Share on Facebook

Main News Page

ਇਤਿਹਾਸ ਵਿੱਚ ਵਾਪਰੀਆਂ ਘਟਨਾਵਾਂ ਸਿੱਖਿਆ ਲੈਣ ਵਾਸਤੇ ਹੁੰਦੀਆਂ ਹਨ: ਗਿਆਨੀ ਸ਼ਿਵਤੇਗ ਸਿੰਘ

* 1978 ਵਿੱਚ ਇੱਕ ਇੱਕ ਡੇਰੇਦਾਰ ਵਲੋਂ ਅੰਮ੍ਰਿਤਸਰ ਵਿਖੇ ਸਿੱਟੀ ਚੰਗਿਆੜੀ ਹੀ 1984 ਵਿੱਚ ਸਾਰੇ ਦੇਸ਼ ਵਿੱਚ ਭਾਂਬੜ ਬਣ ਕੇ ਮੱਚੀ
* ਸਿੱਖ ਕੌਮ ਨੇ ਜੇ 1978 ਵਿੱਚ ਸਿੱਟੀ ਚੰਗਿਆੜੀ ਤੋਂ ਹੀ ਸਬਕ ਸਿੱਖਿਆ ਹੁੰਦਾ ਤਾਂ ਨਾ 1984 ਦੀ ਅੱਗ ਵਿੱਚ ਸੜਨਾ ਪੈਂਦਾ ਤੇ ਨਾ ਹੀ ਸਿੱਖ ਕੌਮ ਦੀ ਅੱਜ ਵਾਲੀ ਹਾਲਤ ਪੈਦਾ ਹੁੰਦੀ
* 1984 ਦੀਆਂ ਘਟਨਾਵਾਂ ਤੋਂ ਸਬਕ ਸਿੱਖਣ ਦੀ ਵਜਾਏ ਕੌਮ ਦੇ ਲੀਡਰਾਂ ਨੇ ਇਸ ਨੂੰ ਚੈੱਕ ਬਣਾ ਕੇ ਰੱਖ ਲਿਆ ਹੈ ਜਿਸ ਨੂੰ ਸਿਰਫ ਵੋਟਾਂ ਸਮੇਂ ਕੈਸ਼ ਕਰਵਾ ਲਿਆ ਜਾਂਦਾ ਹੈ
* ਬਠਿੰਡਾ ਦੇ ਖੇਡ ਸਟੇਡੀਅਮ ਵਿੱਚ ਅਕਾਲੀਆਂ ਨੂੰ ਚੜ੍ਹੀ ਖੁਸ਼ੀ ਨੇ ਪੂਰੀ ਤਰ੍ਹਾਂ ਸਿੱਧ ਕਰ ਦਿੱਤਾ ਹੈ, ਕਿ 84 ’ਚ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਸਾੜੇ ਜਾਣ ਦੇ ਦ੍ਰਿਸ਼ ਨੂੰ ਇਹ ਪੂਰੀ ਤਰ੍ਹਾਂ ਭੁੱਲ ਚੁੱਕੇ ਹਨ। ਹੁਣ ਵੇਖਣਾ ਇਹ ਹੈ ਕਿ ਫਰਵਰੀ 2012 ’ਚ ਹੋਣ ਵਾਲੀਆਂ ਚੋਣਾਂ ਵਿੱਚ ਵੀ ਇਸ ਨੂੰ ਭੁੱਲਣਗੇ ਜਾਂ ਵੋਟਾਂ ਲਈ ਕੈਸ਼ ਕਰਵਾਉਣ ਲਈ ਇਸ ਨੂੰ ਮੁੜ ਉਛਾਲਣਗੇ!

ਬਠਿੰਡਾ, 1 ਨਵੰਬਰ (ਕਿਰਪਾਲ ਸਿੰਘ): ਇਤਿਹਾਸ ਵਿੱਚ ਵਾਪਰੀਆਂ ਘਟਨਾਵਾਂ ਸਿੱਖਿਆ ਲੈਣ ਵਾਸਤੇ ਹੁੰਦੀਆਂ ਹਨ ਪਰ 1984 ਦੀਆਂ ਘਟਨਾਵਾਂ ਤੋਂ ਸਬਕ ਸਿੱਖਣ ਦੀ ਵਜਾਏ, ਸਿੱਖ ਕੌਮ ਦੇ ਲੀਡਰਾਂ ਨੇ ਇਸ ਨੂੰ ਚੈੱਕ ਬਣਾ ਕੇ ਰੱਖ ਲਿਆ ਹੈ ਜਿਸ ਨੂੰ ਸਿਰਫ ਵੋਟਾਂ ਸਮੇਂ ਕੈਸ਼ ਕਰਵਾ ਲਿਆ ਜਾਂਦਾ ਹੈ।

ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਦੌਰਾਨ ਹੈੱਡ ਪ੍ਰਚਾਰਕ ਗਿਆਨੀ ਸ਼ਿਵਤੇਗ ਸਿੰਘ ਨੇ ਅੱਜ ਸਵੇਰੇ ਕਹੇ, ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: 533 ’ਤੇ ਦਰਜ਼ ਰਾਗੁ ਦੇਵ ਗੰਧਾਰੀ ਵਿੱਚ ਗੁਰੂ ਅਰਜਨ ਸਾਹਿਬ ਜੀ ਦੇ ਸ਼ਬਦ ‘ਦੇਵਗੰਧਾਰੀ ਮਹਲਾ 5 ॥ ਪ੍ਰਭ ਇਹੈ ਮਨੋਰਥੁ ਮੇਰਾ ॥ ਕ੍ਰਿਪਾ ਨਿਧਾਨ ਦਇਆਲ ਮੋਹਿ ਦੀਜੈ ਕਰਿ ਸੰਤਨ ਕਾ ਚੇਰਾ ॥ ਰਹਾਉ ॥’ ਦੀ ਵਿਆਖਿਆ ਕਰਦਿਆਂ ਉਨ੍ਹਾਂ ਕਿਹਾ ਇਸ ਸ਼ਬਦ ਵਿਚ ਗੁਰੂ ਸਾਹਿਬ ਅਕਾਲਪੁਰਖ਼ ਅੱਗੇ ਬੇਨਤੀ ਕਰਦੇ ਹਨ ਕਿ ‘ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਹੇ ਦਇਆਲ ਪ੍ਰਭੂ! ਮੇਰੇ ਮਨ ਦੀ ਇਹੀ ਤਾਂਘ ਹੈ ਕਿ ਮੈਨੂੰ ਇਹ ਦਾਨ ਦੇਹ, ਜੁ ਮੈਨੂੰ ਆਪਣੇ ਸੰਤ ਜਨਾˆ ਦਾ ਸੇਵਕ ਬਣਾਈ ਰੱਖੋ।’ ਰਹਾਉ ਦੇ ਇਸ ਬੰਦ ਵਿੱਚ ਆਏ ਸ਼ਬਦ ‘ਸੰਤਨ’ ਦੀ ਵਿਆਖਿਆ ਕਰਦਿਆਂ ਭਾਈ ਸ਼ਿਵਤੇਗ ਸਿੰਘ ਨੇ ਕਿਹਾ ਕਿ ਗੁਰਬਾਣੀ ਵਿੱਚ ‘ਸੰਤ’ ਸ਼ਬਦ 4 ਅਰਥਾਂ ਵਿੱਚ ਆਇਆ ਹੈ। ਜਦੋਂ ਇਹ ਇੱਕ ਬਚਨ ਵਿੱਚ ਆਉਂਦਾ ਹੈ ਤਾਂ ਇਹ ‘ਗੁਰੂ’ ਜਾਂ ‘ਪ੍ਰਮਾਤਮਾ’ ਦੇ ਅਰਥਾਂ ਵਿੱਚ ਵਰਤਿਆ ਜਾਂਦਾ ਹੈ। ਜਿਵੇਂ: ‘ਮੇਰਾ ਮਨੁ ਲੋਚੈ ਗੁਰ ਦਰਸਨ ਤਾਈ ॥ ਬਿਲਪ ਕਰੇ ਚਾਤ੍ਰਿਕ ਕੀ ਨਿਆਈ ॥ ਤ੍ਰਿਖਾ ਨ ਉਤਰੈ ਸਾਂਤਿ ਨ ਆਵੈ ਬਿਨੁ ਦਰਸਨ ਸੰਤ ਪਿਆਰੇ ਜੀਉ ॥1॥ ਹਉ ਘੋਲੀ ਜੀਉ ਘੋਲਿ ਘੁਮਾਈ ਗੁਰ ਦਰਸਨ ਸੰਤ ਪਿਆਰੇ ਜੀਉ ॥1॥ ਰਹਾਉ ॥’ ਇਨ੍ਹਾਂ ਤੁਕਾਂ ਵਿੱਚ ਸੰਤ ਸ਼ਬਦ ‘ਗੁਰੂ’ ਲਈ ਵਰਤਿਆ ਗਿਆ ਹੈ।

ਭਾਗੁ ਹੋਆ ਗੁਰਿ ਸੰਤੁ ਮਿਲਾਇਆ ॥ ਪ੍ਰਭੁ ਅਬਿਨਾਸੀ ਘਰ ਮਹਿ ਪਾਇਆ ॥’ ਇਸ ਤੁਕ ਵਿੱਚ ਸ਼ਬਦ ‘ਗੁਰਿ’ ਦੇ ‘ਰ’ ਨਾਲ ਸਿਹਾਰੀ ਲੱਗੀ ਹੈ ਜਿਹੜੀ ‘ਨੇ’ ਦੇ ਅਰਥ ਦਿੰਦੀ ਹੈ ਭਾਵ ਗੁਰੂ ਨੇ। ਅਤੇ ਇਸ ਤੁਕ ਵਿੱਚ ‘ਸੰਤ’ ਸ਼ਬਦ ਸ਼ਾਂਤੀ ਦੇ ਸੋਮੇ ਪ੍ਰਮਾਤਮਾ ਲਈ ਆਇਆ ਹੈ। ਇਸ ਪਦੇ ਦੇ ਪੂਰੇ ਅਰਥ ਬਣਦੇ ਹਨ: ਮੇਰੇ ਭਾਗ ਜਾਗ ਪਏ ਹਨ, ਗੁਰੂ ਨੇ ਮੈਨੂੰ ਸ਼ਾਂਤੀ ਦਾ ਸੋਮਾ ਪਰਮਾਤਮਾ ਮਿਲਾ ਦਿੱਤਾ ਹੈ (ਗੁਰੂ ਦੀ ਕਿਰਪਾ ਨਾਲ ਉਸ) ਅਬਿਨਾਸੀ ਪ੍ਰਭੂ ਨੂੰ ਮੈਂ ਆਪਣੇ ਹਿਰਦੇ ਵਿਚ ਹੀ ਲੱਭ ਲਿਆ ਹੈ। ਜਿਸ ‘ਸੰਤ’ ਨੂੰ ‘ਗੁਰੂ ਨੇ’ ਮਿਲਾਇਆ ਹੈ ਉਸ ਲਈ ਅਗਲੀ ਤੁਕ ਵਿੱਚ ਸ਼ਬਦ ‘ਪ੍ਰਭੁ ਅਬਿਨਾਸੀ’ ਆਇਆ। ਇਸ ਨਾਲ ਇਹ ਯਕੀਨੀ ਤੌਰ ’ਤੇ ਕਿਹਾ ਜਾ ਸਕਦਾ ਹੈ ਕਿ ‘ਸੰਤ’ ਸ਼ਬਦ ਪ੍ਰਭੂ ਲਈ ਹੀ ਆਇਆ ਹੈ।

ਪਰ ਜਦੋਂ ‘ਸੰਤ’ ਸ਼ਬਦ ਬਹੁਬਚਨ ਵਿੱਚ ਆਉਂਦਾ ਹੈ ਉਸ ਸਮੇਂ ਇਹ ਭੇਖਧਾਰੀ ਕਿਸੇ ਇਕ ਸੰਤ ਜਾਂ ਸੰਤਾਂ ਦੇ ਸਮੂਹ ਲਈ ਨਹੀਂ ਬਲਕਿ ਉਨ੍ਹਾਂ ਗੁਰਸਿੱਖਾਂ ਲਈ ਵਰਤਿਆ ਗਿਆ ਹੈ ਜਿਨ੍ਹਾਂ ਨੇ ਸ਼ਾਂਤੀ ਦੇ ਸੋਮੇ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੁੰਦਾ ਹੈ। ਜਿਵੇਂ: ‘ਭਾਈ ਰੇ ਸੰਤ ਜਨਾ ਕੀ ਰੇਣੁ ॥ ਸੰਤ ਸਭਾ ਗੁਰੁ ਪਾਈਐ ਮੁਕਤਿ ਪਦਾਰਥੁ ਧੇਣੁ ॥1॥ ਰਹਾਉ ॥’ (ਪੰਨਾ 18)। ਗੁਰਬਾਣੀ ਵਿੱਚ ਜਿੱਥੇ ਵੀ ਪ੍ਰਭੂ ਦੇ ਗੁਣਾਂ ਤੋਂ ਸੱਖਣੇ ਕਿਸੇ ਖਾਸ ਭੇਖ ਵਾਲੇ ਸੰਤ ਦੀ ਗੱਲ ਕੀਤੀ ਗਈ ਹੈ ਉਥੇ ਕਦੀ ਵੀ ਸਤਿਕਾਰ ਸਹਿਤ ਸ਼ਬਦ ‘ਸੰਤ ਜਨ’ ਭਾਵ ‘ਪ੍ਰਭੂ ਦੇ ਸੇਵਕ’ ਨਹੀ ਵਰਤੇ ਗਏ ਸਗੋਂ ਉਨ੍ਹਾਂ ਲਈ ‘ਠੱਗ’ ਸ਼ਬਦ ਵਰਤਿਆ ਗਿਆ ਹੈ। ਜਿਵੇਂ ਕਿ: ‘ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ ਗਲੀ ਜਿਨਾ ਜਪਮਾਲੀਆ ਲੋਟੇ ਹਥਿ ਨਿਬਗ ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥1॥ ਐਸੇ ਸੰਤ ਨ ਮੋ ਕਉ ਭਾਵਹਿ ॥ ਡਾਲਾ ਸਿਉ ਪੇਡਾ ਗਟਕਾਵਹਿ ॥1॥ ਰਹਾਉ ॥’ (ਪੰਨਾ 476)।

ਗੁਰਬਾਣੀ ਵਿੱਚ ਇਤਨੀ ਸਪਸ਼ਟ ਸੇਧ ਹੋਣ ਦੇ ਬਾਵਯੂਦ ਸਾਡਾ ਦੁਖਾਂਤ ਇਹੀ ਹੈ ਕਿ ਅਸੀਂ ਕਿਸੇ ਖਾਸ ਲਿਬਾਸ ਵਾਲੇ ਵਿਅਕਤੀ ਨੂੰ ਹੀ ਪ੍ਰਭੂ ਦੇ ਸੰਤ ਸਮਝ ਕਿ ਉਸ ਦੇ ਚਰਨਾਂ ਦੀ ਧੂੜ ਜਾਂ ਪੈਰ ਧੋ ਕੇ ਗੰਦਾ ਪਾਣੀ ਪੀ ਕੇ ਹੀ ਮੁਕਤੀ ਦੀ ਭਾਲ ਵਿੱਚ ਲੱਗੇ ਰਹਿੰਦੇ ਹਾਂ। ਸਾਡੇ ਵਲੋਂ ਕੀਤੀ ਜਾ ਰਹੀ ਇਸੇ ਕੌਤਾਹੀ ਕਾਰਣ ਹੀ ਪੰਜਾਬ ਵਿੱਚ ਵੱਡੀ ਗਿਣਤੀ ਅਖੌਤੀ ਸੰਤਾਂ ਅਤੇ ਦੇਹਧਾਰੀ ਗੁਰੂਆਂ ਦੀ ਪੈਦਾ ਹੋ ਗਈ ਹੈ। 1978 ਦੀ ਵੈਸਾਖੀ ਨੂੰ ਇਨ੍ਹਾਂ ਵਿੱਚੋਂ ਹੀ ਇੱਕ ਨਕਲੀ ਗੁਰੂ ਨੇ ਸ਼ਬਦ ਗੁਰੂ ਦੇ ਸਿਧਾਂਤ ਦਾ ਮੌਜੂ ਉਡਾਉਂਦਿਆਂ ਆਪਣੇ ਆਪ ਨੂੰ ਗੁਰੂ ਅਖਵਾਉਣ ਦੀ ਹਿਕਾਮਤ ਕੀਤੀ ਜਿਸ ਨੂੰ ਸ਼ਾਂਤਮਈ ਢੰਗ ਨਾਲ ਰੋਕਣ ਗਏ ਸਿੰਘਾਂ ਦੇ ਜਥੇ ਵਿੱਚੋਂ 13 ਸਿੰਘਾਂ ਨੂੰ ਉਸ ਦੇ ਬੁਰਛਾਗਰਦਾਂ ਨੇ ਗੋਲੀਆਂ ਨਾਲ ਭੁੰਨ ਕੇ ਸ਼ਹੀਦ ਕਰ ਦਿੱਤਾ। 1978 ਵਿੱਚ ਇਸ ਦੇਹਧਾਰੀ ਗੁਰੂਡੰਮੀ ਡੇਰੇਦਾਰ ਵਲੋਂ ਅੰਮ੍ਰਿਤਸਰ ਵਿਖੇ ਸਿੱਟੀ ਇੱਕ ਚੰਗਿਆੜੀ ਹੀ 1984 ਵਿੱਚ ਸਾਰੇ ਦੇਸ਼ ਵਿੱਚ ਭਾਂਬੜ ਬਣ ਕੇ ਮੱਚੀ ਜਿਸ ਵਿੱਚ ਹਜਾਰਾਂ ਸਿੱਖਾਂ ਦੀਆਂ ਜਿੱਥੇ ਜਾਨਾਂ ਗਈਆਂ ਉੱਥੇ ਉਨ੍ਹਾਂ ਦੇ ਘਰ ਘਾਟ ਵੀ ਸੜ ਕੇ ਸੁਆਹ ਹੋ ਗਏ। ਸਿੱਖ ਕੌਮ ਨੇ ਜੇ 1978 ਵਿੱਚ ਹੀ ਇੱਕ ਡੇਰੇਦਾਰ ਵਲੋਂ ਸਿੱਟੀ ਚੰਗਿਆੜੀ ਤੋਂ ਹੀ ਸਬਕ ਸਿਖਿਆ ਹੁੰਦਾ ਤਾਂ ਨਾ 1984 ਦੀ ਅੱਗ ਵਿੱਚ ਸੜਨਾ ਪੈਂਦਾ ਤੇ ਨਾ ਹੀ ਸਿੱਖ ਕੌਮ ਦੀ ਅੱਜ ਵਾਲੀ ਹਾਲਤ ਪੈਦਾ ਹੁੰਦੀ। ਪਰ ਅਫਸੋਸ ਕਿ 1978 ਅਤੇ 1984 ਦੀਆਂ ਘਟਨਾਵਾਂ ਤੋਂ ਸਬਕ ਸਿੱਖਣ ਦੀ ਵਜਾਏ ਕੌਮ ਦੇ ਲੀਡਰਾਂ ਨੇ ਇਸ ਨੂੰ ਚੈੱਕ ਬਣਾ ਕੇ ਰੱਖ ਲਿਆ ਹੈ ਜਿਸ ਨੂੰ ਸਿਰਫ ਵੋਟਾਂ ਸਮੇਂ ਕੈਸ਼ ਕਰਵਾ ਲਿਆ ਜਾਂਦਾ ਹੈ।

ਭਾਈ ਸ਼ਿਵਤੇਗ ਸਿੰਘ ਨੇ ਕਿਹਾ ਕਿ 1978 ਵਿੱਚ ਸਿੱਟੀ ਇੱਕ ਚੰਗਿਆੜੀ ਨੇ ਇੱਕ ਲੱਖ ਦੇ ਕਰੀਬ ਸਿੱਖਾਂ ਦੀ ਜਾਨ ਉਨ੍ਹਾਂ ਕਿਹਾ ਅੱਜ ਦੇ ਦਿਨ 1 ਨਵੰਬਰ ਤੋਂ 4 ਨਵੰਬਰ 1984 ਤੱਕ ਦੇ ਦਿਨ ਸਿੱਖਾਂ ਲਈ ਚੌਥੇ ਵੱਡੇ ਘਲੂਘਾਰੇ ਦੇ ਰੂਪ ਵਿੱਚ ਸਿੱਖ ਕੌਮ ਲਈ ਸਭ ਤੋਂ ਕਾਲੇ ਦਿਨ ਹਨ ਪਰ ਅੱਜ ਸਾਡੇ ਸੁਅਰਥੀ ਆਗੂਆਂ ਸਦਕਾ ਇਨ੍ਹਾਂ ਨੂੰ ਪੂਰੀ ਤਰ੍ਹਾਂ ਭੁਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜੇ ਇਨ੍ਹਾਂ ਘਟਨਾਵਾਂ ਤੋਂ ਸਬਕ ਸਿੱਖਿਆ ਹੁੰਦਾ ਤਾਂ 1978 ਦੀ ਘਟਨਾ ਤੋਂ ਤੁਰੰਤ ਬਾਅਦ ਹੀ ਸ਼ਬਦ ਗੁਰੂ ਦੇ ਪ੍ਰਚਾਰ ਦੀ ਐਸੀ ਲਹਿਰ ਚੱਲ ਹੁੰਦੀ ਕਿ ਸਾਰੇ ਸਿੱਖ ਡੇਰੇਦਾਰਾਂ, ਨਸ਼ਿਆਂ ਅਤੇ ਪਤਿਤਪੁਣੇ ਨੂੰ ਛੱਡ ਕੇ ਸਾਬਤ ਸੂਰਤ ਹੋ ਕੇ ਅੰਮ੍ਰਿਤਧਾਰੀ ਬਣ ਕੇ ਗੁਰੂ ਦੇ ਲੜ ਲੱਗੇ ਹੁੰਦੇ। ਪਰ ਹੋਇਆ ਇਸ ਦੇ ਉਲਟ ਕਿ ਸ਼ਬਦ ਗੁਰੂ ਦੇ ਪ੍ਰਚਾਰ ਦੀ ਥਾਂ 84 ਨੂੰ ਭੁਲਾਉਣ ਲਈ ਪਤਿਤਪੁਣੇ, ਨਸ਼ਿਆਂ, ਇਖਲਾਖ਼ ਤੋਂ ਗਿਰੇ ਲੱਚਰ ਗੀਤਾਂ ਅਤੇ ਅਧਨੰਗੇ ਸਰੀਰਾਂ ਵਾਲੀਆਂ ਕੁੜੀਆਂ ਦੇ ਨਾਚਾਂ ਦੀ ਲਹਿਰ ਚੱਲੀ ਹੋਈ ਹੈ। ਕੌਮ ਦੇ ਆਗੂਆਂ ਨੂੰ ਇਹ ਸਮਝ ਜਰੂਰ ਆ ਗਈ ਹੁੰਦੀ ਕਿ ਸਿੱਖਾਂ ਲਈ ਆਪਣੇ ਹੀ ਦੇਸ਼ ਵਿੱਚ ਇਹ ਅੱਗ ਦੇ ਭਾਂਬੜ ਬਲਣ ਦੇ ਮੁੱਖ ਕਾਰਣ ਸਾਡਾ ਸ਼ਬਦ ਗੁਰੂ ਦਾ ਲੜ ਛੱਡ ਕੇ ਡੇਰੇਦਾਰਾਂ ਦੇ ਮਗਰ ਲਗਣਾ ਅਤੇ ਡੇਰੇਦਾਰਾਂ ਦਾ ਵਧਣਾ ਫੁਲਣਾ ਹੈ। ਜੇ ਇਹ ਸਮਝ ਆ ਗਈ ਹੁੰਦੀ ਤਾਂ ਪੰਜਾਬ ਵਿੱਚ ਐਸੀ ਲਹਿਰ ਚੱਲੀ ਹੁੰਦੀ ਕਿ ਸ਼ਬਦ ਗੁਰੂ ਦੇ ਪ੍ਰਚਾਰ ਸਦਕਾ ਪੰਜਾਬ ਵਿੱਚ ਇੱਕ ਵੀ ਡੇਰਾ ਨਾ ਰਹਿੰਦਾ ਪਰ ਅਫਸੋਸ ਕਿ ਚੰਦ ਵੋਟਾਂ ਦੀ ਖਾਤਰ ਸਾਡੀ ਕੌਮ ਦੇ ਆਗੂ ਲਗਾਤਾਰ ਡੇਰੇਦਾਰਾਂ ਦੇ ਨਵੇਂ ਡੇਰੇ ਉਸਾਰਣ ਲਈ ਹਰ ਤਰ੍ਹਾਂ ਦਾ ਸਹਿਯੋਗ ਦੇ ਰਹੇ ਹਨ। ਹਾਲੀ ਪਿਛਲੇ ਕੁਝ ਦਿਨਾਂ ਦੀ ਹੀ ਖ਼ਬਰ ਹੈ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਬਿਆਸ ਡੇਰੇ ਲਈ ਵਰਤੇ ਜਾ ਰਹੇ ਸਮਾਨ ’ਤੇ ਸਰਕਾਰੀ ਟੈਕਸ ਮੁਆਫ਼ ਕਰ ਦਿੱਤਾ ਹੈ ਜੋ ਕਿ ਸਾਲਨਾ 50 ਲੱਖ ਰੁਪਏ ਬਣਦਾ ਹੈ।

ਭਾਈ ਸ਼ਿਵਤੇਗ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਤਿੰਨ ਤਖ਼ਤ- ਸ਼੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ, ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ, ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਸਮੇਤ ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਨਾਲ ਸਬੰਧਤ ਅਨੇਕਾਂ ਹੋਰ ਇਤਿਹਾਸਕ ਗੁਰਦੁਆਰੇ ਹਨ ਪਰ ਕਿਸੇ ਲਈ ਅਕਾਲੀ ਸਰਕਾਰ ਨੇ ਟੈਕਸ ਮੁਆਫ਼ ਨਹੀਂ ਕੀਤਾ। ਇਸ ਦਾ ਭਾਵ ਇਹ ਹੋਇਆ ਕਿ ਸਾਡੇ ਆਗੂਆਂ ਲਈ ਸਿੱਖਾਂ ਦੇ ਤਖ਼ਤਾਂ ਅਤੇ ਗੁਰਦੁਆਰਿਆਂ ਤੋਂ ਵੱਧ ਮਹੱਤਵਪੂਰਨ ਅਤੇ ਸਤਿਕਾਰਯੋਗ ਸਥਾਨ ਬਿਆਸ ਵਾਲਾ ਡੇਰਾ ਹੈ, ਜਿਸ ਨੂੰ ਪ੍ਰਫੁਲਤ ਕਰਨ ਲਈ ਪੰਜਾਬ ਦੇ ਲੋਕਾਂ ਵਲੋਂ ਖੁਨ ਪਸੀਨੇ ਦੀ ਕਮਾਈ ਵਿੱਚੋਂ ਦਿੱਤੇ ਜਾ ਰਹੇ ਟੈਕਸ ਵਿਚੋਂ ਹਰ ਸਾਲ 50 ਲੱਖ ਰੁਪਏ ਉਡਾਇਆ ਜਾ ਰਿਹਾ। ਇਹੀ ਬਿਆਸਾ ਵਾਲੇ ਤੇ ਸਰਕਾਰ ਵਲੋਂ ਪ੍ਰਫੁਲਤ ਕੀਤੇ ਜਾ ਰਹੇ ਹੋਰ ਡੇਰੇਦਾਰ ਕੱਲ੍ਹ ਨੂੰ 1978 ਵਾਲੇ ਹਾਲਾਤ ਪੈਦਾ ਕਰ ਸਕਦੇ ਹਨ।

ਭਾਈ ਸ਼ਿਵਤੇਗ ਸਿੰਘ ਨੇ ਕਿਹਾ ਕਿ ਸਾਡੇ ਲਈ ਇਸ ਤੋਂ ਵੱਧ ਸ਼ਰਮਨਾਕ ਗੱਲ ਹੋਰ ਕੀ ਹੋਵੇਗੀ ਕਿ ਜਿਸ ਵਿਅਕਤੀ ਨੇ ਆਪਣੀ ਸਵੈਜੀਵਨੀ ਪੁਸਤਕ ਵਿੱਚ ਖ਼ੁਦ ਲਿਖਿਆ ਹੋਵੇ, ਕਿ ਅਕਾਲ ਤਖ਼ਤ ’ਤੇ ਹਮਲਾ ਕਰਨ ਲਈ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਨ੍ਹਾਂ ਨੇ ਹੀ ਪ੍ਰੇਰਿਆ ਸੀ। ਹਮਲੇ ਪਿੱਛੋਂ ਜਿਸ ਪਾਰਟੀ ਦੇ ਵਰਕਰਾਂ ਨੇ ਖੁਸ਼ੀ ਵਿੱਚ ਲੱਡੂ ਵੰਡੇ ਤੇ ਭੰਗੜੇ ਪਾਏ, ਕੁਰਸੀ ਦੀ ਖ਼ਤਰ ਉਸ ਪਾਰਟੀ ਨਾਲ ਹੀ ਭਾਈਵਾਲੀ ਬਣਾਈ ਹੋਈ ਹੈ ਤੇ ਹਮਲਾ ਕਰਵਾਉਣ ਦੇ ਮੁੱਖ ਜਿੰਮੇਵਾਰ ਆਗੂ ਦਾ ਪੰਜਾਬ ਆਉਣ ’ਤੇ ਭਰਵਾਂ ਸੁਆਗਤ ਕੀਤਾ ਜਾਂਦਾ ਹੈ। ਇਸ ਤੋਂ ਅਫਸੋਸਨਾਕ ਹੋਰ ਕੀ ਗੱਲ ਹੋਵੇਗੀ ਕਿ ਜਿਹੜੇ ਡੇਰੇਦਾਰਾਂ ਵਲੋਂ ਸਿੱਖੀ ਸਿਧਾਂਤ ਨੂੰ ਵਿਗਾੜ ਕੇ ਪੇਸ਼ ਕੀਤਾ ਜਾ ਰਿਹਾ ਹੈ ਉਨ੍ਹਾਂ ਡੇਰੇਦਾਰਾਂ ਨੂੰ ਸ਼੍ਰੋਮਣੀ ਕਮੇਟੀ ਵਿੱਚ ਭਾਈਵਾਲ ਬਣਾ ਕੇ ਅਕਾਲ ਤਖ਼ਤ ਨੂੰ ਸਿੱਧੇ ਰੂਪ ਵਿੱਚ ਉਨ੍ਹਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ।

ਭਾਈ ਸ਼ਿਵਤੇਗ ਸਿੰਘ ਵਲੋਂ ਸਵੇਰੇ ਕਹੇ ਹੋਏ ਸ਼ਬਦ ਪੰਜਾਬ ਦੇ ਸਤਾਧਾਰੀ ਅਕਾਲੀਆਂ ਨੇ ਅੱਜ ਸ਼ਾਮ ਨੂੰ ਹੀ ਸਹੀ ਸਿੱਧ ਕਰ ਦਿੱਤੇ। ਬਠਿੰਡਾ ਦੇ ਖੇਡ ਸਟੇਡੀਅਮ ਵਿੱਚ ਅਕਾਲੀਆਂ ਨੂੰ ਚੜ੍ਹੀ ਖੁਸ਼ੀ ਨੇ ਪੂਰੀ ਤਰ੍ਹਾਂ ਸਿੱਧ ਕਰ ਦਿੱਤਾ ਹੈ ਕਿ 84 ’ਚ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਸਾੜੇ ਜਾਣ ਦੇ ਦ੍ਰਿਸ਼ ਨੂੰ ਇਹ ਪੂਰੀ ਤਰ੍ਹਾਂ ਭੁੱਲ ਚੁੱਕੇ ਹਨ। ਜੇ 84 ’ਚ ਅੱਜ ਦਿਨ ਦਿੱਲੀ ਤੇ ਹੋਰਨਾਂ ਭਾਰਤ ਦੇ ਹੋਰਨਾਂ ਸ਼ਹਿਰਾਂ ਵਿੱਚ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਸਾੜੇ ਜਾਣ ਦਾ ਦ੍ਰਿਸ਼ ਇਨ੍ਹਾਂ ਦੀਆਂ ਦੀਆਂ ਅੱਖਾਂ ਦੇ ਸਾਹਮਣੇ ਹੁੰਦਾ ਤਾਂ ਕਬੱਡੀ ਦੇ ਮੈਚ ਕਰਵਾ ਕੇ ਹੀ ਖੁਸ਼ੀ ਵਿੱਚ ਇੰਨੇ ਖੀਵੇ ਹੋਣਾ ਇਨ੍ਹਾਂ ਨੂੰ ਕਦੀ ਨਾ ਭਾਉਂਦਾ। ਇਹ ਠੀਕ ਹੈ ਕਿ ਕਬੱਡੀ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਹੈ ਤੇ ਇਸ ਨੂੰ ਲਾਜ਼ਮੀ ਤੌਰ’ਤੇ ਪ੍ਰਮੋਟ ਕਰਨਾ ਚਾਹੀਦਾ ਹੈ ਪਰ 84 ’ਚ 1 ਨਵੰਬਰ ਤੋਂ 4 ਨਵੰਬਰ ਨੂੰ ਸਿੱਖਾਂ ਦੇ ਹੋਏ ਸਮੂਹਕ ਕਤਲੇਆਮ ਤੇ ਸਾੜਫੂਕ ਦੀਆਂ ਦਰਦਨਾਕ ਘਟਨਾਵਾਂ ਦੀ ਯਾਦ ਨੂੰ ਸਾਹਮਣੇ ਰੱਖ ਕੇ ਇਹ ਇੱਕ ਦਿਨ ਪਹਿਲਾਂ ਜਾਂ ਇੱਕ ਹਫਤਾ ਪਿਛੋਂ ਵੀ ਸ਼ੁਰੂ ਕੀਤਾ ਜਾ ਸਕਦਾ ਸੀ। ਅਧਨੰਗੀਆਂ ਕੁੜੀਆਂ ਦੇ ਨਾਚ ਕਰਵਾਉਣ ਅਤੇ ਸ਼ਾਹਰੁਖ ਵਰਗੇ ਫਿਲਮੀ ਅਦਾਕਾਰਾਂ ਤੋਂ ਪੇਸ਼ਕਾਰੀ ਕਰਵਾ ਕੇ ਇਹ ਅਕਾਲੀ ਭਾਈ ਸਿੱਖ ਨੌਜਵਾਨੀ ਨੂੰ ਲੱਚਰਤਾ ਅਤੇ ਪਤਿਤਪੁਣੇ ਵੱਲ ਪ੍ਰੇਰ ਕੇ 1984 ਭੁਲਾਉਣਾ ਚਾਹੁੰਦੇ ਹਨ।

ਹੁਣ ਵੇਖਣਾ ਇਹ ਹੈ ਕਿ ਫਰਵਰੀ 2012 ’ਚ ਹੋਣ ਵਾਲੀਆਂ ਚੋਣਾਂ ਵਿੱਚ ਵੀ ਇਸ ਨੂੰ ਭੁੱਲਣਗੇ ਜਾਂ ਵੋਟਾਂ ਲਈ ਕੈਸ਼ ਕਰਵਾਉਣ ਲਈ ਇਸ ਨੂੰ ਮੁੜ ਉਛਾਲਣਗੇ! ਇਸ ਸਬੰਧੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦਾ ਪ੍ਰਤੀਕਰਮ ਜਾਨਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਪਰ ਕਿਉਂਕਿ ਇਸ ਸਬੰਧੀ ਪਹਿਲਾਂ ਹੀ ‘ਡੇ ਐਂਡ ਨਾਈਟ’ ਚੈੱਨਲ ਨੇ ਰੀਪੋਰਟ ਨਸ਼ਰ ਕਰ ਦਿੱਤੀ ਸੀ ਇਸ ਲਈ ਉਨ੍ਹਾਂ ਦੇ ਫ਼ੋਨ ਬੰਦ ਰਹੇ ਜਿਸ ਕਾਰਣ ਕਿਸੇ ਨਾਲ ਵੀ ਸੰਪਰਕ ਨਾ ਹੋ ਸਕਿਆ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top