਚ ਆਏ ਲੋਕਾਂ ਨੇ ਇਨ੍ਹਾਂ ਨੂੰ ਤੁਰੰਤ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਸੀਨੀਅਰ ਨੇਤਾਵਾਂ ਕੁਲਦੀਪ ਸਿੰਘ ਦੁਭਾਲੀ, ਅਤੇ ਰਣਦੇਵ ਸਿੰਘ ਦੇਬੀ ਵੀ ਮੌਕੇ ਤੇ ਪੁੱਜ ਗਏ ਅਤੇ ਉਨ੍ਹਾਂ ਗੱਡੀ ਵਿਚੋ ਸ਼ਰਾਬ ਵੀ ਬਰਾਮਦ ਕੀਤੀ ਅਤੇ ਜਦੋ ਉਨ੍ਹਾਂ ਇਨਾ ਮੁਲਾਜਮਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਥਿਤ ਕਰਵਿਹਾਰ ਕੀਤਾ।

ਮੌਕੇ ਤੇ ਮੌਜੂਦ ਕੁਝ ਲੋਕਾਂ ਦੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਗੱਡੀ ਵਿਚੋ ਦੋ ਔਰਤਾਂ ਨੂੰ ਵੀ ਭੱਜਦੇ ਹੋਏ ਦੇਖਿਆ। ਇਨ੍ਹਾਂ ਔਰਤਾਂ ਦਾ ਪਿੱਛਾ ਵੀ ਕੀਤਾ ਗਿਆ, ਪ੍ਰੰਤੂ ਪਤਾ ਨਹੀਂ ਇਹ ਔਰਤਾ ਕਿੱਥੇ ਗਾਇਬ ਹੋ ਗਈਆਂ। ਇਹ ਵੀ ਪਤਾ ਨਹੀਂ ਲੱਗਾ ਕਿ ਇਨ੍ਹਾਂ ਵਿਅਕਤੀਆਂ ਦੇ ਇਨ੍ਹਾਂ ਔਰਤਾਂ ਨਾਲ ਕੀ ਸੰਬੰਧ ਸਨ। ਇਸ ਗੱਲ ਦੀ ਕਿਸੇ ਪੁਲਿਸ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ। ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਗੁਰਦੁਆਰਾ ਸਾਹਿਬ ਦੇ ਪੱਕੇ ਮੁਲਾਜਮ ਸਨ ਜਾਂ ਫੇਰ ਕੱਚੇ ਅਤੇ ਸ਼੍ਰੋਮਣੀ ਕਮੇਟੀ ਦੀ ਗੱਡੀ ਲੈ ਕੇ ਕਿਸ ‘ਮੋਰਚੇ ਨੂੰ ਫ਼ਤਹਿ' ਕਰਨ ਜਾ ਰਹੇ ਸਨ। ਦੱਸਿਆ ਜਾਂਦਾ ਹੈ ਕਿ ਇਕ ਡਰਾਇਵਰ ਅਤੇ ਇਕ ਸੇਵਾਦਾਰ ਵੱਜੋ ਗੁਰਦੁਆਰਾ ਸਾਹਿਬ ਵਿਖੇ ਤੈਨਾਤ ਸੀ।

ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਸੀਨੀਅਰ ਨੇਤਾ ਈਮਾਨ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਨੇਤਾ ਭਾਈ ਹਰਪਾਲ ਸਿੰਘ ਚੀਮਾ ਅਤੇ ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਇਸ ਘਟਨਾ ਤੋ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਸਿੱਖ ਕੌਮ ਤੋ ਮਾਫੀ ਅਤੇ ਉਨ੍ਹਾਂ ਨੂੰ ਆਪਣੇ ਅਹੁਦੇ ਤੋ ਤੁਰੰਤ ਅਸਤੀਫਾ ਦੇਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਜੇ ਗੁਰਦੁਆਰਾ ਸਾਹਿਬ ਵਿਚ ਕੰਮ ਕਰਕੇ ਮੁਲਾਜਮ ਸ਼ਰਾਬ ਦੇ ਸੇਵਨ ਕਰਨਗੇ ਤਾਂ ਸਿੱਖ ਕੌਮ ਤੇ ਇਸ ਦਾ ਕੀ ਪ੍ਰਭਾਵ ਪਵੇਗਾ। ਉਨ੍ਹਾਂ ਕਿਹਾ ਇਸ ਘਟਨਾ ਤੋ ਬਾਅਦ ਸਮੁੱਚੇ ਗੁਰਦੁਆਰਾ ਫ਼ਤਹਿਗੜ ਸਾਹਿਬ ਦੇ ਪ੍ਰਬੰਧ ਵਿਚ ਸੁਧਾਰ ਲੈ ਕੇ ਆਉਣ ਦੀ ਲੋੜ ਹੈ। ਜਦੋ ਜਿਲਾ ਫ਼ਤਹਿਗੜ ਸਾਹਿਬ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਜੋਕਿ ਸ਼੍ਰੋਮਣੀ ਅਕਾਲੀ ਦਲ ਸੰਤ ਸਮਾਜ ਗਠਜੋੜ ਵੱਲੋ ਜਿੱਤ ਕੇ ਆਏ ਹਨ, ਨਾਲ ਪੱਤਰਕਾਰਾਂ ਨੇ ਗੱਲਬਾਤ ਕੀਤੀ ਹੈ ਤਾਂ ਉਨ੍ਹਾਂ ਕਿਹਾ ਕਿ ਜੇ ਗੁਰਦਆਰਾ ਮੁਲਾਜਮਾਂ ਨੇ ਸ਼ਰਾਬ ਪੀਤੀ ਹੋਈ ਸੀ, ਤਾਂ ਇਹ ਬਹੁਤ ਮਾੜੀ ਗੱਲ ਹੈ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਵੀ ਵੇਖਣ ਵਾਲੀ ਗੱਲ ਹੈ ਕਿ ਕੀਤੇ ਕਿਸੇ ਸਾਜਿਸ਼ ਅਧੀਨ ਤਾਂ ਇਨ੍ਹਾਂ ਨੂੰ ਫਸਾਇਆ ਨਹੀਂ ਜਾ ਰਿਹਾ ਹੈ। ਪੱਤਰਕਾਰਾਂ ਨੇ ਜਦੋ ਫੜੇ ਗਈ ਵਿਅਕਤੀਆਂ ਤੋ ਉਨ੍ਹਾਂ ਦਾ ਪੱਖ ਪੁੱਛਿਆਂ ਤਾਂ ਉਨ੍ਹਾਂ ਕੁਝ ਵੀ ਕਹਿਣ ਤੋ ਇਨਕਾਰ ਕਰ ਦਿੱਤਾ। ਖਬਰ ਲਿਖੇ ਜਾਣ ਤੱਕ ਮੁਲਾਜਮਾਂ ਦਾ ਡਾਕਟਰੀ ਮੁਆਇਨਾ ਚੱਲ ਰਿਹਾ ਸੀ।

ਪੁਲਿਸ ਨੇ ਦੋਵਾਂ ਮੁਲਾਜਮਾਂ ਦੇ ਬਿਆਨ ਦਰਜ ਕਰ ਲਏ ਹਨ ਅਤੇ ਪੁਲਿਸ ਜਾਂਚ ਵਿਚ ਜੁੱਟੋ ਹੋਏ ਹਨ। ਦੱਸਿਆ ਜਾਂਦਾ ਹੈ ਕਿ ਪੁਲਿਸ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਯੂਥ ਵਿੰਗ ਦੇ ਸੀਨੀਅਰ ਨੇਤਾ ਜਿਨਾ ਫ਼ਤਹਿਗੜ ਸਾਹਿਬ ਤੋ ਸ਼੍ਰੋਮਣੀ ਕਮੇਟੀ ਚੋਣ ਵੀ ਲੜੀ ਸੀ, ਨੇ ਪੁਲਿਸ ਨੂੰ ਬਿਆਨ ਦਿੱਤੇ ਹਨ ਕਿ ਉਕਤ ਮੁਲਾਜਮਾਂ ਨੇ ਉਨ੍ਹਾਂ ਦਾ ਦਰਵਿਹਾਰ ਕੀਤਾ ਹੈ, ਇਸ ਲਈ ਇਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ। ਪੁਲਿਸ ਸਾਰੇ ਪੱਖਾਂ ਤੋ ਜਾਂਚ ਵਿਚ ਜੁਟੀ ਹੈ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top